ਝਮੇਲੇ – ਪਰਸ਼ੋਤਮ ਲਾਲ ਸਰੋਏ

0
47

ਇਸ ਤੁਰਦੀ ਫਿਰਦੀ ਦੁਨੀਆਂ ਤਾਂਈਂ,
ਮਾਇਆ ਦੇ ਹੀ ਪਏ ਝਮੇਲੇ।
ਮਿਹਨਤੀ ਏਥੇ ਭੁੱਖੇ ਪਏ ਮਰਦੇ,
ਪਰ ਐਸ਼ਾਂ ਕਰਦੇ ਵਿਹਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।

ਨੱਤੀਆਂ ਪਾ ਕੇ  ਘੁੰਮਦੇ ਜਿਹੜੇ,
ਉਨ੍ਹਾਂ ਦੇ ਘਰ ਹੀ ਖ਼ੁਸ਼ੀਆਂ ਤੇ ਖੇੜੇ,
ਛੱਲ-ਕੱਪਟੀ ਬਾਬੇ ਨੇ ਫਿਰਦੇ,
ਛੱਲ-ਕੱਪਟੀ ਨੇ ਉਨ੍ਹਾਂ ਦੇ ਚੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।

ਰੁੱਖ ਤਾਂ ਕੋਈ ਹੋਰ ਲਗਾਵੇ,
ਦੂਜਾ ਚਤੁਰ ਚਾਲਕੀ ਨਾਲ ਖਾਵੇ,
ਚੰਮ-ਮਾਸ ਤੇ ਲਹੂ ਦਾ ਟੁਕੜਾ,
ਇਨਸਾਨੀਅਤ ਦੇ ਨਾਲ ਖੇਲ੍ਹੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।

ਇੱਕ ਦੂਜੇ ਦਾ ਵੈਰੀ ਹੋਇਆ,
ਪੇਂਡੂ ਨਹੀਂ ਇਹ ਸ਼ਹਿਰੀ ਹੋਇਆ,
ਬੱਕਰੀ ਤਾਂ ਮੈਂ-ਮੈਂ ਕਰਨਾ ਹੋਇਆ,
ਉਲਟਾ ਮੈਂ-ਮੈਂ ਕਰਦੇ ਛੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।

ਪੀਰ-ਪੈਗੰਬਰ ਸਮਝਾਵਣ ਆਏ,
ਉਨ੍ਹਾਂ ਦੇ ਵੀ ਇਸਨੇ ਭੇਦ ਨਾ ਪਾਏ,
ਦੁਨੀਆਂ ਦੀ ਇਸ ਭੀੜ ਦਾ ਬੰਦਾ,
ਗੁਆਚਿਆ ਰਿਹਾ ਏਸੇ ਮੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।

ਇੱਕ ਦਿਨ ਸੱਭ ਕੁੱਝ ਏਥੇ ਰਹਿ ਜਾਣਾ,
ਪਰਸ਼ੋਤਮ ਦਾ ਵੀ ਇਹੀਓ ਕਹਿਣਾ,
ਧੁਰ ਦੀ ਟਿਕਟ ਜਮਾਂ ਕੱਟ ਦੇਣੀ,
ਫਿਰ ਚੜ੍ਹਨਾ ਪੈਣਾ ਰੇਲੇ।
ਇਸ ਤੁਰਦੀ ਫਿਰਦੀ ਦੁਨੀਆਂ ਤਾਈਂ—-।