ਰਹੇ ਲੜਾਈ – ਪਰਸ਼ੋਤਮ ਲਾਲ ਸਰੋਏ

0
1344

ਮੁੰਡਾ:   ਤੇਰੇ ਘਰ ਕਿਉਂ ਰਹੇ ਲੜਾਈ
ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:   ਮੇਰੇ ਨਰਮ ਸੁਭਾਅ ਦੇ ਬਾਪੂ ਨੇ,
ਬੇਬੇ ਗਰਮ ਲਿਆ ਕੇ ਧਰ ਤੀ।

ਮੁੰਡਾ: ਪਹਿਲੀ ਬੇਬੇ ਨੂੰ ਕੀ ਸੀ ਗਿਆ,
ਬਾਪੂ ਇਹ ਕਾਰਾ ਕੀਤਾ,
ਪੁਰਾਣੀ ਬੇਬੇ ਦਾ ਦੱਸ ਦੇ ਕੁੜੀਏ,
ਮੂੰਹ ਕਿਉਂ ਰਹਿ ਗਿਆ ਸੀਤਾ।
ਕਿਸ ਭੜੂਏ ਨੇ ਬਾਪ ਤੇਰੇ ਨਾਲ,
ਗੱਲ ਅਣਹੋਣੀ ਕਰਤੀ।
ਤੇਰੇ ਘਰ ਕਿਉਂ ਰਹੇ ਲੜਾਈ,
ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:   ਚੁਗ਼ਲੀ ਕਿਸੇ ਨੇ ਕੀ ਹੈ ਕਰਨੀ,
ਨਵੀਂ ਬੇਬੇ ਪਾਏ ਪੁਆੜੇ,
ਹਰ ਵੇਲੇ ਉਹ ਲੜਨ ਨੂੰ ਪੈਂਦੀ
ਕਰਮ ਹੋਏ ਸਾਡੇ ਮਾੜੇ।
ਜਦੋਂ ਕਦੇ ਉਹ ਗਰਮ ਹੈ ਹੁੰਦੀ,
ਹਿੱਲਣ ਲੱਗਦੀ ਧਰਤੀ।
ਮੇਰੇ ਨਰਮ ਸੁਭਾਅ ਦੇ ਬਾਪੂ ਨੇ,
ਬੇਬੇ ਗਰਮ ਲਿਆ ਕੇ ਧਰ ਤੀ।

ਮੁੰਡਾ:    ਬਾਪੂ ਤੇਰੇ ਨੂੰ ਕੀ ਸੀ ਹੋ ਗਿਆ,
ਮੱਤ ਗਈ ਕਿਉਂ ਮਾਰੀ,
ਬੇਬੇ ਤੇਰੀ ਤਾਈਂ ਛੱਡ,
ਕਿਉਂ ਨਵੀਂ ਲਿਆਂਦੀ ਲਾੜੀ।
ਬਰਫ਼ ਵਾਲੇ ਇਸ ਕਾਰਖ਼ਾਨੇ ਵਿੱਚ,
ਕਿਉਂ ਗਰਮ  ਅੰਗੀਠੀ ਧਰ ਤੀ।
ਤੇਰੇ ਘਰ ਕਿਉਂ ਰਹੇ ਲੜਾਈ
ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:    ਆਪਣੇ ਬਣੇ ਸ਼ਰੀਕ ਜਦੋਂ,
ਬਾਪੂ ਦੀ ਮੱਤ ਗਈ ਮਾਰੀ,
ਹੱਥੇ  ਉਨ੍ਹਾਂ ਦੇ ਜਦੋਂ ਚੜ ਗਿਆ,
ਘਰ ‘ਤੇ ਪੈ ਗਈ ਭਾਰੀ।
ਬੇਬੇ-ਬਾਪੂ ਨੂੰਂ ਅੱਡ ਕਰਨ ਲਈ,
ਕੋਈ ਚੀਜ਼ ਉਹਦੇ ਸਿਰ ਮੜ੍ਹ  ਤੀ।
ਮੇਰੇ ਨਰਮ ਸੁਭਾਅ ਦੇ ਬਾਪੂ ਨੇ,
ਬੇਬੇ ਗਰਮ ਲਿਆ ਕੇ ਧਰ ਤੀ।

ਮੁੰਡਾ:    ਮੰਗੋ ਰੱਬ ਤੋਂ ਸ਼ਾਂਤੀ ਰੱਖੇ,
ਉਹਦੇ ਲਈ ਕਰੋ ਅਰਦਾਸ।
ਜਦੋਂ ਕਦੇ ਉਹ ਗਰਮ ਹੈ ਹੁੰਦੀ,
ਕੋਈ  ਨਾ ਜਾਵੋ ਪਾਸ।
ਨੀਂਦ ਦੀ ਗੋਲੀ ਦੇ ਕੇ ਦੇਖੋ,
ਸਕੀਮ ਕਦੇ ਇਹ ਵਰਤੀ!
ਤੇਰੇ ਘਰ ਕਿਉਂ ਰਹੇ ਲੜਾਈ
ਦੱਸ ਕਿਸ ਨੇ ਚੁਗ਼ਲੀ ਕਰ ਤੀ।

ਕੁੜੀ:    ਪਰਸ਼ੋਤਮ ਉਹਨੂੰ ਸਮਝਾਉਣ ਆਇਆ,
ਉਹ ਨੂੰ ਵੀ ਉਲਟਾ ਪੈ ਗਈ,
ਸਰੋਏ ਜਿਹੜੀ ਗੱਲ ਸੀ ਕੀਤੀ,
ਮੂੰਹ ਦੇ ਵਿੱਚ ਹੀ ਰਹਿ ਗਈ।
ਅੰਗਰੇਜ਼ੀ ਵਿਚ ਵੀ ਬੁੜ-ਬੁੜ ਕਰਦੀ
ਹਿੰਦੀ ਬੋਲੇ, ਕਹੇ ‘ਨਹੀਂ ਡਰਤੀ।’
ਮੇਰੇ ਨਰਮ ਸੁਭਾਅ ਦੇ ਬਾਪੂ ਨੇ,
ਬੇਬੇ ਗਰਮ ਲਿਆ ਕੇ ਧਰ ਤੀ।