ਅਗਾਂਹਵਧੂ ਦੇ ਵਿਚਾਰ – ਚਰਨਜੀਤ ਕੌਰ ਧਾਲੀਵਾਲ ਸੈਦੋਕੇ

0
1619

ਕਹਿਣ ਨੂੰ ਤਾਂ ਆਪਣੇ ਆਪ ਨੂੰ ਅਗਾਂਹਵਧੂ ਵਿਚਾਰਾਂ ਵਾਲੇ ਕਹਿ ਦਿੰਦੇ ਹਨ, ਪਰ ਕੰਮ ਪਿਛਾਂਹ ਖਿੱਚੂ ਸੋਚਾਂ ਵਾਲੇ ਹੀ ਕਰਦੇ ਹਨ। ਸਟੇਜ ‘ਤੇ ਭਾਸ਼ਨ ਦੇ ਕੇ ਲੋਕਾਂ ਨੂੰ ਕੀਲ ਕੇ ਬਿਠਾ ਲੈਣਾਂ ਸੌਖਾ ਕੰਮ ਹੈ ਪਰ ਜੋ ਬੋਲਦੇ ਹਨ, ਉਹ ਕਰਨਾ ਬਹੁਤ ਔਖਾ ਹੁੰਦਾ ਹੈ। ਜਦੋਂ ਅਗਾਂਹਵਧੂ ਸੋਚਾਂ ਵਾਲੇ ਭਾਸ਼ਨ ਦਿੰਦੇ ਹਨ ਜਾਂ ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਮੌਕਾਂ ਮਿਲਦਾ ਹੈ ਤਾਂ ਉਨ੍ਹਾਂ ਦੇ ਖਿਆਲਾਂ ਦੀ ਵਾਹ-ਵਾਹ ਹੁੰਦੀ ਹੈ। ਏਸੇ ਤਰ੍ਹਾਂ ਹੀ ਇੱਕ ਅਗਾਂਹਵਧੂ ਸੋਚਾਂ ਵਾਲੀ ਔਰਤ ਜੋ ਲੋਕਾਂ ਨੂੰ ਹਮੇਸ਼ਾਂ ਹੀ ਦਾਜ, ਝੂਠੀਆਂ ਰਸਮਾਂ ਅਤੇ ਡੇਰਾਵਾਦ ਦੇ ਖਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਦੀ ਸੀ। ਸਾਨੂੰ ਉਸ ਔਰਤ ਦੇ ਘਰ ਜਾਣ ਦਾ ਮੌਕਾਂ ਮਿਲਿਆ। ਉਸ ਦੇ ਮੁੰਡੇ ਦਾ ਪਿਛਲੇ-ਕੁ ਹਫ਼ਤੇ ਵਿਆਹ ਹੋਇਆਂ ਸੀ। ਸ਼ਗਨ ਅਤੇ ਵਧਾਈ ਇਕੱਠੇ ਹੀ ਦੇਣੇ ਬਣਦੇ ਸਨ। ਅਸੀਂ ਵਿਆਹ ਵਿਚ ਨਾ ਪਹੁੰਚਣ ਦੀ ਮੁਆਫ਼ੀ ਵੀ ਮੰਗੀ ਅਤੇ ਵਿਆਹ ਠੀਕ ਠਾਕ ਨੇਪਰੇ ਚੜ ਜਾਣ ਦੀ ਖੁਸ਼ੀ ਵੀ ਪ੍ਰਗਟਾਈ।  ਸਾਨੂੰ ਉਸ ਦੇ ਅਗਾਂਹਵਧੂ ਖਿਆਲਾਂ ਬਾਰੇ ਪਤਾ ਸੀ ਜਿਸ ਕਰਕੇ ਅਸੀੰਂ ਕੋਈ ਐਸੀ ਗੱਲ ਤਾਂ ਨਹੀਂ ਕੀਤੀ ਪਰ ਵਿਆਹ ਠੀਕ ਠਾਕ ਹੋਣ ਬਾਰੇ ਸੰਖੇਪ ਜਿਹਾ ਹੀ ਪੁੱਛਿਆ।

ਵਿਆਹ ਤਾਂ ਜੀ ਸੁੱਖ ਨਾਲ ਗੁਰੂ ਦੀ ਕ੍ਰਿਪਾ ਨਾਲ ਬਹੁਤ ਹੀ ਵਧੀਆ ਨੇਪਰੇ ਚੜ੍ਹਿਐ…! ਜਿਵੇਂ ਤੁਸੀਂ ਤਾਂ ਮੇਰੇ ਵਿਚਾਰਾਂ ਨੂੰ ਜਾਣਦੇ ਹੀ ਹੋ ਕਿ ਆਪਾਂ ਤਿੰਨ ਲੀੜਿਆਂ ਵਿਚ ਹੀ ਕੁੜੀ ਦੀ ਮੰਗ ਕੀਤੀ ਸੀ।।।! ਪਰ ਅਗਲਿਆਂ ਨੇ ਆਪਣੀ ਧੀ ਨੂੰ ਖੁਸ਼ ਕਰਕੇ ਤੋਰਿਐ…! ਮੈਂ ਤਾਂ ਬਥੇਰਾਂ ਨਾਂਹ-ਨੁੱਕਰ ਕਰਦੀ ਰਹੀ ਪਰ ਉਨ੍ਹਾਂ ਨੇ ਮੇਰੀ ਇੱਕ ਨਾ ਸੁਣੀ…! ਮੈਂ ਤਾਂ ਕਹਿੰਦੀ, ਰਹੀ ਬਈ ਹੁਣ ਮੁੰਡੇ ਕੁੜੀ \’ਚ ਕੀ ਫ਼ਰਕ ਹੈ ਪਰ ਉਹ ਕਹਿੰਦੇ, “ਨਾ ਜੀ…! ਅਸੀਂ ਆਪਣੀ ਧੀ ਨੂੰ ਕੋਈ ਨਿਸ਼ਾਨੀ ਵੀ ਨਾ ਦੇਈਏ…! ਉਨ੍ਹਾਂ ਨੇ ਸੁੱਖ ਨਾਲ ਆਪਣੀ ਧੀ ਦਾ ਸੌ਼ਕ ਨਾਲ ਵਿਆਹ ਕੀਤੈ…!” ਅਗਾਂਹਵਧੂ ਤਾਂ ਆਪ ਹੀ ਅਗਾਂਹ ਵੱਧ ਕੇ ਬੋਲਣ ਲੱਗੀ।

ਇਹ ਗੱਲਾਂ ਸੁਣ ਕੇ ਮੈਂ ਵੀ ਚੁਕੰਨੀ ਜਿਹੀ ਹੋ ਗਈ…! ਸਾਰਾ ਮਾਮਲਾ ਸਮਝਦਾ ਨਜ਼ਰ ਆ ਰਿਹਾ ਸੀ। ਪਰ ਇਹ ਉਹ ਅਗਾਂਹਵਧੂ ਔਰਤ ਸੀ ਜਿਸ ਨੇ ਅੱਜ ਤੱਕ ਲੋਕਾਂ ਨੂੰ ਬਿਨ੍ਹਾਂ ਗੱਲੋਂ ਹੀ ਅਕਲ ਦੇਣੀ ਸਮਝੀ ਸੀ। ਇਸ ਗੱਲੋ ਕੋਈ ਵੀ ਬੇਖ਼ਬਰ ਨਹੀ ਸੀ ਕਿ ਅਗਾਂਹਵਧੂ ਜੀ ਦੇ ਪੇਕੇ ਬਹੁਤ ਹੀ ਗਰੀਬ ਹੋਣ ਕਰਕੇ ਇਸ ਦੇ ਪਤੀ ਨੇ ਦਾਜ ਲੈਣ ਤੋਂ ਇਨਕਾਰ ਕੀਤਾ ਸੀ ਅਤੇ ਉਸੇ ਗੱਲ ਨੂੰ ਮੁੱਖ ਰੱਖ ਕੇ ਇਹ ਆਪ ਦੂਜੇ ਲੋਕਾਂ ਨੂੰ ਨਾ ਦੇਣ-ਲੈਣ ਦੀਆਂ ਸਲਾਹਾਂ ਆਮ ਹੀ ਦਿਆ ਕਰਦੀ ਸੀ।

ਚਾਹ ਸਾਡੇ ਕੋਲ ਮਠਿਆਈ ਸਮੇਤ ਆ ਗਈ । “ਅੱਜ  ਤਾਂ ਨਵੀ ਵਹੁਟੀ ਨਾਲ ਬੈਠ ਕੇ ਚਾਹ ਪੀਣੀ ਚਾਹੀਦੀ ਐ…!” ਮੈਂ ਆਪਣੇ ਸੁਭਾਅ ਮੁਤਾਬਕ ਕਿਹਾ।

ਅਗਾਂਹਵਧੂ ਜੀ ਨੇ ਆਪਣੀ ਨੂੰਹ-ਰਾਣੀ ਨੂੰ ਬੁਲਾ ਲਿਆ, ਅਜੇ ਉਹ ਵਿਚਾਰੀ ਬੈਠਣ ਹੀ ਲੱਗੀ ਸੀ ਕਿ ਅਗਾਂਹਵਧੂ ਨੇ ਫੇਰ ਆਪਣਾ ਭਾਸ਼ਨ ਦੇਣਾ ਸ਼ੁਰੂ ਕਰ ਦਿੱਤਾ, “ਲੈ ਭੈਣ ਜੀ, ਦੇਖੋ ਮੇਰੀ ਨੂੰਹ…! ਸੁੱਖ ਨਾਲ ਹੱਥ ਲਾਈ ਮੈਲੀ ਹੁੰਦੀ ਐ…! ਇਹਦੇ ਪਿਉ ਨੂੰ ਤਾਂ ਆਪਣੀ ਧੀ ਬਹੁਤ ਹੀ ਲਾਡਲੀ ਐ …! ਤਾਂਹੀ ਤਾਂ ਔਹ ਕਾਰ ਆਪਣੀ ਧੀ ਨੂੰ ਦਿੱਤੀ ਐ …! ਇਹਦਾ ਪਿਉ ਤਾਂ ਕਹਿੰਦੈ,“ਮੇਰੀ ਕੁੜੀ ਬੱਸ ਅੱਡਿਆਂ ‘ਤੇ ਖੜੀ ਰਿਹਾ ਕਰੂ…! ਕਿਹੜਾ ਜ਼ਮਾਨਾ ਆ ਗਿਆ …! ਟੂੰਮ-ਛੱਲਾ ਪਾ ਕੇ ਟਾਇਮ ਐ ਬਾਹਰ ਖੜਨ ਦਾ…!”  ਉਸ ਦੀ ਗੱਲ ਸੁਣਦੇ-ਸੁਣਦੇ ਜਦੋਂ ਅਸੀਂ ਕਾਰ ਵੱਲ ਨੂੰ ਨਿਗਾਹ ਘੁੰਮਾਈ ਤਾਂ ਮੁੰਡਾ ਗੱਡੀ ਨੂੰ  ਸਪੀਡ ਨਾਲ ਬਾਹਰ ਕੱਢ ਕੇ ਲੈ ਗਿਆ।

“ਚਲੋ ਨੂੰਹ ਰਾਣੀ ਦੇ ਬਹਾਨੇ ਨਾਲ ਕਾਕਾ ਜੀ ਵੀ ਗੱਡੀ ‘ਤੇ ਝੂਟੇ ਲੈ ਲਿਆ ਕਰਨਗੇ,” ਅਸੀਂ ਜਾਣ-ਬੁਝ ਕੇ ਅਗਾਂਹਵਧੂ ਨੂੰ ਸੁਣਾਇਆ।

-“ਨਹੀਂ…! ਉਹ ਤਾਂ ਇਹਦੇ ਪਿਉ ਨੇ ਫ਼ੋਨ ਕੀਤਾ ਸੀ ਕਿ ਕਾਰ ਖੜੀ ਦੀ ਬੈਟਰੀ ਖਰਾਬ ਹੋਜੂ…! ਇਹਨੂੰ ਬਾਹਰ ਚਲਾ ਲਿਆਇਓ …! ਫ਼ੇਰ ਇੰਜਣ ਗਰਮ ਰਹਿੰਦੈ…!” ਅਗਾਂਹਵਧੂ ਅਜੇ ਵੀ ਆਪਣੇ ਵੱਲੋਂ ਖਿਆਲਾਂ ਵਿਚ ਸੱਚੀ ਹੀ ਰਹਿਣਾ ਚਾਹੁੰਦੀ ਸੀ।

“ਤਾਂ ਕੀ ਹੋਇਆਂ ਜੇ ਮੁੰਡਾ ਚਲਾਈ ਫਿਰੂ…! ਫੇਰ ਵੀ ਦੋਨੇ ਜੀਅ ਐ…! ਇਹਨਾਂ ਦੀ ਹਰ ਚੀਜ਼ ਸਾਂਝੀ ਐ…! ਇਹਨਾਂ ਦਾ ਆਪਣਾ ਈ ਤਾਂ ਘਰ ਐ…!” ਮੈਂ ਵੀ ਉਸ ਨੂੰ ਜਾਣ-ਬੁਝ ਕੇ ਟਕੋਰ ਕਰ ਰਹੀ ਸੀ।

ਤੁਹਾਡੇ ਮੰਮੀ ਪਾਪਾ ਜੀ ਵੀ ਠੀਕ ਠਾਕ ਹੋਣਗੇ…? ਅਸੀਂ ਨੂੰਹ-ਰਾਣੀ ਨੂੰ ਬੁਲਾਉਣਾਂ ਚਾਹਿਆ ਪਰ ਉਸ ਦੀ ਹਾਂ-ਨਾਂਹ ਤਾਂ ਸਾਨੂੰ ਅਗਾਂਹਵਧੂ ਨੇ ਸੁਣਨ ਹੀ ਨਹੀਂ ਦਿੱਤੀ…! ਆਪਣਾ ਰਾਗ ਫੇਰ ਅਲਾਪਿਆ।

ਉਹ ਤਾਂ ਇਹਨੂੰ ਦਿਹਾੜੀ ‘ਚ ਦਸ-ਦਸ ਵਾਰੀ ਫੋ਼ਨ ਕਰਦੇ ਐ…! ਕਦੇ ਭਰਾ ਕਰੂ, ਕਦੇ ਭਰਜਾਈ…! ਇਹਦੀ ਮਾਂ ਤਾਂ ਇਹਦਾ ਪਲ  ਵਸਾਹ ਨੀ ਕਰਦੀ …! ਦਿਨ ਵਿਚ ਕਈ-ਕਈ ਵਾਰੀ ਪੁੱਛੂ, ਬਈ ਤੇਰਾ ਜੀਅ ਲੱਗਿਐ ਕਿ ਨਹੀਂ…! ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਫ਼ੋਨ ਕਰ ਦੇਈ …! ਭਾਈ ਜਦੋਂ ਅਗਲਿਆਂ ਨੇ ਮੋਬਾਈਲ ਹੀ ਲੈੇ ਕੇ ਦੇਤਾ, ਹੁਣ ਭਾਵੇਂ ਵੀਹ ਵਾਰੀ ਫੋ਼ਨ ਕਰੀ ਜਾਣ …! ਅਗਲੇ ਦੀ ਧ… ਧ… ਧੀ ਐ…! ਉਸ ਨੂੰ ਖੰਘ ਛਿੜ ਗਈ, ਮਸਾਂ ਹੀ ਗੱਲ ਪੂਰੀ ਕੀਤੀ।

ਮੈਂ ਪਾਣੀ ਦਾ ਗਿਲਾਸ ਫੜਾ ਕੇ ਘੁੱਟ ਭਰਨ ਲਈ ਕਿਹਾ।

ਮੱਚੜੀ ਖੰਘ ਹੀ ਆ ਗਈ …! ਪੀਣਾਂ ਤਾਂ ਨਹੀਂ ਸੀ ਪਰ ਲਿਆ ਹੁਣ ਪੀ ਲੈਨੀ ਐ …! ਮੇਰੇ ਤੋਂ ਤਾਂ ਫਰਿਜ਼ ਦਾ ਪਾਣੀ ਪੀਤਾ ਈ ਨ੍ਹੀ ਜਾਂਦਾ …! ਮੈਨੂੰ ਤਾਂ ਕੋਰੇ ਘੜੇ ਦਾ ਪਾਣੀ ਪੀਣ ਦੀ ਹੀ ਆਦਤ ਐ …! ਇਹ ਤਾਂ ਹੁਣ ਬਹੂ-ਰਾਣੀ ਆਪਣੇ ਸੁਖ ਨੂੰ ਆਪ ਲੈ ਆਈ …! ਜੇ ਕੋਰੇ ਘੜੇ ਦਾ ਪਾਣੀ ਪੀਈਏ ਤਾਂ ਸੌਂ ਰੋਗ ਟੁੱਟਦੇ ਐ…! ਅਗਾਂਹਵਧੂ ਨੇ ਪਾਣੀ ਦਾ ਗਿਲਾਸ ਖਾਲੀ ਕਰਕੇ ਮੇਜ਼ \’ਤੇ ਰੱਖ ਦਿਤਾ।

ਤੁਹਾਡੇ ਗਹਿਣਿਆਂ ਦਾ ਬੜਾ ਸੋਹਣਾਂ ਡਜ਼ਾਈਨ ਹੈ…! ਅਸੀਂ ਨਵੀਂ ਨੂੰਹ ਰਾਹੀ ਅਗਾਂਹਵਧੂ ਵਿਚਾਰਾਂ ਵਾਲੀ ਨੂੰ ਹੋਰ ਫ਼ਰੋਲਣ ਦੀ ਕੋਸਿ਼ਸ਼ ਕੀਤੀੋ।

ਗਹਿਣੇ ਤਾਂ ਸੁੱਖ ਨਾਲ ਇਹਦੇ ਮਾਪਿਆਂ ਨੇ ਇਹਦੀ ਪਸੰਦ ਦੇ ਬਣਾ ਕੇ ਦਿੱਤੇ ਐ… ਕਹਿੰਦੇ ਸਾਡੀ ਧੀ ਦੇ ਤਾਂ ਛੇਤੀ ਸੂਟ ਪਸੰਦ ਨਹੀਂ ਆਉ਼ਂਦਾ …! ਆਪਣੇ ਕੱਪੜਿਆ ਨਾਲ ਸਜਾ ਕੇ ਇਹਨੇ ਟੂੰਮਾਂ ਦੇ ਡਜ਼ਾਈਨ ਤਿਆਰ ਕਰਵਾਏ ਐ …! ਬਥੇਰਾ ਦਿਲ ਖੁਸ਼ ਕਰਦੇ ਐ ਨੂੰਹ ਰਾਣੀ ਦੇ ਪੇਕੇ …! ਅਸੀਂ ਤਾਂ ਉਨ੍ਹਾਂ ਦੇ ਇੱਕ ਪੈਸੇ ਦੇ ਰਵਾਦਾਰ ਨਹੀਂ …! ਉਨ੍ਹਾਂ ਨੇ ਆਪਣੀ ਧੀ ਨੂੰ ਦਾਨ ਵਿਚ ਜੋ ਦੇਤਾ ਸੋ ਦੇਤਾ …! ਮੈਂ ਤਾਂ ਆਪਣੇ ਅਗਾਂਹਵਧੂ ਸੁਭਾਅ ਮੁਤਾਬਕ ਗੁਸੇ ਵੀ ਹੋਈ ਸੀ …ਜਦੋ ਉਨ੍ਹਾਂ ਨੇ ਮੇਰੇ ਤੇ ਇਹਦੇ ਪਾਪੇ ਨੂੰ ਸੋਨੇ ਦੇ ਕੜੇ ਅਤੇ ਚੈਨੀਆਂ ਪਾਏ …! ਅਸੀਂ ਤਾਂ ਬਥੇਰਾ ਮੋੜ ਮੜਾਈ ਕੀਤੀ ਪਰ ਭਾਈ ਉਹ ਤਾਂ ਫੇਰ ਕਹਿੰਦੇ ਕਿ ਤੁਸੀ ਸਾਡੀ ਕੁੜੀ ਨੂੰ ਆਪਣੀ ਧੀ ਹੀ ਨਹੀਂ ਸਮਝਦੇ …? ਇਹ ਵੀ ਤੁਹਾਡੀ ਧੀ ਹੈ …ਫੇਰ ਕੋਈ ਬੰਦਾ ਕੀ ਕਰੇ…! ਮਾਣ ਤਾਣ ਤਾਂ ਰੱਖਣਾ ਈ ਪੈਂਦੈ…! ਅਗਾਂਹਵਧੂ ਨੇ ਸਾਰਾ ਕੁਝ ਲੈ ਕੇ ਵੀ ਕੁੜੀ ਦੇ ਪੇਕਿਆਂ ਸਿਰ ਹੀ ਠੂਠਾ ਭੰਨਿਆਂ।

ਅਗਾਂਹਵਧੂ ਜੀ ਤੁਹਾਡੇ ਖਿਆਲ ਤਾਂ ਇਨ੍ਹਾਂ ਦੇ ਪੇਕੇ ਪਰਵਾਰ ਨਾਲ ਬਿਲਕੁਲ ਨਹੀਂ ਮਿਲਦੇ ਹੋਣੇ…! ਉਹ ਦੇਣਦਾਰਾਂ ਵਿਚ ਸ਼ਾਮਲ ਤੇ ਤੁਸੀਂ ਨਾ-ਦੇਣਦਾਰਾਂ ਵਿਚ ਸ਼ਾਮਲ। ਉਸ ਦੇ ਸਹੀ ਵਿਚਾਰਾਂ ਦੀ ਸਾਨੂੰ ਸਮਝ ਲੱਗੀ ਜਾ ਰਹੀ ਸੀ, ਅਸੀਂ ਹੁਣ ਉਸ ਦੇ ਮੂੰਹੋਂ ਹੋਰ ਬਹੁਤ ਕੁਝ ਸੁਣਨ ਦੀ ਪੱਕੀ ਠਾਣ ਲਈ ਸੀ।

ਪਰ ਮੈਂ ਤਾਂ ਆਪਣੇ ਖਿਆਲਾਂ ਦੀ ਬਲੀ ਨ੍ਹੀ ਚੜ੍ਹਨ ਦਿੱਤੀ।।।! ਭੋਰਾ ਚੀਜ਼ ਨੀ ਮੰਗੀ ਅਗਲੇ ਤੋ।।।! ਹੁਣ ਜਦੋਂ ਅਗਲੇ ਆਪਣੀ ਧੀ ਨੂੰ ਭਰ-ਭਰ ਕੇ ਝੋਲੇ ਤੋਰੀ ਜਾਂਦੇ ਐ ਤਾਂ ਫੇਰ ਮੈਂ ਹੁਣ ਕੀ ਕਰਾਂ…! ਕਹਿ ਕੇ ਅਗਾਂਹਵਧੂ ਸ਼ਰਾਰਤੀ ਹਾਸਾ ਹੱਸੀ।

ਮੁੜੀ ਆਉਂਦੀ ਕਾਰ ਵੱਲ ਸਾਡੀ ਨਜ਼ਰ ਗਈ ਤਾਂ ਕਾਰ ਦੇ ਮੂਹਰੇ ਇੱਕ ਟੁੱਟਿਆਂ ਛਿੱਤਰ ਲਟਕਦਾ ਆਉਂਦਾ ਸੀ, ਜਿਸ ਨੂੰ ਵੇਖ ਕੇ ਅਸੀਂ ਸਿੱਧਾ ਹੀ ਸਵਾਲ ਉਸ ਦੇ ਕਪਾਲ \’ਚ ਮਾਰਿਆਂ… “ਨਾ ਤੂੰ ਤਾਂ ਆਪਣੇ ਆਪ ਨੂੰ ਬੜੀ ਅਗਾਂਹਵਧੂ ਵਿਚਾਰਾਂ ਵਾਲੀ ਕਹਿੰਦੀ-ਕਹਾਉਂਨੀ ਐ, ਪਰ ਔਹ ਟੁੱਟਿਆਂ ਛਿੱਤਰ ਤੇਰੇ ਵਿਚਾਰਾਂ ਨੂੰ ਘੜੀਸਦਾ ਆਉਂਦੈ…! ਨਾ ਤੂੰ ਆਪਣੇ ਵਿਚਾਰਾਂ ਨਾਲ ਅੱਜ ਤੱਕ ਜ਼ਮੀਨ ਅਸਮਾਨ ਦੇ ਕਲਾਵੇ ਹੀ ਮੇਲਦੀ ਰਹੀ… !”

-“ਨਾ ਭੈਣੇ…! ਮੇਰੇ ਵਿਚਾਰਾਂ ਦੀ ਤੁਲਨਾਂ ਇਸ ਟੁੱਟੇ ਛਿੱਤਰ ਨਾਲ ਤਾਂ ਕਿਵੇ ਹੋਜੂ…!” ਇਹ ਤਾਂ ਕੱਲ੍ਹ ਮੇਰੀ ਸੱਸ ਹਲਾ-ਹਲਾ ਕਰਦੀ ਸੀ ਕਿ ਕੋਈ ਨਜ਼ਰ ਲਾਦੂੰ …! ਉਹਨੇ ਚੱਕ ਕੇ ਬੰਨ੍ਹਤਾ… ਮੈਂ ਖੋਲ੍ਹਣ ਹੀ ਲੱਗੀ ਸੀ ਪਰ ਉਹ ਕਹਿੰਦੀ: ਸੁਣ ਕੁੜੇ…! ਸਾਰੇ ਕੰਮ ਦਾ ਤੂੰ ਠੇਕਾ ਲਿਆ ਏ…! ਮੇਰੀ ਵੀ ਕੋਈ ਇਛਾ ਹੋਓ ਆਪਣੇ ਪੋਤਰੇ ਵਾਸਤੇ …! ਫੇਰ ਮੈਂ ਚੁਪ ਕਰ \’ਗੀ ਕਿ ਚੱਲ ਬਜੁਰਗ ਬੰਦੇ ਦਾ ਮਾਣ-ਤਾਣ ਰੱਖਣਾ ਚਾਹੀਦੈ …ਫੇਰ ਵੀ ਆਪ ਤੋਂ ਵੱਡੇ ਐ…ਬਸ ਅੁਹਦੇ ਮੱਣ ਤੱਣ ਕਰਕੇ ਹੀ………ਅਜੇ ਉਸ ਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਮੁੰਡਾ ਬਿੰਨਾਂ ਸੁਣੇ ਵਿਚੋਂ ਹੀ ਬੋਲ ਪਿਆ।

-“ਚੱਲ ਬੇਬੇ…ਹੁਣੇ ਹੀ ਚੱਲੀਏ …ਮੈਂ ਡੇਰੇ ਤੋ ਆਇਐ …ਬਾਬਾ ਜੀ ਕਹਿੰਦੇ ਕੱਲ੍ਹ ਨੂੰ ਅਸੀਂ ਕਿਸੇ ਯਾਤਰਾਂ \’ਤੇ ਜਾਣੈ… ਅੱਜ ਹੀ ਆ ਜਾਓ…!” ਮੁੰਡੇ ਨੇ ਬੜੀ ਤੇਜ਼ੀ ਨਾਲ ਸਾਰਾ ਕੁਝ ਦੱਸ ਕੇ ਆਪਣੀ ਮਾਂ ਨੂੰ ਤੁਰਨ ਲਈ ਕਿਹਾ।

-“ਅਗਾਂਹਵਧੂ ਜੀ ਕਿਹੜੇ ਡੇਰੇ ਜਾਂਦੇ ਹੋ…? ਲੋਕਾਂ ਨੂੰ ਤਾਂ ਤੁਸੀਂ “ੱਸ੍ਰੀ ਗੁਰੂ ਗਰੰਥ ਸਹਿਬ ਜੀ” ਦੇ ਲੜ ਲੱਗਣ ਦੀਆਂ ਵਿਚਾਰਾਂ ਦੇਂਦੇ ਹੋ…! ਆਪ ਤੁਸੀਂ ਸਾਰਿਆਂ ਦਾ ਮਾਣ-ਤਾਣ ਕੁਝ ਜਿਆਂਦਾ ਹੀ ਨ੍ਹੀ ਕਰੀ ਜਾਂਦੇ…! ਹਾਥੀ ਦੇ ਦੰਦ ਵਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ…! ਤੁਹਾਡੇ ਵਿਚਾਰਾਂ ਨੂੰ ਸੁਣ ਕੇ ਲੱਗਦਾ ਤਾਂ ਨਹੀਂ ਸੀ ਕਿ ਤੁਸੀਂ ਵੀ ਡੇਰਿਆਂ ਵੱਲ ਮੂੰਹ ਕਰਦੇ ਹੋਵੋਗੇ…!” ਅਸੀਂ ਸਾਫ਼ ਹੀ ਉਸ ਨੂੰ ਕਹਿ ਦੇਣਾ ਬੇਹਤਰ ਸਮਝਿਆਂ।

-\”ਨੀ ਕਾਹਨੂੰ…! ਇਹ ਤਾਂ ਸਾਰਾ ਦਿਨ ਮੁੰਡ੍ਹੀਰ ਨਾਲ ਫਿਰਦਾ ਰਹਿੰਦੈ…! ਇਹਨੂੰ ਕੀ ਪਤੈ …! ਐਵੇ ਕਿਸੇ ਨੇ ਕਹਿਤਾ ਹੋਣੈ, ਤੁਰ ਪਿਆ ਮੈਨੂੰ ਸੱਦਣ…!” ਉਸ ਦੀ ਸਾਰੀ ਗੱਲ ਦਾ ਪਰਦਾ ਫਾਸ ਹੋ ਗਿਆ ਸੀ। ਅਗਾਂਹਵਧੂ  ਨੂੰ ਕੋਈ ਸਹੀ ਜਵਾਬ ਵੀ ਨਾ ਲੱਭਿਆ।  ਅਸੀਂ ਤੁਰਨ ਦਾ ਇਰਾਦਾ ਬਣਾ ਕੇ ਕਿਹਾ, ਚੰਗਾ ਜੀ ਅਸੀਂ ਤਾਂ ਹੁਣ ਜਾਂਦੇ ਆਂ… ਤੁਸੀਂ ਜਾਓ ਆਪਣੇ ਡੇਰੇ ਵਾਲੇ ਬਾਬਿਆਂ ਦੇ… ਹੁਣ ਲੱਗਦੇ ਹੱਥ ਕੋਈ ਪੋਤੇ ਦੀ ਦਵਾਈ-ਦਵੂਈ ਵੀ ਨਾਲ ਹੀ ਪੁੱਛ ਆਉਣੀ …ਗੁੱਝੀ ਬੋਲੀ ਮੱਰ ਕੇ ਅਸੀਂ ਹੱਸ ਪਏ \’ਤੇ ਤੁਰਨ ਹੀ ਲੱਗੇ ਸੀ, ਕਿ ਕਿਸੇ ਨੇ ਛਿੱਕ ਮਾਰੀ।

ਬਹਿ ਜੋ …! ਰੁਕ ਜੋ …! ਛਿੱਕ ਵੱਜੀ ਐ …! ਕੋਈ ਹੋਰ ਈ ਨਾ ਰਾਹ ਵਿਚ ਕਿਸੇ ਨਾਲ ਲੜਾਈ ਮੁੱਲ ਮਿਲਜੇ। ਅਗਾਂਹਵਧੂ ਸਾਨੂੰ ਕਹਿੰਦੀ-ਕਹਿੰਦੀ ਨਾਲ ਦੀ ਨਾਲ ਹੀ ਬੈਠ ਗਈ ਸੀ।

ਅਗਾਂਹਵਧੂ ਜੀ ਅਸੀਂ ਨਹੀ ਕਿਸੇ ਨਾਲ  ਲੜਦੇ …! ਪਰ ਜੇ ਹੁਣ ਤੁਸੀਂ ਸਾਡੇ ਸਾਹਮਣੇ ਐਂਵੇ ਅਗਾਂਹਵਧੂ ਵਿਚਾਰਧਾਰਾ ਦਾ ਖਿਲਾਰਾ ਪਾ ਕੇ ਫ਼ੋਕੇ ਨੰਬਰ ਬਣਾਏ ਤਾਂ ਫੇਰ ਸਾਡੀ ਤੁਹਾਡੇ ਨਾਲ ਲੜਾਈ ਜ਼ਰੂਰ ਹੋਜੂ…! ਕਹਿ ਕੇ ਅਸੀਂ ਅਗਾਂਹਵਧੂ ਦੇ ਵਿਚਾਰਾਂ ਤੋ ਚਿੱਟੀ ਚਾਦਰ ਚੁੱਕ ਦਿੱਤੀ ਸੀ।