ਲੰਗਰ ਤੇ ਪੈਸਾ – ਪਰਸ਼ੋਤਮ ਲਾਲ ਸਰੋਏ

0
310

ਕੰਮ ਸਾਡੇ ਨਾਲ ਚਾਹੇ ਸਾਲ ਕਰਾਵੀਂ,
ਪੈਸੇ ਨਾ ਦੇਈਏ ਬਹੁਤਾ ਨਾ ਘਬਰਾਵੀਂ,
ਸਮਾਂ ਆਉਣ ਤੇ ਅਗਲਾ-ਪਿਛਲਾ,
ਆਪਾਂ ਹਿਸਾਬ ਕਿਤਾਬ ਮੁਕਾਵਾਂਗੇ,
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।

ਅਸੀਂ ਆਪ ਵੀ ਕਈ ਸਾਲਾਂ ਤੋਂ ਭੁੱਖੇ,
ਬੱਚੇ ਵੀ ਸਾਡੇ ਰੋਟੀਓਂ ਰੁੱਸੇ,
ਪੈਸੇ ਨਾ ਕੋਈ ਮੰਗਣਾ ਸਾਥੋਂ,
\’ਮੁਫ਼ਤ ਕੰਮ ਕਰੋ\’ ਦੀ ਗੱਲ ਸਮਝਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।

ਚਾਹ ਦੇ ਨਾਲ ਇਕ ਹੋਣੀ ਏ ਮੱਠੀ,
ਦੁਨੀਆਂ ਆਉਣੀ ਨੱਸੀ ਨੱਸੀ,
ਚਾਹ ਨਾਲ ਤੁਹਾਡੇ ਪੇਟ ਦੀ ਵੀ,
ਅਸੀਂ ਟੈਂਕੀ ਫੁੱਲ ਕਰਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।

ਕੁਝ ਭਰਤੀ ਸਾਥੋਂ ਡੰਗਰ ਵੱਛੇ,
ਖ਼ੁਲ੍ਹੇ ਉਨ੍ਹਾਂ ਦੇ ਛੱਡੇ ਰੱਸੇ,
ਜੇ ਸਾਡੀ ਮਨ-ਆਈ ਨਾ ਕੀਤੀ,
ਲੱਤ ਉਨ੍ਹਾਂ ਕੋਲੋਂ ਫੜ੍ਹਵਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।

ਸਮਝੋ ਸਾਡੀ ਇਹ ਮਜ਼ਬੂਰੀ,
ਆਟੇ ਦੀ ਬੋਰੀ ਤਾਂ ਸਾਡੇ ਵੀ ਨਹੀਂ ਪੂਰੀ,
ਕਿੱਥੇ ਲੰਗਰ ਦੀ ਘੋਖ਼ ਹਾਂ ਰੱਖਦੇ,
ਤੁਹਾਨੂੰ ਵੀ ਚਾਟੇ ਲਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।

ਪਰਸ਼ੋਤਮ ! ਮਹਿੰਗਾ ਕਿੰਨਾ ਹੋਇਆ ਆਟਾ,
ਸਾਨੂੰ ਵੀ ਪੈਣਾ ਚੁੱਕਣਾ ਬਾਟਾ,
ਲੰਗਰ ਚਲਦਾ ਤਿੰਨ ਪਹਿਰ ਜਿੱਥੇ,
ਉਹ ਜਗ੍ਹਾ ਤੁਹਾਨੂੰ ਦਿਖਲਾਵਾਂਗੇ।
ਆ ਲੈਣ ਦੇ ਕੋਈ ਭੋਗ ਸਾਨੂੰ,
ਤੈਨੂੰ ਵੀ ਉੱਥੇ ਲੰਗਰ ਛਕਾਵਾਂਗੇ।