ਬਾਬੂ ਫ਼ਿਰੋਜਦੀਨ ਸ਼ਾਹ

0
1865

ਬਾਬੂ ਫ਼ਿਰੋਜਦੀਨ ਸ਼ਾਹ ਸ਼ਰਫ ਦਾ ਜਨਮ ਪਿੰਡ ਤੋਲਾ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਮੀਆਂ ਵੀਰੂ ਖਾਂ ਦੇ ਘਰ 1898 ਈ. ਨੂੰ ਹੋਇਆ। ਇਨ੍ਹਾਂ ਨੇ ਮਾਮੂਲੀ ਸਿਖਿਆ ਪ੍ਰਾਪਤ ਕੀਤੀ ਪਰ 15 ਵਰ੍ਹੇ ਦੀ ਆਯੂ ਤੋਂ ਹੀ ਕਵਿਤਾ ਉਚਾਰਨ ਲੱਗ ਪਏ। ਆਪ ਉਸਤਾਦ ਹਮਦਮ ਦੇ ਸ਼ਾਗਿਰਦ ਬਣੇ ਤੇ ਆਪਣੀ ਪ੍ਰਤਿਭਾ ਕਾਰਨ ਛੇਤੀ ਹੀ ਪੰਜਾਬੀ ਦੇ ਚੌਣਵੇਂ ਕਵੀਆਂ ਵਿਚ ਗਿਣੇ ਜਾਣ ਲੱਗ ਪਏ। 1947 ਈ. ਵਿਚ ਦੇਸ਼ ਦੀ ਵੰਡ ਉਪਰੰਤ ਲਾਹੌਰ (ਪਾਕਿਸਤਾਨ) ਜਾ ਵਸੇ।

ਰਚਨਾਵਾਂ  ਸੁਨਹਿਰੀ ਕਲੀਆਂ, ਨੂਰਾਨੀ ਕਿਰਨਾਂ, ਸ਼ਰਫ਼ ਨਿਸ਼ਾਨੀ, ਦੁੱਖਾਂ ਦੇ ਕੀਰਨੇ, ਲਾਲਾਂ ਦੀਆਂ ਲਡ਼ੀਆਂ, ਨੂਰੀ ਦਰਸ਼ਨ, ਸ਼ਰਧਾ ਦੇ ਫੁੱਲ, ਸ਼ਰਫ਼ ਦੇ ਗੀਤ, ਪ੍ਰੇਮ ਹੁਲਾਰੇ, ਦਿਲ ਦੇ ਟੁਕਡ਼ੇ, ਜੋਗਨ।

ਇਨ੍ਹਾਂ ਵਿਚੋਂ ਵਧੇਰੇ ਪ੍ਰਸਿੱਧਤਾ “ਸੁਨਹਿਰੀ ਕਲੀਆਂ, ਨੂਰੀ ਦਰਸ਼ਨ ਅਤੇ ਜੋਗਨ” ਨੂੰ ਪ੍ਰਾਪਤ ਹੋਈ ਹੈ। ਕਵਿਤਾ ਅਤੇ ਗੀਤਾਂ ਦੇ ਖੇਤਰ ਵਿਚ ਸ਼ਰਫ਼ ਨੂੰ ਬਹੁਤ ਮਾਨ ਮਿਲਿਆ ਹੈ। ਮਨਮੋਹਕ ਤੇ ਰਸੀਲੀ ਲੈ ਕਰਕੇ ਉਨ੍ਹਾਂ ਨੂੰ “ਪੰਜਾਬੀ ਬੁਲਬੁਲ” ਆਖਿਆ ਜਾਂਦਾ ਹੈ। ਭਾਵੇਂ ਉਨ੍ਹਾਂ ਨੇ ਆਪਣੀ ਕਵਿਤਾ ਤੇ ਗੀਤ ਬੈਂਤਾਂ, ਕਬਿਤਾਂ, ਦੋਹਿਰੇ, ਕੌਰਡ਼ੇ ਛੰਦ ਵਿਚ ਰਚੇ ਪਰ ਬੈਂਤ ਵਿਚ ਉਨ੍ਹਾਂ ਨੂੰ ਖਾਸ ਤੌਰ ਤੇ ਉਸਤਾਦ ਮੰਨਿਆ ਜਾਂਦਾ ਸੀ। ਕਵੀ ਦਰਬਾਰਾਂ ਵਿਚ ਸ਼ਰਫ਼ ਅਤੇ ਪ੍ਰੋ. ਮੋਹਨ ਸਿੰਘ ਦਾ ਬੈਂਤ ਲਿਖਣ ਵਿਚ ਮੁਕਾਬਲਾ ਹੋਇਆ ਕਰਦਾ ਸੀ। ਉਨ੍ਹਾਂ ਨੇ ਇਕ ਸੱਚੇ ਪੰਜਾਬੀ ਵਾਂਗ ਹਰ ਰਾਜਸੀ ਲਹਿਰ ਵਿਚ ਆਪਣੀ ਸਾਹਿਤਕ ਸੇਵਾ ਰਾਹੀਂ ਹਿੱਸਾ ਪਾਇਆ। ਅਕਾਲੀ ਲਹਿਰ, ਨਾ-ਮਿਲਵਰਤਨ ਲਹਿਰ ਅਤੇ ਖ਼ਿਲਾਵਤ ਲਹਿਰ ਦੇ ਸਬੰਧ ਵਿਚ ਕੀਤੇ ਜਾਂਦੇ ਕਵੀ ਦਰਬਾਰਾਂ ਵਿਚ ਉਹ ਵਧ ਚਡ਼੍ਹ ਕੇ ਭਾਗ ਲੈਂਦੇ ਸਨ। ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਵੱਡਮੁੱਲੀ ਦੇਣ ਕਰਕੇ ਪੈਪਸੂ ਸਰਕਾਰ ਨੇ 1953 ਵਿਚ ਆਪ ਨੂੰ ਸਨਮਾਨਿਆ। ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਨੇ ਇਨ੍ਹਾਂ ਦੀ ਪੁਸਤਕ “ਸੁਨਿਹਰੀ ਕਲੀਆਂ” ਤੇ ਇਨ੍ਹਾਂ ਨੂੰ 750 ਰੁ. ਦਾ ਇਨਾਮ ਦਿੱਤਾ।

ਇਨ੍ਹਾਂ ਦੀ ਕਵਿਤਾ ਵਿਚ ਖ਼ਿਆਲ ਦੀ ਉਡਾਰੀ, ਕਲਪਨਾ ਦਾ ਚਮਤਕਾਰ, ਅਲੰਕਾਰਾਂ ਦੀ ਸੁਚੱਜੀ ਜਡ਼ਤ ਦੇ ਨਾਲ ਨਾਲ ਕਲਾ ਦੀ ਪਕਿਆਈ ਵੀ ਵੇਖਣ ਵਿਚ ਆਉਂਦੀ ਹੈ। ਉਨ੍ਹਾਂ ਦੇ ਗੀਤਾਂ ਵਿਚ ਰਸ, ਲੋਚ ਤੇ ਨਜ਼ਾਕਤ ਹੁੰਦੀ ਹੈ। ਉਨ੍ਹਾਂ ਦੀ ਭਾਸ਼ਾ ਸਰਲ, ਮੁਹਾਵਰੇਦਾਰ ਤੇ ਠੇਠ ਹੁੰਦੀ ਹੈ ਜਿਸ ਵਿਚੋਂ ਪੰਜਾਬੀਪੁਣਾ ਡੁਲ੍ਹ ਡੁਲ੍ਹ ਪੈਂਦਾ ਹੈ। ਉਨ੍ਹਾਂ ਦੀ ਪੰਜਾਬੀ ਨੂੰ ਵਿਸ਼ੇਸ਼ ਦੇਣ ਕਾਵਿਤ ਨਜ਼ਾਕਤ ਤੇ ਲਚਕ ਹੈ।

ਆਪ ਦਾ ਦੇਹਾਂਤ 13 ਮਾਰਚ 1955 ਈ. ਨੂੰ ਲਾਹੌਰ ਵਿਚ ਹੋਇਆ।

ਬਾਬੂ ਫ਼ਿਰੋਜਦੀਨ ਸ਼ਾਹ

(1898-1955)