ਪੋਥੀ ਪਰਮੇਸਰ ਕਾ ਥਾਨੁ

0
1661

ਦੁਨੀਆਂ ਭਰ ਵਿੱਚ ਧਰਮ ਨੇ ਮਨੁੱਖਤਾ ਨੂੰ ਸਦਾ ਹੀ ਪ੍ਰਭਾਵਤ ਕੀਤਾ ਹੈ। ਜਿਹੋ ਜਿਹੀ ਇਹ ਦੁਨੀਆਂ ਅੱਜ ਨਜ਼ਰ ਆ ਰਹੀ ਹੈ, ਇਸ ਨੂੰ ਇਸ ਅਵਸਥਾ ਵਿੱਚ ਲਿਆਉਣ ਲਈ ਧਰਮ ਸਿਧਾਂਤਾਂ ਨੇ, ਧਾਰਮਕ ਮੁਖੀਆਂ ਨੇ ਅਤੇ ਧਾਰਮਕ ਗ੍ਰੰਥਾਂ ਨੇ ਸੁਚੇਤ ਮੁਖੀ ਦਾ ਕਿਰਦਾਰ ਨਿਭਾਇਆ ਹੈ। ਪਰਮਾਤਮਾ ਭਾਵੇਂ ਅਥਾਹ ਗੁਣਾ ਵਾਲਾ ਹੈ, ‘ਕਰਤਾ ਭਰਤਾ ਤੇ ਹਰਤਾ ਹੈ`, ਅਸੀਮ ਹੈ ਕਿਉਂਕਿ ਰੱਬ ਨਿਰਅਕਾਰ ਹੈ, ਇਸ ਲਈ ਆਮ ਮਨੁੱਖ ਦੀ ਸੋਚ ਪਹੁੰਚ ਤੋਂ ਉਪਰ ਹੈ। ਕਿਸੇ ਕਮਜ਼ੋਰੀ ਕਾਰਨ ਅਣਗਿਣਤ ਲੋਕ, ਆਪਣੇ ਧਰਮ ਮੁਖੀ ਨੂੰ ਹੀ ਰੱਬ ਆਖ ਦਿਆ ਕਰਦੇ ਸਨ। ਇਨਸਾਨ ਨੂੰ ਅਨੇਕ ਬੁਰਾਈਆਂ, ਵਿਕਾਰਾਂ ਤੋਂ ਹੋੜ ਕੇ, ਧਰਮ ਮੁਖੀਆਂ ਨੇ ਨੇਕੀ, ਪਰਉਪਕਾਰ ਦੇ ਭਲੇ ਮਾਰਗ ਤੇ ਚੱਲਣ ਦੀ ਵਾਰ-ਵਾਰ ਪ੍ਰੇਰਨਾ ਕੀਤੀ। ਸਾਰੇ ਤਾਂ ਭਾਵੇਂ ਨਾ ਸਹੀ ਪਰ ਫਿਰ ਵੀ ਬੇਅੰਤ ਲੋਕ ਸ਼ਰਧਾ ਭਾਵਨਾ ਸਹਿਤ ਆਪਣੇ ਧਰਮ ਮੁਖੀ ਦੇ ਹੁਕਮ ਨੂੰ ਸਵੀਕਾਰ ਕਰਦੇ ਹਨ। ਸਿੱਖਾਂ ਨੂੰ ਇਸ ਗੱਲ ਦਾ ਵਿਸ਼ੇਸ਼ ਮਾਣ ਹੈ ਕਿ ਉਨ੍ਹਾਂ ਕੋਲ ਆਪਣੇ ਮਹਾਨ ਧਰਮ ਮੁਖੀਆਂ ਦੇ ਪਵਿੱਤਰ ਉਪਦੇਸ਼, ਸਹੀ ਅਵਸਥਾ ਵਿੱਚ ਬਿਨਾਂ ਮਿਲਾਵਟ ਤੋਂ ਪਹੁੰਚ ਗਏ ਹਨ। ਸਤਿਗੁਰੂ ਨਾਨਕ ਵਿਚਾਰਧਾਰਾ ਬਹੁਪੱਖੀ ਹੈ। ਜ਼ਿੰਦਗੀ ਦੇ ਹਰ ਪਹਿਲੂ ਲਈ ਅਗਵਾਈ ਕਰਨ ਦੇ ਯੋਗ ਹੈ। ਸੰਸਾਰ ਨੂੰ ਇੱਕ ਇਕਾਈ ਬਣਾਉਣ ਵਿੱਚ ਨਿੱਗਰ ਯੋਗਦਾਨ ਪਾਉਣ ਲਈ ਸਮਰੱਥ ਹੈ। ਇਸ ਪਾਵਨ ਬਾਣੀ ਦੀਆਂ ਸਾਰੀਆਂ ਖੂਬੀਆਂ ਕਿਸੇ ਇੱਕ ਲੇਖ ਵਿੱਚ ਅੰਕਿਤ ਕਰਨੀਆਂ ਤਾਂ ਸੰਭਵ ਨਹੀਂ ਹਨ, ਫਿਰ ਵੀ ਸਮਾਜ ਦੇ ਭਲੇ ਹਿੱਤ, ਇਸ ਤੋਂ ਅਗਵਾਈ ਲੈ ਕੇ ਜ਼ਿੰਦਗੀ ਬਤੀਤ ਕੀਤੀ ਜਾਵੇ ਤਾਂ ਸਮਾਜ ਦਾ ਚਿਹਰਾ-ਮੋਹਰਾ ਹੀ ਨਹੀਂ, ਮਨ ਅਤੇ ਆਤਮਾ ਵਿੱਚ ਵੀ ਕ੍ਰਾਂਤੀਕਾਰੀ ਬਦਲਾਓ ਆ ਸਕਦਾ ਹੈ। ਸਤਿਗੁਰੂ ਨਾਨਕ ਸਾਹਿਬ ਦਾ (ਅਥਾਹ ਸਾਗਰ ਵਿਚੋਂ) ਕੇਵਲ ਇੱਕ ਸਲੋਕ ਪਾਠਕਾਂ ਸਨਮੁੱਖ ਰੱਖਣ ਦੀ ਖੁਸ਼ੀ ਲੈ ਰਿਹਾ ਹਾਂ:

ਸ਼ਲੋਕ ਮਹਲਾ ਪਹਿਲਾ (ਸਾਰੰਗ ਕੀ ਵਾਰ ਮਹਲਾ 4) ਪੰਨਾ 1240

1. ‘ਨਾਨਕ ਚੁਲੀਆਂ ਸੁਚੀਆਂ ਜੇ ਭਰਿ ਜਾਣੇ ਕੋਇ।।`

ਇਸ ਸੰਸਾਰਕ ਪਸਾਰੇ ਵਿੱਚ, ਹਰ ਇਨਸਾਨ ਸਰੀਰ ਨੂੰ ਪਵਿੱਤਰ ਜਾਂ ਨਿਰਮਲ ਰੱਖਣ ਲਈ ਯਤਨਸ਼ੀਲ ਵੇਖਿਆ ਜਾ ਸਕਦਾ ਹੈ। ਖਾਸ ਮਿਥੇ ਹੋਏ ਤੀਰਥਾਂ `ਤੇ ਇਸ਼ਨਾਨ ਕਰਨਾ, ਉਪਰੰਤ ਸਾਧੂਆਂ, ਗਰੀਬਾਂ ਨੂੰ ਭੋਜਨ ਛਕਾਉਣਾ, ਰੁਪਏ, ਕੱਪੜੇ ਦਾਨ ਕਰਨੇ, ਧਰਮ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਸੀ। ਇਹ ਕਦੀ ਕਿਸੇ ਸਾਧੂ ਜਾਂ ਧਰਮ ਮੁਖੀ ਨੇ ਦਾਨ ਕਰਨ ਵਾਲੇ ਤੋਂ ਨਹੀਂ ਪੁੱਛਿਆ ਕਿ ‘ਭਾਈ ਤੇਰੇ ਕੋਲ ਇਹ ਦਾਨ ਕਰਨ ਯੋਗ ਪਦਾਰਥ ਆਇਆ ਕਿਵੇ?` ਜਿਸ ਪਾਪ ਦੀ ਨਵਿਤਰੀ ਲਈ ਤੂੰ ਇਸ਼ਨਾਨ ਕੀਤਾ, ਦਾਨ ਕੀਤਾ ਹੈ, ਉਹ ਕਿਹੜਾ ਪਾਪ ਹੈ? ਪਾਣੀ ਵਿੱਚ ਖਲੋ ਕੇ ਸੂਰਜ ਨੂੰ ਹਾਜ਼ਰ ਜਾਣ ਕੇ, ਪਰਮਾਤਮਾ ਦੀਆਂ ਕਸਮਾਂ ਖਾ ਕੇ ਗਰੀਬਾਂ ਨੂੰ ਕੁਝ ਧਨ ਪਦਾਰਥ ਦਾਨ ਕਰਨ ਨਾਲ ਕੀ ਸੱਚਮੁੱਚ ਤੂੰ ਪਵਿੱਤਰ ਹੋ ਗਿਆ ਹੈ? ਧਰਮੀ ਬਣ ਗਿਆ ਹੈ? ਇਹ ਸੁਆਲ ਕਦੀ ਕਿਸੇ ਧਾਰਮਕ ਮੁਖੀ ਨੇ ਆਪਣੇ ਸੇਵਕਾਂ ਨੂੰ ਨਹੀਂ ਕੀਤੇ ਸਨ। ਬਸ ਪੁਜਾਰੀ ਦੀਆਂ ਦੱਸੀਆਂ ਕੁਝ ਰੀਤਾਂ ਰਸਮਾਂ ਪੂਰੀਆਂ ਕਰੋ ਤੇ ਧਰਮੀ ਹੋਣ ਦਾ ਪ੍ਰਮਾਣ ਪੱਤਰ ਪ੍ਰਾਪਤ ਕਰ ਲਓ। ਸਤਿਗੁਰੂ ਨਾਨਕ ਸਾਹਿਬ ਨੂੰ ਇਹ ਪ੍ਰਵਾਨ ਨਹੀਂ ਸੀ। ਉਨ੍ਹਾਂ ਸਪੱਸ਼ਟ ਕੀਤਾ ‘ਐ ਸੰਸਾਰ ਦੇ ਲੋਕੋ! ਜੇ ਪਵਿੱਤਰ ਹੋਣਾ ਚਾਹੁੰਦੇ ਹੋ ਤਾਂ ਕੇਵਲ ਪਾਣੀ ਨਾਲ ਸਰੀਰ ਧੋਇਆਂ ਨਹੀਂ ਹੋ ਸਕੋਗੇ। ਅੰਦਰੋਂ ਮਨ ਕਰਕੇ ਸਵੱਛ ਹੋਣਾ ਪਵੇਗਾ। ਆਪਣੀ ਨਿੱਤ ਦੀ ਜੀਵਨ ਕਿਰਿਆ ਸ਼ੁੱਧ ਕਰਨੀ ਪਵੇਗੀ। ਜਿਸ ਯੋਗ ਤੁਸੀਂ ਹੋ, ਜਿਸ ਰੁਤਬੇ ਤੇ ਬਿਰਾਜ ਕੇ ਜ਼ਿੰਮੇਵਾਰੀਆਂ ਨਿਭਾਅ ਰਹੇ ਹੋ, ਉਸ ਵਰਤੋਂ ਵਿਹਾਰ ਨੂੰ ਸ਼ੁੱਧ ਬਣਾਓ। ਇੱਕ ਸਧਾਰਨ ਵਿਅਕਤੀ ਤੋਂ ਲੈ ਕੇ ਸਤਿਗੁਰੂ ਜੀ ਨੇ ਬਾਦਸ਼ਾਹ ਤੱਕ ਨੂੰ, ਬੜੀ ਬੇਬਾਕੀ ਨਾਲ ਨੇਕੀ ਦੇ ਰਾਹ ਤੇ ਚੱਲਣ ਦੀ ਤਾਕੀਦ ਕੀਤੀ ਹੈ। ਅਗਲੀ ਪੰਕਤੀ:

2. ‘ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ।।`

(ਉਹੀ) ਹੇ ਭਾਈ! ਧਿਆਨ ਨਾਲ ਸੁਣ, ਸ਼ਰਧਾਵਾਨ ਮਨੁੱਖ ਕੋਲ, ਗਿਆਨ ਤੇ ਵਿਚਾਰ ਦੀ ਸੋਝੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਉਹ ਸ਼ਰਧਾ ਤਾਂ ਬੜੀ ਰੱਖਦਾ ਹੋਵੇ ਪਰ ਗਿਆਨ ਵਲੋਂ ਖਾਲੀ ਹੋਵੇ। ਅੰਨ੍ਹੀ ਸ਼ਰਧਾ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ। ਇਨਸਾਨ ਮੂਰਤੀਆਂ, ਰੁੱਖਾਂ, ਪਸ਼ੂਆਂ-ਪੰਛੀਆਂ ਅਤੇ ਮਨੁੱਖਾਂ ਤੱਕ ਨੂੰ ਪੂਜਣ ਲੱਗ ਪੈਂਦਾ ਹੈ। ਗੁਰੂ ਘਰ ਵਿੱਚ ਅਗਿਆਨਤਾ ਵਾਲੀ ਪੂਜਾ ਨੂੰ ਕੋਈ ਥਾਂ ਨਹੀਂ ਹੈ। ਸਗੋਂ ‘ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।। ਸਤਿਗੁਰੁ ਭੇਟੈ ਮੋਖ ਦੁਆਰ।।` (944) ਇਹ ਹੈ ਅਸਲੀ ਸੁਰਤ ਜੁੜ ਜਾਣ ਦੀ ਨਿਸ਼ਾਨੀ ਤੇ ਇਹੀ ਹੈ ਸੱਚੀ ਚੁਲੀ ਜਾਂ ਪਵਿੱਤਰਤਾ। ਹੋਰ ਸੁਣੋ! ਜੋਗੀ ਅਤੇ ਹੋਰ ਬਹੁਤ ਸਾਰੇ ਸਾਧ ਸੰਤ ਘਰ ਤਿਆਗ ਕੇ, ਜ਼ਿੰਮੇਵਾਰੀਆਂ ਤੋਂ ਭੱਜ ਖਲੋਂਦੇ ਹਨ। ਧੀਆਂ ਪੁੱਤਰ ਪਤਨੀ ਮਾਤਾ-ਪਿਤਾ ਆਦਿ ਨੂੰ ਵਿਲਕਦੇ ਤੜਪਦੇ ਛੱਡ ਕੇ, ਗੁਫਾਵਾਂ ਵਿੱਚ ਜਾ ਬੈਠਦੇ ਹਨ। ਕੀ ਇਹੀ ਧਰਮ ਹੈ? ਇਹੀ ਮਕਸਦ ਹੈ ਜ਼ਿੰਦਗੀ ਦਾ? ਫਿਰ ਪਰਿਵਾਰਾਂ ਨੂੰ ਕੀਹਦੇ ਹਵਾਲੇ ਕੀਤਾ ਹੈ? ਕੀ ਇਹੀ ‘ਰਾਮਨਾਮ` ਘਰ ਰਹਿ ਕੇ, ਖੇਤੀ ਕਰਕੇ, ਸਮਾਜਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਨਹੀਂ ਜਪਿਆ ਜਾ ਸਕਦਾ? ਕੀ ਜਤੀ ਰਹਿਣ ਨਾਲ ਪ੍ਰਮਾਤਮਾ ਮਿਲ ਜਾਂਦਾ ਹੈ?

‘ਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਂਗਤ ਤ੍ਰੈ ਲੋਭਾਵਹਿ।।` (903)

ਕੋਈ ਜੀਵ ਬਿੰਦ ਨੂੰ ਕਾਬੂ ਨਹੀਂ ਰੱਖ ਸਕਦਾ। ਤੁਸੀਂ ਤਾਂ ਸਗੋਂ ਜਦੋਂ ਘਰਾਂ ਵਿੱਚ ਪੇਟ ਪੂਰਤੀ ਲਈ ਅੰਨ ਦਾਣਾ ਮੰਗਣ ਜਾਂਦੇ ਹੋ ਤਾਂ ਸੁੰਦਰ ਔਰਤਾਂ ਨੂੰ ‘ਮਾਤਾ ਜੀ` ਆਖ ਕੇ ਖੈਰ ਵੀ ਮੰਗਦੇ ਹੋ ਤੇ ਮਨ ਅੰਦਰ ਕਾਮ ਠਾਠਾਂ ਮਾਰ ਰਿਹਾ ਹੁੰਦਾ ਹੈ। ਕਈ ਵਾਰੀ ਵਾਸਨਾ ਗ੍ਰਸਤ ਹੋ ਕੇ, ਕੁਕਰਮ ਵੀ ਕਰ ਜਾਂਦੇ ਹੋ। ਇਹੀ ਬਿਹਤਰ ਨਹੀਂ ਕਿ ਘਰ ਵਿੱਚ ਰਹਿ ਕੇ ਹੀ, ਨੇਕ ਜੀਵਨ ਬਤੀਤ ਕਰੋ। ਜਤੀ ਤਾਂ ਅਸਲ ਵਿੱਚ ਓਹੀ ਇਨਸਾਨ ਹੈ ਜੋ ਆਪਣੇ ਪਤੀ/ਪਤਨੀ ਪ੍ਰਤੀ ਵਫਾਦਾਰ ਰਹਿੰਦਾ ਹੈ। ਇਸ ਅਸੂਲ ਤੋਂ ਭਟਕਿਆਂ ਮਨੁੱਖ, ਜਿੰਨੀ ਮਰਜ਼ੀ ਪਵਿੱਤਰਤਾ ਰੱਖਣ ਦਾ ਵਿਖਾਵਾ ਕਰੇ, ਚੁਲੀਆਂ ਭਰੇ, ਕਿਸੇ ਅਰਥ ਨਹੀਂ। ਉਹ ਅਪਵਿੱਤਰ ਹੀ ਮੰਨਿਆ ਜਾਵੇਗਾ।

3. ‘ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ।।` (ਉਹੀ) ਪੁਰਾਤਨ ਸਮਿਆਂ ਵਿੱਚ ਬ੍ਰਾਹਮਣ ਦਾ ਸਮਾਜ ਉਤੇ ਬਹੁਤ ਦਬਦਬਾ ਸੀ। ਰਾਜੇ ਮਹਾਰਾਜੇ ਵਜ਼ੀਰ ਚੌਧਰੀ ਸਾਰੇ ਹੀ ਬ੍ਰਾਹਮਣ ਤੋਂ ਪੁੱਛ ਕੇ ਚੱਲਦੇ ਸਨ। ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ, ਜੀਵਨ ਦੀ ਹਰ ਇੱਕ ਕਿਰਿਆ ਪੁਜਾਰੀ (ਬ੍ਰਾਹਮਣ) ਦੇ ਅਧੀਨ ਸੀ ਤੇ ਹੈ। ਜਿਸ ਕਿਸੇ ਨੇ ਜ਼ਰਾ ਉਭਾਸਰਨ ਦੀ ਹਿੰਮਤ ਕੀਤੀ, ਪੁਜਾਰੀਆਂ ਦੀਆਂ ਵਧੀਕੀਆਂ ਵਿਰੁੱਧ ਮੂੰਹ ਖੋਲ੍ਹਿਆ, ਉਸ ਨੂੰ ਅਪਮਾਨਤ ਕੀਤਾ ਗਿਆ। ਨਾਸਤਕ ਆਖ ਕੇ ਭੰਡਿਆ ਗਿਆ, ਨਰਕਾਂ ਦਾ ਅਧਿਕਾਰੀ ਗਰਦਾਨਿਆਂ ਗਿਆ। ਜੇ ਫਿਰ ਵੀ ਵਿਰੋਧੀ ਟਿਕਾਣੇ ਸਿਰ ਨਾ ਆਇਆ ਤਾਂ ਸਿਰ ਕਲਮ ਕਰ ਦਿੱਤਾ ਗਿਆ। ਬ੍ਰਾਹਮਣ ਦੇ ਫਤਵਿਆਂ ਤੋਂ ਮੁਕਤੀ ਦਾ ਇੱਕੋ ਇੱਕ ਪ੍ਰਮੁਖ ਸਾਧਨ ਸੀ ‘ਦਾਨ`| ਅਸਲ ਵਿੱਚ ਇਹ ਦਾਨ ਨਹੀਂ ਸੀ ਬਲਕਿ ‘ਡਾਨ` ਭਾਵ ਡੰਡ ਜਾਂ ਸਜ਼ਾ ਸੀ। ਇਸ ਨੂੰ ਸਜ਼ਾ ਬਣਨ ਤੋਂ ਪਹਿਲਾਂ ਹੀ ਆਮ ਸੇਵਕ ਬ੍ਰਾਹਮਣ ਅੱਗੇ ਦੋਵੇਂ ਹੱਥ ਜੋੜ ਕੇ, ਅਤਿ ਅਧੀਨਗੀ ਵਿੱਚ ਖੁਦ ਹੀ ਦਾਨ ਕਰਦਾ ਰਹਿੰਦਾ ਸੀ ਤਾਂ ਕਿ ਇਹ ਡੰਡ ਨਾ ਬਣ ਜਾਵੇ। ਆਪਣੇ ਸੇਵਕਾਂ ਨੂੰ ਨਰਕਾਂ ਤੋਂ ਬਚਾ ਕੇ ਸਵਰਗਾਂ ਵਿੱਚ ਭੇਜਣ ਲਈ, ਬ੍ਰਾਹਮਣ ਵਿਚਾਰਾ ਉਨ੍ਹਾਂ ਦੇ ‘‘ਪਾਪ“ ਆਪਣੇ ਸਿਰ ਲੈ ਲੈਂਦਾ ਸੀ। ਪਰ ਇਸ ਦੇ ‘ਮਿਹਨਤਾਨੇ` ਦੀ ਫੀਸ (ਦਾਨ+ਡੰਡ) ਵਾਸਤੇ ਅੰਨ, ਧੰਨ, ਸੋਨਾ, ਚਾਂਦੀ, ਬਸਤਰ ਤੇ ਜ਼ਮੀਨ ਤੋਂ ਇਲਾਵਾ ਆਪਣੀ ਜਵਾਨ ਪਤਨੀ ਜਾਂ ਜਵਾਨ ਬੇਟੀ ਵੀ ਬ੍ਰਾਹਮਣ ਦੀ ਸੇਵਾ ਵਿੱਚ ਹਾਜ਼ਰ ਕਰਨੀ ਪੈਂਦੀ ਸੀ। ਜੇ ਕੋਈ ਸੇਵਕ ਸਿੱਧੇ ਜਿਹੇ ਤਰੀਕੇ ਗੱਲ ਨਾ ਸਮਝੇ ਤਦੋਂ ‘ਰਾਜ ਕੋਪ` (ਰਾਜਸੀ ਤਾਕਤ) ਰਾਹੀਂ ਆਪਣੀ ਗੱਲ ਮੰਨਵਾ ਲਈ ਜਾਂਦੀ ਸੀ। ਇਸੇ ਲਈ ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਆਖਿਆ ਹੈ ਕਿ ਹੇ ਪੰਡਤ, ਕ੍ਰਿਪਾ ਕਰਕੇ ਧਰਮ ਦੇ ਨਾਂ `ਤੇ, ਇਹ ਅਣਮਨੁੱਖੀ ਜ਼ੁਲਮ ਨਾ ਕਰੋ। ਜੀਵਨ ਨੂੰ ਸੰਤੋਖੀ ਬਣਾਓ, ਖਾਹਸ਼ਾਂ `ਤੇ ਕਾਬੂ ਪਾਉ। ਤੁਹਾਡੇ ਲਈ ਇਹੀ ਹੈ ਅਸਲੀ ਪਵਿੱਤਰਤਾ ਅਤੇ ਚੂਲੀ ਭਰਨੀ।

ਗ੍ਰਹਿਸਥੀ ਮਨੁੱਖ ਨੂੰ ਸਤਿਗੁਰੂ ਜੀ ਨੇ ਹੁਕਮ ਦਿੱਤਾ ਭਾਈ ਤੂੰ ਸਚਾਈ ਜਾਂ ਨੇਕੀ ਦੇ ਮਾਰਗ ਤੇ ਚੱਲਣਾ ਹੈ। ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਧਨ ਕਮਾਉਣ ਲਈ ਗਲਤ ਰਸਤਾ ਅਖਤਿਆਰ ਨਹੀਂ ਕਰਨਾ। ਭਾਵੇਂ ਸਾਦੇ ਜਹੇ ਖਾਣੇ ਨਾਲ ਜੀਵਨ ਨਿਰਬਾਹ ਕਰਨਾ ਪਵੇ, ਪਰ ਦੂਜੇ ਦਾ ਹੱਕ ਨਹੀਂ ਖੋਹਣਾ। ਦਸ ਨਖ ਦੀ ਭਲੀ ਕਿਰਤ ਕਰਨੀ ਹੈ। ਇਸ ਦੇ ਨਾਲ ਹੀ ਵੰਡ ਕੇ ਛਕਣਾ ਹੈ ਕਿਉਂਕਿ ਤੇਰੇ ਕੋਲ ਅੰਨ ਪੈਦਾ ਕਰਨ ਦੀ ਸਮਰੱਥਾ ਹੈ, ਜੁਗਤੀ ਹੈ। ਇਸ ਲਈ ਜਿੱਥੇ ਕਿਤੇ ਇਹ ਵੇਖੇਂ ਪਈ ਕੋਈ ਭੈਣ-ਭਰਾ, ਬੱਚਾ-ਬੁੱਢਾ ਮੁਸ਼ਕਲ ਵਿੱਚ ਹੈ, ਉਸ ਦੀ ਔਕੜ ਦੂਰ ਕਰਨ ਦੀ ਕੋਸ਼ਿਸ਼ ਕਰੀਂ। ਆਪਣੇ ਪਰਿਵਾਰ ਜਾਂ ਬੱਚਿਆਂ ਨੂੰ ਪਸ਼ੂ-ਪੰਛੀ ਵੀ ਪਾਲਦੇ ਹਨ, ਤੂੰ ਆਪਣੇ ਪਰਿਵਾਰ ਤੱਕ ਸੀਮਤ ਨਾ ਰਹਿ ਕੇ, ਸਮਾਜ ਤੱਕ ਸਭਨਾਂ ਦੀ ਸੇਵਾ ਵਿੱਚ ਤੱਤਪਰ ਰਹਿਣਾ ਹੈ। ਹੋਰ ਕਿਧਰੇ ਇਸ਼ਨਾਨ ਕਰਨ ਲਈ ਤੀਰਥਾਂ `ਤੇ ਭਟਕਣ ਦੀ ਤੈਨੂੰ ਕੋਈ ਲੋੜ ਨਹੀਂ ਹੈ। ਤੇਰਾ ਇਹੀ ਅਸਲੀ ਤੀਰਥ ਹੈ, ਸਮਾਜ ਦੇ ਕਮਜ਼ੋਰ ਤਬਕਿਆਂ ਦੀ ਸਹਾਇਤਾ ਕਰਨੀ। ਜੇ ਤੂੰ ਇਸ ਤਰ੍ਹਾਂ ਜੀਵਨ ਬਸਰ ਕਰੇਂਗਾ ਤਾਂ ਸਮਝ ਲੈ ਤੈਨੂੰ ਸੁੱਚੀਆਂ ਚੂਲੀਆਂ ਭਰਨ ਦੀ ਜਾਚ ਆ ਗਈ, ਤੀਰਥ ਇਸ਼ਨਾਨ ਹੋ ਗਿਆ, ਵਿਕਾਰਾਂ ਦੀ ਮੈਲ ਲਹਿ ਗਈ। ਵਾਕ ਹਨ:

ਹਰਿ ਜਲੁ ਨਿਰਮਲੁ ਮਨੁ ਇਨਸਾਨੀ ਮਜਨ ਸਤਿਗੁਰੁ ਭਾਈ।। (505)

4. ‘ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ।।` (ਉਹੀ) ਸਤਿਗੁਰੂ ਜੀ ਨੇ ਕਿਰਪਾ ਕਰਕੇ ਪਰਮੇਸ਼ਰ ਦੇ ਘਰੋਂ ਬੇਅੰਤ ਕੀਮਤੀ ਖਜ਼ਾਨੇ ਲਿਆਂਦੇ ਅਤੇ ਦੋਹੀਂ ਹੱਥੀਂ ਮਨੁੱਖਤਾ ਵਿੱਚ ਵਰਤਾਏ। ਜੇ ਕੋਈ ਵਿਅਕਤੀ ਸਤਿਗੁਰੂ ਜੀ ਤੋਂ ਕੁਝ ਲੈਣਾ ਹੀ ਨਾ ਚਾਹੇ ਫਿਰ ਤਾਂ ਉਸ ਦੀ ਨਾ ਸਮਝੀ ਹੀ ਆਖੀ ਜਾ ਸਕਦੀ ਹੈ। ਸਤਿਗੁਰੂ ਜੀ ਕਾ ਬਚਨ ਹੈ:

ਊਂਧੈ ਭਾਂਡੇ ਕਿਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ।। (503)

ਦੇਸ਼ ਦੇ ਰਾਜੇ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਆਪਣੇ ਰਾਜ ਵਿੱਚ ਜਾਨ ਮਾਲ, ਆਨ ਸ਼ਾਨ ਸਭ ਦੀ ਬਰਕਰਾਰ ਰੱਖੇ। ਸਾਰਿਆਂ ਨੂੰ ਸਮੇਂ ਸਿਰ ਇਨਸਾਫ ਦੇਵੇ। ਕੋਈ ਇੱਕ ਵਿਅਕਤੀ ਵੀ ਰਾਜ ਵਿੱਚ ਭੁੱਖਾ-ਨੰਗਾ ਨਾ ਹੋਵੇ, ਕੋਈ ਕਿਸੇ ਦਾ ਹੱਕ ਨਾ ਖੋਹਵੇ। ਰਾਜ ਦੀ ਪੁਲਿਸ ਲੋਕਾਂ ਦੀ ਸੇਵਕ ਹੋਵੇ, ਧੱਕੜ ਹਾਕਮ ਨਾ ਬਣੇ। ਸਾਰੇ ਮਹਿਕਮਿਆਂ ਦੇ ਕਰਮਚਾਰੀ ਤੇ ਅਫਸਰ, ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕਰਨ। ਅਦਾਲਤਾਂ ਵਿੱਚ ਇਨਸਾਫ਼ ਮਿਲੇ, ਬਹੁਤ ਹੀ ਨੇਕ ਅਤੇ ਮਾਹਿਰ ਮਨੁੱਖ ਨੂੰ ਇਹ ਵਡੇਰੀ ਜ਼ਿੰਮੇਵਾਰੀ ਸੌਂਪੀ ਜਾਵੇ। ਜੱਜ ਅਤੇ ਅਦਾਲਤ ਦਾ ਨਾਂ ਸੁਣਦਿਆਂ ਹੀ ਕੰਬਣੀ ਨਾ ਛਿੜੇ, ਸਗੋਂ ਮਨ ਨੂੰ ਤਸੱਲੀ ਹੋਵੇ ਕਿ ਠੀਕ ਫੈਸਲਾ ਕੀਤਾ ਜਾਵੇਗਾ। ਫੌਜਾਂ ਦੇਸ ਨੂੰ ਬਾਹਰੀ ਖਤਰਿਆਂ ਤੋਂ ਬਚਾਉਣ ਲਈ ਤਨਦੇਹੀ ਨਾਲ ਸੇਵਾ ਕਰਨ। ਡਾਕਟਰ ਆਪਣੀ ਸੇਵਾ ਨੂੰ ਪਰਉਪਕਾਰ ਦੀ ਭਾਵਨਾ ਨਾਲ ਕਰਨ। ਇਨ੍ਹਾਂ ਸਭਨਾਂ ਤੋਂ ਕੰਮ ਕਰਵਾਉਣ ਵਾਲਾ ਹੈ ਰਾਜਾ। ਜੇ ਦੇਸ ਦਾ ਮੁਖੀ ਨਾ ਅਹਿਲ ਹੋਵੇ, ਅਯਾਸ਼ ਹੋਵੇ, ਰਿਸ਼ਵਤਖੋਰ ਹੋਵੇ, ਸਾਰੇ ਵਰਗਾਂ ਨਾਲ ਇੱਕੋ ਜਿਹਾ ਪਿਆਰ ਭਰਿਆ ਵਰਤਾਓ ਨਾ ਕਰਦਾ ਹੋਵੇ, ਫਿਰ ਉਹ ਰਾਜਾ ਨਾ ਰਹਿ ਕੇ ਕਸਾਈ ਦਾ ਰੂਪ ਧਾਰਨ ਕਰ ਲੈਂਦਾ ਹੈ। ਉਸ ਬਾਰੇ ਸਤਿਗੁਰੂ ਦਾ ਫੁਰਮਾਨ ਹੈ:

ਰਾਜੇ ਸ਼ੀਂਹ ਮੁਕਦਮ ਕੁਤੇ।। ਜਾਇ ਜਗਾਇਨਿ ਬੈਠੇ ਸੁਤੇ।।
ਚਾਕਰ ਨਹਦਾ ਪਾਇਨ ਘਾਉ।। ਰਤੁ ਪਿਤੁ ਕੁਤਿ ਹੋ ਚਟਿ ਜਾਹੁ।।(1288)

ਸਾਰੇ ਦੇਸ ਵਾਸੀ ਰਾਜੇ ਲਈ ਆਪਣੀ ਔਲਾਦ ਵਾਂਗ ਹੋਣ। ਸਭਨਾਂ ਦੀ ਸਿਹਤ ਦੀ ਤੰਦਰੁਸਤੀ, ਅਨੇਕ ਪ੍ਰਕਾਰੀ ਵਿਦਿਆ, ਉਪਜੀਵਕਾ ਦੇ ਸਾਧਨ, ਨਵੀਆਂ ਸੁੱਖ ਸਹੂਲਤਾਂ ਪੈਦਾ ਕਰਨ ਲਈ ਵਿਗਿਆਨੀਆਂ ਨੂੰ ਉਤਸ਼ਾਹਤ ਕਰਨਾ, ਖੇਤੀ, ਵਪਾਰ, ਕਾਰਖਾਨੇ ਅਤੇ ਨੌਕਰੀਆਂ ਆਦਿ ਲਈ ਪਾਏਦਾਰ ਨਿਜ਼ਾਮ ਦੀ ਮਜ਼ਬੂਤੀ ਨਾਲ ਘਾੜਤ ਘੜਨੀ, ਇਹ ਸਭ ਜ਼ਿੰਮੇਵਾਰੀਆਂ ਬਾਦਸ਼ਾਹ ਦੀਆਂ ਹੀ ਤਾਂ ਹਨ। ਜੇ ਰਾਜ ਪ੍ਰਮੁੱਖ ਨਾਸਮਝ, ਬੇਈਮਾਨ ਅਤੇ ਹੋਰ ਵਿਕਾਰਾਂ ਨਾਲ ਲਬਰੇਜ਼ ਹੈ ਤਾਂ ਦੇਸ ਵਾਸੀਆਂ ਦੀ ਜ਼ਿੰਦਗੀ ਦੁਖਦਾਈ ਹੀ ਹੋਵੇਗੀ। ਅੱਗੇ ਰਾਜੇ ਨੂੰ ਨੇਕ ਸਲਾਹ ਦੇਣ ਵਾਲੇ ਵਿਦਵਾਨ ਜਨ ਹੋਇਆ ਕਰਦੇ ਹਨ। ਜੇ ਰਾਜ ਪ੍ਰਮੁੱਖ ਕੁਰਾਹੇ ਪੈ ਜਾਵੇ ਤਾਂ ਵਿਦਵਾਨਾਂ ਦਾ ਪ੍ਰਥਮ ਫਰਜ਼ ਹੈ ਕਿ ਲੋਕ ਹਿਤ ਵਿੱਚ, ਨਿਡਰ ਹੋ ਕੇ ਰਾਜੇ ਨੂੰ ਮੰਦ ਕਾਰਿਆਂ ਤੋਂ ਵਰਜਣ। ਜੇ ਅਜਿਹਾ ਨਹੀਂ ਕਰਦੇ ਤਾਂ ਉਹ ਵਿਦਵਾਨ ਨਹੀਂ ਮੰਨੇ ਜਾ ਸਕਦੇ। ਜੇ ਉਹ ਸੱਚ ਦੀ ਆਵਾਜ਼ ਸਮੇਂ ਸਿਰ ਬੁਲੰਦ ਨਹੀਂ ਕਰਦੇ ਤਾਂ ਕਾਇਰ ਹਨ। ਪੜ੍ਹੇ-ਲਿਖੇ ਸਿਆਣੇ ਪੁਰਖਾਂ ਨੇ ਹੀ ਸਮਾਜ ਦੇ ਇਸਤਰੀ ਮਰਦ ਨੂੰ ਜਾਗਰਤ ਕਰਨਾ ਹੁੰਦਾ ਹੈ। ਬਹੁਪ੍ਰਕਾਰੀ ਵਿਦਿਆ ਪੜ੍ਹਾ ਕੇ ਸਹੀ ਮਾਇਨਿਆਂ ਵਿੱਚ ਦੇਸ, ਧਰਮ ਤੇ ਸਮਾਜ ਨੂੰ ਉਪਯੋਗੀ ਬਣਾਉਣਾ ਹੁੰਦਾ ਹੈ। ਜੇ ਵਿਦਵਾਨ ਜਨ ਲਾਲਚੀ, ਨਸ਼ਈ, ਵਿਕਾਰੀ, ਰਿਸ਼ਵਤ ਆਦਿ ਔਗੁਣਾਂ ਵਿੱਚ ਗਰਕ ਹੋ ਗਏ ਤਾਂ ਸਮਾਜ ਨੂੰ ਕੌਣ ਸੁਮੱਤ ਦੇਵੇਗਾ? ਸਹੀ ਅਰਥਾਂ ਵਿੱਚ ਵਿਦਵਾਨ ਹੀ ਉਹ ਹੈ ਜੋ ਵਿਦਿਆ ਰਾਹੀਂ ਮਨੁੱਖਤਾ ਦਾ ਭਲਾ ਕਰਦਾ ਹੈ।

5. ‘ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ।।

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭ ਖਾਇ।।` (1240)

ਹੇ ਭਾਈ, ਜਲ ਵਿੱਚ ਇਸ਼ਨਾਨ ਕਰਨ ਨਾਲ ਸਰੀਰ ਧੋਇਆ ਜਾ ਸਕਦਾ ਹੈ। ਪਾਣੀ ਪੀ ਲੈਣ ਨਾਲ ਪਿਆਸ ਮਿਟ ਜਾਂਦੀ ਹੈ ਪਰ ਮਨ ਅੰਦਰਲੇ ਵਿਕਾਰ ਤੇ ਪਾਪ ਕਰਮ ਵੱਡੇ ਤੀਰਥਾਂ `ਤੇ ਨ੍ਹਾਤਿਆਂ ਵੀ ਨਹੀਂ ਉਤਰਦੇ। ਯਾਦ ਰੱਖੋ, ਪਾਣੀ ਦੀ ਬੂੰਦ (ਬਿੰਦ) ਵਿੱਚੋਂ ਹੀ ਜੀਵ ਪੈਦਾ ਹੁੰਦੇ ਹਨ। ਫਿਰ ਪਾਣੀ ਹੀ ਉਨ੍ਹਾਂ ਨੂੰ ਗਲਣ ਵਿੱਚ ਸਹਾਇਤਾ ਕਰਦਾ ਹੈ। ਉਪਰ ਵਰਣਿਤ ਜੀਵਨ ਚੱਲਣ ਨਾਲ ਸਮਾਜ ਸੋਹਣਾ ਬਣੇਗਾ। ਚਾਰ ਸੌ ਸਾਲਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਤਾਂ ਹੀ ਸਫਲ ਹੋਵੇਗਾ, ਜੇ ਗੁਰਬਾਣੀ ਅਨੁਸਾਰੀ ਜੀਵਨ ਢਲੇਗਾ।

ਪੋਥੀ ਪਰਮੇਸਰ ਕਾ ਥਾਨੁ।।
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ।। (1226)