ਸੰਸਾਰ ਦੇ ਸਿਰ ਪਈ ਮਹਾਮਾਰੀ ਦੇ ਮੁਕਾਬਲੇ ਲਈ ਸਹਿਯੋਗ ਸਾਰੇ ਲੋਕਾਂ ਨੂੰ ਕਰਨਾ ਪਵੇਗਾ

0
134
ਜਤਿੰਦਰ ਪਨੂੰ

ਅਜੋਕਾ ਸਾਲ ਚੜ੍ਹਦੇ ਸਾਰ ਜਿਹੜੀ ਬਿਮਾਰੀ ਨੂੰ ਚੀਨ ਦੇ ਸਿਰ ਪਈ ਮੁਸੀਬਤ ਸਮਝ ਕੇ ਦੁਨੀਆ ਦੇ ਕਈ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਤੋਂ ਵਪਾਰਕ ਜਾਂ ਡਿਪਲੋਮੈਟਿਕ ਲਾਭ ਲੈਣ ਦਾ ਯਤਨ ਕੀਤਾ ਸੀ, ਆਖਰ ਨੂੰ ਇਹ ਔਕੜ ਉਨ੍ਹਾਂ ਦੇ ਆਪਣੇ ਘਰਾਂ ਤੱਕ ਜਾ ਪਹੁੰਚੀ। ਦੁਨੀਆ ਦੇ ਗਿਣੇ-ਚੁਣੇ ਦੇਸ਼ ਇਸ ਮੁਸੀਬਤ ਤੋਂ ਅਜੇ ਤੱਕ ਬਚੇ ਹੋਏ ਮੰਨੇ ਜਾ ਸਕਦੇ ਹਨ, ਬਾਕੀ ਸਭ ਦੇਸ਼ਾਂ ਵਿੱਚ ਇਸ ਦੀ ਮਾਰ ਜਾਂ ਲਾਗ ਜਾ ਚੁੱਕੀ ਹੋਣ ਕਾਰਨ ਇਹ ਦੱਸ ਸਕਣਾ ਕਿਸੇ ਵੀ ਮਾਹਰ ਲਈ ਔਖਾ ਹੈ ਕਿ ਮੁਸੀਬਤ ਮੁੱਕਣ ਵਿੱਚ ਐਨਾ ਕੁ ਸਮਾਂ ਲਾਵੇਗੀ। ਹਕੀਕਤ ਇਹ ਹੈ ਕਿ ਕੋਈ ਮਾਹਰ ਇਹ ਗੱਲ ਕਹਿਣ ਵਾਲਾ ਵੀ ਨਹੀਂ ਲੱਭਦਾ ਕਿ ਇਹ ਬਿਮਾਰੀ ਆਖਰ ਨੂੰ ਕਾਬੂ ਆ ਹੀ ਜਾਵੇਗੀ, ਇਸ ਦੀ ਇਸ ਦੇ ਮਾਰ ਵਧਣ ਜਾਂ ਸਮੱਸਿਆ ਦੇ ਲਟਕਦੇ ਜਾਣ ਦੇ ਕਿਆਫੇ ਹੀ ਸੁਣਨ ਨੰ ਮਿਲਦੇ ਹਨ। ਹਾਹਾਕਾਰ ਮਚਾਉਣ ਵਾਲੀ ਇਸ ਬਿਮਾਰੀ ਨਾਲ ਮੌਤਾਂ ਦੀ ਸਿਰਫ ਦਿਨੋ-ਦਿਨ ਗਿਣਤੀ ਹੀ ਨਹੀਂ ਵਧਦੀ, ਹਰ ਨਵੇਂ ਦਿਨ ਇਸ ਨਾਲ ਮੌਤਾਂ ਤੇ ਕੇਸਾਂ ਦੇ ਵਧਣ ਦੀ ਰਫਤਾਰ ਵੀ ਵਧੀ ਜਾਂਦੀ ਹੈ। ਸੰਸਾਰ ਦੀ ਮਹਾਂਸ਼ਕਤੀ ਕਿਹਾ ਜਾਂਦਾ ਅਮਰੀਕਾ ਇਸ ਦੀ ਮਾਰ ਹੇਠ ਬੇਸ਼ੱਕ ਹੋਰਨਾਂ ਤੋਂ ਪਿੱਛੋਂ ਆਇਆ, ਪਰ ਜਦੋਂ ਓਥੇ ਇਸ ਦੀ ਮਾਰ ਪਈ ਤਾਂ ਏਨੀ ਤੇਜ਼ੀ ਨਾਲ ਵਧੀ ਹੈ ਕਿ ਉਸ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।
ਅਸੀਂ ਸਿਹਤ ਦੇ ਮਾਮਲਿਆਂ ਦੇ ਜਾਣਕਾਰ ਨਹੀਂ ਅਤੇ ਏਸੇ ਲਈ ਇਸ ਬਿਮਾਰੀ ਦੇ ਕਾਰਨਾਂ ਅਤੇ ਇਲਾਜ ਵਰਗੇ ਵੱਡੇ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ, ਸਗੋਂ ਇਸ ਦੀ ਥਾਂ ਇਸ ਗੱਲ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੰਸਾਰ ਦੇ ਕਈ ਦੇਸ਼ ਅਜੇ ਤੱਕ ਵੀ ਇਸ ਤੋਂ ਅਵੇਸਲੇ ਜਾਪਦੇ ਹਨ। ਪਿਛਲੇ ਸਾਰੇ ਸਮੇਂ ਦੌਰਾਨ ਇਹ ਵਾਪਰਦਾ ਰਿਹਾ ਹੈ ਕਿ ਜਦੋਂ ਵੀ ਕੋਈ ਮਹਾਮਾਰੀ ਚੱਲੀ, ਉਸ ਦੀ ਮਾਰ ਇੱਕ ਹੱਦ ਤੱਕ ਸੀਮਤ ਰਹਿੰਦੀ ਸੀ, ਅੱਜ ਤੱਕ ਕਿਸੇ ਇੱਕ ਵੀ ਰੋਗ ਦੀ ਮਾਰ ਇਸ ਤਰ੍ਹਾਂ ਸਾਰੇ ਸੰਸਾਰ ਵਿੱਚ ਨਹੀਂ ਸੀ ਹੋਈ। ਕਿਉਂਕਿ ਸੰਸਾਰ ਨੂੰ ਏਦਾਂ ਦੀ ਖਿਲਾਰੇ ਵਾਲੀ ਮੁਸ਼ਕਲ ਨਾਲ ਪਹਿਲੀ ਵਾਰ ਮੱਥਾ ਲਾਉਣਾ ਪਿਆ ਹੈ, ਇਸ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਵੀ ਚੱਲਣਾ ਪੈਣਾ ਹੈ। ਮੁਸ਼ਕਲ ਦਾ ਮੁਕਾਬਲਾ ਕਰਨ ਦੇ ਰਾਹ ਦੀ ਵੱਡੀ ਮੁਸ਼ਕਲ ਇਹੀ ਹੈ ਕਿ ਇਸ ਦੇ ਟਾਕਰੇ ਲਈ ਅਜੇ ਵੀ ਸਮੁੱਚੇ ਸੰਸਾਰ ਦੇ ਦੇਸ਼ਾਂ ਦੀ ਇੱਕਸੁਰਤਾ ਨਹੀਂ ਦਿਖਾਈ ਦੇ ਰਹੀ। ਲੋੜੀਂਦੀ ਇੱਕਸੁਰਤਾ ਵੇਲੇ ਸਿਰ ਬਣ ਜਾਂਦੀ ਤਾਂ ਬਿਮਾਰੀ ਮੁੱਢ ਵਿੱਚ ਹੀ ਨੱਪੀ ਜਾ ਸਕਦੀ ਸੀ।
ਜਦੋਂ ਇਸ ਦੀ ਮਾਰ ਚੀਨ ਵਿੱਚ ਸ਼ੁਰੂ ਹੋਈ, ਓਦੋਂ ਅਮਰੀਕਾ ਅਤੇ ਚੀਨ ਦਾ ਵਪਾਰਕ ਆਢਾ ਲੱਗਾ ਹੋਇਆ ਸੀ ਤੇ ਦੋਵਾਂ ਦਾ ਤਾਲਮੇਲ ਹੋ ਨਹੀਂ ਸੀ ਸਕਦਾ। ਫਿਰ ਵੀ ਇਹ ਆਸ ਰੱਖੀ ਜਾਂਦੀ ਸੀ ਕਿ ਕਿਉਂਕਿ ਸੰਕਟ ਵੱਡਾ ਹੈ, ਇਸ ਲਈ ਅਮਰੀਕਾ ਦੀ ਸਰਕਾਰ ਹੰਗਾਮੀ ਹਾਲਾਤ ਵਿੱਚ ਵਿਰੋਧ ਦੇ ਕੁਝ ਨੁਕਤੇ ਲਾਂਭੇ ਰੱਖ ਕੇ ਮਦਦ ਦੇ ਸਕਦੀ ਹੈ। ਏਦਾਂ ਦੀ ਕੋਈ ਗੱਲ ਉਸ ਵੇਲੇ ਨਹੀਂ ਸੀ ਹੋਈ, ਉਲਟਾ ਚੀਨ ਦੇ ਖਿਲਾਫ ਭੰਡੀ-ਪ੍ਰਚਾਰ ਦਾ ਚੱਕਰ ਚੱਲਦਾ ਰਿਹਾ। ਵਪਾਰ ਉੱਤੇ ਨਜ਼ਰ ਰੱਖਦੀਆਂ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਉਸ ਵਕਤ ਅਮਰੀਕਾ ਵਿੱਚੋਂ ਮੂੰਹ ਢੱਕਣ ਵਾਲੇ ਮਾਸਕ ਅਤੇ ਸਰਜੀਕਲ ਜੰਤਰ ਹੀ ਨਹੀਂ, ਵੈਂਟੀਲੇਟਰ ਵੀ ਚੀਨ ਨੂੰ ਵੇਚੇ ਜਾਂਦੇ ਰਹੇ ਸਨ। ਬਾਅਦ ਵਿੱਚ ਜਦੋਂ ਆਪਣੇ ਘਰ ਵਿੱਚ ਇਹੋ ਜਿਹੇ ਰੋਗ ਦਾ ਸਾਹਮਣਾ ਕਰਨ ਦੀ ਨੌਬਤ ਆਈ ਤਾਂ ਉਨ੍ਹਾਂ ਕੋਲ ਲੋੜੀਂਦਾ ਸਾਮਾਨ ਨਹੀਂ ਸੀ ਬਚਿਆ। ਖਬਰਾਂ ਦੱਸ ਰਹੀਆਂ ਹਨ ਕਿ ਉਸ ਵਕਤ ਵੀ ਮਾਹਰਾਂ ਨੇ ਕਿਹਾ ਸੀ ਕਿ ਐਸ ਵੇਲੇ ਇਹ ਕੰਮ ਨਾ ਕੀਤਾ ਜਾਵੇ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦਾ ਹਾਲ ‘ਹੱਥ ਕਾਰ ਵੱਲ, ਦਿਲ ਯਾਰ ਵੱਲ’ ਵਾਂਗ ਬਣਿਆ ਸੀ। ਉਸ ਦੀ ਅਹੁਦੇ ਦੀ ਮਿਆਦ ਪੁੱਗਣ ਵਾਲੀ ਹੈ ਤੇ ਇਹ ਸਾਲ ਮੁੱਕਣ ਤੱਕ ਆਮ ਹਾਲਾਤ ਮੁਤਾਬਕ ਇਸ ਅਹੁਦੇ ਦੀ ਅਗਲੀ ਚੋਣ ਹੋਣੀ ਜ਼ਰੂਰੀ ਹੈ। ਉਹ ਆਪਣੇ ਘਰ ਵਿੱਚ ਮਹਾਮਾਰੀ ਦਾ ਮੁਕਾਬਲਾ ਕਰਨ ਵੱਲ ਧਿਆਨ ਦੇਣ ਦੀ ਥਾਂ ਆਪਣੀ ਚੋਣ ਦੇ ਲਈ ਪਾਰਟੀ ਮੀਟਿੰਗਾਂ ਵਿੱਚ ਹੀ ਰੁੱਝਾ ਰਿਹਾ ਸੀ। ਉਸ ਦੀ ਹਾਲਤ ਇਹ ਹੈ ਕਿ ਜਦੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਤਿੰਨ ਲੱਖ ਨੇੜੇ ਚਲੀ ਗਈ ਤੇ ਮੌਤਾਂ ਦਾ ਅੰਕੜਾ ਸਾਢੇ ਸੱਤ ਹਜ਼ਾਰ ਨੂੰ ਛੂਹ ਗਿਆ ਸੀ, ਉਸ ਨੇ ਅਲੋਕਾਰ ਬਿਆਨ ਦਾਗ ਦਿੱਤਾ ਕਿ ਰਾਸ਼ਟਰਪਤੀ ਚੋਣ ਮਿਥੇ ਸਮੇਂ ਉੱਤੇ ਹੀ ਕੀਤੀ ਜਾਵੇਗੀ। ਸੰਸਾਰ ਭਰ ਦੀਆਂ ਉਲੰਪਿਕ ਖੇਡਾਂ ਅਗਲੇ ਸਾਲ ਲਈ ਮੁਤਲਵੀ ਹੋ ਚੁੱਕੀਆਂ ਹਨ ਤੇ ਹਾਲਾਤ ਵਿਗੜ ਗਏ ਤਾਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਵੀ ਸ਼ਾਇਦ ਕਰਵਾਉਣੀ ਬਹੁਤ ਔਖੀ ਹੋ ਜਾਣੀ ਹੈ, ਪਰ ਡੋਨਾਲਡ ਟਰੰਪ ਆਪਣੇ ਚੋਣਾਂ ਦੇ ਮੁਕਾਬਲੇ ਲਈ ਸਰਪੱਟ ਦੌੜਿਆ ਜਾ ਰਿਹਾ ਹੈ।
ਨਤੀਜਾ ਇਸ ਦਾ ਇਹ ਨਿਕਲਿਆ ਕਿ ਚੀਨ ਨੇ ਸੰਸਾਰ ਰਾਜਨੀਤੀ ਦੀ ਬਿਆਨਬਾਜ਼ੀ ਵਿੱਚ ਫਸਣ ਦੀ ਥਾਂ ਔਕੜ ਦੇ ਟਾਕਰੇ ਲਈ ਸਾਰਾ ਧਿਆਨ ਲਾਇਆ ਤੇ ਕਾਬੂ ਪਾ ਲਿਆ। ਓਥੇ ਹੋਈਆਂ ਮੌਤਾਂ ਦੀ ਗਿਣਤੀ ਸਾਢੇ ਤਿੰਨ ਹਜ਼ਾਰ ਤੀਕਰ ਆ ਕੇ ਰੁਕ ਗਈ ਹੈ, ਪਰ ਪਿੱਛੋਂ ਇਸ ਰੋਗ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਇਟਲੀ ਵਿੱਚ ਉਸ ਤੋਂ ਚਾਰ ਗੁਣਾਂ ਤੇ ਨਾਲ ਲੱਗਦੇ ਸਪੇਨ ਵਿੱਚ ਵੀ ਲਗਭਗ ਏਨੀਆਂ ਹੋ ਚੁੱਕੀਆਂ ਹਨ। ਮਰਜ਼ ਦੀ ਮਾਰ ਹੇਠ ਆਉਣ ਉੱਤੇ ਇਰਾਨ ਲਈ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਚੋਭ ਲਾਉਣ ਵਾਂਗ ਕੀਤੀ ਸੀ, ਉਸ ਦੇਸ਼ ਨੇ ਬਿਮਾਰੀ ਨੂੰ ਠੱਲ੍ਹ ਪਾ ਲਈ ਅਤੇ ਸਵਾ ਤਿੰਨ ਹਜ਼ਾਰ ਮੌਤਾਂ ਉੱਤੇ ਰੁਕ ਗਿਆ ਹੈ, ਪਰ ਉਸ ਤੋਂ ਪਿੱਛੋਂ ਇਸ ਰਾਹੇ ਪਿਆ ਅਮਰੀਕਾ ਉਸ ਤੋਂ ਢਾਈ ਗੁਣਾਂ ਆਪਣੇ ਲੋਕ ਬਿਮਾਰੀ ਦੇ ਕਾਰਨ ਗੁਆ ਚੁੱਕਾ ਹੈ। ਬਿਮਾਰੀ ਦੀ ਸ਼ੁਰੂਆਤ ਦਾ ਫਰਕ ਵੀ ਨੋਟ ਕਰਨ ਵਾਲਾ ਹੈ। ਅਮਰੀਕਾ ਵਿੱਚ ਮੌਤਾਂ ਹੋਣ ਵਾਲਾ ਸਿਲਸਿਲਾ 29 ਫਰਵਰੀ ਨੂੰ ਸ਼ੁਰੂ ਹੋਇਆ ਸੀ, ਇਰਾਨ ਵਿੱਚ ਪਹਿਲੀ ਮੌਤ 19 ਫਰਵਰੀ ਨੂੰ ਹੋਈ ਸੀ ਤੇ ਇਟਲੀ ਵਿੱਚੋਂ ਪਹਿਲੀ ਮਾੜੀ ਖਬਰ 21 ਫਰਵਰੀ ਨੂੰ ਆਈ ਸੀ, ਜਦ ਕਿ ਫਰਾਂਸ ਵਿੱਚ ਮੌਤਾਂ ਦਾ ਚੱਕਰ 15 ਫਰਵਰੀ ਨੂੰ ਸ਼ੁਰੂ ਹੋਇਆ ਸੀ। ਚੀਨ ਵਿੱਚ ਇਹ ਮਾਰ ਬਹੁਤ ਪਹਿਲਾਂ ਸ਼ੁਰੂ ਹੋ ਚੁੱਕੀ ਸੀ ਅਤੇ ਬਾਈ ਜਨਵਰੀ ਤੋਂ ਪਹਿਲਾਂ ਸਤਾਰਾਂ ਮੌਤਾਂ ਹੋ ਚੁੱਕੀਆਂ ਸਨ। ਉਸ ਦੇ ਬਾਅਦ ਕਈ ਦਿਨ ਗਰਾਫ ਚੜ੍ਹਦਾ ਗਿਆ। ਉਸ ਨੇ ਰੋਕਣ ਵਿੱਚ ਸਫਲਤਾ ਇਸ ਕਰ ਕੇ ਹਾਸਲ ਕਰ ਲਈ ਕਿ ਉਸ ਦੇਸ਼ ਦੇ ਲੋਕ ਆਪਣੀ ਸਰਕਾਰ ਦੇ ਲਾਗੂ ਕੀਤੇ ਲਾਕਡਾਊਨ ਦੀ ਉਲੰਘਣਾ ਕਰਨ ਦੀ ਹਿੰਮਤ ਕਰਨ ਵਾਲੇ ਨਹੀਂ, ਦੂਸਰੇ ਪਾਸੇ ਅਮਰੀਕਾ ਦਾ ਰਾਸ਼ਟਰਪਤੀ ਖੁਦ ਹੀ ਕਿਸੇ ਲਾਕਡਾਊਨ ਦੀ ਜ਼ਰੂਰਤ ਨਹੀਂ ਸੀ ਸਮਝਦਾ। ਜਾਪਾਨ ਤੇ ਦੱਖਣੀ ਕੋਰੀਆ ਜਾਂ ਸਿੰਗਾਪੁਰ ਨੇ ਵੀ ਲੋਕਾਂ ਦੇ ਏਸੇ ਸਹਿਯੋਗ ਨਾਲ ਬਿਮਾਰੀ ਕੰਟਰੋਲ ਕੀਤੀ ਸੀ, ਪਰ ਇਟਲੀ, ਫਰਾਂਸ ਤੇ ਹੋਰ ਦੇਸ਼ ਇਸ ਤਰ੍ਹਾਂ ਦਾ ਬੰਧੇਜ ਬੱਧ ਲਾਕਡਾਊਨ ਕਰਨ ਵਿੱਚ ਸਫਲ ਨਹੀਂ ਸੀ ਹੋ ਸਕੇ। ਪਹਿਲਾਂ ਇਹ ਕੰਮ ਬੇਦਿਲੀ ਨਾਲ ਤੇ ਬਹੁਤ ਨਰਮੀ ਨਾਲ ਕੀਤਾ ਜਾਂਦਾ ਰਿਹਾ ਸੀ, ਜਿਸ ਕਾਰਨ ਇਹ ਬਿਮਾਰੀ ਵਧ ਗਈ ਹੋ ਸਕਦੀ ਹੈ।
ਅਕਲਮੰਦੀ ਇਸ ਗੱਲ ਵਿੱਚ ਹੁੰਦੀ ਹੈ ਕਿ ਕਿਸੇ ਦੂਸਰੇ ਦਾ ਹੱਥ ਸੜਿਆ ਵੇਖ ਕੇ ਸੜਨ ਤੋਂ ਬਚਣ ਦਾ ਕੁਝ ਢੰਗ ਸੋਚਿਆ ਜਾਵੇ, ਪਰ ਏਥੇ ਇਹੋ ਜਿਹੀ ਗੱਲ ਸਿੱਖਣ ਦੀ ਥਾਂ ਕੁਝ ਕਾਰੋਬਾਰ, ਕੁਝ ਰਾਜਨੀਤੀ ਅਤੇ ਦੋਵਾਂ ਨਾਲੋਂ ਵੱਧ ਸੰਸਾਰ ਕੂਟਨੀਤੀ ਵੱਲ ਧਿਆਨ ਦੇਣ ਕਰ ਕੇ ਨੁਕਸਾਨ ਹੋਇਆ ਹੈ। ਨੁਕਸਾਨ ਸਿਰਫ ਇਟਲੀ, ਇਰਾਨ, ਫਰਾਂਸ ਜਾਂ ਅਮਰੀਕਾ ਦਾ ਨਹੀਂ ਸਮਝਣਾ ਚਾਹੀਦਾ, ਇਹ ਮਨੁੱਖਤਾ ਦਾ ਨੁਕਸਾਨ ਹੈ ਅਤੇ ਅਗਲੀ ਗੱਲ ਇਹ ਕਿ ਜੇ ਇਸ ਗਲਤੀ ਤੋਂ ਅਜੇ ਤੱਕ ਵੀ ਨਾ ਸਿੱਖਿਆ ਗਿਆ ਤਾਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਇਹ ਨੁਕਸਾਨ ਭੁਗਤਣਾ ਪੈ ਸਕਦਾ ਹੈ। ਭਾਰਤ ਵਿੱਚ ਅਜੇ ਬਚਾਅ ਦੀ ਹਾਲਤ ਜਾਪਦੀ ਹੈ। ਅਸੀਂ ਸੁੱਖ ਮੰਗਾਂਗੇ ਕਿ ਸਾਡਾ ਦੇਸ਼ ਇਸ ਮਾਰ ਤੋਂ ਬਚਿਆ ਰਹੇ, ਪਰ ਇਸ ਲਈ ਕਿਸੇ ਸਰਕਾਰ ਦੇ ਸਿਰ ਸਾਰੀ ਜ਼ਿਮੇਵਾਰੀ ਛੱਡ ਕੇ ਨਹੀਂ ਬਚਿਆ ਜਾ ਸਕਦਾ। ਲੋਕਾਂ ਨੂੰ ਵੀ ਇਸ ਦਾ ਸਹਿਯੋਗ ਕਰਨਾ ਪਵੇਗਾ ਤੇ ਇਹ ਸੋਚ ਕੇ ਕਰਨਾ ਪਵੇਗਾ ਕਿ ਜੀਣ-ਮਰਨ ਇਸ ਵਕਤ ਸਭ ਦਾ ਦਾਅ ਉੱਤੇ ਲੱਗ ਚੁੱਕਾ ਹੈ। ਵੇਲਾ ਕਾਫੀ ਨਾਜ਼ਕ ਹੈ।

ਜਤਿੰਦਰ ਪਨੂੰ