ਧਨੀ ਰਾਮ ਚਾਤ੍ਰਿਕ(1876-1954)

0
1316

ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਜਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਅਕਤੂਬਰ, 1876 ਈ. ਨੂੰ ਲਾਲਾ ਪੋਹੂ ਮੱਲ ਦੇ ਘਰ ਹੋਇਆ। ਪ੍ਰਾਇਮਰੀ ਤੱਕ ਸਿੱਖਿਆ ਆਪਣੇ ਪਿੰਡ ਵਿਚ ਪ੍ਰਾਪਤ ਕੀਤੀ। ਪਿਤਾ ਪਾਸੋਂ ਗੁਰਮੁਖੀ ਲਿੱਪੀ ਸਿੱਖੀ। ਛੋਟੇ ਹੁੰਦਿਆਂ ਉਹ ਆਪਣੇ ਚਾਚੇ ਦੇ ਕੰਧਾਡ਼ੇ ਚਡ਼੍ਹ ਕੇ ਮੇਲੇ, ਰਾਸਾਂ ਆਦਿ ਵੇਖਣ ਜਾਂਦੇ ਹੁੰਦੇ ਸਨ। ਇਨ੍ਹਾਂ ਦੇ ਮਾਤਾ ਪਿਤਾ ਆਪਣਾ ਜੱਦੀ ਪਿੰਡ ਛੱਡ ਕੇ ਲੋਪੋਕੀ ਜ਼ਿਲ੍ਹਾ ਅਮ੍ਰਿਤਸਰ ਵਿਚ ਆ ਵੱਸੇ ਸਨ। ਇਸ ਪ੍ਰਕਾਰ ਧਨੀ ਰਾਮ ਚਾਤ੍ਰਿਕ ਦੀ ਮੁੱਢਲੀ ਉਮਰ ਮਾਝੇ ਦੇ ਇਲਾਕੇ ਵਿਚ ਬੀਤੀ।

ਉਹ ਅਜੇ 17 ਵਰ੍ਹਿਆਂ ਦੇ ਸਨ ਕਿ ਭਾਈ ਵੀਰ ਸਿੰਘ ਦੇ ਵਜ਼ੀਰ ਹਿੰਦ ਪ੍ਰੈਸ ਵਿਚ ਆ ਕੇ ਕੰਮ ਤੇ ਲੱਗ ਗਏ। ਇਸ ਤਰ੍ਹਾਂ ਉਨ੍ਹਾਂ ਦਾ ਸੰਪਰਕ, ਭਾਈ ਵੀਰ ਸਿੰਘ ਨਾਲ ਹੋ ਗਿਆ। ਭਾਈ ਵੀਰ ਸਿੰਘ ‘ਖਾਲਸਾ ਸਮਾਚਾਰ’ ਅਖਬਾਰ ਕੱਢਦੇ ਸਨ। ਧਨੀ ਰਾਮ ਚਾਤ੍ਰਿਕ ਦੀਆਂ ਮੁਢੱਲੀਆਂ ਕਵਿਤਾਵਾਂ ਇਸੇ ਪਰਚੇ ਵਿਚ ਛਪਣ ਲੱਗੀਆਂ ਉਦੋਂ ਉਹ ਆਪਣਾ ਉਪਨਾਮ ‘ਹਰਿਧਨ’ ਲਿਖਦੇ ਸਨ। ਇਸ ਪਡ਼ਾ ਦੀਆਂ ਕਵਿਤਾਵਾਂ ਭਗਤੀ ਭਾਵ ਵਾਲੀਆਂ ਸਨ।

ਕੁਝ ਸਮਾਂ ਧਨੀ ਰਾਮ ਪੰਜਾਬ ਤੋਂ ਦੂਰ ਬੰਬਈ ਵਿਚ ਵੀ ਰਹੇ ਪਰ ਪੰਜਾਬ ਤੇ ਇਥੋਂ ਦੇ ਦਰਿਆਵਾਂ, ਖੇਤਾਂ, ਪਹਾਡ਼ਾਂ, ਝਰਨਿਆਂ, ਧਾਰਮਿਕ ਸਥਾਨਾਂ, ਪੁਰਾਤਨ ਸਭਿਅਤਾ ਨਾਲ ਅਥਾਹ ਪਿਆਰ ਹੋਣ ਕਰਕੇ ਆਪ ਪੰਜਾਬ ਪਰਤ ਆਏ ਤੇ ‘ਸੁਦਰਸ਼ਨ ਪ੍ਰੈਸ’ ਲਗਾ ਕੇ ਪੰਜਾਬੀ ਵਿਚ ਸੁੰਦਰ ਛਪਾਈ ਦੀ ਲੀਹ ਤੋਰੀ। ਆਪ ਪੰਜਾਬੀ ਕਵੀ ਦਰਬਾਰਾਂ ਵਿਚ ਵੀ ਵੱਧ ਚਡ਼੍ਹ ਕੇ ਹਿੱਸਾ ਲੈਂਦੇ ਰਹੇ ਤੇ ਸਾਹਿਤਿਕ ਸਭਾਵਾਂ ਤੇ ਜੱਥੇਬੰਦੀਆਂ ਦੇ ਮੈਂਬਰ ਬਣ ਕੇ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹੇ। ਆਪ ਨੂੰ 75 ਵਰ੍ਹੇ ਦੀ ਉਮਰ ਵਿਚ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। ਆਪ ਦਾ ਦੇਹਾਂਤ 18 ਦਸੰਬਰ 1954 ਈ. ਨੂੰ ਅਮ੍ਰਿਤਸਰ ਵਿਚ ਹੋਇਆ।

ਰਚਨਾਵਾਂ

ਕਾਵਿ ਰਚਨਾਵਾਂ – ਭਰਥਰੀ ਹਰੀ, ਨਲ ਦਮਯੰਤੀ, ਚੰਦਨਵਾਡ਼ੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫ਼ੀਖਾਨਾ, ਨੂਰਜਹਾਂ ਬਾਦਸ਼ਾਹ ਬੇਗ਼ਮ।