ਨੰਦ ਲਾਲ ਨੂਰਪੁਰੀ

0
1449

ਨੰਦ ਲਾਲ ਨੂਰਪੁਰੀ (1906-1966)

ਨੰਦ ਲਾਲ ਦਾ ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਸਰਦਾਰ ਬਿਸ਼ਨ ਸਿੰਘ ਦੇ ਘਰ 1906 ਈ. ਵਿਚ ਹੋਇਆ। ਦਸਵੀਂ ਤੱਕ ਦੀ ਸਿਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਰੁਜ਼ਗਾਰ ਦੀ ਫ਼ਿਕਰ ਅਤੇ ਕਵਿਤਾ ਦੇ ਸ਼ੌਕ ਕਾਰਨ ਅੱਗੇ ਪਡ਼੍ਹਾਈ ਨਾ ਕਰ ਸਕੇ ਅਤੇ ਸਕੂਲ ਅਧਿਆਪਕ ਲੱਗ ਗਏ। ਇਹ ਕੰਮ ਇਨ੍ਹਾਂ ਨੂੰ ਰਾਸ ਨਾ ਆਇਆ ਤੇ ਉਥੋਂ ਬੀਕਾਨੇਰ ਚਲੇ ਗਏ ਤੇ ਥਾਣੇਦਾਰ ਜਾ ਲੱਗੇ। ਉਥੋਂ ਦੀ ਜਲਵਾਯੂ ਠੀਕ ਨਾ ਬੈਠਣ ਕਰਕੇ ਨੌਕਰੀ ਛੱਡ ਕੇ ਪੰਜਾਬ ਪਰਤ ਆਏ। ਇਨ੍ਹਾਂ ਦਿਨਾਂ ਵਿਚ ਆਪ ਨੇ ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਗੀਤ ਲਿਖਦੇ ਰਹੇ। ਫੇਰ ਇਹ ਧੰਦਾ ਤਿਆਗ ਦਿੱਤਾ ਤੇ ਕੇਵਲ ਕਵੀ ਦਰਬਾਰਾਂ ਵਿਚ ਸ਼ਾਮਲ ਹੋਣਾ ਅਤੇ ਕਵਿਤਾ ਕਹਿਣ ਦਾ ਕਾਰਜ ਨਿਭਾਉਣ ਲੱਗ ਪਏ।

ਰਚਨਾਵਾਂ  ਨੂਰ ਪਰੀਆਂ, ਚੰਗਿਆਡ਼ੇ, ਵੰਗਾਂ, ਜੀਉਂਦਾ ਪੰਜਾਬ, ਨੂਰਪੁਰੀ ਦੇ ਗੀਤ, ਸੁਗਾਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਨੰਦ ਲਾਲ ਨੂਰਪੁਰੀ ਦੀ ਸਾਰੀ ਕਾਵਿ-ਰਚਨਾ, ਗੀਤ ਤੇ ਗਜ਼ਲਾਂ “ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ” ਨਾਂ ਹੇਠ 1969 ਵਿਚ ਪ੍ਰਕਾਸ਼ਤ ਹੋਈ ਹੈ। ਇਸ ਕਾਵਿ-ਸੰਗ੍ਰਹਿ ਨੂੰ ਪ੍ਰੋ. ਮੋਹਨ ਸਿੰਘ ਨੇ ਸੰਪਾਦਿਤ ਕੀਤਾ ਹੈ।

1947 ਈ. ਵਿਚ ਦੇਸ਼ ਦੀ ਵੰਡ ਮਗਰੋਂ ਨੂਰਪੁਰੀ ਦੀ ਜ਼ਿੰਦਗੀ ਵਿਚ ਕਾਫ਼ੀ ਉਥਲ ਪੁਥਲ ਹੋਇਆ। ਹਰ ਕੋਈ ਆਪਣੇ ਪੈਰ ਟਿਕਾਉਣ ਦੇ ਆਹਰ ਵਿਚ ਸੀ। ਕਈਆਂ ਦੇ ਪੈਰ ਟਿਕ ਗਏ ਤੇ ਕਈਆਂ ਦੇ ਥਿਡ਼੍ਹਕ ਗਏ। ਨੂਰਪੁਰੀ ਦੀ ਆਰਥਿਕ ਹਾਲਤ ਦਿਨੋਂ ਦਿਨ ਵਿਗਡ਼ਦੀ ਗਈ। ਕੁਝ ਦੇਰ ਉਹ ਰੇਡੀਉ ਅਤੇ ਲੋਕ ਸੰਪਰਕ ਵਿਭਾਗ ਦੇ ਆਸਰੇ ਨਾਲ ਝੱਟ ਟਪਾਉਂਦੇ ਰਹੇ ਪਰ ਉਨ੍ਹਾਂ ਨੂੰ ਆਪਣੇ ਸਮੇਤ ਦਸਾਂ ਜੀਆਂ ਦਾ ਗੁਜ਼ਾਰਾ ਕਰਨਾ ਔਖਾ ਹੁੰਦਾ ਗਿਆ। ਚੰਗੇ ਭਾਗਾਂ ਨੂੰ ਉਨ੍ਹਾਂ ਨੂੰ ਭਾਸ਼ਾ ਵਿਭਾਗ ਵਿਚ ਨੌਕਰੀ ਮਿਲ ਗਈ ਪਰ ਉਨ੍ਹਾਂ ਦੇ ਆਪਣੇ ਸੁਭਾ ਨੇ ਹੀ ਉਨ੍ਹਾਂ ਨੂੰ ਦੋ ਢਾਈ ਵਰ੍ਹਿਆਂ ਤੋਂ ਵਧ ਇਸ ਵਿਭਾਗ ਵਿਚ ਨਾ ਚੱਲਣ ਦਿੱਤਾ।

ਨੰਦ ਲਾਲ ਨੂਰਪੁਰੀ ਨੇ ਭਾਸ਼ਾ ਵਿਭਾਗ ਦੀ ਨੌਕਰੀ ਛੱਡ ਦਿੱਤੀ ਅਤੇ ਮਾਡਲ ਹਾਊਸ ਕਾਲੋਨੀ ਜਲੰਧਰ ਵਿਚ ਰਹਿਣ ਲੱਗ ਪਏ। ਹੁਣ ਉਨ੍ਹਾਂ ਨੂੰ ਰੇਡੀਉ ਅਤੇ ਕਵੀ ਦਰਬਾਰਾਂ ਤੋਂ ਹੀ ਕੁਝ ਆਮਦਨ ਹੁੰਦੀ ਸੀ। ਇਸ ਨਾਲ ਦਸਾਂ ਜੀਆਂ ਦਾ ਗੁਜ਼ਾਰਾ ਚੱਲਣਾ ਕਠਿਨ ਸੀ। ਉਨ੍ਹਾਂ ਦੀ ਸਿਹਤ ਵਿਗਡ਼ਨ ਲੱਗੀ। ਸ਼ਰਾਬ ਦੀ ਵਾਦੀ ਨੇ ਉਨ੍ਹਾਂ ਦੀ ਸਿਹਤ ਤੇ ਬੁਰਾ ਅਸਰ ਕੀਤਾ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ 75 ਰੁ ਵਜ਼ੀਫਾ ਦੇਣਾ ਸ਼ੁਰੂ ਕੀਤਾ ਪਰ ਉਨ੍ਹਾਂ ਦੀ ਆਰਥਿਕ ਹਾਲਤ ਵਿਗਡ਼ਦੀ ਹੀ ਗਈ। ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ 15 ਮਈ 1966 ਨੂੰ ਖੂਹ ਵਿਚ ਛਾਲ ਮਾਰ ਦੇ ਆਤਮਘਾਤ ਕਰ ਲਿਆ।