ਮਾਤ ਭਾਸ਼ਾ ਦਾ ਮਹੱਤਵ

0
770

ਸੂਚਨਾ ਤਕਨਾਲੋਜੀ ਵਿਚ ਆਏ ਤੂਫਾਨ ਨੇ, ਸਾਡੀਆਂ ਰਾਸ਼ਟਰੀ ਭਾਸ਼ਾਵਾਂ ਵਿਚ ਉਚ-ਪੱਧਰੀ ਵਿਗਿਆਨਕ ਸਾਹਿਤ ਦੀ ਘਾਟ ਨੇ, ਮੁਲਕਾਂ ਵਿਚਕਾਰ ਅਤਿਅੰਤ ਵਧੇ ਵਪਾਰ ਅਤੇ ਸ਼ਹਿਰੀਆਂ ਦੀ ਆਵਾਜਾਈ ਨੇ, ਅਤੇ ਸਭ ਤੋਂ ਵੱਧ, ਭਾਰਤੀ ਮੱਧ-ਵਰਗ ਦੀ ਗੁਲਾਮ ਮਾਨਸਿਕ ਪਰਵਰਤੀ ਨੇ ਸਾਡੀਆਂ ਰਾਸ਼ਟਰੀ ਭਾਸ਼ਾਵਾਂ ਲਈ ਵੱਡੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸਾਡੀਆਂ ਰਾਸ਼ਟਰੀ ਨੂੰ ਸਭ ਸੰਸਥਾਗਤ ਖੇਤਰਾਂ ਵਿਚੋਂ, ਵਿਸ਼ੇਸ਼ ਤੌਰ ਤੇ ਸਿੱਖਿਆ ਦੇ ਮਾਧਿਅਮ ਵਜੋਂ, ਤੇਜੀ ਨਾਲ ਬਾਹਰ ਕੱਢੇ ਜਾ ਰਹੀ ਹੈ। ਤਿੰਨ ਤਰ੍ਹਾਂ ਦੇ ਨੀਤੀਗਤ ਵਿਵਹਾਰ ਜਾਂ ਉਹਨਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਇਕ, ਕਿ ਅੰਗਰੇਜ਼ੀ ਸਿੱਖਿਆ ਦਾ ਮਾਧਿਅਮ ਹੋਵੇ। ਦੋ, ਕਿ ਸਿੱਖਿਆ ਦਾ ਮਾਧਿਅਮ ਤਾਂ ਪੰਜਾਬੀ ਹੀ ਹੋਵੇ ਪਰ ਅੰਗਰੇਜ਼ੀ ਪਹਿਲੀ ਜਮਾਤ ਤੋਂ ਪਡ਼੍ਹਾਈ ਜਾਵੇ। ਅਤੇ ਤਿੰਨ, ਸਿੱਖਿਆ ਦਾ ਮਾਧਿਅਮ ਪੰਜਾਬੀ ਹੋਵੇ ਪਰ ਅੰਗਰੇਜ਼ੀ ਤੀਜੀ ਜਮਾਤ ਤੋਂ ਜਾਂ ਇਸ ਤੋਂ ਬਾਅਦ (ਛੇਵੀਂ ਜਮਾਤ ਤੋਂ) ਪਡ਼੍ਹਾਈ ਜਾਵੇ। ਇਹ ਵੀ ਵਕਾਲਤ ਕੀਤੀ ਜਾ ਰਹੀ ਹੈ ਕਿ ਵਿਗਿਆਨ ਦੇ ਵਿਸ਼ਿਆਂ ਲਈ ਸਿੱਖਿਆ ਦਾ ਮਾਧਿਅਮ ਘੱਟੋ-ਘੱਟ ਸੈਕੰਡਰੀ ਪੱਧਰ ਤੋਂ ਅੰਗਰੇਜ਼ੀ ਹੀ ਹੋਵੇ।

ਸਪਸ਼ਟ ਹੈ ਕਿ ਭਾਸ਼ਾਈ ਨੀਤੀ ਦੇ ਮੁੱਦੇ ਤੇ ਤਿੱਖੇ ਮਤਭੇਦ ਹਨ। ਇਹ ਭੰਬਲ-ਭੂਸੇ ਵਾਲੀ ਸਥਿਤੀ ਦਾ ਪ੍ਰਗਟਾਵਾ ਵੀ ਹੋ ਸਕਦਾ ਹੈ। ਇਕ ਹਾਸਰਸ ਭਰਪੂਰ ਵਾਕਿਆ ਇਥੇ ਸਾਡਾ ਰਾਹ ਰੁਸ਼ਨਾ ਸਕਦਾ ਹੈ। ਇਕ ਵਾਰ ਸੁਕਰਾਤ ਨੂੰ ਕਿਸੇ ਨੇ ਪੁੱਛਿਆ ਕਿ ਸਿਆਣੇ ਅਤੇ ਮੂਰਖ ਵਿਚ ਕੀ ਫਰਕ ਹੁੰਦਾ ਹੈ। ਉਸ ਨੇ ਕਿਹਾ, ਬਸ ਇਹੀ ਕਿ ਸਿਆਣਾ ਦੂਜੇ ਦੇ ਤਜ਼ਰਬੇ ਤੋਂ ਸਿੱਖ ਲੈਂਦਾ ਹੈ ਪਰ ਮੂਰਖ ਆਪਣੇ ਤੋਂ ਵੀ ਨਹੀਂ ਸਿੱਖਦਾ। ਸੋ, ਆਪਾਂ ਸਾਰੇ ਕਿਉਂ ਕਿ ਆਪਣੇ ਆਪ ਨੂੰ ਸਿਆਣਾ ਹੀ ਕਹਾਉਣਾ ਚਾਹੁੰਦੇ ਹਾਂ ਇਸ ਲਈ ਆਉ ਵੇਖੀਏ ਕਿ ਇਸ ਮਾਮਲੇ ਤੇ ਦੂਜਿਆਂ ਦਾ ਤਜ਼ਰਬਾ ਸਾਨੂੰ ਕੀ ਦੱਸਦਾ ਹੈ।

ਇੰਜ, ਮੋਦਿਆਨੋ (1968,1073) ਦੀ ਮੈਕਸੀਕੋ ਵਿਚਲੀ ਖੋਜ, ਸਕੁਤਨਾਬ-ਕਾਂਗਸ ਦੀ ਫਿਨਲੈਂਡ ਵਿਚਲੀ ਖੋਜ, ਅਤੇ ਉਹਨਾਂ ਲਾਤੀਨੀ ਅਮਰੀਕੀ ਅਧਿਐਨਾ, ਜਿਨ੍ਹਾਂ ਦਾ ਸਾਰ ਗੁੰਦਸ਼ਿਸਕੀ (1975) ਵਿਚ ਦਿੱਤਾ ਗਿਆ ਹੈ, ਜਿਥੇ ਉਹਨਾ ਬੱਚਿਆਂ ਦਾ ਵੱਡਾ ਅਨੁਪਾਤ, ਜੋ ਪਹਿਲਾਂ ਆਪਣੀ ਪਡ਼੍ਹਾਈ ਸਥਾਨਕ ਭਾਸ਼ਾ ਵਿਚ ਆਰੰਭ ਕਰਦੇ ਹਨ, ਆਪਣੀ ਮਾਤ ਭਾਸ਼ਾ ਵਿਚ ਸਾਖਰਤਾ ਦਾ ਵਿਕਾਸ ਕਰ ਲੈਂਦਾ ਹੈ ਅਤੇ ਵਿਸ਼ੇ ਅਤੇ ਦੂਸਰੀ ਭਾਸ਼ਾ ਤੇ ਉਹਨਾਂ ਬੱਚਿਆਂ ਨਾਲੋਂ ਬਿਹਤਰ ਮੁਹਾਰਤ ਹਾਸਲ ਕਰ ਲੈਂਦਾ ਹੈ ਜਿਨ੍ਹਾਂ ਨੂੰ ਕੇਵਲ ਦੂਜੀ ਭਾਸ਼ਾ ਵਿਚ ਹੀ ਪਡ਼੍ਹਾਇਆ ਜਾਂਦਾ ਹੈ ਦੇ ਨਤੀਜੇ ਮੈਨੂੰ ਇਕਸਾਰ ਲੱਗਦੇ ਹਨ।(ਟਕਰ, 1977; 39)। ਰਿਜ਼ਾਲ ਸੂਬੇ ਵਿਚ 1960-63 ਦੌਰਾਨ ਮੌਜੂਦ ਸਥਿਤੀਆਂ ਵਿਚ ਇਹ ਕੋਈ ਵਿਸ਼ੇਸ਼ ਮਾਅਣੇ ਨਹੀਂ ਰੱਖਦਾ ਕਿ ਅੰਗਰੇਜ਼ੀ ਦੀ ਪਡ਼੍ਹਾਈ ਦਾ ਅਭਿਆਸ ਗਰੇਡ 1 ਜਾਂ ਗਰੇਡ 2 ਦੇ ਸਿਤੰਬਰ ਵਿਚ ਸ਼ੁਰੂ ਹੁੰਦਾ ਹੈ। (ਡੇਵਿਸ 1967, ਰਿਜ਼ਾਲ ਫਿਲੀਪੀਨ ਦਾ ਇਕ ਇਲਾਕਾ ਹੈ)।

ਇਹ ਕਥਨ ਇਕ ਸਵੀਡੀ ਤਜਰਬੇ ਬਾਰੇ ਹੈ। ਕਈ ਸਾਲ ਫਿਨਲੈਂਡ ਵਿਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿਚ ਜਿੰਨੀ ਕਿਸੇ ਵਿਦਿਆਰਥੀ ਨੂੰ ਜਿਆਦਾ ਫਿਨੀਸ਼ੀ ਆਉਂਦੀ ਸੀ ਉਨੀ ਹੀ ਉਹ ਬਿਹਤਰ ਸਵੀਡੀ ਸਿੱਖਦਾ ਸੀ। ਇਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰਿਖਣ ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ ਤੇ ਫਿਨਲੈਂਡ ਵਿਚ ਆਏ, ਉਹਨਾਂ ਨੇ ਫਿਨਿਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਹਨਾ ਸਵੀਡੀ ਵਿਚ ਵੀ ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ ਘੱਟ ਉਮਰ ਵਿਚ ਆਏ ਜਾਂ ਜੋ ਸਵੀਡਨ ਵਿਚ ਪੈਦਾ ਹੋਏ ਸਨ, ਉਹਨਾਂ ਦੇ ਨਤੀਜੇ ਚੰਗੇ ਨਹੀਂ ਹਨ। ਉਹਨਾਂ ਦਾ ਸਵੀਡੀ ਭਾਸ਼ਾ ਦਾ ਵਿਕਾਸ ਲਗਭਗ 12 ਸਾਲ ਦੀ ਉਮਰ ਤੇ ਰੁਕ ਜਾਂਦਾ ਹੈ, ਕਿਉਂਕਿ, ਸਪਸ਼ਟ ਹੈ, ਕਿ ਉਹਨਾਂ ਦੀ ਮਾਤ ਭਾਸ਼ਾ ਵਿਚ ਨੀਹ ਪੱਕੀ ਨਹੀਂ ਹੁੰਦੀ।

ਇਹ ਉਕਤੀ ਹੋਰ ਵੀ ਮਹੱਤਵਪੂਰਨ ਹੈ। ਨਿਰਿਖਣ ਦੇ ਨਤੀਜਿਆਂ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ ਗਣਿਤ ਵਿਚ ਪ੍ਰਾਪਤ ਅੰਕਾਂ ਨਾਲ ਨੇਡ਼ਲਾ ਸਬੰਧ ਹੈ। ਸਵੀਡੀ ਨਾਲੋਂ ਫਿਨੀਸ਼ੀ ਗਣਿਤ ਵਿਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲਗਦੀ ਹੈ, ਭਾਵੇਂ ਕਿ ਗਣਿਤ ਸਵੀਡੀ ਵਿਚ ਪਡ਼੍ਹਾਇਆ ਜਾਂਦਾ ਹੈ। ਨਤੀਜੇ ਇਸ ਦਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ ਕਿ ਗਣਿਤ ਵਿਚਲੀਆਂ ਸੰਕਲਪੀ ਪਰਕਿਰਿਆਵਾਂ ਲਈ ਮਾਤ ਭਾਸ਼ਾ ਦਾ ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਨ ਵਿਗਿਆਨ, ਅਤੇ ਭੋਤਿਕ ਵਿਗਿਆਨ ਵਿਚ ਵੀ ਸੰਕਲਪਾਵੀ ਸੋਚ ਦੀ ਲੋਡ਼ ਹੁੰਦੀ ਹੈ, ਅਤੇ ਇਹਨਾਂ ਵਿਸ਼ਿਆਂ ਵਿਚ ਆਪਣੀ ਮਾਤ-ਭਾਸ਼ਾ ਤੇ ਚੰਗੀ ਮੁਹਾਰਤ ਵਾਲੇ ਪਰਵਾਸੀ ਬੱਚੇ ਉਹਨਾਂ ਬੱਚਿਆਂ ਨਾਲੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ-ਭਾਸ਼ਾ ਤੇ ਮੁਹਾਰਤ ਮਾਡ਼ੀ ਸੀ। (ਸਕੁਤਨਾਥ-ਕਾਂਗਸ ਅਤੇ ਤੂਨੋਮਾ, 1976, ਪਾਲਸਟਨ, 1977; 94 ਵਿਚ ਉਧਰਤ)।

ਵਿਯਨਸਤਰਾ (1968) ਦੇ ਹਾਲੈਂਡ ਵਿਚਲੇ ਇਕ ਅਧਿਐਨ ਦੇ ਨਤੀਜੇ ਹੋਰ ਵੀ ਹੈਰਾਨੀਜਨਕ ਹਨ। ਉਸਨੇ ਵੇਖਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਕੇਵਲ ਡੱਚ ਰਾਹੀਂ ਹੀ ਪਡ਼੍ਹਾਈ ਕੀਤੀ ਸੀ ਉਹਨਾਂ ਦੀ ਡੱਚ ਭਾਸ਼ਾ ਦਾ ਪੱਧਰ ਉਹਨਾਂ ਵਿਦਿਆਰਥੀਆਂ ਨਾਲੋਂ ਮਾਡ਼ਾ ਸੀ ਜਿਨ੍ਹਾਂ ਨੇ ਫਰਿਸ਼ੀਅਨ ਅਤੇ ਡੱਚ ਦੋਹਾਂ ਰਾਹੀਂ ਪਡ਼੍ਹਾਈ ਕੀਤੀ ਸੀ (ਫਰਿਸ਼ੀਅਨ ਹਾਲੈਂਡ ਵਿਚ ਛੋਟਾ ਜਿਹਾ ਇਲਾਕਾ ਹੈ)। ਫਿਲੀਪੀਨ ਵਿਚਲੇ ਚਰਚਿਤ ਇਲੋਈਲੋ ਅਧਿਐਨ ਦੇ ਨਤੀਜੇ ਵੀ ਧਿਆਨ ਦੀ ਮੰਗ ਕਰਦੇ ਹਨ। ਇਸ ਅਧਿਐਨ ਵਿਚ ਬੱਚਿਆਂ ਦੇ ਇਕ ਗਰੁੱਪ ਨੂੰ ਦੋ ਸਾਲ ਲਈ ਮਾਤ-ਭਾਸ਼ਾ ਰਾਹੀਂ ਪਡ਼੍ਹਾਇਆ ਗਿਆ ਅਤੇ ਫਿਰ ਅੰਗਰੇਜ਼ੀ ਰਾਹੀਂ। ਦੂਜੇ ਗਰੁੱਪ ਨੂੰ ਸ਼ੁਰੂ ਤੋਂ ਹੀ ਅੰਗਰੇਜ਼ੀ ਰਾਹੀਂ ਪਡ਼੍ਹਾਇਆ ਗਿਆ। ਪਹਿਲੇ ਗਰੁੱਪ ਦੀ ਕਾਰਗੁਜ਼ਾਰੀ ਸਮਾਜ ਵਿਗਿਆਨਾਂ, ਅੰਕਗਣਿਤ, ਸਾਖਰਤਾ, ਅਤੇ ਵਿਅਕਤੀਤਵ ਸੰਕੇਤਾਂ ਦੇ ਦਰਿਸ਼ਟੀਕੋਣ ਤੋਂ ਬਿਹਤਰ ਸੀ।

ਕਿਸੇ ਜਨ-ਸਮੂਹ ਲਈ ਭਾਸ਼ਾ ਦਾ ਸਵਾਲ ਕਿਉਂਕਿ ਕੇਵਲ ਸੰਚਾਰ ਦੇ ਇਕ ਮਾਧਿਅਮ ਦਾ ਸਵਾਲ ਨਹੀ ਹੈ, ਬਲਕਿ ਉਸ ਸੱਭਿਆਚਾਰ ਦੇ ਜੀਵਨ-ਮਰਨ ਦਾ ਸਵਾਲ ਹੈ, ਇਸ ਲਈ ਸਾਨੂੰ ਪਹਿਲੇ ਤੱਥਮੂਲਕ ਅਧਿਐਨਾਂ ਅਤੇ ਪੇਸ਼ੇਵਰ ਵਿਦਵਾਨਾਂ ਦੀਆਂ ਸਿਫਾਰਸ਼ਾਂ ਨੂੰ ਹੋਰ ਵੀ ਪੂਰੀ ਤਰ੍ਹਾਂ ਘੋਖਣਾ ਚਾਹੀਦਾ ਹੈ। ਅਗਲੀਆਂ ਪੰਗਤੀਆਂ ਯੂਨੈਸਕੋ ਦੀ ਸੋਚਨੀ ਪੇਸ਼ ਕਰਦੀਆਂ ਹਨ। ਇਹ ਸਵੈ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ-ਭਾਸ਼ਾ ਹੈ। ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸਦੇ ਦਿਮਾਗ ਵਿਚ ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ ਸਮਾਜੀ ਤੌਰ ਤੇ, ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ਉਸ ਨਾਲ ਇਕਮਿਕ ਹੋਣ ਦਾ ਸਾਧਨ ਹੈ ਸਿੱਖਿਆਵੀ ਤੌਰ ਤੇ, ਉਹ ਇਸ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜੀ ਨਾਲ ਸਿੱਖਦਾ ਹੈ। (ਯੂਨੈਸਕੋ, 1953; 11)। ਤਾਜਾ ਤਜ਼ਰਬਾ ਦੱਸਦਾ ਹੈ ਕਿ ਦੂਜੀ ਭਾਸ਼ਾ ਪਡ਼੍ਹਾਉਣ ਦਾ ਬਿਹਤਰ ਢੰਗ ਇਹੀ ਹੈ ਕਿ ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਰੱਖਦੇ ਹੋਏ ਦੂਜੀ ਭਾਸ਼ਾ ਨੂੰ ਪਹਿਲਾਂ ਕੇਵਲ ਇਕ ਵਿਸ਼ੇ ਵਜੋਂ ਪਡ਼੍ਹਾਇਆ ਜਾਵੇ। (ਯੂਨੈਸਕੋ, 1968; 692)। ਮਾਤ-ਭਾਸ਼ਾ ਦੀ ਸਿੱਖਿਆ ਲਈ ਵਰਤੋਂ ਜਿੰਨੀ ਦੂਰ ਤੱਕ ਸੰਭਵ ਹੋ ਸਕੇ ਉਨੀ ਦੂਰ ਤੱਕ ਕੀਤੀ ਜਾਵੇ। (ਯੂਨੈਸਕੋ, 1968; 691)।

ਇਹ ਉਕਤੀਆਂ ਸਪਸ਼ਟ ਕਰਦੀਆਂ ਹਨ ਕਿ ਪਹਿਲਾਂ ਮਾਤ-ਭਾਸ਼ਾ ਰਾਹੀਂ ਸਮਰਥਾ ਹਾਸਲ ਕਰਕੇ ਫਿਰ ਉਸ ਸਮਰੱਥਾ ਦਾ ਦੂਜੀ ਭਾਸ਼ਾ ਸਿੱਖਣ ਲਈ ਪ੍ਰਯੋਗ ਕਰਨਾ ਦੂਜੀ ਭਾਸ਼ਾ ਸਿੱਖਣ ਨੂੰ ਇਸ ਨਾਲੋਂ ਵਧੇਰੇ ਸਰਲ ਅਤੇ ਲਾਭਦਾਇਕ ਬਣਾਉਂਦਾ ਹੈ ਕਿ ਪਹਿਲਾਂ ਹੀ ਦੂਜੀ ਭਾਸ਼ਾ ਨਾਲ ਜੂਝਿਆ ਜਾਵੇ। ਮੁਢਲੀਆਂ ਸਾਖਰਤਾ ਹੁਨਰਾਂ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਸਹਿਜੇ ਹੀ ਪਲਟਾਈਆਂ ਜਾ ਸਕਦੀਆਂ ਹਨ। (ਫਰਗੂਸਨ, 1977; 52)।

ਭਾਸ਼ਾ ਵਿਗਿਆਨ ਦੇ ਪੇਸ਼ੇਵਰ ਵਿਦਵਾਨਾਂ ਨੇ ਦੋ ਭਾਸ਼ਾਵਾਂ ਦੀ ਇਕੋ ਸਮੇਂ ਵਰਤੋਂ ਦੇ ਪਰਭਾਵਾਂ ਦਾ ਵੀ ਅਧਿਐਨ ਕੀਤਾ ਹੈ। ਇਹ ਉਕਤੀ ਇਸ ਸਬੰਧੀ ਲੱਭਤਾਂ ਨੂੰ ਦਰਸਾਉਂਦੀ ਹੈ। ਬੱਚਾ ਕੌਡ-ਛਾਲ ਉਦੋਂ ਮਾਰਦਾ ਹੈ ਜਦੋਂ ਉਸ ਕੋਲ ਉਸ ਦੁਆਰਾ ਬੋਲੀ ਜਾ ਰਹੀ ਭਾਸ਼ਾ ਵਿਚ ਕਿਸੇ ਵਿਸ਼ੇਸ਼ ਸੰਕਲਪ ਲਈ ਚਿੰਨਕ ਨਹੀਂ ਹੁੰਦਾ ਪਰ ਅਜਿਹਾ ਚਿੰਨਕ ਦੂਜੀ ਭਾਸ਼ਾ ਵਿਚ ਪ੍ਰਾਪਤ ਹੁੰਦਾ ਹੈ (ਗੋਨਜ਼ਾਲਿਜ਼, 1973)। ਅਜਿਹੀ ਅਵਸਥਾ ਵਿਚ ਕੋਡ -ਛਾਲ ਹੈਰਾਨੀਜਨਕ ਸਮਝੀ ਜਾਂਦੀ ਹੈ ਕਿਉਂਕਿ ਇਹ ਬੱਚੇ ਦਾ ਦੋਹਾਂ ਭਾਸ਼ਾਵਾਂ ਵਿਚੋਂ ਕਿਸੇ ਵਿਚ ਵੀ ਵਿਕਾਸ ਨਹੀਂ ਹੋਣ ਦੇਂਦੀ। (ਗੋਨਜ਼ਾਲਿਜ਼, 1977;56-7)। ਦੂਜੀ ਭਾਸ਼ਾ ਦੀ ਗੱਲ ਤਾਂ ਦੂਰ ਰਹੀ, ਅਧਿਐਨ ਤਾਂ ਇਹ ਦੱਸਦੇ ਹਨ ਕਿ ਜੇ ਕਿਸੇ ਭਾਸ਼ਾ ਦਾ ਟਕਸਾਲੀ ਰੂਪ ਉਸ ਦੀ ਮਾਤ-ਬੋਲੀ ਨਹੀ ਹੈ ਤਾਂ ਇਹ ਵੀ ਉਸਦੇ ਸਿੱਖਿਆਵੀ ਵਿਕਾਸ ਵਿਚ ਰੋਡ਼ਾ ਬਣਦਾ ਹੈ। (ਵੇਖੋ ਦਾ ਸਿਲਵਾ,1976; 10-1)। ਮਾਤ-ਭਾਸ਼ਾ ਦੇ ਮੁਕਾਬਲੇ ਦੂਜੀ ਭਾਸ਼ਾ ਵਿਚ ਪਡ਼੍ਹਾਉਣ ਦੇ ਪਰਾ-ਪਾਠਕਰਮੀ ਪ੍ਰਭਾਵ ਵੀ ਜਾਨਣੇ ਜ਼ਰੂਰੀ ਹਨ ਪਰ ਜਗ੍ਹਾ ਦੀ ਘਾਟ ਕਰਕੇ ਇਥੇ ਉਹਨਾ ਵੱਲ ਨਹੀਂ ਜਾਇਆ ਜਾ ਰਿਹਾ (ਵੇਖੋ, ਪਾਲਸਟਨ, 1977;120 ਬੋਕੰਬਾ ਅਤੇ ਤਲੂ, 1977;45 ਸਪੋਲਸਕੀ, 1977;20)।

ਵਿਸ਼ਵ ਭਰ ਵਿਚ ਹੋਏ ਅਧਿਐਨਾਂ ਦੇ ਸਿੱਟੇ ਅਤੇ ਇਸ ਮੁੱਦੇ ਤੇ ਪੇਸ਼ਾਵਰ ਵਿਦਵਾਨਾਂ ਦੀ ਸਰਬਸੰਮਤ ਰਾਇ ਇਹਨਾਂ ਧਾਰਣਾਵਾਂ ਲਈ ਅਟੱਲ ਸਬੂਤ ਪੇਸ਼ ਕਰਦੇ ਹਨ ਕਿ –ਵਿਦੇਸ਼ੀ ਭਾਸ਼ਾ ਤੇ ਮੁਹਾਰਤ ਦੀ ਸਰਬੋਤਮ ਵਿਧੀ ਇਹੀ ਹੈ ਕਿ ਪਹਿਲਾਂ ਮਾਤ-ਭਾਸ਼ਾ ਤੇ ਮੁਹਾਰਤ ਕੀਤੀ ਜਾਵੇ ਅਤੇ ਫਿਰ ਵਿਦੇਸ਼ੀ ਭਾਸ਼ਾ ਸਿੱਖੀ ਜਾਵੇ, ਗਿਆਨ ਦੇ ਕਿਸੇ ਖੇਤਰ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਨ ਲਈ ਜ਼ਰੂਰੀ ਹੈ ਕਿ ਸਿੱਖਿਆ ਮਾਤ-ਭਾਸ਼ਾ ਵਿਚ ਹੋਵੇ ਅਤੇ ਦੂਜੀ ਭਾਸ਼ਾ ਰਾਹੀਂ ਸਿੱਖਿਆ ਗਿਆਨ ਪ੍ਰਾਪਤੀ ਦੇ ਰਾਹ ਵਿਚ ਰੁਕਾਵਟ ਹੈ, ਵਿਦੇਸ਼ੀ ਭਾਸ਼ਾ ਰਾਹੀਂ ਸਿੱਖਿਆ ਨਾਲ ਵਿਦਿਆਰਥੀ ਦੀ ਸ਼ਖਸੀਅਤ ਤੇ ਨਾਂਹ ਪੱਖੀ ਪ੍ਰਭਾਵ ਪੈਂਦੇ ਹਨ, ਵਿਦੇਸ਼ੀ ਭਾਸ਼ਾ ਰਾਹੀਂ ਪਡ਼੍ਹਾਈ ਦੇ ਦੂਜੇ ਸਿੱਖਿਆਵੀ ਪ੍ਰਭਾਵ ਵੀ ਮਾਡ਼ੇ ਹਨ। ਇਹ ਵੇਖਣ ਵਿਚ ਆਇਆ ਹੈ ਕਿ ਵਿਸ਼ਵ ਭਰ ਵਿਚ ਹੋਈ ਖੋਜ ਦੇ ਸਿੱਟੇ ਇਹੀ ਨਿਕਲਦੇ ਹਨ ਕਿ ਸਿੱਖਿਆ ਮਾਤ-ਭਾਸ਼ਾ ਵਿਚ ਹੋਵੇ, ਭਾਸ਼ਾ ਨੀਤੀ ਦੇ ਸਬੰਧ ਵਿਚ ਦੂਜਾ ਸਵਾਲ ਸਾਡੇ ਸਾਹਮਣੇ ਹੈ ਕਿ ‘ਕੀ ਪੰਜਾਬੀ ਭਾਸ਼ਾ ਵਿਚ ਇਹ ਭਾਸ਼ਾਈ ਸਮਰੱਥਾ ਹੈ ਕਿ ਇਸ ਰਾਹੀਂ ਸਿੱਖਿਆ ਅਮਲ ਦੇ ਹਰ ਪੱਧਰ ਤੇ ਪਡ਼੍ਹਾਈ ਕਰਵਾਈ ਜਾ ਸਕੇ? ਫਰਗੂਸਨ (1968;30-2) ਕਿਸੇ ਭਾਸ਼ਾ ਦੇ ਵਿਕਾਸ ਦੇ ਤਿੰਨ ਪਡ਼ਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ –ਲਿਪੀਕਰਨ, ਟਕਸਾਲੀਕਰਨ ਅਤੇ ਆਧੁਨਿਕੀਕਰਨ। ਜਿੱਥੇ ਤੱਕ ਪਹਿਲੇ ਦੋ ਪਡ਼ਾਵਾਂ ਦਾ ਸਵਾਲ ਹੈ ਇਹ ਕੋਈ ਬਹਿਸ ਦਾ ਮੁੱਦਾ ਨਹੀਂ ਕਿ ਪੰਜਾਬੀ ਵਿਕਸਤ ਭਾਸ਼ਾ ਹੈ ਜਾਂ ਨਹੀਂ। ਫਾਸੋਲਡ (1968 ;30-2) ਦੀ ਇਹ ਟਿੱਪਣੀ ਪੰਜਾਬੀ ਭਾਸ਼ਾ ਨੂੰ ਤੀਜੇ ਪਡ਼ਾਅ –ਆਧੁਨਿਕੀਕਰਨ ਦੇ ਪਰਸੰਗ ਤੋਂ ਪਰਖਣ ਵਿਚ ਸਾਡੀ ਮਦਦ ਕਰੇਗੀ। ਜੇ ਸ਼ਬਦਾਵਲੀ ਨੂੰ ਇਕ ਪਾਸੇ ਰੱਖ ਲਈਏ ਤਾਂ ਆਧੁਨਿਕੀਕਰਨ ਤੋਂ ਭਾਵ ਉਹਨਾਂ ਸਰੋਤਾਂ ਦੀ ਵਰਤੋਂ ਵਿਚ ਮੁਹਾਰਤ ਹਾਸਲ ਕਰਨਾ ਹੈ ਜੋ ਭਾਸ਼ਾ ਕੋਲ ਪਹਿਲਾਂ ਹੀ ਹੁੰਦੇ ਹਨ। ਮੈਨੂੰ ਅਜੇ ਤੱਕ ਕੋਈ ਅਜਿਹੀ ਮਿਸਾਲ ਨਹੀਂ ਮਿਲੀ ਜਿਥੇ ਕਿਸੇ ਭਾਸ਼ਾ ਦੀ ਉਚੇਰੇ ਕਾਰਜਾਂ ਹਿੱਤ ਵਰਤੋਂ ਲਈ ਉਸਦੀ ਵਿਆਕਰਨ ਨੂੰ ਕਿਸੇ ਤਰ੍ਹਾਂ ਮਜ਼ਬੂਤ ਕਰਨਾ ਪਿਆ ਹੋਵੇ। ਸੋ, ਹਰ ਇਕ ਭਾਸ਼ਾ ਵਾਕ-ਬਣਤਰ ਪੱਖੋਂ ਹਰ ਉਚੇਰੇ ਕਾਰਜ ਲਈ ਸਮਰੱਥ ਹੁੰਦੀ ਹੈ। ਹੁਣ ਸ਼ਬਦਾਵਲੀ ਦਾ ਸਵਾਲ ਬਾਕੀ ਬਚਦਾ ਹੈ।

ਸੱਚੀ ਗੱਲ ਇਹ ਹੈ ਕਿ ਜਦੋਂ ਕੋਈ ਇਹ ਕਹਿੰਦਾ ਹੈ ਕਿ ਪੰਜਾਬੀ ਕੋਲ ਉਚੇਰੇ ਕਾਰਜਾਂ ਲਈ ਸ਼ਬਦਾਵਲੀ ਦਾ ਅਸਲਾ ਨਹੀਂ ਹੈ ਤਾਂ ਉਹ ਅਸਲ ਵਿਚ ਪੰਜਾਬੀ ਜਾਨਣ ਵਾਲਿਆਂ ਦਾ ਆਪਣਾ ਮੌਜੂ ਉਡਾ ਰਿਹਾ ਹੁੰਦਾ ਹੈ। ਜਿਸ ਭਾਸ਼ਾ ਘੱਟੋ-ਘੱਟ ਹਜ਼ਾਰ ਸਾਲ ਤੋਂ ਉੱਚੇ ਤੋਂ ਉੱਚਾ ਸਾਹਿਤ ਰਚਿਆ ਜਾ ਰਿਹਾ ਹੋਵੇ ਅਤੇ ਜਿਸ ਭਾਸ਼ਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੀ ਰਚਨਾ ਪ੍ਰਾਪਤ ਹੋਵੇ, ਉਸ ਦੀ ਸ਼ਾਬਦਿਕ ਸਮਰੱਥਾ ਤੇ ਕਿੰਤੂ ਕਰਨਾ ਮੇਰੇ ਲਈ ਦੀਰਘ-ਅਨਪਡ਼੍ਹਤਾ-ਰੋਗ ਦਾ ਸੂਚਕ ਹੈ। ਜੇ ਅਸੀਂ ਇੰਨੇ ਬੇਈਮਾਨ ਰਹੇ ਹਾਂ ਕਿ ਅਸੀਂ ਪੰਜਾਬੀ ਸ਼ਬਦਾਵਲੀ ਦੀ ਆਧੁਨਿਕ ਗਿਆਨ ਲਈ ਸਮਰੱਥਾ ਨੂੰ ਵਰਤਿਆ ਹੀ ਨਹੀਂ ਤਾਂ ਦੋਸ਼ ਪੰਜਾਬੀ ਦਾ ਨਹੀਂ ਹੈ। ਕੀ ਕਿਸੇ ਅਸਲ ਵਿਚ ਪੰਜਾਬੀ ਜਾਨਣ ਵਾਲੇ ਸਾਹਵੇਂ ਕਦੇ ਇਹ ਸਮੱਸਿਆ ਆਈ ਹੈ ਕਿ ਉਹ ਉਚੇਰੇ ਗਿਆਨ ਲਈ ਪੰਜਾਬੀ ਦੀ ਵਰਤੋਂ ਕਰ ਰਿਹਾ ਹੋਵੇ ਅਤੇ ਉਸਨੂੰ ਪੰਜਾਬੀ ਵਿਚੋਂ ਢੁਕਵਾਂ ਸ਼ਬਦ ਨਾ ਮਿਲਿਆ ਹੋਵੇ ਜਾਂ ਪ੍ਰਾਪਤ ਸ਼ਬਦਾਂ ਦੇ ਆਧਾਰ ਤੇ ਨਵਾਂ ਸ਼ਬਦ ਨਾ ਘਡ਼ਿਆ ਜਾ ਸਕਿਆ ਹੋਵੇ। ਮੈਨੂੰ ਸੰਸਾਰ ਦੇ ਉੱਚੇ ਤੋਂ ਉੱਚੇ ਵਿਗਿਆਨਕ ਗਿਆਨ ਦੇ ਕਿਸੇ ਸੰਕਲਪ ਲਈ ਪੰਜਾਬੀ ਵਿਚੋਂ ਸ਼ਬਦ ਲੱਭਣ ਜਾਂ ਨਵਾਂ ਸ਼ਬਦ ਘਡ਼ਨ ਵਿਚ ਕਦੇ ਦਸ ਮਿੰਟ ਤੋਂ ਵੱਧ ਸਮਾਂ ਨਹੀਂ ਲੱਗਾ। ਸੱਚੀ ਗੱਲ ਇਹ ਹੈ ਕਿ ਮੈਂ ਬਹੁਤੇ ਲੋਡ਼ੀਂਦੇ ਸ਼ਬਦ ਜਮਾਤ ਵਿਚ ਪਡ਼੍ਹਾਉਂਦਿਆਂ ਹੀ ਲੱਭੇ ਜਾਂ ਘਡ਼ੇ ਹਨ। ਫਿਰ ਸਾਡੇ ਕੋਲ ਪੰਜਾਬੀ ਦੀਆਂ ਪੁਰਖੀਆਂ ਦੇ ਰੂਪ ਵਿਚ ਸੰਸਕ੍ਰਿਤ ਵਰਗੀਆਂ ਭਾਸ਼ਾਵਾਂ ਵਿਚ ਗਿਆਨ ਦੇ ਹਰ ਖੇਤਰ ਲਈ ਸ਼ਬਦਾਵਲੀ ਦਾ ਅਥਾਹ ਭੰਡਾਰ ਹੈ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਨਵੇਂ ਸ਼ਬਦ ਇੰਨੇ ਨਵੇਂ ਵੀ ਨਹੀਂ ਹੁੰਦੇ ਜਿੰਨੇ ਉਹ ਭਾਸ਼ਾਗਤ-ਅਨਪਡ਼੍ਹਾਂ ਨੂੰ ਲਗਦੇ ਹਨ। ਆਓ ਇਕ ਅਤਿਅੰਤ ਨਵੇਂ ਸ਼ਬਦ ਨੂੰ ਲੈਂਦੇ ਹਾਂ, ਜਿਹੋ ਜਿਹੇ ਸ਼ਬਦਾਂ ਲਈ ਪੰਜਾਬੀ ਵਿਚ ਘਾਟ ਹੋਣ ਲਈ ਵਿਗਿਆਨਕ ਦੋਸਤ ਅਕਸਰ ਪੰਜਾਬੀ ਨੂੰ ਕੋਸਦੇ ਹਨ।

ਹਰ ਵਿਅਕਤੀ ਇਲੈਕਟਰਾਨ ਨੂੰ ਵਿਕਸਤ ਵਿਗਿਆਨ ਦਾ ਸ਼ਬਦ ਮੰਨੇਗਾ। ਪਰ ਜਿਸ ਨੂੰ ਭਾਸ਼ਾ ਬਣਤਰ ਦੇ ਊਡ਼ੇ ਦਾ ਵੀ ਪਤਾ ਹੈ ਉਹ ਜਾਣਦਾ ਹੈ ਕਿ ਇਸ ਸ਼ਬਦ ਦਾ ਸਬੰਧ ਇਲੈਕਟਰੀਸਿਟੀ ਨਾਲ ਹੈ ਅਤੇ ਸਹਿਜੇ ਹੀ ਇਸਦਾ ਅਨੁਵਾਦ ਬਿਜਲਾਣ ਜਾਂ ਬਿਜਲਕਣ ਸ਼ਬਦ ਵਿਚ ਕੀਤਾ ਜਾ ਸਕਦਾ ਹੈ। (ਹਾਂ, ਇਹ ਜਰੂਰ ਹੈ ਕਿ ਇਲੈਕਟਰਾਨ ਕਹਿਣ ਨਾਲ ਕੰਨਾ ਵਿਚ ਜੋ ਨਵਾਬਸ਼ਾਹੀ ਘੰਟੀ ਵਜਦੀ ਹੈ ਉਹ ਬਿਜਲਾਣ ਕਹਿਣ ਨਾਲ ਨਹੀਂ ਵੱਜਦੀ। ਪਰ ਇਹ ਸੌਖੇ ਹੀ ਵੱਜਣੀ ਸ਼ੁਰੂ ਹੋ ਸਕਦੀ ਹੈ ਜੇ ਕਿਧਰੇ ਐਸ਼ਵਰਿਆ ਰਾਏ ਇਸ ਨੂੰ ਇਕ ਵਾਰ ਵੀ ਵਰਤ ਲਵੇ ਜਾਂ ਜਾਰਜ ਬੁਸ਼ ਸੁਰੱਖਿਆ ਕੌਂਸਲ ਤੋਂ ਹੁਕਮ ਕਰਵਾ ਦੇਵੇ)। ਸੋ, ਮੇਰੇ ਵਿਗਿਆਨਕ ਦੋਸਤੋ, ਆਓ ਉੱਤਮ ਨੀਤੀ ਹੀ ਧਾਰਣ ਕਰੀਏ ਅਤੇ ਇੰਨੇ ਕੁ ਇਮਾਨਦਾਰ, ਅਤੇ ਬਹਾਦਰ ਹੋਈਏ ਕਿ ਆਪਣੀ ਭਾਸ਼ਾਗਤ-ਅਨਪਡ਼੍ਹਤਾ ਨੂੰ ਸਵੀਕਾਰ ਕਰ ਸਕੀਏ ਅਤੇ ਇਹ ਵੈਣ ਨਾ ਪਾਈਏ ਕਿ ਸਾਡੀਆਂ ਭਾਸ਼ਾਵਾਂ ਕੋਲ ਸ਼ਬਦ ਨਹੀਂ ਹਨ। ਮੈਂ ਇਹ ਲਿਖ ਰਿਹਾ ਹਾਂ ਕਿਉਂਕਿ ਮੈਂ ਯੂਨੀਵਰਸਿਟੀ ਵਿਚ ਅਧਿਆਪਕ ਹਾਂ ਅਤੇ ਆਪਣੀ ਅੰਗਰੇਜ਼ੀ ਰਾਹੀਂ ਪਡ਼੍ਹੀ ਵੱਡੀ ਜਮਾਤ ਦੇ ਪੰਜਾਬੀ ਪੱਧਰ ਬਾਰੇ ਵਾਹਵਾ ਜਾਣੂੰ ਹਾਂ। ਫਿਰ ਵੀ ਹਰ ਇਕ ਨੂੰ ਬੇਨਤੀ ਹੈ ਕਿ ਜੇ ਹਾਲੇ ਵੀ ਉਹਨਾਂ ਨੂੰ ਲੱਗੇ ਕਿ ਆਪਣੀਆਂ ਭਾਸ਼ਾਵਾਂ ਵਿਚ ਸ਼ਬਦਾਂ ਦੀ ਘਾਟ ਹੈ ਤਾਂ ਉਹ ਨਿਮਨ ਨੁਕਤੇ ਵੀ ਵਿਚਾਰ ਲੈਣ।

  1. ਜਿਸ ਦਾ ਨਾਂ ਹੀ ਸਾਡੇ ਤੇ ਜਾਦੂ ਕਰ ਦੇਂਦਾ ਹੈ ਉਸ ਅੰਗਰੇਜ਼ੀ ਨੂੰ ਕਦੇ ਗੰਵਾਰਾਂ ਦੀਭਾਸ਼ਾ ਕਿਹਾ ਜਾਂਦਾ ਸੀ ਅਤੇ ਅੰਗਰੇਜ਼ੀ ਰਾਜਕੁਮਾਰ ਲਾਤੀਨੀ ਅਤੇ ਫਰਾਂਸੀਸੀ ਪਡ਼੍ਹਨ ਰੋਮ ਅਤੇ ਪੈਰਿਸ ਜਾਇਆ ਕਰਦੇ ਸਨ।
  2. ਅੰਗਰੇਜ਼ੀ ਵਿਚਲੀ ਬਹੁਤੀ ਤਕਨੀਕੀ ਸ਼ਬਦਾਵਲੀ ਅੰਗਰੇਜ਼ੀ ਨਹੀਂ ਹੈ ਬਲਕਿ ਲਾਤੀਨੀ ਅਤੇਯੂਨਾਨੀ ਹੈ। ਚਿਕਿਤਸਾ ਵਿਗਿਆਨ ਜਾਂ ਬਨਸਪਤ ਵਿਗਿਆਨ ਦਾ ਹਰ ਮੁੱਢਲਾ ਵਿਦਿਆਰਥੀ ਵੀ ਇਸ ਤੋਂ ਵਾਕਫ ਹੋਵੇਗਾ।

  1. ਭਾਸ਼ਾਵਾਂ ਨੇ ਹਮੇਸ਼ਾ ਇਕ ਦੂਜੇ ਤੋਂ ਸ਼ਬਦ ਉਧਾਰ ਲਏ ਹਨ।ਜੇ ਵਾਕਿਆ ਹੀ ਕੋਈ ਕਠਿਨਾਈ ਹੋਵੇ ਤਾਂ ਦੂਜੀ ਭਾਸ਼ਾ ਦੇ ਸ਼ਬਦ ਨੂੰ ਪੰਜਾਬੀ ਧੁਨੀ-ਬਣਤਰ ਅਨੁਸਾਰ ਢਾਲ ਕੇ ਵਰਤਿਆ ਜਾ ਸਕਦਾ ਹੈ। ਮਿਸਾਲ ਲਈ ਪੰਜਾਬੀ ਬੱਸ ਅੰਗਰੇਜ਼ੀ ਬੱਸ ਰਾਹੀਂ ਹੀ ਆਇਆ ਹੈ।

ਹੁਣ ਤੱਕ ਅਸੀਂ ਭਾਸ਼ਾਈ ਸਵਾਲ ਤੇ ਦੁਨੀਆ ਭਰ ਵਿਚ ਹੋਈ ਖੋਜ ਦੇ ਨਤੀਜੇ ਪੇਸ਼ ਕੀਤੇ ਹਨ ਅਤੇ ਸਾਡੀਆਂ ਭਾਸ਼ਾਵਾਂ ਦੀ ਭਾਸ਼ਾਈ ਸਮਰੱਥਾ ਦੇ ਮੁੱਦੇ ਦੀ ਪਡ਼ਤਾਲ ਕੀਤੀ ਹੈ। ਹੋਰ ਵੀ ਬਹੁਤ ਅਹਿਮ ਗੱਲਾਂ ਹਨ ਜਿਨ੍ਹਾਂ ਨੂੰ ਭਾਸ਼ਾ ਬਾਰੇ ਫੈਸਲੇ ਲੈਣ ਲੱਗਿਆਂ ਵਿਚਾਰਨਾ ਜ਼ਰੂਰੀ ਹੈ। ਲੇਖ ਦੇ ਅਗਲੇ ਹਿੱਸੇ ਵਿਚ ਇਹਨਾਂ ਤੇ ਵਿਚਾਰ ਕੀਤੀ ਗਈ ਹੈ।

– ਆਮ ਤੌਰ ਤੇ ਕੋਈ ਚਾਰ ਸਾਲ ਦੀ ਉਮਰ ਵਿਚ ਬੱਚਾ ਸਕੂਲੀ ਸਿੱਖਿਆ ਵਿਚ ਸਭ ਤੋਂ ਪਹਿਲਾਂ ਸ਼ਾਮਲ ਹੁੰਦਾ ਹੈ। ਇਸ ਸਮੇਂ ਤੱਕ ਉਹ ਆਪਣੀ ਮਾਤ-ਭਾਸ਼ਾ ਦੀਆਂ ਮੁਢਲੀਆਂ ਵਿਆਕਰਣਕ ਬਣਤਰਾਂ ਅਤੇ ਕਾਫੀ ਸ਼ਬਦਾਵਲੀ ਆਪਣੇ ਗਿਆਨ ਭੰਡਾਰ ਵਿਚ ਸ਼ਾਮਲ ਕਰ ਚੁੱਕਾ ਹੁੰਦਾ ਹੈ। ਸਿੱਖਿਆ ਦੇ ਆਰੰਭ ਲਈ ਇਹ ਇਕ ਬਹੁਮੁੱਲਾ ਅਤੇ ਅਤੁੱਲ ਆਧਾਰ ਹੈ। ਇਸ ਆਧਾਰ ਵੱਲ ਪਿੱਠ ਕਰਕੇ ਅਤੇ ਦੂਜੀ ਭਾਸ਼ਾ ਵਿਚ ਸਿੱਖਿਆ ਆਰੰਭ ਕਰਕੇ ਚਾਰ ਸਾਲਾਂ ਦਾ ਕੀਮਤੀ ਮਨੁੱਖੀ ਸਮਾਂ ਅਤੇ ਸਰੋਤਾਂ ਨੂੰ ਖੇਹ ਕਰਨਾ ਕਿਸੇ ਤਰ੍ਹਾਂ ਵੀ ਵਿਦਵੱਤਾ ਜਾਂ ਸਿਆਣਪ ਦਾ ਸਬੂਤ ਨਹੀਂ ਹੋ ਸਕਦਾ।

– ਹਰ ਭਾਸ਼ਾ ਦਾ ਇਕ ਸਮਾਜਿਕ-ਸਭਿਆਚਾਰਕ ਪ੍ਰਸੰਗ ਹੁੰਦਾ ਹੈ ਅਤੇ ਭਾਸ਼ਾਈ ਇਕਾਈਆਂ ਇਸ ਪ੍ਰਸੰਗ ਵਿਚ ਹੀ ਅਰਥ ਹਾਸਲ ਕਰਦੀਆਂ ਹਨ ਅਤੇ ਅਰਥ-ਭਰਪੂਰ ਹੁੰਦੀਆਂ ਹਨ। ਕਿਸੇ ਅਜਿਹੀ ਭਾਸ਼ਾ ਰਾਹੀਂ ਸਿੱਖਿਆ ਦੇਣਾ ਜਿਸਦਾ ਸਮਾਜਕ ਪ੍ਰਸੰਗ ਸਿਖਿਆਰਥੀ ਨੂੰ ਹਾਸਲ ਨਹੀਂ ਹੈ, ਉਸ ਭਾਸ਼ਾ ਨੂੰ ਅਪਾਰਦਰਸ਼ੀ ਬਣਾ ਦੇਦਾਂ ਹੈ ਅਤੇ ਸਿਖਿਵੀ ਅਤੇ ਗਿਆਨਗਤ ਟੀਚਿਆਂ ਨੂੰ ਹਾਸਲ ਕਰਨ ਵਿਚ ਵੱਡੀ ਰੋਕ ਬਣਦਾ ਹੈ। ਮਾਤ-ਭਾਸ਼ਾ ਤੋਂ ਇਲਾਵਾ ਦੂਜੀ ਭਾਸ਼ਾ ਬਣਤਰ ਦੇ ਰੂਪ ਵਿਚ ਵੀ ਅਪਾਰਦਰਸ਼ੀ ਹੁੰਦੀ ਹੈ ਅਤੇ ਵਿਦਿਆਰਥੀ ਦੀ ਮਾਨਸਿਕਤਾ ਤੇ ਵੱਡਾ ਬੌਝ ਬਣਦੀ ਹੈ। ਮਿਸਾਲ ਲਈ ਪੰਜਾਬੀ ਦੇ ਅਸੰਭਵ ਨੂੰ ਸਿਖਿਆਰਥੀ ਸਹਿਜ ਰੂਪ ਵਿਚ ਹੀ ਅਤੇ ਸੰਭਵ ਦੇ ਯੋਗ ਵਜੋਂ ਗ੍ਰਹਿਣ ਕਰ ਸਕਦਾ ਹੈ ਪਰ ਇਹ ਗੱਲ ਅੰਗਰੇਜ਼ੀ ਦੇ Impossible ਸ਼ਬਦ ਬਾਰੇ ਨਹੀਂ ਕਹੀ ਜਾ ਸਕਦੀ। ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਨੂੰ ਗ੍ਰਹਿਣ ਕਰਨ ਲਈ ਇਹ ਬਣਤਰੀ ਪਾਰਦਰਸ਼ਤਾ ਅਪਾਰਦਰਸ਼ਤਾ ਅਤਿਅੰਤ ਮਹੱਤਵਪੂਰਨ ਹੈ।

– ਦੂਜੀ ਭਾਸ਼ਾ ਵਿਚ ਸਿਖਿਆ ਮਾਧਿਅਮ ਅਤੇ ਸਿੱਖਿਆਰਥੀ ਵਿਚਕਾਰ ਸਿੱਖਿਆਕਾਰ ਅਤੇ ਸਿੱਖਿਆਰਥੀ ਵਿਚਕਾਰ, ਸਕੂਲ ਅਤੇ ਸਿੱਖਿਆਰਥੀ ਵਿਚਕਾਰ ਇਕ ਕੰਧ ਬਣ ਜਾਂਦੀ ਹੈ। ਇਸਦਾ ਨਤੀਜਾ ਸਿੱਖਿਆਰਥੀ ਦੇ ਅਲਗਾਵ ਵਿਚ ਨਿਕਲਦਾ ਹੈ ਅਤੇ ਸਿੱਖਿਆਰਥੀ ਪੂਰੀ ਪ੍ਰਣਾਲੀ ਪ੍ਰਤੀ ਹੀ ਤਅੱਸਥਾ ਨਾਲ ਭਰਿਆ ਜਾਂਦਾ ਹੈ। ਇਹ ਜਿੱਥੇ ਸਿੱਖਿਆਵੀ ਟੀਚਿਆਂ ਨੂੰ ਹਾਸਲ ਕਰਨ ਵਿਚ ਸਮੱਸਿਆ ਬਣਦਾ ਹੈ ਉਥੇ ਸਿੱਖਿਆਰਥੀ ਦੀ ਸ਼ਖਸੀਅਤ ਨੂੰ ਨਾਂਹ-ਵਾਚੀ ਤੱਤਾਂ ਨਾਲ ਭਰਦਾ ਹੈ। ਨਤੀਜੇ ਵਜੋਂ, ਇਹ ਸਿੱਖਿਆਰਥੀ ਦੀ ਸਮਾਜਿਕ ਉਪਯੋਗਤਾ ਵਿਚ ਵੀ ਰੋਡ਼ਾ ਬਣਦਾ ਹੈ।

– ਦੁਨੀਆਂ ਵਿਚ ਅਨੇਕਾਂ ਅਜਿਹੇ ਗੈਰ-ਅੰਗਰੇਜ਼ੀ ਭਾਸ਼ੀ ਦੇਸ ਹਨ ਜਿਨ੍ਹਾਂ ਦੀ ਸਰਕਾਰੀ ਜਾਂ ਸਿੱਖਿਆ ਦੀ ਭਾਸ਼ਾ ਕੇਵਲ ਅੰਗਰੇਜ਼ੀ ਹੈ। ਇਹ ਦੇਸ ਹਨ। ਜਮਾਇਕਾ, ਗੁਆਇਨਾ, ਕੀਨੀਆਂ, ਨਾਈਜੀਰੀਆ, ਫਿਜੀ, ਕਿਰੀਥਾਟੀ, ਪਾਪੂਆ ਨਿਊ ਗਿਨੀ, ਟੌਂਗਾ, ਸੋਲੋਮਨ ਦੀਪ, ਵੁਨੂਆਤੂ ਅਤੇ ਪੱਛਮੀ ਸਮੋਆ। ਉਪਰੋਕਤ ਦੇਸਾਂ ਨੇ ਅੰਗਰੇਜ਼ੀ ਦੇ ਆਧਾਰ ਤੇ ਦੁਨੀਆ ਭਰ ਵਿਚ ਜੋ ਸਿੱਕਾ ਜਮਾਇਆ ਹੈ ਉਹ ਸਭ ਭਲੀ ਭਾਂਤ ਜਾਣਦੇ ਹਨ।

– ਅੰਗਰੇਜ਼ੀ ਦੀ ਲੋਡ਼ ਮਹਿਸੂਸ ਕਰਦਿਆਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਵਿਸ਼ਵ ਭਾਸ਼ਾ ਹੋਣ ਦੇ ਦਾਅਵੇ ਇੰਨੇ ਠੋਸ ਨਹੀਂ ਹਨ ਜਿਵੇਂ ਸਾਨੂੰ ਇਥੇ ਸ਼ੰਭੂ ਤੋਂ ਵਾਘੇ ਵਿਚਕਾਰ ਬੈਠਿਆਂ ਲਗਦੇ ਹਨ। ਲਗਭਗ ਪੂਰਾ ਲੈਟਿਨ ਅਮਰੀਕਾ ਸਪੇਨੀ ਬੋਲਦਾ ਹੈ। ਗਿਣਤੀ ਪੱਖੋਂ ਚੀਨੀ ਭਾਸ਼ਾ ਦੇ ਬੁਲਾਰੇ ਸਭ ਤੋਂ ਵੱਧ ਹਨ। ਕੋਈ ਸਾਢੇ ਚਾਰ ਦੇਸ਼ਾਂ ਦੇ ਨਾਗਰਿਕਾਂ ਦੀ ਮਾਤ-ਭਾਸ਼ਾ ਅੰਗਰੇਜ਼ੀ ਹੈ ਅਤੇ ਇਹਨਾਂ ਦੀ ਆਬਾਦੀ ਕੇਵਲ 35 ਕਰੋਡ਼ ਬਣਦੀ ਹੈ। ਬਹੁਤੇ ਦੇਸ਼ਾਂ ਵਿਚ ਜਿਥੇ ਲੋਕ ਅੰਗਰੇਜ਼ੀ ਜਾਣਦੇ ਵੀ ਹਨ ਅੰਗਰੇਜ਼ੀ ਵਿਚ ਗੱਲ ਕਰਨਾ ਪਸੰਦ ਨਹੀਂ ਕਰਦੇ। ਮੈਨੂੰ ਖੁਦ ਫਰਾਂਸ ਦੇ ਚੌਥੇ-ਪੰਜਵੇਂ ਨੰਬਰ ਦੇ ਵੱਡੇ ਸ਼ਹਿਰ ਬੋਖਦੋਖ ਵਿਚ ਚਾਰ ਘੰਟੇ ਰੇਲਵੇ ਸ਼ਟੇਸ਼ਨ ਤੇ ਖਡ਼੍ਹੇ ਰਹਿਣਾ ਪਿਆ ਕਿਉਂਕਿ ਕਿਸੇ ਨੇ ਮੇਰੇ ਨਾਲ ਅੰਗਰੇਜ਼ੀ ਵਿਚ ਗੱਲ ਨਹੀਂ ਕੀਤੀ। ਯੂਰਪੀ ਯੂਨੀਅਨ ਨੇ ਅੰਗਰੇਜ਼ੀ ਅਤੇ ਫਰਾਂਸੀਸੀ ਦੋਹਾਂ ਭਾਸ਼ਾਵਾਂ ਨੂੰ ਆਪਣੀ ਦਫਤਰੀ ਭਾਸ਼ਾਵਾਂ ਮੰਨਿਆ ਹੈ। ਇਥੋਂ ਤੱਕ ਕਿ ਭਾਰਤ ਵਿਚ ਵੀ ਅੰਗਰੇਜ਼ੀ ਬੋਲਣ-ਸਮਝਣ ਵਾਲਿਆਂ ਦੀ ਗਿਣਤੀ 2-3 ਪ੍ਰਤੀਸ਼ਤ ਤੋਂ ਜਿਆਦਾ ਨਹੀਂ ਹੈ ਅਤੇ ਮੈਂ ਨਹੀਂ ਸਮਝਦਾ ਕਿ 2050 ਤੱਕ ਭਾਰਤ ਦੇ 15-20 ਪ੍ਰਤੀਸ਼ਤ ਤੋਂ ਜ਼ਿਆਦਾ ਵਿਅਕਤੀ ਇਹ ਸਮਰੱਥਾ ਹਾਸਲ ਕਰ ਲੈਣਗੇ।

– ਅੰਗਰੇਜ਼ੀ ਸਾਨੂੰ ਪਹਿਲੇ ਦਰਜ਼ੇ ਦੇ ਦੋਸ਼ਾਂ ਦੀ ਕਤਾਰ ਵਿਚ ਲਿਆ ਖਡ਼ੇਗੀ ਜਾਂ ਅੰਗਰੇਜ਼ੀ ਤੋਂ ਬਿਨਾਂ ਇਸ ਦਰਜ਼ੇ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਹ ਖਿਆਲ ਵੀ ਵਧੇਰੇ ਗਿਆਨ ਦੀ ਮੰਗ ਕਰਦਾ ਹੈ। ਚੀਨ ਅਤੇ ਜਾਪਾਨ ਨਾਲੋਂ ਅੰਗਰੇਜ਼ੀ ਪੱਖੋਂ ਅਸੀਂ ਜ਼ਰੂਰ ਅੱਗੇ ਹਾਂ ਪਰ ਜੋ ਸਾਡੀ ਥਾਂ ਹੈ ਇਹ ਸਭ ਨੂੰ ਪਤਾ ਹੈ। ਉਤੋਂ ਅਸੀਂ ਗ਼ੈਰ-ਅੰਗਰੇਜ਼ੀ ਭਾਸ਼ੀ ਅੰਗਰੇਜ਼ੀ ਦੇਸਾਂ ਦੇ ਸਥਾਨ ਵੱਲ ਪਹਿਲਾਂ ਹੀ ਸੰਕੇਤ ਕਰ ਆਏ ਹਾਂ।

– ਅੱਜ ਚਾਰੇ ਪਾਸੇ ਇਹੀ ਧਾਰਨਾ ਹੈ ਕਿ ਸਾਡੇ ਸਿਖਿਆ ਦੇ ਖੇਤਰ ਵਿਚ ਬਹੁਤ ਗਿਰਾਵਟ ਆ ਗਈ ਹੈ ਅਤੇ ਆ ਰਹੀ ਹੈ। ਪਰ ਅੰਗਰੇਜ਼ੀ ਮਾਧਿਅਮ ਸਕੂਲ ਅਤੇ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਤਾਂ ਚਿਰੋਕਣਾ ਵਾਧਾ ਹੋ ਰਿਹਾ ਹੈ। ਕਿਧਰੇ ਸਾਡੀ ਗਿਰਾਵਟ ਦਾ ਇਕ ਕਾਰਣ ਅੰਗਰੇਜ਼ੀ ਤਾਂ ਨਹੀਂ। ਫਿਰ ਭਾਰਤ ਵਿਚ ਵਿਗਿਆਨ ਦੀ ਉਚੇਰੀ ਪਡ਼੍ਹਾਈ ਦਾ ਮਾਧਿਅਮ ਤਾਂ ਅੰਗਰੇਜ਼ੀ ਹੀ ਰਿਹਾ ਹੈ। ਕੀ ਵਜ੍ਹਾ ਹੈ ਕਿ ਅਸੀਂ ਦੁਨੀਆਂ ਦੇ ਬਰਾਬਰ ਦਾ ਉੱਚ ਤਕਨਾਲੋਜੀ ਦਾ ਸਮਾਨ ਤਿਆਰ ਨਹੀਂ ਕਰ ਸਕੇ? ਗਲੋਬਲੀ ਭਾਸ਼ਾ ਸਮਾਜਕ-ਆਰਥਕ ਵਿਕਾਸ ਵਿਚ ਕੋਈ ਢੇਰ ਵਾਧਾ ਕਰੇਗੀ, ਇਹ ਵਿਚਾਰ ਵੀ ਧਿਆਨ ਦੀ ਮੰਗ ਕਰਦਾ ਹੈ। ਭਾਰਤ ਵਿਚ ਇਕ ਵੇਲੇ ਸੰਸਕ੍ਰਿਤ ਹੀ ਗਿਆਨ-ਵਿਗਿਆਨ ਅਤੇ ਸਿੱਖਿਆ ਦੀ ਭਾਸ਼ਾ ਸੀ ਅਤੇ ਇਸਦੀ ਪਹੁੰਚ ਭਾਰਤ ਦੀਆਂ ਚਹੁਈ ਗੁੱਠੀਂ ਸੀ। ਵਿਕਾਸ ਦੀ ਰਫਤਾਰ ਕੀ ਸੀ ਇਹ ਸਭ ਹਿੰਦੂ ਵਿਕਾਸ ਦਰ ਨਾਲ ਜਾਣਿਆ ਜਾਂਦਾ ਹੈ। ਵੀਹਵੀਂ ਸਦੀ ਵਿਚ ਸਥਾਨਕ ਭਾਸ਼ਾਵਾਂ ਦਾ ਰਾਜਸੀ ਪੱਧਰ ਤੇ ਉਦੈ ਹੁੰਦਾ ਹੈ ਅਤੇ ਇਹ ਗਿਆਨ-ਵਿਗਿਆਨ ਅਤੇ ਸਿੱਖਿਆ ਦੀਆਂ ਭਾਸ਼ਾਵਾਂ ਬਣਦੀਆਂ ਹਨ। ਵੀਹਵੀਂ ਸਦੀ ਦੇ ਭਾਰਤ ਦੀ ਵਿਕਾਸ ਦਰ ਅਤੇ ਪਹਿਲੀ ਸੰਸਕ੍ਰਿਤ-ਕਾਲ ਦੀ ਕਈ ਸਦੀਆਂ ਦੀ ਵਿਕਾਸ ਦਰ ਦਾ ਮੁਕਾਬਲਾ ਕਰਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਥਾਕਥਿਤ ਗਲੋਬਲੀ ਭਾਸ਼ਾ ਕਿੰਨੀ ਕੁ ਤਾਕਤ ਬਖਸ਼ ਸਕਦੀ ਹੈ। ਸੰਸਕ੍ਰਿਤ ਨੂੰ ਦੂਜੇ ਨਜ਼ਰਾਏ ਤੋਂ ਵੀ ਵੇਖਿਆ ਜਾ ਸਕਦਾ ਹੈ। ਇਹ ਕਿਸ ਨੂੰ ਭੁੱਲਿਆ ਹੈ ਕਿ ਕਿਸੇ ਵੇਲੇ ਭਾਰਤ ਵਿਚ ਸੰਸਕ੍ਰਿਤ ਭਾਸ਼ਾ ਰਾਹੀਂ ਕਿੰਨੇ ਉੱਚੇ ਪੱਧਰ ਦੀ ਗਿਆਨ-ਵਿਗਿਆਨ ਦੀ ਸਿੱਖਿਆ ਹੁੰਦੀ ਸੀ ਅਤੇ ਵਿਕਾਸ ਵੀ ਹੋਇਆ ਸੀ। ਜੇ ਉਦੋਂ ਇਹ ਸਭ ਕਿਸੇ ਅੰਗਰੇਜ਼ੀ ਤੋਂ ਬਿਨਾਂ ਹੋ ਗਿਆ ਤਾਂ ਅੱਜ ਸਾਡੀਆਂ ਭਾਸ਼ਾਵਾਂ ਨੂੰ ਕੀ ਲਕਵਾ ਮਾਰ ਗਿਆ ਹੈ।

– ਗਲੋਬਲੀ ਭਾਸ਼ਾ ਦੇ ਪ੍ਰਸੰਗ ਤੋਂ ਯੂਰਪ ਨੂੰ ਵੀ ਵਿਚਾਰ ਲਿਆ ਜਾਣਾ ਚਾਹੀਦਾ ਹੈ। ਜਦੋਂ ਤੋਂ ਯੂਰਪ ਤੋਂ ਉਸ ਸਮੇਂ ਦੀਆਂ ਯੂਰਪੀ ਗਲੋਬਲੀ ਲਾਤੀਨੀ, ਰੋਮਨ, ਅਤੇ ਯੂਨਾਨੀ ਭਾਸ਼ਾ ਦੀ ਜਕਡ਼ ਟੁੱਟੀ ਹੈ ਉਦੋਂ ਤੋਂ ਹੀ ਯੂਰਪ ਵਿਚ ਹਰ ਤਰ੍ਹਾਂ ਦੀਆਂ ਗਿਆਨ, ਵਿਗਿਆਨ ਅਤੇ ਸਮਾਜਕ ਕਰਾਂਤੀਆਂ ਹੋਈਆਂ ਹਨ। ਹੁਣ ਤੱਕ ਵੀ ਫਰਾਂਸ, ਜਰਮਨੀ, ਅਤੇ ਬਾਕੀ ਗੈਰ-ਅੰਗਰੇਜ਼ੀ ਯੂਰਪੀ ਦੇਸ਼ ਆਪਣੀਆਂ ਭਾਸ਼ਾਵਾਂ ਦੇ ਬਲਬੂਤੇ ਹੀ ਆਪਣੀ ਥਾਂ ਬਣਾਈ ਬੈਠੇ ਹਨ।

– ਇਹ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਅੰਗਰੇਜ਼ੀ ਦੀ ਜਾਣਕਾਰੀ ਨਾਲ ਭਲਾ ਹੋ ਰਿਹਾ ਹੈ ਕਿ ਇਹ ਜਾਣਕਾਰੀ ਸਾਨੂੰ ਡੋਬ ਰਹੀ ਹੈ। ਇਸ ਅੰਗਰੇਜ਼ੀ ਨੇ ਹੀ ਸਾਡੀ ਪ੍ਰਤੀਭਾ ਦੇ ਅਤਿਅੰਤ ਵੱਡੇ ਹਿੱਸੇ ਨੂੰ ਦਿਮਾਗੀ ਨਾਲੇ ਵਿਚ ਰੋਹਡ਼ ਛੱਡਿਆ ਹੈ। ਭਾਰਤੀ ਨਾਗਰਿਕਾਂ ਨੇ ਭੁੱਖੇ ਰਹਿ ਕੇ ਇਸ ਪ੍ਰਤਿਭਾ ਦਾ ਆਪਣੀਆਂ ਸਿੱਖਿਆ ਸੰਸਥਾਵਾਂ ਵਿਚ ਪਾਲਣ ਪੋਸਣ ਕੀਤਾ ਹੈ ਪਰ ਉਹਨਾਂ ਦੀ ਵੱਡੀ ਕਮਾਈ ਸਾਡੀਆਂ ਕਬਰਾਂ ਪੁੱਟਣ ਵਾਲੇ ਖਾ ਰਹੇ ਹਨ। ਸ਼ਾਇਦ ਚੀਨ ਇਸੇ ਕਰਕੇ ਹੀ ਬਚਿਆ ਰਿਹਾ ਹੈ ਅਤੇ ਅੱਗੇ ਲੰਘ ਗਿਆ ਹੈ।

– ਤਕਨਾਲੋਜੀ ਦੇ ਪ੍ਰਸ਼ਨ ਵੱਲ ਵੀ ਜਾਈਏ ਤਾਂ ਕੋਈ ਡੇਢ ਸੋ ਸਾਲ ਪਹਿਲਾਂ ਭਾਰਤੀ ਇਸਪਾਤ ਦੇ ਭੇਤ ਅਤੇ ਢਾਕੇ ਦੀ ਮਖਮਲ ਨੂੰ ਦੁਨੀਆ ਤਰਸਦੀ ਸੀ। ਚਿਕਿਤਸਾ ਵਿਗਿਆਨ ਵਿਚ ਵੀ ਸ਼ਾਇਦ ਹੀ ਆਪਣਾ ਕੋਈ ਸਾਨੀ ਸੀ। ਇਹੀ ਗੱਲ ਸਾਡੇ ਪੁਰਾਣੇ ਦਰਸ਼ਨ ਸ਼ਾਸਤਰ ਅਤੇ ਭਾਸ਼ਾਈ ਅਧਿਐਨਾਂ ਬਾਰੇ ਵੀ ਸਹੀ ਹੈ। ਜੇ ਉਦੋਂ ਇਹ ਅੰਗਰੇਜ਼ੀ ਬਿਨਾਂ ਸੰਭਵ ਸੀ ਤਾਂ ਹੁਣ ਕਿਉਂ ਨਹੀ।

– ਕੇਵਲ ਗਿਆਨ ਸਿਰਜਨਾ ਹੀ ਸਿੱਖਿਆ ਦਾ ਟੀਚਾ ਨਹੀਂ ਹੈ। ਇਸਦਾ ਪਸਾਰ ਵੀ ਉਨਾਂ ਹੀ ਮਹੱਤਵਪੂਰਨ ਹੈ। ਕੀ ਅਸੀਂ ਅੰਗਰੇਜ਼ੀ ਨੂੰ ਆਪਣਾ ਘਰ ਸੰਭਾਲ ਕੇ ਪੰਜਾਬੀ ਲੋਕ-ਸਮੂਹ ਵਿਚ ਗਿਆਨ-ਵਿਗਿਆਨ ਦੇ ਪਸਾਰ ਦੇ ਦਰਵਾਜ਼ੇ ਬੰਦ ਨਹੀਂ ਕਰ ਰਹੇ? ਕੀ ਬਹੁਤੇ ਜਨ-ਸਮੂਹ ਦਾ ਗਿਆਨ-ਵਿਗਿਆਨ ਦੀ ਧਾਰਾ ਚੋਂ ਬਾਹਰ ਹੋ ਜਾਣਾ ਇਸਦੇ ਸਿਰਜਣ ਨੂੰ ਵੀ ਖੋਰਾ ਨਹੀਂ ਲਾਏਗਾ? ਗਿਣਤੀ ਚੋਂ ਵੀ ਅਕਸਰ ਗੁਣਤਾ ਪੈਦਾ ਹੁੰਦੀ ਹੈ। ਵਿਕਸਤ ਦੇਸਾਂ ਵਿਚ ਗਿਆਨ-ਵਿਗਿਆਨ ਦੇ ਵਾਧੇ ਨੂੰ ਆਪਾਂ ਵੇਖਦੇ ਹਾਂ ਪਰ ਉਥੇ ਇਸ ਪਰਕਿਰਿਆ ਵਿਚ ਲੱਗੇ ਜਨ-ਸਮੂਹ ਦੀ ਗਿਣਤੀ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਬਰਤਾਨੀਆਂ ਦੀ ਆਬਾਦੀ ਸਾਡੇ ਨਾਲੋਂ ਅੱਠਵਾਂ ਹਿੱਸਾ ਵੀ ਨਹੀਂ ਪਰ ਉਥੇ ਯੂਨੀਵਰਸਿਟੀਆਂ ਸਾਡੇ ਜਿੰਨੀਆਂ ਹੀ ਹਨ। ਅੰਗਰੇਜੀ ਨੂੰ ਹੀ ਗਿਆਨ-ਵਿਗਿਆਨ ਦੀ ਭਾਸ਼ਾ ਬਣਾਕੇ ਅਤੇ ਬਹੁਤੇ ਜਨ-ਸਮੂਹ ਨੂੰ ਇਸ ਧਾਰਾ ਤੋਂ ਵਾਂਝਿਆਂ ਰੱਖਕੇ ਅਸੀਂ ਆਪਣੀ ਬਹੁਮੱਤ ਆਬਾਦੀ ਨੂੰ ਫਿਰ ਸਭਿਅਤਾ ਦੇ ਕਾਲ ਤੋਂ ਪਿਛਾਂਹ ਲੈ ਜਾਣਾ ਚਾਹੁੰਦੇ ਹਾਂ?

– ਇਹ ਤੈਅ ਹੈ ਕਿ ਮਨੁੱਖ ਦੀ ਸੰਚਾਰਗਤ ਸਮਰੱਥਾ ਆਪਣੀ ਮਾਤ-ਭਾਸ਼ਾ ਵਿਚ ਹੀ ਉੱਚੀਆਂ ਸਿਖਰਾਂ ਛੂਹ ਸਕਦੀ ਹੈ। ਕੀ ਮੱਧ ਵਰਗ ਆਪਣੇ ਬੱਚਿਆਂ ਨੂੰ ਮੁੱਢ ਤੋਂ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਭੇਜ ਕੇ ਅਤੇ ਉਹਨਾਂ ਨੂੰ ਮਾਤ-ਭਾਸ਼ਾ ਵਿਚ ਵਿਕਾਸ ਤੋਂ ਵਿਰਵਿਆਂ ਕਰਕੇ ਉਹਨਾਂ ਨੂੰ ਬੋਧਿਕ ਅਪੰਗ ਨਹੀਂ ਬਣਾ ਰਿਹਾ?

– ਮਨੁੱਖ ਦਾ ਵਿਕਾਸ ਕੇਵਲ ਜਾਣਕਾਰੀ ਨਾਲ ਹੀ ਸਬੰਧ ਨਹੀਂ ਰੱਖਦਾ। ਬਲਕਿ ਇਹ ਜਾਣਕਾਰੀ ਤਾਂ ਉਸਦੇ ਮਾਨਵੀਂ ਗੁਣਾਂ ਦੇ ਵਿਕਾਸ ਵਿਚ ਸਹਾਈ ਹੋਣ ਲਈ ਹੀ ਹੋਣੀ ਚਾਹੀਦੀ ਹੈ। ਆਦਮੀ ਜੀਵ ਬਨਾਉਣ ਵਿਚ ਆਪਣੇ ਸਾਹਿਤ, ਇਤਿਹਾਸ ਅਤੇ ਸਭਿਆਚਾਰ ਦਾ ਔਖੇ ਪਰੋਖੇ ਨਾ ਕੀਤਾ ਜਾ ਸਕਣ ਵਾਲਾ ਰੋਲ ਹੈ। ਆਪਣੇ ਬੱਚਿਆਂ ਨੂੰ ਆਪਣੀ ਮਾਤ-ਭਾਸ਼ਾ ਦੀ ਵਿਕਸਤ ਜਾਣਕਾਰੀ ਤੋਂ ਵਾਂਝਿਆਂ ਕਰਕੇ ਕੀ ਅਸੀਂ ਉਹਨਾਂ ਨੂੰ ਸਭਿਆਚਾਰੀਕਰਨ ਦੇ ਸਰੋਤਿਆਂ ਤੋਂ ਵਿਰਵਿਆਂ ਨਹੀਂ ਕਰ ਰਹੇ?ਕਿਧਰੇ ਇਸ ਭਾਸ਼ਾਈ ਕਾਰਣ ਕਰਕੇ ਹੀ ਸਾਡੀ ਸਾਰੀ ਉਚੇਰੀ ਸਿੱਖਿਆ ਸਾਡੇ ਸਮਾਜਕ, ਰਾਜਸੀ, ਅਤੇ ਆਰਥਕ ਯਥਾਰਥ ਵਿਚ ਜ਼ਿਕਰਯੋਗ ਯੋਗਦਾਨ ਪਾਣੋ ਤਾਂ ਨਹੀਂ ਰਹਿ ਰਹੀ?

– ਜਿਸ ਢੰਗ ਨਾਲ ਸਾਡੀ ਸਿੱਖਿਆ ਪ੍ਰਣਾਲੀ ਦੋ ਨਿਖਡ਼ਵੀਆਂ ਧਾਰਾਵਾਂ – ਅੰਗਰੇਜ਼ੀ ਆਧਾਰਤ ਅਤੇ ਮਾਤ-ਭਾਸ਼ਾ ਆਧਾਰਤ –ਵਿਚ ਵਹਿਣ ਲੱਗੀ ਹੈ ਇਸ ਨਾਲ ਕਿਧਰੇ ਦੋ ਵੱਖਰੀ ਤਰ੍ਹਾਂ ਦੇ ਨਾਗਰਿਕ ਤਾਂ ਪੈਦਾ ਨਹੀਂ ਹੋ ਰਹੇ – ਇਕ ਅੰਗਰੇਜ਼ੀਨੁਮਾ ਅਤੇ ਇਕ ਮਾਤ-ਭਾਸ਼ਾਨੁਮਾ। ਕੀ ਇੰਜ ਅਸੀਂ ਜਾਤੀਆਂ ਵਿਚ ਖੱਖਡ਼ੀ-ਖੱਖਡ਼ੀ ਹੋਏ ਭਾਰਤੀ ਸਮਾਜ ਵਿਚ ਦੋ ਹੋਰ ਜਾਤੀਆਂ ਤਾਂ ਪੈਦਾ ਨਹੀਂ ਕਰ ਰਹੇ। ਫਿਰ, ਇਹ ਇੰਡੀਆ ਅਤੇ ਭਾਰਤ ਆਪਸ ਵਿਚ ਕਿਹੋ ਜਿਹੇ ਸੰਭਵ ਆਦਾਨ-ਪ੍ਰਦਾਨ ਕਰ ਸਕਦੇ ਹਨ ਇਹ ਵੀ ਸਾਡੇ ਗੰਭੀਰ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ ਹੈ।

– ਬਰਸਟਾਈਨ (1971) ਨੇ ਆਪਣੀਆਂ ਖੋਜਾਂ ਵਿਚ ਸਾਬਤ ਕੀਤਾ ਹੈ ਕਿ ਸਾਧਨਹੀਨ ਤਬਕਿਆਂ ਦੇ ਨਿਆਣੇ ਇਸ ਲਈ ਸਿੱਖਿਆ ਵਿਚ ਕਾਮਯਾਬੀ ਹਾਸਲ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਤਬਕੇ ਦੀ ਭਾਸ਼ਾ ਸੀਮਤ-ਮਾਧਿਅਮ-ਭਾਸ਼ਾ (ਗੈਰ-ਉਪਚਾਰਕ ਪ੍ਰਸੰਗ ਵਿਚ ਵਰਤੀ ਜਾਣ ਵਾਲੀ ਭਾਸ਼ਾਈ ਕਿਸਮ) ਹੁੰਦੀ ਹੈ। ਇਹ ਗੱਲ ਉਹ ਅੰਗਰੇਜ਼ੀ ਦੇ ਦੋ ਰੂਪਾਂ ਬਾਰੇ ਕਰਦਾ ਹੈ। ਪਰ ਆਪਣੇ ਪ੍ਰਸੰਗ ਵਿਚ ਇਹ ਪਰਿਭਾਸ਼ਾਵਾਂ ਬਦਲ ਜਾਂਦੀਆਂ ਹਨ। ਅੰਗਰੇਜ਼ੀ ਨੂੰ ਸਿੱਖਿਆ-ਮਾਧਿਅਮ ਦੀ ਦਰਿਸ਼ਟੀ ਤੋਂ ਭਾਵੇਂ ਵਿਸ਼ਾਲ-ਮਾਧਿਅਮ ਮੰਨ ਵੀ ਲਈਏ ਪਰ ਸਮਾਜਕ-ਜੀਵਨ ਦਰਿਸ਼ਟੀਕੋਣ ਤੋਂ ਉਹ ਸੀਮਤ-ਮਾਧਿਅਮ ਹੈ। ਕਿਧਰੇ ਅਸੀਂ ਮੱਧ-ਵਰਗ ਮਾਪੇ ਅੰਗਰੇਜ਼ੀ ਮਾਧਿਅਮ ਰਾਹੀਂ ਆਪਣੇ ਬੱਚਿਆਂ ਨੂੰ ਸਮਾਜਕ ਜੀਵਨ ਦੇ ਵਿਸ਼ਾਲ ਮਾਧਿਅਮ ਤੋਂ ਤਾਂ ਵਿਰਵਿਆਂ ਨਹੀਂ ਕਰ ਰਹੇ?

 – ਹੈਲੀਡੇ (1964 ;1978) ਨੇ ਸਿੱਖਿਆ ਤੇ ਆਪਣੇ ਅਧਿਐਨਾਂ ਵਿਚ ਇਹ ਸਾਬਤ ਕੀਤਾ ਹੈ ਕਿ ਸਿੱਖਿਆ ਵਿਚ ਕਾਮਯਾਬੀ ਨਾ ਹੋਣ ਦਾ ਕਾਰਣ ਇਹ ਹੈ ਕਿ ਅਸੀਂ ਜਿਨ੍ਹਾਂ ਅਰਥਾਂ ਦੀ ਬੱਚਿਆਂ ਤੇ ਵਾਛਡ਼ ਕਰਦੇ ਹਾਂ ਉਹਨਾਂ ਅਰਥਾਂ ਦਾ ਬੱਚਿਆਂ ਦੇ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਸ ਲਈ, ਅਜਿਹੇ ਅਰਥ ਉਹਨਾਂ ਨੂੰ ਆਪਣੇ ਤੋਂ ਪਰੇ ਧੱਕਦੇ ਹਨ ਅਤੇ ਨਤੀਜੇ ਵਜੋਂ ਉਹਨਾਂ ਅੰਦਰ ਸਿੱਖਿਆ ਪ੍ਰਨਾਲੀ ਤੋਂ ਹੀ ਮਾਨਸਿਕ ਰੂਪ ਵਿਚ ਅਲਗਾਵ ਪੈਦਾ ਕਰ ਦੇਂਦੇ ਹਨ। ਹੁਣ, ਜੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਦੀਆਂ ਮੁਢਲੀਆਂ ਕਲਾਸਾਂ ਦੀਆਂ ਭਾਸ਼ਾ ਦੀਆਂ ਕਿਤਾਬਾਂ ਤੇ ਝਾਤੀ ਮਾਰੀਏ ਤਾਂ ਸਪਸ਼ਟ ਹੋ ਜਾਵੇਗਾ ਕਿ ਅੰਗਰੇਜ਼ੀ ਭਾਸ਼ਾ ਹੀ ਉਹਨਾਂ ਬੱਚਿਆਂ ਲਈ ਉਪਰੇ ਨਹੀਂ ਉਸ ਵਿਚਲੇ ਅਰਥ ਉਸ ਤੋਂ ਵੀ ਉਪਰੇ ਹਨ, ਕਿਉਂਕਿ ਉਹਨਾਂ ਅਰਥਾਂ ਦਾ ਸਾਡੇ ਸਮਾਜਕ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੈ। ਕੀ ਇਸ ਨਾਲ ਆਮ ਸਿੱਖਿਆ ਅਤੇ ਭਾਸ਼ਾ ਅਧਿਆਪਨ ਵਿਚ ਵੱਡੀ ਰੁਕਾਵਟ ਪੈਦਾ ਨਹੀਂ ਹੁੰਦੀ?

 – ਭਾਸ਼ਾ ਸਿਰਫ ਇਕ ਸੂਚਨਾ ਦਾ ਮਾਧਿਅਮ ਹੀ ਨਹੀਂ ਹੈ। ਇਹ ਆਪਣੇ ਨਾਲ ਇਕ ਪੂਰਾ ਦਾ ਪੂਰਾ ਸੰਕਲਪਾਤਮਕ ਸੰਸਾਰ ਲੈਕੇ ਆਉਂਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿਚ ਡੋਬ ਕੇ ਕੀ ਅਸੀਂ ਸਮਾਜਕ ਰੂਪ ਵਿਚ ਉਪਰੇ ਨਾਗਰਿਕ ਤਾਂ ਪੈਦਾ ਨਹੀਂ ਕਰ ਰਹੇ?

 – ਕੀ ਪੂਰਾ ਦਾ ਪੂਰਾ ਮੱਧ-ਵਰਗ ਅੰਗਰੇਜ਼ੀ ਅਪਣਾ ਕੇ ਪੰਜਾਬੀ ਦੇ ਅੰਤ ਦਾ ਆਰੰਭ ਤਾਂ ਨਹੀਂ ਕਰ ਰਿਹਾ? ਵੈਸੇ ਦੁਨੀਆ ਦੇ ਇਤਿਹਾਸ ਵਿਚ ਭਾਸ਼ਾਵਾਂ ਦਾ ਅੰਤ ਵੀ ਹੁੰਦਾ ਆਇਆ ਹੈ। ਪਰ ਸਵਾਲ ਸਾਡੀਆਂ ਮਾਤ-ਭਾਸ਼ਾਵਾਂ ਵਿਚ ਸਾਂਭੇ ਸਭਿਆਚਾਰ ਅਤੇ ਗਿਆਨ ਨੂੰ ਸੰਭਾਲਣ ਦਾ ਗਿਆਨ ਹੈ ਅਤੇ ਜੇ ਸਾਡੀ ਹਲਦੀ ਅਤੇ ਸੌਂਫ, ਇੰਨੀਆਂ ਮਹੱਤਵਪੂਰਨ ਹੋ ਗਈਆਂ ਹਨ ਕਿ ਕੰਪਣੀਆਂ ਉਹਨਾਂ ਦੇ ਪੇਟੈਂਟ ਕਰਵਾ ਰਹੀਆਂ ਹਨ ਤਾਂ ਹਾਲੇ ਸਾਡੀਆਂ ਭਾਸ਼ਾਵਾਂ ਵਿਚ ਹੋਰ ਵੀ ਬਹੁਤ ਕੁਝ ਹੋਵੇਗਾ ਜੋ ਮਨੁੱਖੀ ਨਸਲ ਦਾ ਜ਼ਰੂਰ ਹਿੱਸਾ ਬਨਣਾ ਚਾਹੀਦਾ ਹੈ। ਸਾਡੀਆਂ ਭਾਸ਼ਾਵਾਂ ਦੀ ਮੌਤ ਨਾਲ ਇਸ ਖਜਾਨੇ ਤੋਂ ਮਨੁੱਖੀ ਨਸਲ ਤੋਂ ਵਾਂਝਿਆਂ ਨਹੀਂ ਹੋਣ ਦੇਣਾ ਚਾਹੀਦਾ।

 – ਅਸੀਂ ਅੰਗਰੇਜੀ ਮਾਧਿਅਮ ਰਾਹੀਂ ਉਸ ਵਰਗ ਨੂੰ ਪਡ਼੍ਹਾ ਰਹੇ ਹਾਂ ਜਿਨ੍ਹਾਂ ਲਗਭਗ ਸਾਰਿਆਂ ਨੇ ਉਚੇਰੀ ਖੋਜ ਕਰਨ ਅਤੇ ਸਿੱਖਿਆ ਦੇਣ ਦੇ ਪਰਵਾਹ ‘ਚੋਂ ਬਾਹਰ ਰਹਿਣਾ ਹੈ। ਜੋ ਵਿਦਿਆਰਥੀ ਸਕੂਲ ਪੱਧਰ ਤੇ ਹੀ ਅੱਧਾ ਲੱਖ ਸਲਾਨਾ ਖਰਚ ਰਿਹਾ ਹੈ ਉਹ ਪੀ.ਐਚ.ਡੀ. ਪੱਧਰ ਦੀ ਖੋਜ ਵਿਚ ਨਹੀਂ ਲੱਗਣ ਲੱਗਾ, ਖੋਜ ਜਿਹਡ਼ੀ ਉਮਰ ਦੇ ਤੀਹਵੇਂ ਸਾਲ ਦੇ ਆਸ-ਪਾਸ ਖਤਮ ਹੁੰਦੀ ਹੈ ਅਤੇ ਜਿਸ ਨਾਲ ਉਮਰ ਦਾ ਵੱਡਾ ਹਿੱਸਾ ਲਾ ਦੇਣ ਤੋਂ ਬਾਅਦ ਵੀ 8000/- ਰੁਪਏ ਬੇਸਿਕ ਤਨਖਾਹ ਹੀ ਪ੍ਰਾਪਤ ਹੋ ਸਕਦੀ ਹੈ। ਇਸ ਦਾ ਪਤਾ ਲਾਉਣ ਲਈ ਸਾਧਾਰਣ ਬੁੱਧੀ ਦੀ ਵੀ ਲੋਡ਼ ਨਹੀਂ ਹੈ ਕਿ ਕਿਸੇ ਵੀ ਦੇਸ ਨੇ ਉਚੇਰੀ ਪੱਧਰ ਦੀ ਗਹਿਨ ਅਤੇ ਵਿਸ਼ਾਲ ਖੋਜ ਤੋਂ ਬਗੈਰ ਅਤਿ ਵਿਕਸਤ ਗਿਆਨ ਅਤੇ ਉਤਪਾਦ ਪੈਦਾ ਨਹੀਂ ਕੀਤੇ। ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਸ਼ਾਇਦ ਹੀ ਪੀ.ਐਚ.ਡੀ. ਦੇ ਪੰਜ ਤੋਂ ਵੱਧ ਅਜਿਹੇ ਖੋਜਾਰਥੀ ਹੋਣ ਜਿੰਨ੍ਹਾਂ ਨੂੰ ਵਜੀਫਾ ਮਿਲਦਾ ਹੋਵੇ।

ਤੂਫਾਨੀ ਸਵਾਲ

ਮੈਂ ਸਮਝਦਾ ਹਾਂ ਕਿ ਇੰਨੀ ਲੰਮੀ ਚਰਚਾ ਤੋਂ ਬਾਅਦ ਵੀ ਦੋ ਸਵਾਲ ਲਗਭਗ ਹਰ ਪਾਠਕ ਦੇ ਮਨ ਵਿਚ ਉਸਲਵੱਟੇ ਲੈ ਰਹੇ ਹੋਣਗੇ: ਦੁਨੀਆ ਭਰ ਵਿਚ ਤੂਫਾਨੀ ਗਤੀ ਨਾਲ ਸਿਰਜੇ ਜਾ ਰਹੇ ਗਿਆਨ, ਵਿਗਿਆਨ, ਤਕਨੀਕ, ਅਤੇ ਵਸਤੂਆਂ ਤੱਕ ਪੰਜਾਬੀਆਂ ਦੀ ਪਹੁੰਚ ਕਿਵੇਂ ਹੋਵੇ ਅਤੇ ਪੰਜਾਬੀਆਂ ਦੁਆਰਾ ਸਿਰਜਿਆ ਜਾ ਰਿਹਾ ਗਿਆਨ, ਵਿਗਿਆਨ, ਤਕਨੀਕ, ਅਤੇ ਵਸਤੂਆਂ ਬਾਕੀ ਦੁਨੀਆਂ ਤੱਕ ਕਿਵੇਂ ਪਹੁੰਚਣ?: ਕੀ ਸਾਡੇ ਕੋਲ ਪੰਜਾਬੀ ਨੂੰ ਵੱਡੇ ਕਾਰਜਾਂ ਦੇ ਹਾਣ ਦਾ ਬਨਾਉਣ ਲਈ ਵਿੱਤੀ ਅਤੇ ਮਨੁੱਖੀ ਸਰੋਤ ਹਨ?

ਆਉ ਪਹਿਲਾਂ ਪਹਿਲੇ ਸਵਾਲ ਦੀ ਪਡ਼ਚੋਲ ਕਰੀਏ। ਅਸਲ ਵਿਚ, ਸੰਕਟ ਦੀ ਜਡ਼੍ਹ ਤਕਨੀਕ ਵਿਚ ਆਇਆ ਤੂਫਾਨ ਹੈ। ਪਰ ਜਿਵੇਂ ਕਿ ਇਸ ਦੇ ਨਾਮ ਤੋਂ ਸਪਸ਼ਟ ਹੈ ਇਹ ਇਕ ਤਕਨੀਕ ਦਾ ਸਵਾਲ ਹੈ। ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਤਕਨੀਕ ਤੇ ਆਧਾਰਤ ਉਤਪਾਦ ਦਾ ਸਵਾਲ ਹੈ। ਇਹ ਸੂਚਨਾ ਉਤਪਾਦ ਇਸ ਲਈ ਇਜ਼ਾਦ ਨਹੀਂ ਕੀਤੇ ਗਏ ਕਿ ਹਰ ਵਿਅਕਤੀ ਨੂੰ ਗਿਆਨ ਨਾਲ ਰਜਾਇਆ ਜਾਵੇ। ਇਹ ਉਤਪਾਦ ਵੇਚਣ ਲਈ ਪੈਦਾ ਕੀਤੇ ਗਏ ਹਨ ਅਤੇ ਮੁਨਾਫੇ ਲਈ ਪੈਦਾ ਕੀਤੇ ਗਏ ਹਨ। ਅਸਲ ਵਿਚ ਅਸੀਂ ਇਹਨਾਂ ਕੰਪਨੀਆਂ ਦੀ ਲੋਡ਼ ਨੂੰ ਆਪਣੀ ਲੋਡ਼ ਸਮਝ ਬੈਠੇ ਹਾਂ – ਕਿਉਂਕਿ ਇਹਨਾਂ ਉਤਪਾਦਾਂ ਰਾਹੀਂ ਪ੍ਰਾਪਤ ਸੂਚਨਾ ਅੰਗਰੇਜ਼ੀ ਰਾਹੀਂ ਹੀ ਹਾਸਲ ਹੈ, ਇਸ ਲਈ ਅਸੀਂ ਅੰਗਰੇਜ਼ੀ ਨੂੰ ਜਿੰਦਗੀ ਮੌਤ ਦਾ ਸਵਾਲ ਬਣਾ ਲਿਆ ਹੈ। ਪਰ ਜੇ ਆਪਾਂ ਇਕ ਮਿੰਟ ਸੋਚੀਏ ਕਿ ਵੀਹ ਕਰੋਡ਼ ਮੱਧ-ਵਰਗੀ ਭਾਰਤੀ ਇਹ ਹੱਠ ਕਰ ਲੈਂਦਾ ਹੈ ਕਿ ਅਸੀਂ ਤਾਂ ਉਹੀ ਕੰਪਿਊਟਰ ਖਰੀਦਾਂਗੇ ਜੋ ਸਾਡੀਆਂ ਭਾਸ਼ਾਵਾਂ ਤੇ ਆਧਾਰਤ ਹੋਵੇ, ਅਸੀਂ ਇੰਟਰਨੈਟ ਤੇ ਉਹੀ ਪਡ਼੍ਹਾਵਾਂਗੇ ਜੋ ਸਾਡੀਆਂ ਭਾਸ਼ਾਵਾਂ ਵਿਚ ਹੋਵੇ, ਅਸੀਂ ਆਪਣੀ ਭਾਸ਼ਾ ਦੀਆਂ ਕਿਤਾਬਾਂ ਹੀ ਪਡ਼੍ਹਾਂਗੇ। ਕੀ ਆਪਾਂ ਸੋਚ ਸਕਦੇ ਹਾਂ ਕਿ ਦੁਨੀਆ ਭਰ ਦੀਆਂ ਕੰਪਨੀਆਂ ਵੀਹ ਕਰੋਡ਼ ਆਬਾਦੀ ਤੋਂ ਹੋਣ ਵਾਲੇ ਮੁਨਾਫੇ ਵੱਲ ਪਿੱਠ ਕਰ ਲੈਣਗੀਆਂ? ਇਤਿਹਾਸ ਗਵਾਹ ਹੈ ਕਿ ਕੰਪਨੀਆਂ ਦਾ ਇਹ ਸੁਭਾਅ ਨਹੀਂ ਹੈ। ਬਲਕਿ ਇਹ ਕੰਪਨੀਆਂ ਸੂਚਨਾ ਦੇ ਸਾਰੇ ਤੂਫਾਨ ਨੂੰ ਸਾਡੀਆਂ ਭਾਸ਼ਾਵਾਂ ਦੇ ਰੂਪ ਵਿਚ ਵਲ੍ਹੇਟ ਕੇ ਆਪਣੇ ਉਤਪਾਦਾਂ ਵਿਚ ਪਾ ਕੇ ਸਾਡੇ ਬੂਹਿਆਂ ਤੇ ਆ ਕੇ ਵੇਚਣਗੀਆਂ।

ਇਸ ਪਾਸੇ ਵੱਲ ਸੰਕੇਤ ਆਉਣ ਵੀ ਲੱਗੇ ਹਨ। ਮਾਈਕਰੋਸਾਫਟ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਉਤਪਾਦ ਵਿੰਡੋਜ਼ ਦਾ ਹਿੰਦੀ ਭਾਸ਼ਾ ਵਿਚ ਰੂਪ ਪੇਸ਼ ਕਰ ਦਿੱਤਾ ਹੈ। (ਯਾਦ ਰਹੇ ਕਿ ਸਾਡੀਆਂ ਬਹੁਤੀਆਂ ਭਾਸ਼ਾਵਾਂ ਦੀਆਂ ਪਹਿਲੀਆਂ ਵਿਆਕਰਣਾਂ ਅੰਗਰੇਜਾਂ ਨੇ ਹੀ ਲਿਖੀਆਂ ਸਨ)। ਮੀਡੀਆ ਸਮਰਾਟ ਮਰਦੋਖ ਨੇ ਤਾਂ ਬਹੁਤ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਵਿਚ ਮੀਡੀਆ ਦਾ ਵਿਉਪਾਰ ਸਥਾਨਕ ਭਾਸ਼ਾਵਾਂ ਬਿਨਾ ਨਹੀਂ ਹੋ ਸਕਦਾ। ਭਾਰਤ ਵਿਚ ਚੱਲਣ ਵਾਲੇ ਬਹੁਤੇ ਚੈਨਲਾਂ ਦਾ ਪੈਰ ਅੰਗਰੇਜ਼ੀ ਤੋਂ ਹਿੰਦੀ ਵਾਲੇ ਝੰਡੇ ਤੇ ਆ ਗਿਆ ਹੈ। ਮਲੇਸ਼ੀਆ ਵਿਚ ਸ਼ੈੱਲ ਕੰਪਨੀ ਖੁਦ ਮਲਿਆ ਭਾਸ਼ਾ ਆਧਾਰਤ ਤਕਨਾਲੋਜੀ ਭੇਂਟ ਕਰਦੀ ਹੈ। (ਜਰਨੁੱਡ, 1973; 18-9)। ਇਹ ਕੰਪਨੀਆਂ ਨੂੰ ਵੀ ਪਤਾ ਹੈ ਕਿ ਭਾਰਤ ਵਿਚ ਅੰਗਰੇਜ਼ੀ ਆਧਾਰਤ ਕੰਪਿਊਟਰਾਂ ਤੋਂ ਬਾਅਦ ਸਥਾਨਕ ਭਾਸ਼ਾਵਾਂ ਤੇ ਆਧਾਰਤ ਕੰਪਿਊਟਰ ਵੱਡੀ ਗਿਣਤੀ ਵਿਚ ਵਿਕ ਸਕਦੇ ਹਨ। ਸਥਾਨਕ ਭਾਸ਼ਾਵਾਂ ਰਾਹੀਂ ਇੰਟਰਨੈਟ ਦੀ ਵਿਕਰੀ ਬਹੁਤ ਵੱਡੀ ਹੋ ਸਕਦੀ ਹੈ। ਸਥਾਨਕ ਭਾਸ਼ਾਵਾਂ ਵਿਚ ਪੁਸਤਕਾਂ ਕਾਫੀ ਵਿਕ ਸਕਦੀਆਂ ਹਨ। ਸੋ ਇਹ ਸੰਭਵ ਹੈ ਕਿ ਜੇ ਭਾਰਤ ਦੇ ਸਪੁੱਤਰਾਂ ਨੇ ਸਦੀਆਂ ਵੱਡਾ ਕੰਮ ਸਮਝ ਸ਼ੁਰੂ ਨਹੀਂ ਕੀਤਾ ਉਹ ਕੰਪਨੀਆਂ ਕੁਝ ਸਾਲਾਂ ਵਿਚ ਹੀ ਕਰ ਦੇਣ। ਕਿਉਂਕਿ ਉਹ ਜਾਣਦੀਆਂ ਹਨ ਕਿ ਕੰਮ ਏਨਾ ਵੱਡਾ ਨਹੀਂ ਹੈ ਅਤੇ ਮੁੱਖ ਭਾਰਤੀ ਭਾਸ਼ਾਵਾਂ ਦੇ ਬੁਲਾਰਿਆਂ ਦੀ ਗਿਣਤੀ ਵੇਖਦਿਆਂ ਇਹ ਘਾਟੇ ਵਾਲਾ ਕਦੀ ਨਹੀਂ ਹੋ ਸਕਦਾ। ਪਰ ਜੇ ਰਾਜਨੀਤਕ ਕਾਰਣਾਂ ਕਰਕੇ ਕੰਪਨੀਆਂ ਇਹ ਕੰਮ ਨਹੀਂ ਕਰਦੀਆਂ ਤਾਂ ਸਾਨੂੰ ਇਹ ਕੰਮ ਆਪੇ ਕਰ ਲੈਣੇ ਚਾਹੀਦੇ ਹਨ ਅਤੇ ਇਹ ਹੋ ਸਕਦੇ ਹਨ। ਜੇ ਮਾਤ-ਭਾਸ਼ਾ ਵਿਚ ਨਹੀਂ ਵੀ ਕਰਨਾ ਤਾਂ ਅੰਗਰੇਜ਼ੀ ਰਾਹੀਂ ਕਰ ਲੈਣੇ ਚਾਹੀਦੇ ਹਨ। ਪਰ ਚੰਗੀ ਅੰਗਰੇਜ਼ੀ ਕਿਵੇਂ ਆਵੇ ਇਹ ਪੂਰੇ ਲੇਖ ਵਿਚ ਕਾਫੀ ਦੱਸਿਆ ਗਿਆ ਹੈ। ਪਰ ਜੋ ਕੰਮ ਸ਼ਾਇਦ ਉਹਨਾਂ ਸਾਨੂੰ ਨਹੀਂ ਦੱਸਣਾ ਉਸ ਵੱਲ ਸਾਨੂੰ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਉਹ ਸਾਡੇ ਦੂਜੇ ਪ੍ਰਸ਼ਨ ਦਾ ਮਸਲਾ ਹੈ। ਯਾਨੀ ਕਿ, ਪਤਾ ਲਾਉਣਾ ਕਿ ਅੰਗਰੇਜ਼ੀ ਨੂੰ ਤਿਆਗ ਕੇ ਆਪਣੀਆਂ ਭਾਸ਼ਾਵਾਂ ਵਿਚ ਸਿੱਖਿਆ ਦੇਣਾ ਵਿੱਤੀ ਪੱਖੋਂ ਲਾਹੇਵੰਦ ਹੋਵੇਗਾ ਕਿ ਨਹੀਂ। ਸਾਡੇ ਚੰਗੇ ਭਾਗੀਂ ਇਸ ਦਾ ਸੰਕੇਤ ਵੀ ਪ੍ਰਾਪਤ ਹੈ: “ਤਦਾਜਿਊਸ (1977) ਦਾ ਕੀਮਤ-ਲਾਭ ਨਿਰੀਖਣ ਉਸ ਨੂੰ ਇਸ ਸਿੱਟੇ ਤੇ ਪਹੁੰਚਾਉਂਦਾ ਹੈ ਕਿ ਤੱਤ ਰੂਪ ਵਿਚ ਬਹੁਤ ਸਾਰੇ ਅਫਰੀਕੀ ਦੇਸਾਂ ਵਿਚ ਸਥਾਨਕ-ਭਾਸ਼ਾਈ ਸਿੱਖਿਆ ਲਾਭ ਵਾਲੀ ਹੈ।”

ਤੇ ਫਿਰ ਭਾਰਤ ਜਾਂ ਪੰਜਾਬ ਤਾਂ ਕੋਈ ਘੱਟ ਸਾਧਨ ਸੰਪਨ ਨਹੀਂ ਹਨ। ਵਿਕਸਤ ਦੇਸਾਂ ਦੇ ਅਫਸਰ ਵੀ ਆਮ ਨਾਗਰਿਕ ਨਾਲੋਂ ਕੋਈ ਦੁਗਣੇ ਅਮੀਰ ਹੋਣਗੇ ਪਰ ਸਾਡੇ ਤਾਂ ਗੁਣਾ ਸੈਂਕਡ਼ਿਆਂ ਨਾਲ ਕਰਨੀ ਪੈਂਦੀ ਹੈ। ਸਾਡਾ ਲੁਕਵਾਂ ਧਨ ਅਣਲੁਕਵੇਂ ਧਨ ਦਾ ਚਾਲੀ ਫੀਸਦੀ ਹੈ। ਹਾਲੇ ਅਸੀਂ ਅੱਧਾ ਟੈਕਸ ਵੀ ਨਹੀਂ ਉਗਰਾਹਂਦੇ। ਇਸ ਲਈ ਵਿੱਤੀ ਸਰੋਤ ਕੋਈ ਚਿੰਤਾ ਵਾਲਾ ਵਿਸ਼ਾ ਨਹੀਂ ਹਨ।

ਇਸ ਲੇਖ ਵਿਚਲੀ ਪੰਜਾਬੀ ਜਾਂ ਮਾਤ-ਭਾਸ਼ਾ ਦੀ ਵਕਾਲਤ ਤੋਂ ਇਹ ਬਿਲਕੁਲ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਮੈਂ ਅੰਗਰੇਜ਼ੀ ਸਿੱਖਣ-ਸਿਖਾਉਣ ਦੇ ਹੱਕ ਵਿਚ ਨਹੀਂ ਹਾਂ। ਇਸ ਲਈ ਕਿ ਕੋਈ ਭੁਲੇਖਾ ਨਾ ਰਹਿ ਜਾਵੇ ਮੈਂ ਆਪਣੀਆਂ ਕੁਝ ਸਥਾਪਨਾਵਾਂ ਸਾਰ ਰੂਪ ਵਿਚ ਫਿਰ ਦੁਹਰਾਉਂਦਾ ਹਾਂ:

ਸਿੱਖਿਆ ਦੇ ਮਾਧਿਅਮ ਲਈ ਮਾਤ-ਭਾਸ਼ਾ ਹੀ ਸਭ ਤੋਂ ਢੁਕਵੀਂ ਹੈ; ਗਿਆਨ, ਵਿਗਿਆਨ ਅਤੇ ਤਕਨਾਲੋਜੀ ਦਾ ਵਿਕਾਸ ਵੀ ਮਾਤ-ਭਾਸ਼ਾ ਰਾਹੀਂ ਸਿੱਖਿਆ ਦੇ ਕੇ ਬਿਹਤਰ ਹੋ ਸਕਦਾ ਹੈ; ਭਾਸ਼ਾ ਦਾ ਸਵਾਲ ਇੰਨਾ ਮਾਮੂਲੀ ਜਿਹਾ ਨਹੀਂ ਹੈ ਜਿਵੇਂ ਇਸ ਨੂੰ ਅਕਸਰ ਸਮਝ ਲਿਆ ਜਾਂਦਾ ਹੈ। ਇਸਦੇ ਪਸਾਰ ਬਹੁਤ ਹੀ ਵੱਡੇ ਹਨ ਅਤੇ ਇਸ ਸਬੰਧੀ ਫੈਸਲੇ ਦੁਨੀਆ ਭਰ ਵਿਚ ਹੋਏ ਅਧਿਐਨਾਂ ਦੀ ਰੋਸ਼ਨੀ ਵਿਚ ਹੀ ਲੈਣੇ ਚਾਹੀਦੇ ਹਨ; ਅੰਗਰੇਜ਼ੀ ਅਵਸ਼ਕ ਹੈ। ਪਰ ਚੰਗੀ ਅੰਗਰੇਜ਼ੀ ਸਿੱਖਣ ਲਈ ਮਾਤ-ਭਾਸ਼ਾ ਦੀ ਭਰਪੂਰ ਸਿਖਲਾਈ ਅਵਸ਼ਕ ਹੈ; ਅੰਗਰੇਜ਼ੀ ਨੂੰ ਮਾਤ-ਭਾਸ਼ਾ ਦਾ ਬਦਲ ਬਨਾਉਣ ਦੇ ਸਿੱਟੇ ਭਾਸ਼ਾਈ. ਸਿੱਖਿਆਵੀ. ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਆਦਿ ਪੱਖੋਂ ਅਤਿ ਭਿਆਨਕ ਹੋਣਗੇ।

ਅੰਤ ਵਿਚ ਆਪਣੀ ਚਿੰਤਾ ਇਕ ਵਾਰ ਫੇਰ ਪੇਸ਼ ਕਰਨੀ ਚਾਹਵਾਂਗਾ। ਸਭ ਭਾਸ਼ਾ ਵਿਗਿਆਨਕ ਅਧਿਐਨ ਇਸ ਨਤੀਜੇ ਤੇ ਪਹੁੰਚਦੇ ਹਨ ਕਿ ਭਾਸ਼ਾ ਦੇ ਗਰਿਹਣ ਜਾਂ ਤਿਆਗਣ ਵਿਚ ਕਿਸੇ ਜਲ-ਸਮੂਹ ਦਾ ਉਸ ਪ੍ਰਤੀ ਰਵੱਈਆ ਅਤਿਅੰਤ ਮਹੱਤਵਪੂਰਨ ਤੱਤ ਹੈ। ਅਤੇ ਜਿਸ ਭਾਸ਼ਾਈ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਹਰ ਪਾਸੇ ਮਿਲਦਾ ਹੈ ਉਸ ਤੋਂ ਪੰਜਾਬੀ ਦੇ ਇਕ ਸਥਾਪਤ ਭਾਸ਼ਾ ਵਜੋਂ ਭੋਗ ਪੈਣ ਦਾ ਖਤਰਾ ਵਾਸਤਵਿਕ ਹੈ। ਇਸਦੇ ਲਾਭ ਅਤੇ ਹਾਨੀਆਂ ਦਾ ਲੇਖਾ-ਜੋਖਾ ਹੀ ਇਸ ਲੇਖ ਦਾ ਕੇਂਦਰ ਬਿੰਦੂ ਹੈ।

ਅੰਗਰੇਜ਼ੀ ਨੂੰ ਵੀ ਅਟੱਲ ਅਤੇ ਸਦੀਵੀ ਸੱਚਾਈ ਨਹੀ ਸਮਝ ਲਿਆ ਜਾਣਾ ਚਾਹੀਦਾ। ਜੇ ਕਲ੍ਹ ਨੂੰ ਯੂਰਪੀਨ, ਕਮਿਉਨਿਟੀ ਅਮਰੀਕਾ ਨੂੰ ਠਿੱਬੀ ਲਾ ਦੇਵੇ ਤਾਂ ਸਾਡੀ ਸ਼ਰਧਾ ਦੀਆਂ ਪਾਤਰ ਫਰਾਂਸੀਸੀ ਅਤੇ ਜਰਮਨੀ ਨੇ ਹੋ ਜਾਣਾ ਹੈ।

ਜੋਗਾ ਸਿੰਘ