ਮੈਂ ਮਿੱਟੀ ਪੰਜਾਬ ਦੀ – ਨਵਦੀਪ ਸਿੰਘ ਬਦੇਸ਼ਾ

0
1096

ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ
ਤੇ ਉਪਜਾਊ ਸ਼ਕਤੀ ਵੀ ਮੇਰੀ ਮੁੱਕਦੀ ਜਾਂਦੀ

ਖਾਦ-ਦਵਾਈਆਂ ਪਾ-ਪਾ ਕੇ ਜ਼ਹਿਰੀਲੀ ਕੀਤਾ
ਇੱਟਾਂ-ਪੱਥਰ ਲਾ-ਲਾ ਕੇ ਪਥਰੀਲੀ ਕੀਤਾ
ਮੈਂ ਹੇਠਾਂ ਕੰਕਰ-ਪੱਥਰਾਂ ਦੇ ਲੁੱਕਦੀ  ਜਾਂਦੀ
ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ…

ਸੰਨ ਸੰਤਾਲੀ ਦਾ ਸੰਤਾਪ ਮੇਰੀ ਹਿੱਕ ‘ਤੇ ਹੰਡਿਆ
ਫਿਰ ਉਂਨੀ ਸੌ ਇਕਾਹਠ ਵਿੱਚ ਗਿਆ ਮੈਨੂੰ ਵੰਡਿਆ
ਮੈਂ ਹੁਣ ਵੀ ਆਏ ਦਿਨ ਜ਼ਿਲ੍ਹਿਆਂ ਵਿੱਚ ਟੁੱਟਦੀ ਜਾਂਦੀ
ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ…

ਵਿਕਾਸ ਦੇ ਨਾਂ ‘ਤੇ ਜੰਗਲ-ਰੁੱਖ ਸਭ ਵੱਢੀ ਜਾਂਦੇ
ਜਿੱਧਰ ਵੇਖੋ ਧੂੰਆਂ ਹੀ ਧੂੰਆਂ ਛੱਡੀ ਜਾਂਦੇ
ਇਹ ਹਰਿਆਵਲ ਮੇਰੀ ਵੀ ਹੁਣ ਮੁੱਕਦੀ ਜਾਂਦੀ
ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ…

ਥਾਂ-ਥਾਂ ‘ਤੇ ਮੇਰੀ ਹਿੱਕ ਉਂਤੇ ਨੇ ਭੱਠੇ ਤੱਪਦੇ
ਨਾੜ-ਪਰਾਲੀ ਸਾੜਣ ਵਾਲੇ ਵੀ ਨਾ ਹੱਟਦੇ
ਮੈਂ ਨਾਲ ਅੱਗ ਦੀ ਤਪਸ਼ ਦੇ ਹਾਏ ਧੁੱਖਦੀ ਜਾਂਦੀ
ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ…

ਆਏ ਦਿਨ ਮੇਰੀ ਹਿੱਕ ‘ਤੇ ਕਲੋਨੀਆਂ ਕੱਟੀ ਜਾਂਦੇ
ਕਿਸਾਨ, ਕਿਸਾਨੀ ਛੱਡ ਕੇ ਪੈਸਾ ਵੱਟੀ ਜਾਂਦੇ
ਮੈਂ ਭੂ-ਮਾਫ਼ੀਏ ਦੇ ਹੱਥਾਂ ਵਿੱਚ ਲੁੱਟਦੀ ਜਾਂਦੀ

ਮੈਂ ਮਿੱਟੀ ਪੰਜਾਬ ਦੀ ਹਾਏ ਸੁੱਕਦੀ ਜਾਂਦੀ
ਤੇ ਉਪਜਾਊ ਸ਼ਕਤੀ ਵੀ ਮੇਰੀ ਮੁੱਕਦੀ ਜਾਂਦੀ