ਹੈਲੋ! ਹੈਲੋ! ਮੈ ਪੱਛੜਿਆ-ਪਣ ਬੋਲਦਾਂ – ਬਲਰਾਜ ਪੰਨੀ ਵਾਲਾ ਫੱਤਾ

0
1255

ਹੈਲੋ… ਹੈਲੋ.. … ਹੈਲੋ … …. … ਹਾਂ ! ਹਾਂ! ਮੈ ਪੱਛੜਾਪਣ ਬੋਲਦਾਂ , ਪੱਛੜਾਪਣ ! ਪੱਛੜਾਪਣ! ਪੱਛੜਾਪਣ ! ਕੌਣ ਨਹੀਂ ਯਾਦ ਕਰਦਾ ਮੈਨੂੰ , ਗਰੀਬ ਗੁਰਬਿਆਂ ਦੇ ਵੇਹੜਿਆਂ ਚੋਂ, ਕਿਸੇ ਵੱਡੇ ਭਾਰ ਨਾਲ ਲੱਦੇ ਹੋਏ ਰੇਹੜਿਆਂ ਤੋ , ਹਰ ਕੋਈ ਕਹਿੰਦੈ ਕਿ ਤੁਹਾਡਾ ਪੱਛੜਾਪਣ ਤਾਂ ਏਦਾਂ ਲਾਹ ਦਿਆਂਗੇ , ਜਿਵੇ ਕੋਈ  ਕੇਲੇ ਦੇ ਛਿਲਕੇ ਨੂੰ ਫੜ੍ਹ ਕੇ  ਲਾਹ ਦਿੰਦੈ , ਉਠਦੇ , ਬਹਿੰਦੇ , ਸੌਦੇ , ਜਾਗਦੇ ਇਹਨਾਂ ਲੀਡਰਾਂ ਨੂੰ ਮੇਰੇ ਬਾਰੇ ਤੁਹਾਡੀ ਸੱਭ ਤੋ ਵੱਧ ਯਾਦ ਸਤਾਂਉਦੀ ਐ , ਏਨਾ ਚੇਤੇ ਕੋਈ ਮਾਂ ਆਵਦੇ ਪ੍ਰਦੇਸੀ ਬੈਠੇ ਪੁੱਤ ਨੂੰ ਨਹੀ ਕਰਦੀ ਹੋਣੀ ਜਿੰਨਾ ਇਹ ਲੀਡਰ ਮੈਨੂੰ ਚੇਤੇ ਕਰਦੇ ਨੇ, ਮੈਨੂੂੰ ਕਿਸ ਨੇ ਜ਼ਲੀਲ ਨਹੀ ਕੀਤਾ , ਹਰ ਕਿਸੇ ਨੇ ਮੈਨੂੰ ਖਿੱਚ ਖਿੱਚ ਕੇ ਲਾਹੁਣ ਦਾ ਯਤਨ ਕੀਤਾ , ਹਰ ਕੋਈ ਵਾਅਦੇ ਕਰਦਾ ਕਿ ਮੈ ਤੁਹਾਡੇ ਤੇ ਚੜ੍ਹੇ ਪੱਛੜੇਪਣ ਨੂੰ ਲਾਹ ਕੇ ਹੀ ਦਮ ਲਵਾਂਗਾ , ਇੰਝ ਲਾਹ ਦਿਆਂਗੇ ਜਿਵੇ ਲਾਈਫਬਾੱਏ ਵਾਲਿਆਂ ਦੀ ਸਾਬਣ ਸਰੀਰ ਤੇ ਚੜ੍ਹੇ ਕਾਟਣੂਆਂ ਨੂੰ ਲਾਹ ਦਿੰਦੀ ਹੈ। ਏਨੀ ਚਿੰਤਾ ਤੁਹਾਨੂੰ ਮੇਰੀ ਨਹੀਂ ਹੋਣੀ ਜਿੰਨੀ ਤੁਹਾਡੀ ਵੋਟ ਪ੍ਰਾਪਤ  ਕਰਨ ਲਈ ਜੰਗ ਲੜ ਰਹੇ ਲੀਡਰਾਂ ਨੂੰ ਹੈ , ਭਾਂਵੇਂ ਕੋਈ ਪਾਰਟੀ ਵਾਲਾ ਹੋਵੇ , ਭਾਂਵੇ ਕੋਈ ਹੋਵੇ ਆਜਾਦ ਤੇ ਭਾਂਵੇ ਕੋਈ ਹੋਵੇ ਬਾਗੀ , ਉਹ ਤਹਾਨੂੰ ਮੇਰਾ ਚੇਤਾ ਕਰਵਾਗੇ , ਏਨਾ ਮੈ ਤੁਹਾਡੇ ਤੇ ਨਹੀਂ ਚੜ੍ਹਿਆ ਹੋਣਾ ਜਿੰਨਾ ਲੀਡਰਾਂ ਦੇ ਦਿਲ ਦਿਮਾਗ ਦੇ ਨਾਲ  ਨਾਲ ਨਸ ਨਸ ਵਿਚ ਵੱਸ ਗਿਆ ਹਾਂ , ਲੀਡਰਾਂ ਦੀਆਂ ਨਾੜਾਂ ਵਿਚ ਦੌੜ ਰਿਹਾ ਖੂਨ ਵੀ ਏਨਾ ਗਰਮ ਹੋਇਆ ਫਿਰਦੈ ਕਿ ਐਂ ਲੱਗਦੈ ਕਿ ਜੇ ਇਹਦਾ ਕਿਤੇ ਕਤਰਾ ਡੁੱਲ ਜਾਵੇ ਤਾਂ ਉਹ ਵੀ ਤੁਹਾਡੇ ਤੋ ਪੱਛੜਿਆਪਣ ਲਾਹੁਣ ਦੀ ਗੱਲ ਹੀ ਕਰੇਗਾ;

ਮੈ ਤਹਾਨੂੰ ਦੱਸ ਦੇਵਾਂ ਕਿ ਤੁਹਾਡੀ ਗਿਣਤੀ ਭਾਂਵੇ ਲਗਭਗ ਪੌਣੇ  ਦੋ ਕਰੋੜ ਐ , ਤੇ ਜਿਹੜੇ ਮੈਨੂੰ ਇਸ ਸਮੇਂ ਥੋਡੇ ਮਗਰੋਂ ਲਾਹੁਣ ਨੂੰ ਤਰੱਲੋ ਮੱਛੀ ਹੋਏ ਫਿਰਦੇ ਨੇ , ਉਨ੍ਹਾਂ  ਦੀ ਗਿਣਤੀ ਹਾਜ਼ਰਾਂ ਵਿਚ ਹੈ । ਪਰ ਤੁਹਾਡੇ ਤੋ ਮੈਨੂੰ ਜੁਦਾ ਕਰਨ ਵਾਲਿਆਂ ਦੀ ਗਿਣਤੀ ਤਾਂ ਅਖੀਰ ਸੈਕੜਿਆਂ ਵਿਚ ਹੀ ਰਹਿ ਜਾਣੀ ਐ । ਹੁਣ ਇੱਕ ਸੱਚ ਹੋਰ ਸੁਣੋ , ਜਿੰਨਾ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਉਪਰੰਤ ਇਨ੍ਹਾਂ ਨੇ  ਵੀ ਕੁੰਭਕਰਨੀ ਨੀਂਦ ਸੌ ਜਾਣੈ , ਫਿਰ ਇਨ੍ਹਾਂ ਵਿਚੋਂ ਕਿਸੇ ਨੇ ਤੁਹਾਡੇ ਤੇ  ਮੇਰੇ ਦਰਾਂ ਤੇ ਵੱਤੀ ਨਹੀਂ ਵਾਹਉਣੀ । ਤੇ ਫਿਰ ਆਪਾਂ ਤੇ ਤੁਸੀ ਦੋਵੇਂ ਹੀ ਚੰਨ ਚਾਨਣੀਆਂ ਰਾਤਾਂ ਵਿਚ ਬਾਤਾਂ ਪਾਇਆ ਕਰਾਂਗੇ । ਦੁੱਖ – ਸੁੱਖ ਤਾਂ ਆਪਾਂ ਹੀ ਸਾਂਝੇ  ਕਰਨੇ ਨੇ । ਵੇਖਿਓ ਕਿਤੇ ਗਲਤਫਹਿਮੀਆਂ \’ਚ ਆ ਜਾਊ ।

ਲੈ ਬਈ , ਥੋਨੂੰ ਇੱਕ ਹੋਰ ਗੁਪਤ ਗੱਲ  ਦੱਸ ਦੇਵਾਂ , ਕੰਨ ਥੋੜਾ ਜਿਹਾ ਨੇੜੇ ਕਰਕੇ ਸੁਣਿਓ , ਥੋਨੂੰ ਪਤੈ ਬਈ ਕੰਧਾਂ ਦੇ ਵੀ ਕੰਨ ਹੁੰਦੈ ਨੇ , ਓ ਜਿਹੜਾ ਥੋਡਾ ਪਛੱੜਿਆਪਣ ਚੋਣਾਂ ਤੋ ਪਹਿਲਾਂ ਲਹਿੰਦਾ ਸੀ , ਔਹ ਇਸ ਵਾਰ ਥੋੜਾਂ ਜਿਹਾ ਔਖਾ ਐ , ਕਿਉ ਕਿ ਪਹਿਲਾਂ ਤਾਂ ਸਰੀਰ ਗਰਮ ਕਰਨ  ਨੂੰ ਕੁਝ ਨਾ ਕੁਝ ਚਾਹ-ਪਾਣੀ ਮਿਲ ਜਾਦਾਂ ਸੀ ,  ਤੁਸੀ ਹੱਡ ਗਰਮ ਕਰਕੇ ਥੋੜੇ ਸਮੇਂ ਲਈ ਮੈਨੂੰ ਭੁੱਲ ਜਾਂਦੇ ਸੀ, , ਪਰ ਐਂਤਕੀ ਰਾਤ ਦੀ ਛੱਡੋ ਦਿਨ ਵੇਲੇ ਵੀ ਸੂਰਜ਼ ਦੇਵਤਾ ਦੀ ਗਰਮਾਇਸ਼ ਨਾਲ ਹੀ ਕੰਮ ਸਾਰਣਾ ਪੈਣਾ । ਥੋਨੂੰ ਪਤੈ ਬਈ ਆਪਣਾ ਚੋਣ ਕਮਿਸ਼ਨ ਐਤਕੀ ਥੋੜਾਂ ਜਿਹਾ ਗਰਮ ਐ । ਤੇ ਲੀਡਰ ਤਾਂ ਉਹਦੀ ਸਖਤੀ ਨਾਲ ਗਰਮ ਹੋ ਜਾਂਦੇੈ। ਗੱਲ ਮੁਕਦੀ ਮੁਕਾਵਾਂ ਤਾਂ ਇਹ ਹੈ ਕਿ ਥੋਡੇ ਗਮਾਂ ਦੀ ਰਾਤ ਵੀ ਸ਼ਿਵ ਦੇ ਗਮ ਆਂਗੂ ਲੰਮੀ ਐ ।

ਚੱਲੋ ਗੱਲ ਤਾਂ ਮੇਰੀ ਤੇ ਤੁਹਾਡੇ ਮੋਹ ਦੀਆਂ ਤੰਦ ਦੀ ਐ , ਮੈ ਥੋਡੇ ਨਾਲ ਫੈਵੀਕਵਿੱਕ  ਦੇ ਜੋੜ ਵਾਂਗ ਜੁੜਿਆ ਹੋਇਆ ਹਾਂ । ਇਹ ਲੀਡਰ ਥੋਡੇ ਨਾਲੋ ਮੈਨੂੰ ਲਾਹੁਣ ਲਈ ਕਿੰਨੇ ਵੀ ਸੱਚੇ ਝੂਠੇ ਵਾਅਦੇ ਕਰੀਂ ਜਾਣ , ਪਰ ਤੁਹਾਡੀ ਤੇ ਮੇਰੀ ਸਾਂਝ ਹਮੇਸ਼ਾਂ ਨੇੜੇ ਤੋਂ ਬਣੀ ਰਹੇਗੀ ।

ਅੱਜ ਕੱਲ੍ਹ ਚੋਣਾਂ ਦੇ ਦਿਨਾਂ ਵਿਚ ਹਰ ਕਿਸੇ ਦੇ ਅੰਦਰੋਂ- ਅੰਦਰੀ ਹੁੱਜਾਂ ਵੱਜ ਰਹੀਆਂ ਹਨ , ਵੱਜਣ ਵੀ ਕਿਉ ਨਾ? ਕਿਸੇ ਨੂੰ ਸੱਤਾਧਾਰੀਆਂ ਨਾਲ ਨਰਾਜ਼ਗੀ ਹੋਵੇਗੀ ਤੇ ਕਿਸੇ ਨੂੰ ਵਿਰੋਧੀਆਂ ਨਾਲ , ਤੇ ਮੇਰੀ ਕਿਸੇ ਨਾਲ  ਕੋਈ ਵੈਰ ਵਿਰੋਧ ਨਹੀ , ਪਰ ਮੇਰੇ ਅੰਦਰ ਵੱਜੀਆਂ ਹੁੱਜਾਂ ਨੇ ਇਹ ਵਿਚਾਰ ਸਾਂਝੇ ਤੁਹਾਡੇ ਨਾਲ ਸਾਂਝੇ ਕੀਤੇ ਐ । ਵੈਸੇ ਜੇ ਸੱਭ ਤੋ ਵੱਡੀ ਗੱਲ ਕਰਾਂ ਤਾਂ ਇਹ ਹੈ ਕਿ ਚੋਣਾਂ ਦੇ ਮੈਦਾਨ ਵਿਚ ਨਿੱਤਰੀਆਂ ਪਾਰਟੀਆਂ ਦੇ ਬਾਗੀ ਹੋਏ ਉਮੀਦਵਾਰਾਂ ਦੇ ਵੀ ਇਹ ਹੁੱਜਾਂ ਵੱਜੀਆਂ ਹੋਣੀਆਂ ,  ਜਿਹੜੇ ਪਾਰਟੀਆਂ ਤੋਂ ਬਾਗੀ ਹੋ ਕੇ ਅੱਜ ਕੱਲ੍ਹ ਵਾਹਣੋ ਵਾਹਣੀ ਤੁਰੇ ਫਿਰਦੈ ਨੇ , ਉਹ ਬੋਟਾਂ ਲੈ ਕੇ ਜਿੱਤਣ ਦੇ ਦਾਅਵੇ ਕਰ ਰਹੇ ਹਨ ਤੇ ਜਿੱਤ ਤੋਂ ਬਾਅਦ ਪੱਛੜਾਪਣ ਲਾਹੁਣ ਲਈ ਕਮਰਕੱਸੇ  ਤਿਆਰ ਕਰ ਰਹੇ ਹਨ। ਗੱਲ ਪੱਛੜੇਪਣ ਦੀ ਚੱਲੀ ਹੈ ਤਾਂ ਅਸੀ ਦੇਸ਼ ਦੀ ਆਜਾਦੀ ਤੋਂ ਬਾਅਦ ਵੀ ਪੱਛੜੇਪਣ ਦਾ ਸ਼ਿਕਾਰ ਹਾਂ । ਪੱਛੜੇਣਪਣ ਸ਼ਬਦ ਸਾਡਾ ਖਹਿੜਾ ਛੱਡਣ ਵਾਲਾ ਨਹੀਂ ਲੱਗਦਾ , ਸਾਡੇ ਦੇਸ਼ ਵਿਚ ਸਾਡੇ ਦੁਆਰਾ ਹੀ ਚੁਣੀਆਂ ਜਾਂਦੀਆਂ ਸਰਕਾਰਾਂ ਪੱਛੜਾਪਣ ਲਾਹੁਣ ਦੀ ਗੱਲ ਕਰਦੀਆਂ ਹਨ  । ਪਰ ਪੱਛੜਾਪਣ ਹੋਰ ਕਿਸੇ ਦਾ ਲਹੇ ਭਾਵੇ ਨਾ ਲਹੇ ਪਰ ਜਿੱਤ ਕੇ ਸਰਕਾਰਾਂ ਬਣਾਉਣ ਵਾਲਿਆਂ ਦਾ ਜ਼ਰੂਰ ਲਹਿ ਜਾਂਦੈ , ਸਾਰੇ ਦੇ ਸਾਰੇ ਹੀ ਅਮੀਰ ਹੋ ਜਾਂਦੇ ਨੇ , ਪਰ ਕਦੇ ਕਿਸੇ ਨੇ ਦੱਖਿਆ ਕਿ ਕਿਸੇ ਗਰੀਬ ਦਾ ਪੱਛੜਾਪਣ ਲਹਿ ਗਿਆ ਹੋਵੇ  । ਥੋਡੀਆਂ ਮੀਦਾਂ ਤੇ ਤਾਂ ਹਮੇਸ਼ਾ ਪਾਣੀ ਹੀ ਫਿਰਦੈ ਰਿਹੈ ।

 ਬਲਰਾਜ