ਬੜੇ ਬਦਨਾਮ ਹੋਏ

0
1328

ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ।

ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ।

ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ,

ਕਿਸੇ ਦੇ ਬੇਲਿਆਂ ਵਿਚ ਕੌਣ ਫਿਰਦਾ ਚੂਰੀਆਂ ਬਦਲੇ।

ਅਸੀਂ ਸੋਚਾਂ ‘ਚ ਸਾਰਾ ਅੱਗ ਦਾ ਸਮਾਨ ਰੱਖਦੇ ਹਾਂ,

ਅਸੀਂ ਪਾਣੀ ‘ਚ ਵੀ ਪੈਟਰੋਲ ਪਾ ਲਏ ਦੂਰੀਆਂ ਬਦਲੇ।

ਉਹ ਬੰਦੇ ਸਨ, ਫਰਿਸ਼ਤੇ ਜਾਂ ਕੋਈ ਪਿਆਰ ਦਾ ਸਾਗਰ,

ਕਿਥੋਂ ਤੱਕ ਆਣ ਪਹੁੰਚੇ ਹਾਂ ਉਹਨਾਂ ਦੀਆਂ ਘੂਰੀਆਂ ਬਦਲੇ।

ਸਾਥੋਂ ਹੁਣ ਆਪਣਾ ਹੀ ਭਾਰ ਚੁੱਕ ਕੇ ਤੁਰ ਨਹੀਂ ਹੁੰਦਾ,

ਅਸੀਂ ਕੀ ਸੋਚੀਏ ਹੁਣ ਉਸ ਦੀਆਂ ਮਜਬੂਰੀਆਂ ਬਦਲੇ।

ਸੁੱਕਾ ਤਨ ਖੁਸ਼ਕ ਜਿਹੇ ਹੋਂਠ ਤੇ ਕੁਝ ਸ਼ੋਰ ਹੱਡੀਆਂ ਦਾ,

ਕਿੰਨੇ ਇਨਾਮ ਮਿਲਦੇ ਨੇ ਇਹਨਾਂ ਮਜ਼ਦੂਰੀਆਂ ਬਦਲੇ।

ਅਸਾਂ ਨੂੰ ਪਿਆਰ, ਰਿਸ਼ਤੇ, ਫਰਜ਼ ਤੇ ਦਿਲ ਸਮਝ ਆਏ ਨਾ,

ਅਸੀਂ ਸਬ ਕੁਝ ਗਵਾ ਦਿੱਤਾ ਇਹਨਾਂ ਮਗਰੂਰੀਆਂ ਬਦਲੇ।