ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ – ਪਰਮਜੀਤ ਵਿਰਕ

0
995

ਜਦ ਦਿੱਤੀ ਕੁੱਕੜ ਬਾਂਗ
ਖੁੱਲ੍ਹ ਗਈ ਅੱਖ ਸਰਾਭੇ ਦੀ
ਕਰ ਇਸ਼ਨਾਨ ਸੀ ਪੜ੍ਹ ਲਈ ਯੋਧੇ
ਬਾਣੀ ਬਾਬੇ ਦੀ
ਫਿਰ ਕਰਕੇ ਮਾਂ ਨੂੰ ਯਾਦ ਕਹਿੰਦਾ
ਮਾਂ ਪੁੱਤਰ ਤੇਰੇ ਨੇ
ਨੀ ਅੰਮੀਏਂ ਅੱਜ ਜਾ ਕੇ
ਮੌਤ ਨਾਲ ਲੈਣੇ ਫੇਰੇ ਨੇ

ਕਰਕੇ ਨਾ ਘਬਰਾਵੀਂ ਯਾਦ
ਪੁੱਤਰ ਦੇ ਘਾਟੇ ਨੂੰ
ਸਭ ਭਾਰਤ ਪੁੱਤਰਾਂ ਦੀ ਮਾਂ
ਸਮਝੀਂ ਆਪੇ ਨੂੰ
ਏਕ ਮੂਆ ਤੋ ਕਿਆ ਹੂਆ
ਪੁੱਤ ਹੋਰ ਬਥੇਰੇ ਨੇ
ਨੀ ਅੰਮੀਏਂ ਅੱਜ ਜਾ ਕੇ

ਮੌਤ ਨਾਲ ਲੈਣੇ ਫੇਰੇ ਨੇ
ਅਸੀਂ ਤਾਂ ਆਪਣਾ ਫਰਜ਼ ਨਿਭਾ ਕੇ
ਮਾਏ ਨੀ ਤੁਰ ਜਾਣਾ
ਇਹ ਗੋਰੇ ਦਾ ਰਾਜ ਵੀ
ਵਾਂਗ ਪਤਾਸੇ ਖੁਰ ਜਾਣਾ
ਹੋਏਗਾ ਇੱਕ ਦਿਨ ਚਾਨਣ
ਦੂਰ ਭੱਜ ਜਾਣੇ ਨ੍ਹੇਰੇ ਨੇ
ਨੀ ਅੰਮੀਏਂ ਅੱਜ ਜਾ ਕੇ

ਮੌਤ ਨਾਲ ਲੈਣੇ ਫੇਰੇ ਨੇ
ਜਿੰਨਾ੍ਹਂ ਆਪਣੀ ਗੈਰਤ
ਦੁਸ਼ਮਣ ਅੱਗੇ ਵੇਚ ਲਈ
ਕਰਨੀ ਕੀ ਕੁਰਬਾਨੀ ਉਨ੍ਹਾਂ
ਮਾਏ ਨੀਂ ਦੇਸ ਲਈ
ਨਹੀਂ ਗੁਲਾਮੀ ਸਹਿਣੀ
ਰੱਖਣੇ ਡਾਂਗ \’ਤੇ ਜੇਰੇ ਨੇ
ਨੀ ਅੰਮੀਏਂ ਅੱਜ ਜਾ ਕੇ

ਮੌਤ ਨਾਲ ਲੈਣੇ ਫੇਰੇ ਨੇ
ਐਵੇਂ ਭਰਮ ਹੈ ਗੋਰੇ ਨੂੰ
ਕਿ ਗਦਰ ਦਬਾ ਦਿਆਂਗੇ
ਪਰ ਅਸੀਂ ਗੋਰੇ ਦੀਆਂ
ਨਾਸਾਂ ਦੇ ਵਿੱਚ ਧੂਆਂ ਲਿਆ ਦਿਆਂਗੇ
ਵੇਖੀਂ ਵਿੱਚ ਮੈਦਾਨ ਦੇ
ਹੁੰਦੇ ਕਿਵੇਂ ਨਬੇੜੇ ਨੇ
ਨੀ ਅੰਮੀਏਂ ਅੱਜ ਜਾ ਕੇ
ਮੌਤ ਨਾਲ ਲੈਣੇ ਫੇਰੇ ਨੇ