ਕੋਰੋਨਾ ਦੇ ਸ਼ਿਕੰਜੇ ਵਿੱਚੋਂ ਨਿਕਲਣ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਮੋਰਚੇਬੰਦੀ ਸ਼ੁਰੂ

0
52
ਜਤਿੰਦਰ ਪਨੂੰ

ਕੋਰੋਨਾ ਵਾਇਰਸ ਦੀ ਬਿਮਾਰੀ ਰੋਕਣ ਲਈ ਲਾਏ ਲਾਕਡਾਊਨ ਤੇ ਕਰਫਿਊ ਦੀਆਂ ਪਾਬੰਦੀਆਂ ਤੋਂ ਭਾਰਤ ਥੋੜ੍ਹਾ-ਥੋੜ੍ਹਾ ਨਿਕਲਣਾ ਸ਼ੁਰੂ ਹੋ ਚੁੱਕਾ ਹੈ। ਕੁਝ ਕੰਮ ਕਰਨ ਦੀ ਖੁੱਲ੍ਹ ਮਿਲ ਗਈ ਅਤੇ ਇਨਾਂ ਦੇ ਅਸਰ ਦੀ ਉਡੀਕ ਇਸ ਲਈ ਹੋ ਰਹੀ ਹੈ ਕਿ ਕੁਝ ਹੋਰ ਕੰਮ ਇਸ ਤੋਂ ਬਾਅਦ ਚਾਲੂ ਕੀਤੇ ਜਾ ਸਕਣ। ਸਥਿਤੀ ਦਾ ਦੂਜਾ ਪੱਖ ਵੇਖਿਆਂ ਇਹ ਜਾਪਦਾ ਹੈ ਕਿ ਇਹ ਸਾਰੀ ਢਿੱਲ ਵੇਲੇ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ। ਮਾਰਚ ਵਿੱਚ ਇਹ ਪਾਬੰਦੀਆਂ ਲਾਏ ਜਾਣ ਦੇ ਵਕਤ ਤੱਕ ਭਾਰਤ ਵਿੱਚ ਇਸ ਬਿਮਾਰੀ ਦਾ ਬਹੁਤਾ ਅਸਰ ਨਹੀਂ ਸੀ ਦਿਖਾਈ ਦੇਂਦਾ। ਅੱਜ ਕੋਰੋਨਾ ਦੇ ਕੇਸਾਂ ਦੀ ਵਧੀ ਗਿਣਤੀ ਵਾਲੇ ਪੱਖ ਤੋਂ ਸੰਸਾਰ ਵਿੱਚ ਭਾਰਤ ਛੇਵੇਂ ਥਾਂ ਲਿਖਿਆ ਪਿਆ ਹੈ ਤੇ ਅਗਲੇ ਹਫਤੇ ਤੱਕ ਚੌਥੇ ਥਾਂ ਆਉਣ ਦੇ ਆਸਾਰ ਜਾਪਦੇ ਹਨ। ਮੌਤਾਂ ਦੇ ਪੱਖ ਤੋਂ ਭਾਰਤ ਇਸ ਵੇਲੇ ਗਿਆਰਵੇਂ ਥਾਂ ਹੈ, ਪਰ ਜੇ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਮੌਤਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰਿਹਾ ਤਾਂ ਭਾਰਤ ਇਸ ਪੱਖੋਂ ਵੀ ਦੂਜਿਆਂ ਨੂੰ ਪਿੱਛੇ ਛੱਡ ਸਕਦਾ ਹੈ। ਭਾਰਤੀ ਪ੍ਰੰਪਰਾ ਵਿੱਚ ਕੁਦਰਤੀ ਕਹਿਰ ਨਾਲ ਇੱਕ ਵੀ ਮੌਤ ਹੋਣ ਦਾ ਡਾਢਾ ਅਫਸੋਸ ਕੀਤਾ ਜਾਂਦਾ ਹੈ, ਹਰ ਕਿਸੇ ਦੀ ਸੁੱਖ ਮੰਗਣ ਵਾਲੀ ਏਸੇ ਰਿਵਾਇਤ ਦੇ ਮੁਤਾਬਕ ਅਸੀਂ ਸੁੱਖ ਮੰਗਾਂਗੇ ਕਿ ਮੌਤਾਂ ਦੀ ਗਿਣਤੀ ਹੋਰ ਨਾ ਵਧੇ, ਪਰ ਆਸਾਰ ਹਾਲੇ ਰੁਕਣ ਵਾਲੇ ਨਹੀਂ ਦਿੱਸਦੇ।
ਐਨ ਓਦੋਂ, ਜਦੋਂ ਦੇਸ਼ ਹਾਲੇ ਇਸ ਮਹਾਮਾਰੀ ਦੇ ਸ਼ਿਕੰਜੇ ਵਿੱਚੋਂ ਨਹੀਂ ਨਿਕਲਿਆ, ਭਾਰਤ ਦੀ ਰਾਜਨੀਤੀ ਆਪਣੇ ਚੋਣਾਂ ਲੜਨ ਦੇ ਕੁਚੱਜੇ ਸ਼ੌਕ ਵੱਲ ਤੇਜ਼ੀ ਨਾਲ ਮੋੜਾ ਕੱਟਣ ਲੱਗ ਪਈ ਹੈ। ਬਿਹਾਰ ਦੀਆਂ ਚੋਣਾਂ ਹੋਰ ਚਾਰ ਮਹੀਨਿਆਂ ਤੱਕ ਹੋਣੀਆਂ ਬਣਦੀਆਂ ਹਨ ਅਤੇ ਲੱਗਦਾ ਨਹੀਂ ਕਿ ਅੱਗੇ ਪਾਈਆਂ ਜਾਣਗੀਆਂ, ਕਿਉਂਕਿ ਲੀਡਰਾਂ ਨੂੰ ਕੋਰੋਨਾ ਨਾਲੋਂ ਚੋਣਾਂ ਵੱਧ ਖਿੱਚ ਪਾਉਂਦੀਆਂ ਹਨ ਅਤੇ ਛੇ ਮਹੀਨਿਆਂ ਨੂੰ ਅਗਲਾ ਸਾਲ ਚੜ੍ਹਦੇ ਸਾਰ ਪੱਛਮੀ ਬੰਗਾਲ, ਕੇਰਲਾ, ਤਾਮਿਲ ਨਾਡੂ, ਅਸਾਮ ਤੇ ਪਾਂਡੀਚੇਰੀ ਦੀਆਂ ਚੋਣਾਂ ਪਹਿਲੇ ਪੰਜ ਮਹੀਨਿਆਂ ਵਿੱਚ ਹੋਣੀਆਂ ਬਣਦੀਆਂ ਹਨ। ਭਲਵਾਨ ਢੋਲ ਉੱਤੇ ਸੱਟ ਪਈ ਸੁਣਨ ਦੇ ਬਾਅਦ ਅਖਾੜੇ ਵਿੱਚ ਕੁੱਦਦੇ ਹਨ। ਸਿਆਸੀ ਆਗੂ ਅਗੇਤੇ ਹੀ ਮੈਦਾਨ ਵਿੱਚ ਨਿਕਲ ਤੁਰਦੇ ਹਨ।
ਸਾਡੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਹਾਲੇ ਇੱਕੀ ਮਹੀਨੇ ਰਹਿੰਦੇ ਹਨ, ਪਰ ਏਥੇ ਵੀ ਚੋਣਾਂ ਵਾਲੀ ਚਰਚਾ ਇਸ ਹਫਤੇ ਚੱਲ ਪਈ ਹੈ। ਇਸ ਵਾਰੀ ਚਰਚਾ ਇਸ ਖਬਰ ਤੋਂ ਚੱਲੀ ਹੈ ਕਿ ਕਾਂਗਰਸ ਦੇ ਰੁੱਸੇ ਹੋਏ ਵਿਧਾਇਕ ਨਵਜੋਤ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸੰਭਾਵਨਾ ਹੈ। ਖਬਰ ਕਹਿੰਦੀ ਹੈ ਕਿ ਕੋਈ ‘ਪੀ ਕੇ’ ਨਾਂਅ ਦਾ ਬੰਦਾ ਉਸ ਦਾ ਦੂਤ ਬਣ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਤੇ ਇਸ ਬਾਰੇ ਗੱਲ ਚਲਾਈ ਹੈ। ਕੇਜਰੀਵਾਲ ਨੇ ਇਸ ਮਿਲਣੀ ਦੀ ਪੁਸ਼ਟੀ ਕੀਤੇ ਬਗੈਰ ਇਹ ਆਖ ਛੱਡਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆਵੇ ਤਾਂ ਅਸੀਂ ਸਵਾਗਤ ਕਰਾਂਗੇ, ਪਰ ਪੰਜਾਬ ਦੀ ਪਾਰਟੀ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਕੋਈ ਬੰਦਾ ਮਿਲਣ ਜ਼ਰੂਰ ਗਿਆ ਸੀ, ਕੇਜਰੀਵਾਲ ਨੇ ਹੁੰਗਾਰਾ ਭਰਨ ਦੀ ਥਾਂ ਪੰਜਾਬ ਦੀ ਲੀਡਰਸ਼ਿਪ ਨੂੰ ਮਿਲਣ ਲਈ ਕਹਿ ਕੇ ਤੋਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਆਪ ਅਜੇ ਇਸ ਬਾਰੇ ਬੋਲਿਆ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਸਾਡਾ ਹੈ, ਸਾਡੇ ਨਾਲ ਹੀ ਰਹੇਗਾ। ਫਿਰ ਵੀ ਇਹ ਚਰਚਾ ਰੁਕਦੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿੱਚ ਜਾਵੇਗਾ ਕਿ ਕਾਂਗਰਸ ਵਿੱਚ ਰਹੇਗਾ। ਇੱਕ ਖਬਰ ਵਿੱਚ ਇਹ ਵੀ ਕਿਸੇ ਪਾਸੇ ਤੋਂ ਚੱਲੀ ਹੈ ਕਿ ਸਿੱਧੂ ਨੇ ਕਾਂਗਰਸ ਦੇ ਨਾਲ ਰਹਿਣਾ ਨਹੀਂ, ਆਮ ਆਦਮੀ ਪਾਰਟੀ ਵੱਲ ਵੀ ਜਾਣਾ ਨਹੀਂ, ਸਗੋਂ ਉਹ ਭਾਜਪਾ ਨਾਲ ਪੁਰਾਣੀ ਸਾਂਝ ਦੀਆਂ ਕੜੀਆਂ ਜੋੜਨ ਲੱਗਾ ਹੇ ਤੇ ਓਧਰ ਜਾ ਸਕਦਾ ਹੈ। ਸ਼ਾਇਦ ਇਹ ਵੱਡੀ ਗੱਪ ਮਾਰੀ ਗਈ ਹੈ।
ਜਿਵੇਂ ਅਸੀਂ ਦੱਸਿਆ ਹੈ ਕਿ ਚਰਚਾ ਵਿੱਚ ਕਿਸੇ ‘ਪੀ ਕੇ’ ਦਾ ਨਾਂਅ ਵੱਜ ਰਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਿਆ ਸੀ, ਇਸ ਕਾਰਨ ਫਿਰ ‘ਪੀ ਕੇ’ ਬਾਰੇ ਵੀ ਕੁਝ ਚਰਚਾ ਚੱਲ ਪਈ ਹੈ। ਉਸ ਦੇ ਪਿਛੋਕੜ ਵਿੱਚ ਕਿਸੇ ਦੀ ਦਿਲਚਸਪੀ ਨਹੀਂ, ਪਰ ਇਹ ਗੱਲ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਨੇ ਜਦੋਂ ਦਿੱਲੀ ਵਾਲੀ ਵੱਡੀ ਕੁਰਸੀ ਵੱਲ ਦੌੜ ਲਾਉਣੀ ਸੀ, ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰਚਾਰ ਮੁਹਿੰਮ ਇੱਕ ਪ੍ਰਸ਼ਾਂਤ ਕਿਸ਼ੋਰ ਨੂੰ ਸੌਂਪੀ ਗਈ ਸੀ, ਜਿਸ ਨੂੰ ਨਾਂਅ ਦੇ ਮੁੱਢਲੇ ਅੱਖਰਾਂ ਮੁਤਾਬਕ ‘ਪੀ ਕੇ’ ਕਿਹਾ ਜਾਂਦਾ ਹੈ। ਅਗਲੇ ਮੌਕਿਆਂ ਉੱਤੇ ਉਹ ਬਿਹਾਰ ਦੇ ਨਿਤੀਸ਼ ਕੁਮਾਰ ਲਈ ਵੀ ਕਿਰਾਏ ਦਾ ਕਾਰਿੰਦਾ ਬਣਿਆ ਸੀ, ਪੰਜਾਬ ਵਿੱਚ ਕਾਂਗਰਸ ਲਈ ਵੀ ਉਸ ਨੇ ਤਿੰਨ ਸਾਲ ਪਹਿਲਾਂ ਕੰਮ ਕੀਤਾ ਸੀ ਤੇ ਹਾਲੇ ਚਾਰ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਚੋਣ ਮੁਹਿੰਮ ਦੀ ਕਮਾਨ ਵੀ ਸੰਭਾਲ ਚੁੱਕਾ ਹੈ। ਜਿੱਤਣ ਵਾਲੀ ਧਿਰ ਦਾ ਅਗੇਤਾ ਅੰਦਾਜ਼ਾ ਲਾ ਕੇ ਉਸ ਨਾਲ ਜੁੜਨ ਦਾ ਮਾਹਰ ‘ਪੀ ਕੇ’ ਕਦੋਂ ਕਿਸੇ ਨਾਲ ਜੁੜ ਸਕਦਾ ਤੇ ਕਿਸ ਨੂੰ ਛੱਡ ਸਕਦਾ ਹੈ, ਕਿਸੇ ਨੂੰ ਪਤਾ ਨਹੀਂ। ਅਰਵਿੰਦ ਕੇਜਰੀਵਾਲ ਦੇ ਨਾਲ ਉਸ ਦੇ ਸਿੱਧੇ ਸੰਬੰਧ ਹੋਣ ਕਰ ਕੇ ਇਹ ਗੱਲ ਲੋਕਾਂ ਵਿੱਚ ਚਲੀ ਗਈ ਕਿ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ ਲਈ ਉਹੀ ਕੇਜਰੀਵਾਲ ਨੂੰ ਮਿਲਣ ਗਿਆ ਹੋਵੇਗਾ, ਪਰ ਇਸ ਚੱਕਰ ਵਿੱਚ ਇਸ ਵਾਰੀ ਇੱਕ ਹੋਰ ‘ਪੀ ਕੇ’ ਦਾ ਨਾਂਅ ਵੱਜਦਾ ਸੁਣਨ ਨੂੰ ਮਿਲਿਆ ਹੈ। ਇਹ ਦੂਸਰਾ ‘ਪੀ ਕੇ’ ਕੋਈ ਗੈਰ-ਸਿਆਸੀ ਬੰਦਾ ਦੱਸਿਆ ਜਾਂਦਾ ਹੈ। ਰਾਜੀਵ ਗਾਂਧੀ ਦੇ ਵਕਤ ਤੋਂ ਕਈ ਵਾਰੀ ਪੱਤਰਕਾਰ ਅਤੇ ਗੈਰ-ਸਿਆਸੀ ਲੋਕ ਜਾਂ ਸਾਧ-ਸੰਤ ਇਹੋ ਜਿਹੇ ਵਕਤ ਰਾਜਨੀਤੀ ਵਿੱਚ ਦਖਲ ਦੇਂਦੇ ਤੇ ਏਦਾਂ ਸਿਆਸੀ ਸਮਝੌਤਾ ਕਰਵਾ ਕੇ ਆਪਣਾ ਹਲਵਾ-ਮੰਡਾ ਕਰਦੇ ਰਹੇ ਹਨ। ਇਸ ਵਾਰੀ ਇਹ ਨਵਾਂ ‘ਪੀ ਕੇ’ ਪੰਜਾਬ ਦੀ ਸਿਆਸਤ ਵਿੱਚ ਲੱਤ ਅੜਾਉਂਦਾ ਸੁਣਿਆ ਜਾ ਰਿਹਾ ਹੈ। ਉਹ ਹੈ ਕੌਣ ਅਤੇ ਕਿਸ ਦੇ ਕਹਿਣ ਉੱਤੇ ਏਦਾਂ ਦਾ ਬੀੜਾ ਚੁੱਕ ਤੁਰਿਆ ਹੈ, ਇਹ ਤਾਂ ਪਤਾ ਨਹੀਂ, ਪਰ ਉਸ ਦੀ ਸਰਗਰਮੀ ਨੇ ਪੰਜਾਬ ਦੀਆਂ ਚੋਣਾਂ ਲਈ ਚੱਕਾ ਵਾਹਵਾ ਅਗੇਤਾ ਗੇੜ ਦਿੱਤਾ ਹੈ।
ਜਦੋਂ ਹਾਲੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕੀ ਮਹੀਨੇ ਬਾਕੀ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹਨ ਤੇ ਅਗਵਾਈ ਕਰਨਗੇ। ਇਹੀ ਨਹੀਂ, ਅਗਲੀ ਗੱਲ ਇਹ ਕਿ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਬਿਨਾਂ ਸ਼ੱਕ ਪ੍ਰਸ਼ਾਂਤ ਕਿਸ਼ੋਰ, ਪੀ ਕੇ, ਨਾਲ ਖੁਸ਼ ਨਹੀਂ ਦੱਸੀ ਜਾਂਦੀ, ਕੈਪਟਨ ਅਮਰਿੰਦਰ ਸਿੰਘ ਨੇ ਅਗਲੀਆਂ ਚੋਣਾਂ ਵਾਸਤੇ ਫਿਰ ਉਸ ਦੀ ਸੇਵਾਵਾਂ ਲੈਣ ਦਾ ਵੀ ਇਸ਼ਾਰਾ ਕਰ ਦਿੱਤਾ ਹੈ। ਇਸ ਤੋਂ ਕਈ ਲੋਕ ਇਹ ਸੋਚ ਰਹੇ ਹਨ ਕਿ ‘ਪੀ ਕੇ’ ਦੋਵੀਂ ਹੱਥੂ ਲੱਡੂ ਫੜੀ ਬੈਠਾ ਹੈ, ਚੋਣਾਂ ਨੇੜੇ ਜਾ ਕੇ ਵੇਖੇਗਾ, ਜੇ ਕਾਂਗਰਸ ਦੇ ਤਿਲਾਂ ਵਿੱਚ ਤੇਲ ਦਿੱਸ ਪਿਆ ਤਾਂ ਇਸ ਨਾਲ ਜੁੜਨ ਦਾ ਰਾਹ ਖੁੱਲ੍ਹਾ ਹੈ ਤੇ ਜੇ ਏਧਰ ਗੱਲ ਨਾ ਬਣੀ ਤਾਂ ਆਮ ਆਦਮੀ ਪਾਰਟੀ ਨਾਲ ਕੁੰਡੀ ਪਾਈ ਹੋਈ ਹੈ। ਅੰਦਰੋਂ ਉਸ ਦੇ ਭਾਜਪਾ ਨਾਲ ਪੁਰਾਣੀ ਤਾਰ ਦੋਬਾਰਾ ਜੋੜਨ ਦੇ ਵੀ ਚਰਚੇ ਹਨ, ਪਰ ਉਹ ਖੁਦ ਕੁਝ ਨਹੀਂ ਬੋਲਦਾ, ਇਸ ਲਈ ਹਰ ਕਿਸੇ ਨੂੰ ਅੰਦਾਜ਼ੇ ਲਾਉਣ ਦੀ ਖੁੱਲ੍ਹ ਹੈ। ਕਾਂਗਰਸ ਦੇ ਅੰਦਰਲਾ ਇੱਕ ਬਾਗੀ ਗਰੁੱਪ ਇਸ ਵਕਤ ਹਾਈ ਕਮਾਨ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਕੋਈ ਝਟਕਾ ਦੇਣ ਲਈ ਵੀ ਸਰਗਰਮ ਹੋਇਆ ਪਿਆ ਹੈ।
ਦੂਸਰੇ ਪਾਸੇ ਅਕਾਲੀ ਦਲ ਇਸ ਲਈ ਕੁਝ ਮੁਸ਼ਕਲ ਵਿੱਚ ਹੈ ਕਿ ਕੇਂਦਰ ਸਰਕਾਰ ਦੀ ਇੱਕ ਵਜ਼ੀਰੀ ਦੇ ਲਿਹਾਜ਼ ਕਾਰਨ ਉਹ ਬੋਲਣ ਜੋਗੇ ਨਹੀਂ ਤੇ ਕੇਂਦਰ ਸਰਕਾਰ ਪੰਜਾਬ ਤੇ ਅਕਾਲੀਆਂ ਦਾ ਆਧਾਰ ਗਿਣੇ ਜਾਂਦੇ ਕਿਸਾਨ ਭਾਈਚਾਰੇ ਦੇ ਖਿਲਾਫ ਇੱਕ ਪਿੱਛੋਂ ਦੂਸਰਾ ਕਦਮ ਚੁੱਕੀ ਜਾਂਦੀ ਹੈ। ਪਿਛਲੇ ਦਿਨੀਂ ਜਿਹੜਾ ਫੈਸਲਾ ਹਰ ਰਾਜ ਦੀ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਖੁੱਲ੍ਹ ਦੇਣ ਵਾਲਾ ਕਿਹਾ ਗਿਆ ਸੀ, ਉਸ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਚੋਖੀ ਨਾਰਾਜ਼ਗੀ ਹੈ, ਕਿਉਂਕਿ ਕਿਸਾਨ ਕਿਸੇ ਹੋਰ ਰਾਜ ਵਿੱਚ ਜਾ ਕੇ ਫਸਲ ਵੇਚਣ ਜੋਗੇ ਕਦੇ ਹੁੰਦੇ ਨਹੀਂ ਤੇ ਮੰਡੀਆਂ ਵਾਲਾ ਅਜੋਕਾ ਪ੍ਰਬੰਧ ਵੀ ਉਨ੍ਹਾਂ ਦੀ ਪਹੁੰਚ ਤੋਂ ਨਿਕਲ ਸਕਦਾ ਹੈ। ਸਭ ਕਿਸਾਨ ਜਥੇਬੰਦੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਇਸ ਵਿਰੋਧ ਨੂੰ ਵੇਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੀਡੀਆ ਸਾਹਮਣੇ ਜਾ ਕੇ ਇਹ ਗੱਲ ਕਹਿਣੀ ਪਈ ਹੈ ਕਿ ਉਹ ਕਿਸਾਨ-ਹਿੱਤਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਹ ਪਹਿਲਾਂ ਚਾਰ ਦਿਨ ਤੱਕ ਬੋਲੇ ਨਹੀਂ ਸਨ ਤੇ ਹਰ ਪਾਸੇ ਅਕਾਲੀ ਦਲ ਦੀ ਨੁਕਤਾਚੀਨੀ ਹੁੰਦੀ ਵੇਖਣ ਦੇ ਬਾਅਦ ਕੁਰਬਾਨੀਆਂ ਦੀ ਕਹਾਣੀ ਇਸ ਲਈ ਪਾਉਣੀ ਪਈ ਹੈ ਕਿ ਆਮ ਲੋਕਾਂ ਵਿੱਚ ਜਾਣਾ ਔਖਾ ਮਹਿਸੂਸ ਜਾਪਦਾ ਸੀ। ਫਿਰ ਵੀ ਉਹ ਅਜੋਕੇ ਹਾਲਾਤ ਨੂੰ ਚੰਗੀ ਤਰ੍ਹਾਂ ਵੇਖਦੇ ਹੋਏ ਭਾਜਪਾ ਦੇ ਆਸਰੇ ਬਿਨਾਂ ਖੁਦ ਕਿਸੇ ਚੋਣ ਵਿੱਚ ਕੁੱਦਣ ਜੋਗੇ ਨਾ ਹੋਣ ਕਰ ਕੇ ਏਥੇ ਬਿਆਨ ਜਿਹੋ ਜਿਹੇ ਵੀ ਦੇ ਲੈਣ, ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਕਿਸੇ ਫੈਸਲੇ ਦਾ ਸਿੱਧਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰ ਸਕਦੇ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਜਦੋਂ ਸਵੇਰੇ ਉੱਠ ਕੇ ਰੋਜ਼ ਇਹ ਖਬਰਾਂ ਧਿਆਨ ਨਾਲ ਪੜ੍ਹਦੇ ਹਨ ਕਿ ਦੇਸ਼ ਵਿੱਚ ਕੇਸ ਕਿੰਨੇ ਕੁ ਹੋਰ ਵਧ ਗਏ ਹਨ ਤੇ ਮੌਤਾਂ ਕਿੱਥੇ ਕਿੰਨੀਆਂ ਹੋਰ ਹੋਈਆਂ ਹਨ, ਸਿਆਸੀ ਆਗੂ ਇੱਕੀ ਮਹੀਨੇ ਦੂਰ ਦੀਆਂ ਚੋਣਾਂ ਬਾਰੇ ਕਮਰਕੱਸੇ ਕਰੀ ਫਿਰਦੇ ਹਨ। ਸਿਆਸਤ ਦੇ ਅਸਲੀ ਜੀਨ ਦਾ ਪਤਾ ਏਥੋਂ ਹੀ ਲੱਗਦਾ ਹੈ। ਇਹ ਵਕਤ ਅਜੇ ਭਾਰਤ ਤੇ ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਦਾ ਹੈ। ਲੀਡਰਾਂ ਨੂੰ ਇਸ ਵੇਲੇ ਵੀ ਚੋਣਾਂ ਦੀ ਕਾਹਲੀ ਪਈ ਹੈ।

ਜਤਿੰਦਰ ਪਨੂੰ