ਪ੍ਰਦੇਸ ਵਸੀਂਦੇ ਮਾਹੀ ਨੂੰ – ਪਰਮਜੀਤ ਵਿਰਕ

0
1017

ਮਾਹੀ ਵੇ ਛੱਡ ਜਾਣ ਵਾਲਿਆ
ਲੱਗੇ ਨਾ ਤੱਤੀ ਤੈਨੂੰ ਵਾ
ਠੰਡੀਆਂ ਹਵਾਵਾਂ ਸਦਾ ਆਉਂਣ ਪ੍ਰਦੇਸਾਂ ਵਿੱਚੋਂ
ਏਹੋ ਸਾਡੀ ਸੱਜਣਾ ਦੁਆ

ਪੱਕ ਗਈਆਂ ਅੱਖਾਂ ਰਾਹ ਵੇਖ-ਵੇਖ ਤੇਰਾ ਵੇ
ਬੋਲ-ਬੋਲ ਕਾਂਵਾਂ ਨੀਵਾਂ ਕੀਤਾ ਏ ਬਨੇਰਾ ਵੇ
ਕਿਥੇ ਢੋਲਣਾ ਵੇ ਜੀਅ ਬੈਠਾ ਲਾ
ਮਾਹੀ ਵੇ ਛੱਡ ਜਾਣ ਵਾਲਿਆ———-

ਪੁੱਛਦਾ ਏ ਪੱਪੂ ਨਿੱਤ ਪਾਪਾ ਕਦੋਂ ਆਵੇਗਾ
ਮਾਂ ਜੀ ਵਾਂਗੂ ਬਾਪੂ ਜੀ ਵੀ ਰੋਂਦਾ ਤੁਰ ਜਾਵੇਗਾ
ਆ ਕੇ ਸਿਵਿਆਂ ਦੀ ਤੱਕੇਂਗਾ ਸਵਾਹ
ਮਾਹੀ ਵੇ ਛੱਡ ਜਾਣ ਵਾਲਿਆ———-

ਆਂਡਣਾ-ਗੁਆਂਢਣਾ ਵੀ ਕਰਦੀਆਂ ਗੱਲਾਂ
ਵੇਖ-ਵੇਖ ਮੈਨੂੰ ਮੂੰਹ ਜੋੜ ਕੇ
.ਖਸਮ ਏਹਦੇ ਨੇ ਮੇਮ ਲੱਭ ਲਈ ਕੋਈ ਹੋਣੀ
ਏਸ ਚੰਦਰੀ ਦੇ ਨਾਲੋਂ ਮੁੱਖ ਮੋੜ ਕੇ
ਵੇ ਮੈਨੂੰ ਤਾਹਨਿਆਂ ਦੇ ਤੀਰ ਨਾ ਮਰਾ
ਮਾਹੀ ਵੇ ਛੱਡ ਜਾਣ ਵਾਲਿਆ———-

ਲੰਘ ਗਈ ਬਸੰਤ,ਇੱਕ ਹੋਰ ਵੇ ਉਡੀਕਾਂ ਵਿੱਚ
ਤੁਰ ਗਈਆਂ ਕੋਇਲਾਂ,ਗੀਤ ਗਾ
ਹੌਲੀ-ਹੌਲੀ ਚੜ੍ਹ ਗਿਆ ਸਾਉਂਣ ਦਾ ਮਹੀਨਾ
ਕੁੜੀਆਂ ਪਿੱਪਲਾਂ ਤੇ ਪੀਘਾਂ ਲਈਆਂ ਪਾ
ਮੱਲੋ-ਮੱਲੀ ਉਨ੍ਹਾਂ ਖਿੱਚ ਪੀਂਘ ਤੇ ਚੜ੍ਹਾ ‘ਤਾ ਮੈਨੂੰ
ਮੈਥੋਂ ਹੁੰਦੀ ਨਹੀਂਉ ਪੀਂਘ ਵੇ ਚੜ੍ਹਾ
ਮਾਹੀ ਵੇ ਛੱਡ ਜਾਣ ਵਾਲਿਆ———-

ਮਾਪਿਆਂ ਦੇ ਘਰ ਕਦੇ ਕੱਤਦੀ ਨਾ ਥੱਕਦੀ ਸਾਂ
ਤੇਰੀ ਯਾਦ ਨੇ ਭੁਲਾਇਆ ਮੈਨੂੰ ਕੱਤਣਾ
ਚੰਨ ਚਾਨਣੀ ‘ਚ ਹਵਾ ਕਰੇ ਛੇੜਖਾਨੀਆਂ ਵੇ
ਪਾ ਫੇਰਾ ਵਤਨਾਂ ਨੂੰ ਮੱਖਣਾ
ਏਸ ਦਮ ਦਾ ਨਹੀਂ ਹੁਣ ਕੋਈ ਵਸਾਹ
ਮਾਹੀ ਵੇ ਛੱਡ ਜਾਣ ਵਾਲਿਆ
ਲੱਗੇ ਨਾ ਤੱਤੀ ਤੈਨੂੰ ਵਾ।