ਮੇਰੇ ਪਿੰਡ ਦਾ ਮੂੰਹ ਮੱਥਾ

0
448

ਮੇਰੇ ਪਿੰਡ ਦਾ ਨਾਂ ਹੈ ਮਿੱਠੇਵਾਲ। ਕਹਿੰਦੇ ਇਹ ਨਾਂ ਇਸ ਕਰਕੇ ਪਿਆ ਸੀ ਕਿ ਸਾਡਾ ਪਿੰਡ ਅਕਬਰ ਦੇ ਸਮੇਂ ਪ੍ਰਗਣਾ ਦੀਨਾ ਕਾਂਗਡ਼ ਦੇ ਇਕ ਮੁਖੀ ਚੌਧਰੀ, ਮਹਿਰ ਮਿੱਠੇ ਨੇ ਬੰਨ੍ਹਿਆ ਸੀ। ਪਹਾਡ਼ਾਂ ਜੇਡੇ ਉੱਚੇ ਰੇਤ ਦੇ ਟਿੱਬਿਆਂ ਅਤੇ ਚੀਲ੍ਹਾਂ ਜੇਡੇ ਲੰਮੇ ਲੰਝੇ ਜ਼ੌਰੀ ਸ਼ੂਕਰਾਂ ਪਾਂਦੇ ਸਰਕਡ਼ੇ ਦੇ ਸੰਘਣੇ ਜੰਗਲਾਂ ਵਿਚਾਲੇ, ਪਲ੍ਹੋਂ ਵਾਲੀ ਕਾਲੀ ਮਿੱਟੀ ਨਾਲ ਲਿੰਬੇ ਹੋਏ ਕੱਚਿਆਂ ਕੋਠਿਆਂ ਵਾਲਾ ਇਕ ਟਾਪੂ ਜਿਹਾ ਹੈ ਮੇਰਾ ਪਿੰਡ, ਜਿਹਡ਼ਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸੁਆਦ ਆਪਣੀਆਂ ਯਾਦਾਂ ਵਿਚ ਸਮਾਈ ਬੈਠਾ ਹੈ।

ਕੱਚਿਆਂ ਕੋਠਿਆਂ ਵਿਚ ਪੰਜ ਸੱਤ ਕਲੀ ਕੀਤੇ ਲਿਸ਼ਕਦੇ ਬਨੇਰੇ ਚੰਗਾ ਘਰ ਬਣਾ ਤੇ ਪਹਿਨਪੱਚਰ ਕੇ ਜਿੰਦਗੀ ਲੰਘਾਉਣ ਵਾਲੇ ਤੁਰਦੇ ਭਗਵਾਨ ਲਾਣਿਆਂ ਦੀ ਨਿਸ਼ਾਨੀ ਹਨ, ਜੋ ਪਿੰਡ ਦੀ ਅਮੀਰੀ ਦੀ ਚੰਗੀ ਜਚਵੀਂ ਪ੍ਰਦਰਸ਼ਨੀ ਕਰ ਰਹੇ ਹਨ।

ਮੇਰੇ ਪਿੰਡ ਨੂੰ ਰੇਲਵੇ ਸਟੇਸ਼ਨ ਕਿਉਂਕਿ 10-15 ਕੋਹ (1 ਕੋਹ ਸਵਾ ਮੀਲ) ਤੋਂ ਨੇਡ਼ੇ ਕੋਈ ਵੀ ਨਹੀਂ ਲਗਦਾ, ਇਸ ਲਈ ਸਮਝਿਆ ਇਹ ਜਾਂਦਾ ਹੈ ਕਿ ਚਾਰ ਚੁਫੇਰੇ ਦੇ ਸਾਰੇ ਹੀ ਸ਼ਹਿਰ ਸਾਡੇ ਪਿੰਡ ਦੇ ਨਜ਼ਦੀਕੀ ਸਟੇਸ਼ਨ ਹਨ। ਆਜ਼ਾਦੀ ਆਉਣ ਨਾਲ ਜਿੰਨ੍ਹਾਂ ਪਿੰਡਾਂ ਵਲੋਂ ਰੇਲ ਨਹੀਂ ਲੰਘਦੀ ਸੀ ਹੁਣ ਉਨ੍ਹਾਂ ਵਿਚੋਂ ਬਹੁਤੇ ਨਵੀਆਂ ਬਣ  ਰਹੀਆਂ ਸਡ਼ਕਾਂ ਉਤੇ ਆ ਗਏ ਹਨ। ਪਰ ਮੇਰਾ ਪਿੰਡ ਇਤਨਾ ਖੁਸ਼ਕਿਸਮਤ ਜਾਂ ਬਦਕਿਸਮਤ ਹੈ ਕਿ ਇਨ੍ਹਾਂ ਉਨਤੀ-ਸਕੀਮਾਂ ਵਿਚ ਨਿਕਲਣ ਵਾਲੀਆਂ ਸਡ਼ਕਾਂ ਇਸ ਦੇ ਲਾਗਿਓਂ ਲੰਘਣ ਦੀ ਤਾਂ ਗੱਲ ਬਹੁਤ ਵੱਡੀ ਹੈ ਉਹ ਤਾਂ ਮੇਰੇ ਪਿੰਡ ਦੀ ਨਾਲ ਲਗਦੀ ਕਿਸੇ ਜੂਹ ਵਾਲੇ ਪਿੰਡ ਵਿਚੋਂ ਵੀ ਨਹੀਂ ਲੰਘਦੀਆਂ।

ਚਲੋ ਜੇ ਮੇਰੇ ਪਿੰਡ ਦੀ ਹੁਣ ਕਦਰ ਨਹੀਂ ਹੋ ਰਹੀ ਤਾਂ ਕੇਹਡ਼ੀ ਗੱਲ ਹੈ। ਥੋਡ਼੍ਹੇ ਚਿਰ ਨੂੰ ਜਦੋਂ ਭਾਰਤ ਦੇ ਸਾਰੇ ਪਿੰਡ ਵਧੀਆ ਤੇ ਨਵੀਆਂ ਕਿਸਮਾਂ ਦੇ ਬਣ ਗਏ, ਉਦੋਂ ਬਾਹਰਲੇ ਸੈਲਾਨੀਆਂ ਨੂੰ ਜਿਵੇਂ ਹੁਣ ਨਵੇਂ ਪਿੰਡ ਦਿਖਾਏ ਜਾਂਦੇ ਹਨ, ਪੁਰਾਣਾ ਭਾਰਤ ਦਿਖਾਉਣ ਲਈ ਤਾਂ ਮੇਰਾ ਪਿੰਡ ਪਹਿਲੇ ਨੰਬਰ ਤੇ ਹੋਵੇਗਾ, ਓਦੋਂ ਤਾਂ ਫਿਰ ਜ਼ਰੂਰ ਕਦਰ ਹੋਵਾਗੀ ਨਾਂ ?

ਮੇਰੇ ਪਿੰਡ ਵਿਚੋਂ ਕਿਸੇ ਮੋਟਰ ਦਾ ਲੰਘ ਜਾਣਾ ਸਾਧਾਰਨ ਤੇ ਸੁੱਖਲੀ ਗੱਲ ਨਹੀਂ। ਜਦੋਂ ਕੋਈ ਮੋਟਰ ਪਿੰਡ ਦੇ ਨੇਡ਼ੇ ਆਉਂਦੀ ਦਿਸਦੀ ਹੈ ਤਾਂ ਪਿੰਡ ਦੇ ਸਾਰੇ ਬੁੱਢੇ ਬਾਲ, ‘ਔਹ ਆ ਗਈ, ਔਹ ਆ ਗਈ’ ਕਰਦੇ ਪਿੰਡੋਂ ਬਾਹਰ ਹੀ ਉਸਦੇ ਸਵਾਗਤ ਨੂੰ ਜਾ ਪੁੱਜਦੇ ਹਨ। ਕਈ ਸਾਊ ਤੇ ਸਿਆਣੇ ਆਦਮੀ ਤਾਂ ਇਸ ਊਠਾਂ ਤੇ ਬਲਦਾਂ ਤੋਂ ਬਿਨਾਂ ਚੱਲਦੀ ਸਵਾਰੀ ਨੂੰ ਅਜੂਬੇ ਦੀ ਤਰ੍ਹਾਂ ਦੇਖਣ ਲੱਗ ਜਾਂਦੇ ਹਨ। ਪਿੰਡ ਦੇ ਬਹਾਦਰ ਨਿਆਣੇ ਮੌਤ ਦੀ ਪਰਵਾਹ ਨਾ ਕਰਦੇ ਹੋਏ ਜਿੱਥੇ ਕਿਤੇ ਵੀ ਮੋਟਰ ਦੇ ਪਿੰਡੇ ਤੇ ਨਹੁੰ ਫਸਦਾ ਹੋਵੇ ਜੋਕਾਂ ਵਾਂਗ ਚਿਮਟ ਜਾਂਦੇ ਹਨ। ਜਦੋਂ ਮੋਟਰ ਦੌਡ਼ਦੀ ਹੈ ਉਦੋਂ ਮੁੱਛ-ਫੁਟ ਗੱਭਰੂ ਵੀ ਪਿਛੇ ਨਹੀਂ ਰਹਿੰਦੇ, ਕਈ ਪਲਾਕੀ ਮਾਰ ਕੇ ਪਿਛੋਂ ਦੀ ਜਿਥੇ ਟੰਗ ਬਾਂਹ ਅਡ਼ੇ; ਮੋਟਰ ਨਾਲ ਜਾ ਲਟਕਦੇ ਹਨ। ਅਜਿਹੀ ਚੀਜ਼ ਫਿਰ ਝਾਟੀਆਂ ਲੈਣ ਲਈ ਫਿਰ ਕਦੋਂ ਲੱਭੇ।

ਕੁਦਰਤ ਦੀ ਸਿਤਮ-ਜ਼ਰੀਫੀ ਇਹ ਹੈ ਕਿ ਰੋਸ਼ਨੀ ਦੇ ਇਸ ਨਵੇਂ ਯੁਗ ਵਿਚ ਵੀ ਮੇਰੇ ਪਿੰਡ ਵਿਚ ਕਿਸੇ ਪਾਸਿਉਂ ਰੋਸ਼ਨੀ ਦੀ ਕੋਈ ਕਿਰਨ ਪੂਰਾ ਜ਼ੋਰ ਲਾ ਕੇ ਵੀ ਪਹੁੰਚ ਨਹੀਂ ਸਕਦੀ। ਨਹਿਰ ਸਰਹਿੰਦ ਵਿਚੋਂ ਨਿਕਲਿਆ ਇਕ ਸੂਆ (ਰਜਬਾਹਾ) ਮੇਰੇ ਪਿੰਡ ਕੋਲੋਂ ਦੀ ਲੰਘਦਾ ਹੈ, ਪਰ ਉਸ ਦੇ ਪਾਣੀ ਦੀ ਇਕ ਤਿੱਪ ਵੀ ਮੇਰੇ ਪਿੰਡ ਦੀ ਧਰਤੀ ਦੇ ਪਿੰਡੇ ਨੂੰ ਨਸੀਬ ਨਹੀਂ। ਆਖਦੇ ਹਨ ਕਿ ਜਦੋਂ ਨਹਿਰ ਨਿਕਲੀ ਸਾਡੇ ਪੁਰਾਣੇ ਬਾਦਸ਼ਾਹ -ਮਲੇਰਕੋਟਲੇ ਦੇ ਨਵਾਬ- ਨੇ ਅੰਗਰੇਜ਼ਾਂ ਨੂੰ ਆਪਣੇ ਹਿੱਸੇ ਬਹਿੰਦੇ ਰੁਪਈਏ ਨਹੀਂ ਦਿੱਤੇ। ਇਸ ਕਰਕੇ ਸਾਡੇ ਪਿੰਡਾਂ ਨੂੰ ਪਾਣੀ ਨਹੀਂ ਮਿਲਿਆ। ਕਈ ਰਾਜ-ਭਗਤ ਕਹਿੰਦੇ ਹਨ ਕਿ ‘ਰੁਪਈਏ ਤਾਂ ਸਾਡਾ ਨਵਾਬ ਦੇਂਦਾ ਸੀ, ਪਰ ਉਹ ਕਹਿੰਦਾ ਸੀ ਕਿ ਮੈਂ ਆਪਣੀ ਟਕਸਾਲ ਦੇ ਦੇਵਾਂਗਾਂ’ (ਜਿਹਡ਼ੇ ਅੰਗਰੇਜ਼ੀ ਰੁਪਈਏ ਦੇ ਚਾਰ ਹੁੰਦੇ ਸਨ) ਅੰਗਰੇਜ਼ ਕਹਿੰਦੇ ਸੀ ਸਾਡੇ ਬਣਾਏ ਰੁਪਈਏ ਦੇਹ। ਇਸ ਕਰਕੇ ਖਟ-ਪਟੀ ਹੋ ਗਈ ? ਕਿਵੇਂ ਵੀ ਹੋਵੇ ਸਾਡੇ ਮਲੇਰਕੋਟਲੇ ਦੇ ਨਵਾਬ ਕੋਲ ਰੁਪਏ ਨਾ ਹੋਣ ਕਾਰਨ, ਜਾਂ ਕਿਸੇ ਤਰ੍ਹਾਂ ਹੋਰ ਸਾਂਝ ਨਾਂ ਪਾਉਣ ਕਰਕੇ ਕਈ ਹੋਰ ਪਿੰਡਾਂ ਵਾਂਗ ਸਾਡੇ ਪਿੰਡ ਨੂੰ ਵੀ ਕੱਸੀ ਦਾ ਪਾਣੀ ਨਹੀਂ ਮਿਲਿਆ।

ਹੁਣ ਟਿਊਬਵੈੱਲਾਂ ਦੀ ਲਾਈਨ ਟੁਰੀ ਆਉਂਦੀ ਮੇਰੇ ਪਿੰਡ ਦੀ ਸਰਹੱਦ ਉੱਤੇ ਆ ਕੇ ਘੁਮਿਆਰ ਦੇ ਅਡ਼ੀਅਲ ਖੋਤੇ ਵਾਂਗ ਪੈਰ ਗੱਡ ਕੇ ਆ ਖਡ਼ੀ ਹੋਈ ਹੈ। ਹਸਪਤਾਲ ਤੇ ਸਕੂਲ ਮੇਰੇ ਪਿੰਡ ਤੋਂ ਉਨੇ ਹੀ ਦੂਰ ਹਨ (ਤੇ ਮੇਰਾ ਅਸ਼ੁਭ ਖਿਆਲ ਹੈ ਕਿ ਉਨੇ ਹੀ ਦੂਰ ਰਹਿਣਗੇ) ਜਿੰਨੇ ਪਹਿਲਾਂ ਸਨ, ਕਿਉਂਕਿ ਡਾਕ-ਘਰ ਜੁ ਹਾਲ ਤੱਕ ਪਹਿਲਾਂ ਵਾਲੀ ਥਾਂ ਤੇ ਹੀ ਝੰਡੇ ਬੁੰਗੇ ਗੱਡੀ ਬੈਠਾ ਹੈ। ਮੇਰੇ ਪਿੰਡ ਨੂੰ ਡਾਕਘਰ ਕੰਗਣਵਾਲ ਲਗਦਾ ਹੈ ਜੋ ਉਥੋਂ ਸਿਰਫ 15-16ਮੀਲ ਦੂਰ ਹੈ (ਫੇਰ ਲੋਹਟ ਵੱਦੀ ਹੋ ਗਿਆ ਸੀ ਜੋ ਪਹਿਲੇ ਨਾਲੋਂ ਦੋ ਮੀਲ ਨੇਡ਼ੇ ਸੀ।) ਓਥੋਂ ਡਾਕੀਆ ਹਫਤੇ ਵਿਚ ਇਕ ਵਾਰ ਆਉਂਦਾ ਹੈ ਜੇ ਕਿਸੇ ਦਾ ਮਨੀਆਰਡਰ 25 ਰੁਪਏ ਤੱਕ ਦਾ ਹੋਵੇ ਤਾਂ ਮਿਹਰਬਾਨੀ ਕਰਕਾ ਪਿੰਡਾਂ ਦੇ ਪੈਂਚਾਂ ਦੀ ਗਵਾਹੀ ਲੈ ਕੇ ਪਿੰਡ ਦੀ ਸੱਥ ਵਿਚ ਹੀ ਵਸੂਲ ਕਰਨ ਵਾਲੇ ਨੂੰ ਸੱਦ ਕੇ ਦੇ ਆਉਂਦਾ ਹੈ ਤਾਂ ਜੁ ਜਿੰਨਾ ਨੇ ਹੁਧਾਰ ਸੁਧਾਰ ਲੈਣਾ ਹੋਵੇ ਉਹ ਅਗਲੇ ਦੇ ਪੈਸੇ ਘਰ ਲਿਜਾਣ ਤੋਂ ਪਹਿਲਾਂ ਹੀ ਲੈ ਲੈਣ। ਜੇ ਕਿਸੇ ਦੇ ਵਰ੍ਹਿਆਂ ਤੋਂ ‘ਮਿਰਕਣ ਜਾਂ ਕਿਸੇ ਟਾਪੂ ਵਿਚ ਗਏ ਬੰਦੇ ਦੇ ਇਸ ਨਾਲੋਂ ਵੱਧ ਰੁਪਏ ਆ ਜਾਣ ਤਾਂ ਸਾਰੇ ਮੁਹੱਲੇ ਨੂੰ ਬਿਪਤਾ ਪੈ ਜਾਂਦੀ ਹੈ। ਡਾਕੀਆ ਘਰੇ ਸੁਨੇਹਾਂ ਪਹੁੰਚਾ ਜਾਂਦਾ ਹੈ ਕਿ ‘ਥੋਡਾ ਮਨੀ-ਆਰਡਰ ਐ, ਦੋ ਗਵਾਹ ਨਾਲ ਲੈ ਕੇ ਕੰਗਣਵਾਲੋਂ ਛੁਡਾ ਲਿਆਉਣਾ’। ਮਨੀਆਰਡਰ ਨਾ ਹੋਇਆ ਕੋਈ ਬੰਦਾ ਕੈਦ ਹੋ ਗਿਆ ਸਮਝੋ ? ਜਿਵੇਂ ਉਸ ਦਾ ਜਾਮਨੀ ਬਿਨਾ ਛੁੱਟਣਾ ਮੁਸ਼ਕਲ ਹੋ ਗਿਆ ਹੋਵੇ ?

ਇਸ ‘ਨਮੂਨੇ’ ਦੇ ਪਿੰਡ ਦੇ ਢੱਠੇ ਹੋਏ ਦਰਵਾਜ਼ੇ ਤੇ ਉੱਚੀਆਂ ਚੌਕਡ਼ੀਆਂ ਵਾਲੀ ਧਰਮਸ਼ਾਲਾ ਦੇ ਸਾਹਮਣੇ ਛੋਟਾ ਜਿਹਾ ਚੁਗਾਨ ਤੇ ਇਸ ਦੇ ਨਾਲ ਇਕ ਵਾਰਗਲਾ (ਬਾਰ-ਅੱਗਲਾ) ਖੂਹ ਹੈ। ਇਹੋ ਮੇਰੇ ਪਿੰਡ ਦੀ ਸੱਥ ਹੈ ਜਿਥੇ ਪਾਰਲੀਮੈਂਟ ਤੇ ਅਸੈਂਬਲੀ ਨਾਲੋਂ ਵੱਧ ਚੁੰਝਾਂ ਦੇ ਭੇਡ਼ ਹੋ ਕੇ ਹਰ ਇਕ ਬੋਲਦਾ ਚਾਲਦਾ ਬੰਦਾ ਆਪਣੀ ਰਾਏ ਪਰਗਟ ਕਰਕੇ ਸਰਬ ਸਧਾਰਨ ਨੂੰ ਲਾਭ ਪਹੁੰਚਾਉਂਦਾ ਹੈ। ਇਨ੍ਹਾਂ ਚੌਕਡ਼ੀਆਂ, ਖਾਰੇ, ਬੋਡ਼ੇ, ਉੱਭਲ ਖੂਹਾਂ ਦੀਆਂ ਮੌਣਾ ਤੇ ਕੰਧਾਂ ਨਾਲ ਪਏ ਕਿੱਕਰਾਂ ਅਤੇ ਪਿੱਪਲਾਂ ਦੇ ਪੁਰਾਣੇ ਖੁੰਡਾਂ ਉਤੇ ਸਵੇਰੇ, ਹਾਡ਼ਾਂ ਵਿਚ ਸ਼ਾਮਾਂ ਨੂੰ, ਪਿੰਡ ਦੇ ਕੁਝ ਨੇਤਰਹੀਨ ਬਜ਼ੁਰਗ, ਅੰਗ-ਭੰਗ ਤੇ ਕੰਮ ਕਾਜ ਨਾ ਕਰ ਸਕਣ ਵਾਲੇ ਲੂਲੇ, ਲੰਗਡ਼ੇ, ਕਾਣੇ, ਬੁੱਢੇ ਖੌਢੇ, ਦਮੇ ਦੇ ਖਾਧੇ ਸੱਤ ਅੱਠ ਮਹਾਨੁਭਾਵ ਪੂਰੇ ਨਖਰੇ ਨਾਲ ਆ ਜੁਡ਼ਦੇ ਹਨ। ਇਥੇ ਚਲ ਰਹੀ ‘ਜਮਾਨੇ ਦੀ ਹਵਾ’ ਦੇ ‘ਰੁਖ ਪਡ਼ਤਾਲਦੇ ਤੇ ਉਨ੍ਹਾਂ ਉਤੇ ਆਪਣੀਆਂ ਘੋਖਵੀਆਂ ਕੀਮਤੀ ਰਾਵਾਂ ਦੇਂਦੇ ਹਨ। ਕਦੇ ਕਦੇ ਕਿਸੇ ਵਿਹਲੇ ਦਿਨ ਲਾਗੇ ਦੇ ਖੁੰਢਾਂ ਉਤੇ ਪਿੰਡਾਂ ਦੇ ਕਈ ਨਿੱਕੇ ਵੱਡੇ ਮੁੰਡੇ ਖੁੰਡੇ ਤੇ ਧੱਕੇ ਨਾਲ ਬਣੇ ਖਡ਼ਪੈਂਚ ਵੀ ਆ ਧਮਕਦੇ ਹਨ, ‘ਸੁਣਾ ਚੰਨਣ ਸਿੰਹਾਂ, ਕੋਈ ਰੱਬ ਦੇ ਘਰ ਦੀ ਨਵੀਂ ਤਾਜ਼ੀ!’ ਇਉਂ ਆਖ ਕੇ ਖੱਦਰ ਦਾ ਪਰਨਾ ਹੇਠਾਂ ਸੁੱਟ ਕੇ ਲੋਕਾਂ ਦੀ ਇਸ ਵਿਚਾਰ ਸਭਾ ਵਿਚ ਆ ਸ਼ਰੀਕ ਹੁੰਦੇ ਹਨ। ਆਪਣੀਆਂ ਦਿਮਾਗੀ ਚਤਰਾਈਆਂ ਨਾਲ ਜ਼ਿਮੀ ਅਸਮਾਨ ਦੇ ਉਹ ਕੁੰਡੇ ਮੇਲਦੇ ਹਨ ਕਿ ਕਲਪਣਾ ਹਫ ਕੇ ਡਿੱਗ ਪੈਂਦੀ ਹੈ।

ਮੇਰੇ ਪਿੰਡ ਨੂੰ ਚਾਰੇ ਪਾਸਿਆਂ ਤੋਂ ਟੋਭਿਆਂ ਨੇ ਘੇਰਿਆ ਹੋਇਆ ਹੈ। ਇਕ ਪਾਸੇ ਚਿਲਣਵਾਲਾ ਟੋਭਾ ਹੈ ਜਿਥੇ ਗਾਈਆਂ ਮਹੀਆਂ ਦਾ ਵੱਗ ਛਿਡ਼ਦਾ ਹੈ, ਦੂਜੇ ਪਾਸੇ ਵੱਡਾ ਟੋਭਾ ਹੈ ਜਿਥੇ ਸਾਉਣ ਦੇ ਮਹੀਨੇ ਵੱਡੇ ਵਰੋਟਿਆਂ ਨਾਲ ਕੁਡ਼ੀਆਂ ਪੀਘਾਂ ਪਾਉਂਦੀਆਂ ਹਨ ਜਾਂ ਨਵੀਂ ਵੱਢੀ ਮੱਕੀ ਦੇ ਟਾਂਡਿਆਂ ਦੇ ਮੁਹਾਰੇ ਲਾਏ ਜਾਂਦੇ ਹਨ। ਤੀਜੇ ਪਾਸੇ ਝਿਡ਼ੀ ਵਾਲਾ ਟੋਭਾ ਹੈ ਜਿਥੇ ਮੁਰਦਿਆਂ ਨੂੰ ਦਬਿਆ ਫੂਕਿਆ ਜਾਂਦਾ ਹੈ। ਚੋਥੇ ਪਾਸੇ ਚਮਾਰਾਂ ਦੀ ਛੱਪਡ਼ੀ ਹੈ – ਜਿਸ ਦੇ ਇਕ ਕੰਢੇ ਲੱਗੀ ਖੂਹੀ ਉਤੇ ਚਮਾਰਾਂ ਦੀਆਂ ਕੁੰਨਾ ਚਡ਼੍ਹੀਆਂ ਰਹਿੰਦੀਆਂ ਹਨ। ਦੂਰ ਪਰੇ ਨਵੇਂ ਪਿੰਡ ਦੀ ਢਾਬ ਹੈ। ਜਿਥੇ ਕਾਲੀ ਮਿੱਟੀ ਲਿਆ ਕੇ ਲੋਕ ਕੱਚੇ  ਘਰਾਂ ਦੀਆਂ ਕੰਧਾਂ ਲਿਪਦੇ ਹਨ।

ਚਮਾਰਾਂ ਦੀ ਛੱਪਡ਼ੀ ਵਿਚ ਨਵੀਂ ਵੱਢੀ ਕਿੱਕਰ ਦਾ ਕਸ ਪਾ ਕੁੰਨਾਂ ਖੂਹੀਆਂ ਉਤੇ ਬੰਨ੍ਹ ਕੇ ਨਵੀਂ ਲਾਹੀ ਖੱਲ ਦਾ ਜਦੋਂ ਚਮਡ਼ਾ ਪਕਾਇਆ ਜਾਂਦਾ ਹੋਵੇ, ਦੂਜੇ ਟੋਭਿਆਂ ਦੇ ਟੋਇਆਂ ਵਿਚ ਸਣ ਤੇ ਸਣ-ਕੁਕਡ਼ੇ ਦੇ ਗਰਨੇ ਦੱਬ ਕੇ ਸਾਡ਼ੇ ਜਾ ਰਹੇ ਹੋਣ ਅਤੇ ਕੱਚਾ ਗੋਹਾ ਮੀਂਹ  ਪੈਣ ਨਾਲ ਰੂਡ਼ੀਆਂ ਤੋਂ ਸਡ਼ਿਹਾਂਦ ਛੱਡ ਦੇਵੇ ਤਾਂ ਪਿੰਡ ਦਾ ਸਾਰਾ ਵਾਯੂ ਮੰਡਲ ਕਸ਼ਮੀਰ ਦੀਆਂ ‘ਕੇਸਰ ਕਿਆਰੀਆਂ’ ਨਾਲੋਂ ਵੀ ਵੱਧ ਖੁਸ਼ਬੋ-ਭਿੰਨੀਆਂ ਹਵਾਵਾਂ ਨਾਲ ਮਹਿਕ ਉਠਦਾ ਹੈ।

ਅਜੇਹੀ ਬਹਾਰ ਵਿਚ ਇਹ ਟੋਭੇ ਜੋ ਨਜ਼ਾਰਾ ਪੇਸ਼ ਕਰਦੇ ਹਨ ਉਨ੍ਹਾਂ ਸਾਹਮਣੇ ਸ੍ਰੀ ਨਗਰ ਦੀ ਡਲ ਤੇ ਮਾਨ ਸਰੋਵਰ ਦੀ ਝੀਲ ਦੀਆਂ ਮਹਿਕਾਂ ਹੁਲਾਰਦੀਆਂ ਲਹਿਰਾਂ ਨੇ ਕੀ ਧਰਿਆ ਹੋਇਆ ਹੈ? ਟਿੱਬਿਆਂ ਨਾਲ ਘਿਰਿਆ ਹੋਇਆ ਮੇਰਾ ਪਿੰਡ ਦੂਰੋਂ ਇਉਂ ਲਗਦਾ ਹੈ ਜਿਵੇਂ ਹਡੱਪਾ ਕਾਲ ਦੇ ਕਿਸੇ ਪੁਰਾਣੇ ਤੇ ਉੱਚੇ ਥੇਹ ਉਤੇ ਬਝਿਆ ਹੁੰਦਾ ਹੈ, ਪਰ ਜਦੋਂ ਥੋਡ਼ੇ ਜਿਹੇ ਮੀਂਹ ਪੈਣ ਨਾਲ ਹਡ਼੍ਹ ਆਉਣੇ ਸ਼ੁਰੂ ਹੁੰਦੇ ਹਨ ਤਾਂ ਅੱਧੇ ਪਿੰਡ ਦੀਆਂ ਕਾਛਡ਼ਾਂ ਵਿਚ ਪਾਣੀ ਆ ਵਡ਼ਦਾ ਹੈ।

ਮੇਰੇ ਪਿੰਡ ਦੀਆਂ ਖੂਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਨਣ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਿਧਰੇ ਚੰਡੀਗਡ਼੍ਹ ਨੂੰ ਸਿਰਜਣ ਵਾਲਾ ਫ਼ਰਾਂਸੀਸੀ ਇੰਨਜੀਨੀਅਰ ਸਾਡੇ ਪਿੰਡ ਨੂੰ ਹੀ ਵਹੀਰਾਂ ਨਾ ਪਾ ਦੇਵੇ। ਮੇਰੇ ਪਿੰਡ ਦੀਆਂ ਗਲੀਆਂ (ਸਟਰੀਟਾਂ) ਦੀ ਖੂਬਸੂਰਤੀ ਦਾ ਤੁਸੀਂ ਉਨ੍ਹਾਂ ਦੇ ਨਾਵਾਂ ਤੋਂ ਹੀ ਚੰਗੀ ਤਰ੍ਹਾਂ ਅੰਦਾਜ਼ਾ ਲਗਾ ਸਕੋਗੇ- ਭੀਡ਼ੀ ਬੀਹੀ, ਨੀਵੀਂ ਬੀਹੀ, ਉੱਚੀ ਬੀਹੀ। ਇਹ ਨਾਂ, ਨਾਮ ਮਾਤਰ ਨਹੀਂ ਸਗੋਂ ਕਈ ਹਕੀਕਤਾਂ ਆਪਣੀ ਕੁਛਡ਼ ਵਿਚ ਲੁਕਾਈ ਬੈਠੇ ਹਨ। ਭੀਡ਼ੀ ਬੀਹੀ ਦਾ ਨਾਂ ਯਾਦ ਆਉਂਦਿਆਂ ਹੀ ਸੰਤ ਮਸਤੂਆਣੇ ਵਾਲਿਆਂ ਦੀ ਇਕ ਧਾਰਨਾ ਆਪ ਮੁਹਾਰੇ ਗੀ ਬੁਲ੍ਹਾਂ ਤੇ ਆ ਜਾਂਦੀ ਹੈ

ਅਗੇ ਭੀਡ਼ੀਆਂ ਸੁਣੀ ਦੀਆਂ ਗਲੀਆਂ

ਜਿਥੋਂ ਦੀ ਜਮ ਲੈ ਕੇ ਜਾਣਗੇ।

ਸੰਤਾਂ ਨੂੰ ਕੌਣ ਦਸਦਾ ਕਿ ਉਨ੍ਹਾਂ ਗਲੀਆਂ ਵਿਚੋਂ ਇਕ ਸਾਡੇ ਪਿੰਡ ਵੀ ਹੈ, ਜਿਥੇ ਆਦਮੀ ਦੇਹਾਂ ਪਾਸਿਆਂ ਦੀਆਂ ਕੰਧਾਂ ਨੂੰ ਘਿਸਰੇ ਬਿਨਾਂ ਪਾਰ ਨਹੀਂ ਲੰਘ ਸਕਦਾ। ਨੀਵੀਂ ਗਲੀ ਤਾਂ ਜੇ ਕਿਸੇ ਦੇ ਬੂਹੇ ਅਗੇ ਡੋਹਲੇ ਪਾਣੀ ਤੋਂ ਪੈਰ ਤਿਲਕੇ ਤਾਂ ਬੰਦਾ ਅਗਲੇ ਸਿਰੇ ਤੇ ਜਾ ਕੇ ਭਾਵੇਂ ਲੱਭੇ। ਉੱਚੀ ਬੀਹੀ ਕੀ ਹੋਈ ! ਬਿਲਕੁਲ ਊਠ ਦੀ ਕੁਹਾਣ।

ਮੇਰੇ ਪਿੰਡ ਦੀ ‘ਅਪਾਰ’ ਖੁਸ਼ਹਾਲੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਪਤਾ ਲਗਾ ਸਕਦੇ ਹੋ ਕਿ ਉਥੇ ਦੀ ਹਰ ਸਾਂਝੀ ਚੀਜ਼, ਦਰਵਾਜ਼ਾ ਤੇ ਧਰਮਸਾਲਾ ਸਰਹਿੰਦ ਦੇ ਖੰਡਰਾਂ ਨੂੰ ਸ਼ਰਮਾ ਰਹੇ ਹਨ। ਮੇਰੇ ਪਿੰਡ ਦਾ ਪਟਵਾਰੀ ਜੋ ਇਕ ਤਰ੍ਹਾਂ ਪਿੰਡ ਦੀ ‘ਰਾਜਧਾਨੀ’ (ਪਟਵਾਰਖਾਨੇ) ਦਾ ਰਾਜਾ ਸੀ, ਪਟਵਾਰਖਾਨੇ ਦੀ ਇਮਾਰਤ ਢਹਿ ਜਾਣ ਕਰਕੇ ਸਾਡਾ ਪਿੰਡ ਛੱਡ ਕੇ ਲਾਗਲੇ ਪਿੰਡ ਚਲਿਆ ਗਿਆ ਹੈ।

ਇਹ ਸ਼ੁਕਰ ਦੀ ਗੱਲ ਹੈ ਕਿ ਗੁਰਦਵਾਰੇ ਦੀ ਇਮਾਰਤ ਹਾਲਾਂ ਕਾਇਮ ਹੈ। ਇਕ ਪ੍ਰਾਇਮਰੀ ਸਕੂਲ ਜੋ ਪਿਛੇ ਜਿਹੇ ਧੱਕੇ ਨਾਲ ਹੀ ਜਾਰੀ ਹੋ ਗਿਆ ਹੈ ਉਸ ਲਈ ਕੋਈ ਥਾਂ ਨਹੀਂ ਲੱਭਦੀ। ਕਦੇ ਗੁਰਦੁਆਰੇ ਦੀਆਂ ਕੋਠਡ਼ੀਆਂ ਵਿਚ ਤੇ ਕਦੇ ਵਾਹਣਾਂ ਵਿਚ ਟੈਗੋਰ ਦੇ ਸ਼ਾਂਤੀ ਨਿਕੇਤਨ ਵਾਂਗ ਜਮਾਤਾਂ ਲਗਦੀਆਂ ਸਨ।

ਪਰ ਫਿਰ ਪਿੰਡੋਂ ਦੂਰ ਇਕ ਟਿੱਬੀ ਉਤੇ ਭੋਰੇ ਵਾਲੇ ਸਾਧ ਦੀ ਕੁਟੀਆ ਨੂੰ ਸਕੂਲ ਲਈ ਚੁਣ ਲਿਆ ਗਿਆ ਹੈ। ਬਿਨਾ ਹਿੰਗ ਫਟਕਡ਼ੀ ਲਗੇ ਇਉਂ ਸਕੂਲ ਦੀ ਇਮਾਰਤ ਲੱਭ ਲੈਣੀ ਕੀ ਛੋਟੀ ਜਿਹੀ ਸਿਆਣਪ ਹੈ ? ਮੇਰੇ ਪਿੰਡ ਦੇ ਲੋਕ ਬਡ਼ੇ ਕਮਾਊ, ਦਿਨ ਰਾਤ ਇਕ ਕਰਕੇ ਜਾਨ ਮਾਰ ਕੇ ਫ਼ਸਲਾਂ ਪੈਦਾ ਕਰਨ ਵਾਲੇ ਕਾਮੇ ਕਿਸਾਨ ਹਨ। ਉਂਜ ਥਕੇਵਾਂ ਲਾਹੁਣ ਲਈ ਪਿੰਡ ਵਿਚ ਦੇਸੀ ਸ਼ਰਾਬ ਦਾ ਠੇਕਾ ਵੀ ਹੈ, ਪਰ ਮਲਵਈ ਚਾਹ ਦਾ ਗੁਡ਼ਾਣਾਂ ਉਨ੍ਹਾਂ ਦਾ ਆਮ ਸ਼ੁਗਲ ਹੈ। ਮੇਰੇ ਪਿੰਡ ਦੇ ਲੋਕ ਚੰਗੇ ਖੁਲ੍ਹ-ਦਿਲੇ ਲੰਘਦੇ ਰਾਹੀ ਪਾਂਧੀ ਨਾਲ ਫਤ੍ਹੇ-ਫਤੂਹੀ ਦੀ ਸਾਂਝ ਪਾਉਣ ਵਾਲੇ, ਚਾਹ ਪਾਣੀ ਪੀਣ ਪਿਆਉਣ ਤੇ ਖਡ਼ਕੇ ਦਡ਼ਕੇ ਵਾਲੇ ਬੰਦੇ ਹਨ।

ਨਹਿਰਾਂ ਤੇ ਬੰਬੀਆਂ ਦਾ ਪਾਣੀ ਮੇਰੇ ਪਿੰਡ ਦੀ ਧਰਤੀ ਦੇ ਮੱਥੇ ਦੀ ਰੇਖਾਂ ਵਿਚ ਹੈ ਹੀ ਨਹੀਂ ਇਸ ਲਈ ਦਿਨ ਰਾਤ ਵਾਰੋ ਵਾਰੀ ਖੂਹਾਂ ਦੇ ਥੱਲੇ ਕੁੰਲਜਣ ਵਿਚ ਮੇਰੇ ਪਿੰਡ ਦੇ ਕਿਰਸਾਨਾਂ ਦੇ ਟਾਕਰੇ ਦੇ ਹੋਰ ਕਿਧਰੇ ਉੱਦਮੀ ਕਿਰਸਾਨ ਸ਼ਾਇਦ ਹੀ ਹੋਣ।

ਸੋਹਣੀਆਂ ਲਹਿ-ਲਹਾਉਂਦੀਆਂ ਪੈਲੀਆਂ ਮੇਰੇ ਪਿੰਡ ਦਾ ਭਾਗ ਹਨ ਜਿਨ੍ਹਾਂ ਨੂੰ ਇਹ ਦਿਨ ਰਾਤ ਸਿੰਜਦੇ ਗੋਡਦੇ ਤੇ ਸਵਾਰਦੇ ਰਹਿੰਦੇ ਹਨ। ਇਨ੍ਹਾਂ ਨੂੰ ਬਾਹਰ ਦੀ ਦੁਨੀਆਂ ਨਾਲ ਕੀ, ਇਨ੍ਹਾਂ ਦੇ ਇਹ ਖੇਤ ਹਰੇ ਭਰੇ ਰਹਿਣ।

ਆਜ਼ਾਦੀ ਆਉਣ ਨਾਲ ਜਿੱਥੇ ਭਾਰਤ ਦੀ ਸਰਹੱਦ ਨੇਡ਼ੇ (ਵਾਹਗੇ) ਆ ਗਈ ਹੈ ਉਥੇ ਮੇਰਾ ਪਿੰਡ ਜੇਹਡ਼ਾ ਪਹਿਲਾਂ ਮਲੇਰਕੋਟਲੇ ਰਿਆਸਤ ਦਾ ਸਰਹੱਦੀ ਪਿੰਡ ਸੀ ਆਪਣੀ ‘ਖ਼ਾਸ’ ਮਹੱਤਤਾ ਇਸ ਕਰਕੇ ਗੁਆ ਬੈਠਾ ਹੈ ਕਿਉਂਕਿ ਇਸ ਦੀ ਸਰਹੱਦ ਖ਼ਤਮ ਹੋ ਗਈ ਹੈ।

ਜਦੋਂ ਮੇਰਾ ਪਿੰਡ ਇਸ ਰਿਆਸਤ ਦਾ ਸਰਹੱਦੀ ਪਿੰਡ ਹੁੰਦਾ ਸੀ ਮਲੇਰਕੋਟਲੇ ਦੀ ਸਸਤੀ ਦੇਸੀ ਸ਼ਰਾਬ ਏਥੋਂ ਨਾਲ ਲਗਦੀਆਂ ਰਿਆਸਤਾਂ ਦੇ ਪਿੰਡਾਂ ਨੂੰ ਜਿਨ੍ਹਾਂ ਗੁਪਤ ਤਰੀਕਿਆਂ ਨਾਲ ਜਾਂਦੀ ਸੀ, ਉਹ ਨਜ਼ਾਰੇ ਜੀਉਂਦੇ ਜੀ ਨਹੀਂ ਭੁੱਲ ਸਕਦੇ। ਸਾਰਾ ਦਿਨ ਹੀਰੇ ਦੇ ਠੇਕੇਦਾਰ ਦੇ ਘਰੇ ਊਠਾਂ ਤੇ ਗਧਿਆਂ ਦੀਆਂ ਹੇਡ਼ਾਂ ਇਕੱਠੀਆਂ ਹੁੰਦੀਆਂ ਰਹਿਣੀਆਂ ਤੇ ਉਸ ਦੇ ਵੇਹਡ਼ੇ, ਅਤੇ ਨੀਰੇ ਵਾਲੀ ਕੋਠਡ਼ੀ ਸਬਾਤ ਵਿਚ ਪਈਆਂ ਬੋਤਲਾਂ ਇਕੋ ਰਾਤ ਵਿਚ ਸਿਮਟ ਜਾਣੀਆਂ ਤੇ ਜਦੋਂ ਠੇਕਾ ਟੁੱਟ ਕੇ ਬੋਤਲ ਅੱਠਾਂ ਦਸਾਂ ਆਨਿਆਂ ਨੂੰ ਹੋ ਜਾਣੀ ਉਦੋਂ ਤੇ ਲਾਗਲੀਆਂ ਰਿਆਸਤਾਂ ਦੀ ਖ਼ਲਕਤ ਟੁੱਟ ਕੇ ਪੈ ਜਾਂਦੀ ਸੀ।

ਮੈਨੂੰ ਯਾਦ ਹੈ ਕਿ ਸਾਡੇ ਪਿੰਡ ਪਹਿਲਾਂ ਪਾਣੀ ਦਾ ਨਲਕਾ ਉਸ ਨੇ ਇਸ ਕਰਕੇ ਲਗਾਇਆ ਸੀ ਕਿ ਬੋਤਲਾਂ ਵਿਚੋਂ ਸ਼ਰਾਬ ਕੱਢ ਕੇ ਉਸ ਦੇ ਥਾਂ ਪਾਣੀ ਪਾਉਣ ਦੀ ਸੇਵਾ ਲਈ ਖਾਰੇ ਖੂਹ ਤੋਂ ਪਾਣੀ ਢੋਣਾ ਪੈਂਦਾ ਸੀ, ਜਦੋਂ ਨਲਕਾ ਲਾ ਲਿਆ ਫੇਰ ਤਾਂ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਗੱਲ ਬਣ ਗਈ।

ਮੈਨੂੰ ਮੇਰੇ ਪਿੰਡ ਦੇ ਮੂੰਹ ਮੱਥੇ ਨਾਲੋਂ ਵੱਧ ਏਥੋਂ ਦੇ ਬਜ਼ੁਰਗਾਂ ਦੀਆਂ ਅਚੰਭੇ ਭਰੀਆਂ ਗੱਲਾਂ ਤੇ ਆਪਣੀਆਂ ਜੀਵਨ-ਯਾਦਾਂ ਵਧੇਰੇ ਪਿਆਰੀਆਂ ਲਗਦੀਆਂ ਹਨ ਜੇਹਡ਼ੀਆਂ ਮੇਰੇ ਪਿੰਡ ਦੀ ਯਾਦ ਆਉਣ ਨਾਲ ਅੱਖਾਂ ਅੱਗੋਂ ਕਤਾਰਾਂ ਬਣ ਕੇ ਲੰਘ ਜਾਂਦੀਆਂ ਹਨ।

ਢੇਰ ਚਿਰ ਬਾਅਦ ਇਸ ਕਿਤਾਬ ਦੇ ਏਸ ਰੂਪ ਵਿਚੋਂ ਆਉਦਿਆਂ ਆਉਂਦਿਆਂ ਦੋ ਅਹਿਮ ਖ਼ਬਰਾਂ ਮਿਲੀਆਂ ਹਨ ਜੋ ਅੱਗੇ ਦਰਜ਼ ਹਨ।

 ਗਿਆਨੀ ਗੁਰਦਿੱਤ ਸਿੰਘ