ਸਿੱਖ ਸ਼ਤਾਬਦੀਆਂ-ਕਾਂਵਾਂ ਰੌਲੀ (ਕਿਸ਼ਤ ਪਹਿਲੀ

0
143
ਪ੍ਰੋ: ਇੰਦਰ ਸਿੰਘ ਘੱਗਾ

ਪਰਉਪਕਾਰੀ, ਮਨੁੱਖਤਾ ਦੇ ਦਰਦੀ ਸਤਿਗੁਰੂ ਨਾਨਕ ਦੇਵ ਜੀ!

ਦੋਵੇਂ ਹੱਥ ਜੋੜਕੇ ਚਰਨਾ ਤੇ ਮੱਥਾ ਟੇਕਿਆ ਪ੍ਰਵਾਨ ਕਰਨਾ ਜੀ। ਇਸ ਨਾਚੀਜ ਨੇ ਬਹੁਤ ਸਾਰੇ ਖ਼ਤ ਲਿਖੇ, ਲੈਕਚਰ ਕੀਤੇ ਕਿਤਾਬਾਂ ਛਪਾ ਕੇ ਮਨ ਦੀ ਵੇਦਨਾ ਸਿੱਖ ਪੰਥ ਦੇ ਮਾਲਕਾਂ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ। ਕਿਸੇ ਨੇ ਮੇਰੀ ਗੱਲ ਵੱਲ ਧਿਆਨ ਨਾਂ ਦਿੱਤਾ। ਮਨ ਬੜਾ ਕਲਪਿਆ ਕਿ ਇਹ ਲੋਕ ਸਿੱਖ ਪੰਥ ਨੂੰ ਹਨੇਰੀ ਗੁਫਾ ਵੱਲ ਧੱਕ ਰਹੇ ਹਨ। ਤਬਾਹਕੁਨ ਦਲਦਲ ਵਿੱਚ ਗਰਕ ਕਰ ਰਹੇ ਹਨ। ਅਪਣੇ ਹੀ ਗੁਰ ਭਾਈਆਂ ਦਾ ਖੂਨ ਛੰਨੇ ਭਰ ਭਰ ਡੀਕ ਰਹੇ ਹਨ। ਆਪਣੇ ਹੀ ਬੱਚਿਆਂ ਦੀਆਂ ਲਾਸ਼ਾਂ ਦੇ ਮੀਨਾਰ ਉਸਾਰ ਕੇ ਉੱਪਰ ਬੈਠ ਰੰਗ ਰਲੀਆਂ ਮਨਾ ਰਹੇ ਹਨ। ”ਧਰਮ ਮੁਖੀ” (?) ਸਿੱਖ ਕਿਰਤੀਆਂ ਦੀ ਕਮਾਈ ਨੂੰ ਦੋਵੇਂ ਹੱਥੀਂ ਲੁੱਟ ਕੇ ਤਜੋਰੀਆਂ ਭਰ ਰਹੇ ਹਨ। ਅਜਿਹੀ ”ਕੂੜੁ ਅਮਾਵਸ” ਵਿੱਚ ਮੇਰੇ ਦਰਦ ਨੂੰ ਕਿਸ ਸਮਝਣਾ ਸੁਣਨਾ ਸੀ ? ਮੇਰੇ ਹੰਝੂਆਂ ਨੂੰ ਕੀਹਨੇ ਹਮਦਰਦੀ ਨਾਲ ਪੂੰਝਣਾ ਸੀ ? ਹਾਰ ਹੁੱਟ ਕੇ ਸਤਿਗੁਰੂ ਪਿਤਾ ਜੀਉ, ਆਪਣੇ ਦਿਲ ਦੇ ਰਿਸ ਰਹੇ ਜਖ਼ਮ ਤੁਹਾਨੂੰ ਵਿਖਾਣ ਲੱਗਾ ਹਾਂ। ਹੋਰ ਬਹੁਤ ਸਾਰੇ ਵੀਰ ਭੈਣਾਂ ਭੀ ਤੁਹਾਨੂੰ ਖੇਚਲ ਦਿੰਦੇ ਰਹਿੰਦੇ ਹਨ। ਨਿੱਜੀ ਲੋੜਾਂ ਦੀ ਪੂਰਤੀ ਵਾਸਤੇ ਬੇਨਤੀਆਂ ਕਰਦੇ ਹੀ ਰਹਿੰਦੇ ਹਨ। ਮੈਂ ਵਚਨ ਦਿੰਦਾ ਹਾਂ ਆਪਣੇ ਵਾਸਤੇ ਤੁਹਾਡੋ ਕੋਲੋਂ ਕੁੱਝ ਨਹੀਂ ਮੰਗਾਂਗਾ। ਬਸ ਇਹੀ ਬੇਨਤੀ ਹੈ ਕਿ ਮੇਰੀ ਚਿੱਠੀ ਪੜ੍ਹ ਜ਼ਰੂਰ ਲੈਣੀ। ਵਕਤ ਕੱਢਕੇ ਪਹੁੰਚ ਰਸੀਦ ਜ਼ਰੂਰ ਭੇਜ ਦੇਣੀ। ਬਾਕੀ ਅਗਲੀ ਕਾਰਵਾਈ ਲਈ ਕੋਈ ਬਾਨਣੂੰ ਜ਼ਰੂਰ ਬੰਨਣਾ।

ਗੁਰੂ ਪਿਤਾ ਜੀ! ਜਦੋਂ ਤੁਹਾਡੇ ਦਸਵੇਂ ਜਾਮੇ ਦੀ (1966) ਤੀਸਰੀ ਸ਼ਤਾਬਦੀ ਮਨਾਈ ਗਈ ਤਾਂ ਉਸ ਵਕਤ ਮੇਰੀ ਉਮਰ ਵੀਹ ਸਾਲ ਹੋ ਚੁੱਕੀ ਸੀ। ਬਹੁਤ ਸਾਰੇ ਹੋਰ ਸ਼ਰਧਾਲੂਆਂ ਨਾਲ ਰਲਕੇ ਮੈਂ ਭੀ ”ਸ਼ਰਧਾ ਦੇ ਫੁੱਲ” ਅਰਪਣ ਕੀਤੇ। ਬਹੁਤ ਥਾਵਾਂ ਤੇ ਕੀਰਤਨ ਦਰਬਾਰ ਹੋਏ ਵਾਜੇ ਢੋਲਕਾਂ ਖੜਕੇ ਲੰਗਰ ਚੱਲੇ, ਅਰਦਾਸਾਂ ਹੋਈਆਂ, ਜੈਕਾਰੇ ਗਜਾਏ ਗਏ। ਤੁਹਾਡੀ ਮੱਤ ਕਿਸੇ ਵਿਰਲੇ ਨੇ ਪ੍ਰਾਪਤ ਕੀਤੀ ਹੋਵੇਗੀ। ਉਂਞ ਸਿੱਖੀ ਦੇ ਨਿਸ਼ਾਨ ਉੱਚੇ ਝੁਲਾਉਣ ਦੇ ਦਮਗਜੇ ਬਹੁਤ ਮਾਰੇ ਗਏ। ਕਈਆਂ ਨੇ ਲੀਡਰੀਆਂ ਚਮਕਾਈਆਂ, ਕਿਸੇ ਨੇ ਮਾਇਆ ਉਗਰਾਹ ਕੇ ਜੇਬਾਂ ਭਰ ਲਈਆਂ। ਫਿਰ ਸਾਰੇ ਗਫਲਤ ਦੀ ਲੰਮੀ ਨੀਂਦ ਸੌਂ ਗਏ। ਮੈਨੂੰ ਬਾਅਦ ਵਿੱਚ ਕਿਸੇ ਸਿਆਣੇ ਸਿੱਖ ਨੇ ਦੱਸਿਆ ਕਿ 1666 ਵਿੱਚ ਗੋਬਿੰਦ ਰਾਏ ਸਿੱਖਾਂ ਦੇ ਗੁਰੂ ਨਹੀਂ ਬਣੇ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਯਾਨੀ 1675 ਵਿੱਚ ਉਹ ਗੁਰਗੱਦੀ ਤੇ ਬਿਰਾਜੇ ਸਨ। ਪਰ ਤੁਹਾਡੇ ਦੂਲੇ ਪੰਥ ਨੇ ਇੱਕ ਸਾਹਿਬਜ਼ਾਦੇ ਗੋਬਿੰਦ ਰਾਏ ਦਾ ਜਨਮ ਦਿਨ ਗੁਰੂ ਜਾਣ ਕੇ ਮਨਾਇਆ। ਪ੍ਰਾਪਤੀ ਬਾਰੇ ਤਾਂ ਕਿਸੇ ਸੋਚਿਆ ਹੀ ਨਹੀਂ।

ਸਿੱਖ ਪੰਥ ਦੇ ਬਾਨੀ ਸਤਿੁਗਰੂ ਜੀਓ! ਤੁਹਾਡਾ ਆਗਮਨ ਦਿਵਸ 1969 ਵਿੱਚ ਸਿੱਖ ਸਮਾਜ ਨੇ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ। ਕਿਉਂਕਿ ਇਹ ਪੰਜ ਸੌਵਾਂ ਜਨਮ ਦਿਨ ਜੋ ਸੀ। ਦੇਸ਼ ਵਿਦੇਸ਼ ਵਿੱਚ ਬੜੇ ਲੈਕਚਰ ਹੋਏ, ਕੀਰਤਨ ਦਰਬਾਰ ਸਜਾਏ। ਪਾਠਾਂ ਦੀਆਂ ਲੜੀਆਂ ਰਖਾਈਆਂ। ਨਗਰ ਕੀਤਰਨ (ਜਲੂਸ) ਕੱਢੇ ਲੰਗਰ ਤਿਆਰ ਹੋਏ ਛਕੇ। ਅਰਦਾਸਾਂ ਦੇਗਾਂ ਪੁਸਤਕਾਂ ਸੈਮੀਨਾਰ…..। ਤੁਹਾਡੇ ਨਾਂ ਤੇ ਇੱਕ ਕਾਲਜ ਪਟਿਆਲੇ ਖੋਹਲਿਆ ਗਿਆ ”ਗੁਰਮਤਿ ਕਾਲਜ”। ਇਸ ਕਾਲਜ ਵਿੱਚ ਕੋਈ ਵੀਹ ਕੁ ਵਿਦਿਆਰਥੀਆਂ ਤੋਂ ਵੱਧ ਨੌਜਵਾਨ ਧਰਮ ਵਿਦਿਆ ਲੈਣ ਵਾਸਤੇ ਦਾਖ਼ਲ ਨਹੀਂ ਹੋਏ। ਪ੍ਰਬੰਧਕਾਂ ਵੱਲੋਂ ਜ਼ੋਰ ਪਾਉਣ ਤੇ ਇਹ ਅਦਾਰਾ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਨਾਲ ਜੋੜ ਲਿਆ ਤੇ ਮਾਨਤਾ ਦੇ ਦਿੱਤੀ। ਜਿਸ ਕਾਰਣ 95 ਪ੍ਰਤੀਸ਼ਤ ਖਰਚਾ ਸਰਕਾਰ ਵੱਲੋਂ ਮਿਲਣਾ ਪ੍ਰਵਾਨ ਹੋਇਆ। ਕੋਈ ਸ਼ੱਕ ਨਹੀਂ ਪ੍ਰੋਫੈਸਰਾਂ ਦੀਆਂ ਤਨਖਾਹਾਂ ਕਈ ਗੁਣਾ ਵੱਧ ਗਈਆਂ। ਵਿਦਿਆਰਥੀਆਂ ਦੀ ਪੜ੍ਹਾਈ ਘਟ ਗਈ। ਆਮ ਜਿਹੇ ਸਰਕਾਰੀ ਕਾਲਜਾਂ ਵਰਗਾ ਇੱਕ ਮਾਮੂਲੀ ਕਾਲਜ ਬਣਕੇ ਰਹਿ ਗਿਆ। ਸਰਕਾਰੀ ਹਦਾਇਤਾਂ ਅਨੁਸਾਰ, ਸਲੇਬਸ ਵਿੱਚ ਬ੍ਰਹਮਾ ਬਿਸ਼ਨ, ਰਾਮ ਤੇ ਕ੍ਰਿਸ਼ਨ ਦੀਆਂ ਕਥਾ ਕਹਾਣੀਆਂ ਬੜੀ ਸ਼ਾਨ ਨਾਲ ਪੜਾਈਆਂ ਜਾਣ ਲੱਗੀਆਂ। ਅੱਜ ਇੱਥੇ ਤੁਹਾਡੇ ਨਿਰਮਲ ਨਿਆਰੇ ਪੰਥ ਦੀ ਪੜ੍ਹਾਈ ਅਤੇ ਰਹਿਤ ਦੀ ਪਰਪੱਕਤਾ ਨਹੀਂ ਸਿਖਾਈ ਜਾਂਦੀ। ਸਗੋਂ ”ਭਾਰਤੀ ਮੁੱਖਧਾਰਾ” ਦੀ ਪੜ੍ਹਾਈ ਕਰਾਈ ਜਾਂਦੀ ਹੈ। ਪਿਤਾ ਜੀ! ਤੁਹਾਡੇ ਨਾਂ ਤੇ ਵੈਸੇ ਤਾਂ ਬਹੁਤ ਸਾਰੇ ਡੇਰੇ ਟਕਸਾਲਾਂ, ਗੁਰਦਵਾਰੇ ਖੁੰਬਾਂ ਵਾਂਗ ਉੱਗੇ ਹੋਏ ਥਾਂ ਥਾਂ ਵੇਖੇ ਜਾ ਸਕਦੇ ਹਨ। ਪਰ ਅੰਗ੍ਰੇਜ਼ੀ ਨਾਮ ਵਾਲੀ, ਤੁਹਾਡੇ ਪੰਜ ਸੌਵੇਂ ਜਨਮ ਦਿਨ ਨੂੰ ਸਮਰਪਿਤ ”ਗੁਰੂ ਨਾਨਕ ਫਾਊਂਡੇਸ਼ਨ” ਧੜੇ ਬੰਦੀ ਦਾ ਸ਼ਿਕਾਰ ਹੋ ਕੇ ਰਹਿ ਗਈ। ਕਾਲਜ ਵੱਲੋਂ ਮੂੰਹ ਮੋੜ ਲਿਆ। ਬਸ ਤੁਹਾਡੇ ਨਾਮ ਦੀ ਵਰਤੋਂ ਵਾਲੇ ਉਸੇ ਕਾਲਜ ਦੇ ਅਹਾਤੇ ਵਿੱਚ, ਬਹੁਤੀ ਮਾਇਆ ਕਮਾਉਣ ਲਈ ਇੱਕ ਸਕੂਲ ਖੋਹਲ ਦਿੱਤਾ ਗਿਆ ਹੈ। ਪੰਜਾਬ ਦੇ ਬਾਕੀ ਸਕੂਲਾਂ ਵਰਗਾ ਇੱਕ ਹੋਰ ਸਕੂਲ।

ਸਤਿਗੁਰੂ ਜੀਓ! ਤੁਸੀਂ ਨੌਵੇਂ ਜਾਮੇ ਵਿੱਚ ਬਹੁਤ ਉਪਕਾਰ ਕੀਤੇ। ਤੁਹਾਡਾ ਗੁਰਗੱਦੀ ਸੰਭਾਲਣ ਦਾ ਦਿਨ ਤਾਂ ਨਹੀਂ ਮਨਾਇਆ ਜਾਂਦਾ। ਸ਼ਹੀਦੀ ਦਿਨ ਅਸੀਂ ਮਨਾਉਂਦੇ ਆ ਰਹੇ ਹਾਂ। ਧਰਮ ਹੇਤ ਜੋ ਸਾਕਾ ਤੁਸੀਂ 1675 ਵਿੱਚ ਵਰਤਾਇਆ ਸੀ, ਉਸਦੀ ਤੀਜੀ ਸ਼ਤਾਬਦੀ ਸਿੱਖਾਂ ਨੇ 1975 ਵਿੱਚ ਮਨਾਈ। ਉਹੀ ਪੁਰਾਣਾ ਰਾਗ ਉਹੀ ਕੀਰਤਨ ਪਾਠ ਅਰਦਾਸਾਂ ਤੇ ਲੰਗਰ….। ਤੁਹਾਡੇ ਕੀਤੇ ਉਪਕਾਰਾਂ ਨੂੰ ਰਸਮੀ ਤਰੀਕੇ ਹੀ ਯਾਦ ਕੀਤਾ ਗਿਆ। ਕਿਸੇ ਦਾ ਨਿੱਕਾ ਜਿਹਾ ਕੰਮ ਸੰਵਾਰ ਦੇਈਏ, ਕੁੱਝ ਮਦਤ ਕਰ ਦੇਈਏ, ਸਬੰਧਤ ਵਿਅਕਤੀ ਅਹਿਸਾਨਮੰਦ ਹੋਣੋਂ ਨਹੀਂ ਰਹਿ ਸਕਦਾ। ਕਿੱਡੇ ਅਕਿਰਤਘਣ ਲੋਕ ਹਾਂ ਅਸੀਂ, ਤੁਹਾਡੇ ਸਿੱਖ ਅਖਵਾਣ ਵਾਲੇ। ਤੁਹਾਡੇ ਬਾਰੇ ਕੋਈ ਇੱਕ ਭੀ ਯਾਦਗਾਰੀ ਕਾਰਜ ਨਾਂ ਆਰੰਭਿਆ। ਵੈਸੇ ਤਾਂ ਜਿਨ੍ਹਾਂ ਲੋਕਾਂ ਲਈ ਤੁਸੀਂ ਸ਼ਹੀਦੀ ਪਾਈ ਸੀ ਉਹ ਵੱਡੇ ਪੱਧਰ ਤੇ ਤੁਹਾਡੀ ਸਿੱਖਿਆ ਅਤੇ ਜੀਵਨੀ ਨੂੰ ਦੁਨੀਆਂ ਤੱਕ ਪੁਚਾਂਦੇ। ਉਹਨਾਂ ਨੇ ਤਾਂ ਨਾ ਸ਼਼ੁਕਰੇਪਣ ਦਾ ਸਬੂਤ ਦੇ ਹੀ ਦਿੱਤਾ ਪਰ ਤੁਹਾਡੇ ਅਪਣਿਆਂ ਭੀ ਤਾਂ ਉਹੀ ਕੁੱਝ ਕੀਤਾ ਹੈ। ਨੌਵੇਂ ਨਾਨਕ ਜੀ ਤੁਹਾਡੇ ਸਰੀਰ ਨਾਲ ਸਬੰਧਤ ਬਹੁਤ ਸਾਰੇ ਗੁਰਦਵਾਰੇ ਬਣੇ ਹੋਏ ਹਨ। ਉਥੋਂ ਪੰਡਾਂ ਮਾਇਆ ਦੀਆਂ ਇੱਕੱਤਰ ਕਰਕੇ ਬਹੁਤੇ ਲੋਕਾਂ ਨੇ ਆਪਣੀਆਂ ਕੋਠੀਆਂ ਉਸਾਰ ਲਈਆਂ, ਕਾਰਾਂ ਖਰੀਦ ਲਈਆਂ, ਰਾਜਸੀ ਕੁਰਸੀਆਂ ਤੇ ਜਾ ਬਿਰਾਜੇ। ਤੁਹਾਡੇ ਸ਼ਹੀਦ ਹੋ ਚੁੱਕੇ ਸਰੀਰ ਨਾਲ ਸਬੰਧਤ ਤਿੰਨ ਬਹੁਤ ਵੱਡੇ ਗੁਰਦਵਾਰੇ ਉੱਸਰ ਚੁੱਕੇ ਹਨ। ਜਿਥੇ ਸ਼ਹੀਦੀ ਹੋਈ ”ਸੀਸ ਗੰਜ” ਚਾਂਦਨੀ ਚੌਂਕ ਦਿੱਲੀ। ਜਿੱਥੇ ਸਰੀਰ ਦਾ ਸਸਕਾਰ ਹੋਇਆ, ਰਕਾਬਗੰਜ ਦਿੱਲੀ। ਭਾਈ ਜੈਤਾ ਜੀ ਨੇ ਤੁਹਾਡਾ ਪਾਵਨ ਸ਼ਹੀਦ ਸੀਸ ਚੁੱਕ ਕੇ ਅਨੰਦਪੁਰ ਨੂੰ ਜਾਦਿਆਂ, ਜਿੱਥੇ ਜਿੱਥੇ ਪੜਾਅ ਕੀਤਾ, ਉਹ ਸਾਰੇ ਗੁਰਦਵਾਰੇ। ਅਨੰਦਪੁਰ ਜਿੱਥੇ ਪਾਵਨ ਸ਼ਹੀਦ ਸੀਸ ਦਾ ਸਸਕਾਰ ਕੀਤਾ ਗਿਆ ਉਹ ਭੀ ਸੀਸ ਗੰਜ ਹੈ। ਔਰੰਗਜੇਬ ਦਾ ਹੁਕਮ ਸੀ ਕਿ ਤੁਹਾਡੇ ਸਰੀਰ ਦੇ ਅੰਗ ਕੱਟ ਕੱਟਕੇ ਦਿੱਲੀ ਦੇ ਸਾਰੇ ਵੱਡੇ ਚੌਕਾਂ ਵਿੱਚ ਲਟਕਾ ਦਿੱਤੇ ਜਾਣ। ਕੁੱਝ ”ਸਿਰ ਫਿਰੇ” ਸਿੱਖਾਂ ਨੇ ਅਜਿਹਾ ਨਾ ਹੋਣ ਦਿੱਤਾ। ਵੈਸੇ ਤੁਸੀਂ ਤਾਂ ਸਦਾ ਪਰਉਪਕਾਰ ਹੀ ਕੀਤਾ ਹੈ। ਜੇ ਤੁਹਾਡੇ ਸਰੀਰ ਦੇ ਟੁਕੜੇ, ਸਾਰੇ ਚੌਕਾਂ ਵਿੱਚ ਟੰਗ ਦਿੱਤੇ ਜਾਂਦੇ ਤਾਂ ਉਤਨੇ ਹੀ ਹੋਰ ”ਇਤਿਹਾਸਕ” ਗੁਰਦਵਾਰੇ ਨਾ ਉੱਸਰ ਜਾਂਦੇ ? ਉਹਨਾਂ ਸਾਰੀਆਂ ਥਾਵਾਂ ਤੇ ਭੀ ਨਮਸ਼ਕਾਰਾਂ ਕਰਨ ਵਾਲੀਆਂ ਕਤਾਰਾਂ ਲਗਦੀਆਂ। ਮਾਇਆ ਦੇ ਅੰਬਾਰ ਲਗ ਜਾਂਦੇ। ਤੁਹਾਡੇ ਕਈ ”ਸੇਵਕ” ਸਿੱਖਾਂ ਦੀ ਗਰੀਬੀ ਕੱਟੀ ਜਾਂਦੀ। ਕਈ ਸਾਰੇ ਪਾਠੀਆਂ, ਗ੍ਰੰਥੀਆਂ, ਕੀਰਤਨੀਆਂ, ਕਥਾਵਾਚਕਾਂ ਨੂੰ ”ਸੋਹਣਾ” ਰੁਜ਼ਗਾਰ ਮਿਲ ਜਾਂਦਾ। ਪ੍ਰਧਾਨਾਂ, ਸਕੱਤਰਾਂ, ਖਜਾਨਚੀਆਂ ਦੀਆਂ ਤਜੋਰੀਆਂ ਭਰ ਜਾਂਦੀਆਂ, ਚੌਧਰਾਂ ਚਮਕ ਜਾਂਦੀਆਂ, ਰਾਜਸੀ ਠਾਠ ਬਾਠ ਬਣ ਜਾਂਦਾ….।

ਕਿਰਪਾ ਨਿਧਾਨ ਪਿਤਾ ਗੁਰੂ ਜੀ! ਤੇਰੇ ਸੇਵਕਾਂ ਨੇ ਤੁਹਾਡੇ ਤੀਸਰੇ ਸਰੀਰ ਦਾ ਆਗਮਨ ਪੁਰਬ ਗੋਇੰਦਵਾਲ ਵਿਖੇ 1979 ਵਿੱਚ ਬੜੀ ”ਧੂਮਧਾਮ” ਨਾਲ ਮਨਾਇਆ। ਮਨਾਈਏ ਕਿਉਂ ਨਾ ਇਹ ਪੰਜ ਸੌਵਾਂ ਜਨਮ ਦਿਨ ਜੋ ਸੀ। ਭਾਵੇਂ ਤੁਸੀਂ ਗੁਰੂ ਪਦਵੀ ਨੂੰ 74 ਸਾਲ ਦੀ ਉਮਰ ਵਿੱਚ ਪੁੱਜੇ। ਇਸੇ ਸਰੀਰਕ ਜਾਮੇ ਰਾਹੀਂ ਸੱਠ ਕੁ ਸਾਲ ਦੀ ਉਮਰ ਤੱਕ ਗੁਰਮਤ ਤੋਂ ਉਲਟ ਕਾਰਜ ਭੀ ਕਰਦੇ ਰਹੇ। ਚਾਹੀਦਾ ਤਾਂ ਇਹ ਸੀ ਕਿ 53 ਦੇ ਸਾਲ ਨੂੰ ਮੁੱਖ ਰੱਖਕੇ ਗੁਰਗੱਦੀ ਦਿਵਸ ਮਨਾਏ ਜਾਂਦੇ। ਕਿਉਂਕਿ ਤੁਸੀਂ ਸੰਨ 1553 ਵਿੱਚ ਨਾਨਕ ਜੋਤ ਸੰਭਾਲੀ ਸੀ। ਇਸ ਗੱਲ ਦੀ ਪ੍ਰਵਾਹ ਨਾ ਕਰਦਿਆਂ 1979 ਨੂੰ ਗੋਇੰਦਵਾਲ ਵਿਖੇ (ਫਿਰ ਜਨਮ ਅਸਥਾਨ ਬਾਸਰਕੇ ਕਿਉਂ ਨਈ ?) ਦੇਸ਼ ਵਿਦੇਸ਼ ਵਿੱਚ ਗੱਡੀਆਂ ਮੋਟਰਾਂ ਅਤੇ ਪੈਦਲਾਂ ਮਾਰਚਾਂ ਰਾਹੀਂ ਸੰਗਤਾਂ ਦਾ ਲੱਖਾਂ ਦੀ ਗਿਣਤੀ ਵਿੱਚ ਜਮਘੱਟਾ ਜੁੜਿਆ। ਥਾਂ ਥਾਂ ਕੀਰਤਨ ਸਮਾਗਮ, ਲੰਗਰ, ਅਰਦਾਸਾਂ ਨਾਹਰੇ ਜੈਕਾਰੇ, ”ਬਾਉਲੀ ਇਸ਼ਨਾਨ”। ਚੁਰਾਸੀ ਕੱਟ ਦੇਣ ਦੇ ਵਿਸ਼ਵਾਸ਼। ਅਮਰੂ ਨਿਥਾਵਾਂ ਆਖਕੇ ਤੁਹਾਡਾ ਅਪਮਾਨ, ਬਹੁਤ ਸਾਰੀਆਂ ਝੂਠੀਆਂ ਕਥਾ ਕਹਾਣੀਆਂ….। ਪੰਥ ਦੀ ਚੜ੍ਹਦੀਕਲਾ ਦਾ ਕੋਈ ਇੱਕ ਭੀ ਕਾਰਜ ਨਹੀਂ ਉਲੀਕਿਆ ਗਿਆ, ਜਿਥੇ ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਸੂਝ ਪ੍ਰਾਪਤ ਹੁੰਦੀ।

ਨਿਰੰਕਾਰੀ ਟੋਲੇ ਵੱਲੋਂ 1978 ਵਿੱਚ ਸਿੱਖਾਂ ਦਾ ਕਤਲਾਮ, ਬਾਅਦ ਵਿੱਚ ਉੱਠਿਆ ਰੋਹ, ਭਾਰਤੀ ਫੌਜਾਂ ਵੱਲੋਂ ਜੂਨ 84 ਵਿੱਚ ਕੀਤਾ ਗਿਆ ਪੰਜਾਬ ਤੇ ਸਿੱਖ ਮਾਰੂ ਹਮਲਾ। ਘੋਰ ਤਬਾਹੀ, ਅਕਾਲ ਤਖਤ ਦਾ ਢੈਹਣਾ, ਸਾਰੇ ਪਾਸੇ ਖੂਨ ਦੇ ਦਰਿਆ। ਮੱਕਾਰ ਅਕਾਲੀ ਲੀਡਰਾਂ ਦੇ ਭਾਰਤ ਸਰਕਾਰ ਵਿਰੁੱਧ ਜ਼ਹਿਰੀਲੇ ਬਿਆਨ। ਇਸ ਸਭ ਦਾ ਸਿੱਟਾ ਇਹ ਨਿਕਲਿਆ ਕਿ ਕਿਸੇ ਭਵਿੱਖ ਮੁਖੀ ਸੂਝਬੂਝ ਵਾਲੀ ਨੀਤੀ ਤੋਂ ਬਿਨਾਂ ਅਣਖੀਲੇ ਸਿੱਖ ਗਭਰੂਆਂ ਨੇ ਹਥਿਆਰ ਸਾਂਭ ਲਏ। ਸਰਕਾਰੀ ਤਾਕਤਾਂ ਵੱਲੋਂ ਲੱਗਭੱਗ ਢਾਈ ਲੱਖ ਨੌਜੁਆਨਾਂ ਦਾ ਵਹਿਸ਼ੀ ਘਾਣ। ਅਣਗਿਣਤ ਪ੍ਰਕਾਰ ਦੇ ਜ਼ੁਲਮ। ਦੁਨੀਆਂ ਦੇ ਦੂਰ ਅੰਦੇਸ਼ ਲੀਡਰਾਂ ਨੇ ਸ਼ਹੀਦਾਂ ਦੇ ਖੂਨ ਦਾ ਬੇਓੜਕ ਮੁੱਲ ਵੱਟਿਆ ਤੇ ਆਪਣੀ ਕੌਮ ਦੇ ਹੱਕ ਵਿੱਚ ਸਾਰਥਕ ਫਾਇਦੇ ਪ੍ਰਾਪਤ ਕੀਤੇ। ਸੰਨ 1989 ਵਿੱਚ ਜਦੋਂ ਸਿੱਖ ਲੀਡਰ ੰਫ ਬਣਕੇ ਪਾਰਲੀਮੈਂਟ ਵਿੱਚ ਪੁੱਜੇ ਸਨ, ਤਾਂ ਸਿੱਖਾਂ ਦੇ ਚਿਹਰਿਆਂ ਦੀ ਉਦਾਸੀ ਤੇ ਦਿਲ ਅੰਦਰਲਾ ਖੌਫ ਮਹਿਸੂਸ ਕਰਕੇ ਮੁਲਾਇਮ ਸਿੰਘ ਯਾਦਵ ਨੇ ਲਾਜਵਾਬ ਟਿੱਪਣੀ ਕੀਤੀ ਸੀ – ”ਲੰਮਾਂ ਸਮਾਂ ਸਰਕਾਰੀ ਜ਼ੁਲਮ ਦੇ ਕਾਲੇ ਦੌਰ ਵਿੱਚੋਂ ਗੁਜ਼ਰ ਕੇ ਸਿੱਖ ਵੀਰ ਪਾਰਲੀਮੈਂਟ ਵਿੱਚ ਪੁੱਜੇ ਹਨ। ਅਸੀਂ ਇਹਨਾਂ ਤੋਂ ਹੌਂਸਲਾ ਤੇ ਬਹਾਦਰੀ ਵਾਲੀ ਸਪਿਰਟ ਲੈਣਾ ਚਾਹੁੰਦੇ ਹਾਂ। ਪਰ ਅਫਸੋਸ ਕਿ ਸਿੱਖ ਭਰਾ ਖੁਦ ਹੀਣ ਭਾਵਨਾ ਚੋਂ ਬਾਹਰ ਨਹੀਂ ਨਿਕਲ ਸਕੇ।” ਸਗੋਂ ਅੱਜ ਤੱਕ ਉਹੀ ਹੀਣ ਭਾਵਨਾ ਸਿੱਖਾਂ ਵਿੱਚ ਅੰਦਰ ਤੱਕ ਧਸ ਗਈ ਪ੍ਰਤੀਤ ਹੋ ਰਹੀ ਹੈ।

ਪਿਤਾ ਜੀਉ! ਤੁਹਾਡੇ ਛੇਵੇਂ ਜਾਮੇ ਦਾ ਚਾਰ ਸੌ ਸਾਲਾ ਆਗਮਨ ਦਿਵਸ ਮਨਾਉਣ ਦੀ ਤਿਆਰੀ ਦੇ ਤਹਿਤ 1994 ਦੇ ਅਕਤੂਬਰ ਮਹੀਨੇ ਵਿੱਚ ਗੁਰੂ ਕੀ ਵਡਾਲੀ ਤੋਂ ”ਖਾਲਸਾ ਮਾਰਚ” ਆਰੰਭ ਕੀਤਾ ਗਿਆ। ਜਲੰਧਰ, ਲੁਧਿਆਣਾ ਤੇ ਰੋਪੜ ਪੜਾਅ ਕਰਦਾ ਹੋਇਆ ਚੌਥੇ ਦਿਨ ਇਹ ਦੋ ਕੁ ਲੱਖ ਦਾ ਵਿਸ਼ਾਲ ਇੱਕੱਠ ਅਨੰਦਪੁਰ ਪੁੱਜ ਕੇ, ਬਿਨਾਂ ਕੋਈ ਕਾਰਜ ਉਲੀਕੇ ਘਰੋ ਘਰੀ ਪਰਤ ਗਿਆ। ਇਸੇ ਲੜੀ ਤਹਿਤ ਹਰਿਗੋਬਿੰਦਪੁਰ ਤੋਂ ਸ਼ੁਰੂ ਕਰਕੇ ਅਗਲਾ ਵੱਡਾ ”ਖਾਲਸਾ ਮਾਰਚ” ਤਲਵੰਡੀ ਸਾਬੋ ਪੁੱਜਿਆ। ਇੱਥੇ ਭੀ ਲੱਖਾਂ ਸ਼ਰਧਾਲੂ ਆ ਜੁੜੇ। ਸਤਿਗੁਰੂ ਜੀਉ! ਤੁਸੀਂ ਤਾਂ ਜਾਣੀ ਜਾਣ ਹੋ, ਭਲਾ ਤੁਹਾਡੇ ਚਾਰ ਸੌਵੇਂ ਪੁਰਬ ਨਾਲ ਇਹ ਮਾਰਚਾਂ ਦਾ ਕੋਈ ਸਬੰਧ ਜੁੜਦਾ ਹੈ ? ਫਿਰ ਤੁਸੀਂ ਇਹਨਾਂ ਚੌਧਰੀਆਂ ਨੂੰ ਫਿਟਕਾਰਦੇ ਕਿਉਂ ਨਹੀਂ ? ਇਹ ਤੁਹਾਡੇ ਭੋਲੇ ਸ਼ਰਧਾਲੂ ਸਿੱਖਾਂ ਦਾ ਪੈਸਾ ਤੇ ਸਮਾਂ ਕਿਉਂ ਬਰਬਾਦ ਕਰਦੇ ਹਨ ? ਸਤਿਗੁਰੂ ਜੀ ਮੁਆਫ ਕਰਨਾਂ! ਕੀ ਤੁਸੀਂ ਨਹੀਂ ਵੇਖਿਆ (ਜਾਣੀ ਜਾਣਤਾ) ਕਿ ਰਾਜਸੀ ਲੋਕ ਤਾਂ ਕੁਰਸੀਆਂ ਕਾਰਨ ਝਗੜਦੇ ਹਨ। ਹਾਏ! ਇਹ ਤੁਹਾਡੇ ਦਰ ਦੇ ਬਹੁਤ ਵੱਡੇ ਸੇਵਾਦਾਰ (ਆਖਣ ਨੂੰ ਕੂਕਰ-ਗੁਲਾਮ ਗੁਰੂ ਕਾ) ਸਿਰੋਪਿਆਂ ਕਾਰਨ, ਤੁੱਛ ਜਿਹੇ ਫਲਾਂ ਤੇ ਮੇਵਿਆਂ ਕਾਰਨ ਮੈਂ ਇੱਕ ਦੂਜੇ ਦੀ ਪੱਗ ਨੂੰ ਹੱਥ ਪਾਉਂਦੇ ਵੇਖ ਚੁੱਕਿਆ ਹਾਂ। ਇਤਿਹਾਸ ਵਿੱਚ ਪੜ੍ਹਿਆ ਹੈ ਕਿ ਤੁਸੀਂ ਦਸਵੇਂ ਜਾਮੇ ਵਿੱਚ, ਉਹਨਾਂ ਦੀਆਂ ਮੰਦ ਕਰਤੂਤਾਂ ਵੇਖ ਕੇ, ਮਸੰਦ ਟੋਲੇ ਨੂੰ ਸਿੱਖਾ ਦੇ ਗਲੋਂ ਲਾਹ ਦਿੱਤਾ ਸੀ। ਪਰ ਸਤਿਗੁਰੂ ਜੀ ਇਹ ਤਾਂ ਸਗੋਂ ਹੋਰ ਸ਼ਕਤੀਸ਼ਾਲੀ ਰੂਪ ਧਾਰਕੇ ਗਰੀਬ ਸਿੱਖਾਂ ਦਾ ਖੂਨ ਪੀ ਰਹੇ ਨੇ। ਹੁਣ ਇਹਨਾਂ ਨੂੰ ਸਰਕਾਰੀ ਸਰਪ੍ਰਸਤੀ, (ਗੁਰਦਵਾਰਾ ਐਕਟ 1925 ਤਹਿਤ) ਭੀ ਹਾਸਲ ਹੈ। ਇਹ ਗੱਲ ਹਰ ਸਿੱਖ ਨੇ ਸੁਣੀ ਹੋਈ ਹੈ ਕਿ ਤੁਸੀਂ ਛੇਵੇਂ ਤੇ ਦਸਵੇਂ ਸਰੂਪ ਵਿੱਚ ਕਲਗੀ ਸਜਾਈ ਸੀ। ਤੁਸੀ ਤਾਂ ਸਮਰੱਥ ਹੋ, ਪਰ ਕੀ ਦਰਬਾਰ ਸਾਹਿਬ ਦੇ ਸੇਵਾਦਾਰ ਜਾਂ ਅਕਾਲ ਤਖਤ ਦੇ ਸੇਵਾਦਾਰ ਕਲਗੀ ਲਾ ਸਕਦੇ ਹਨ ? ਸ਼ਾਇਦ ਕਲਗੀ ਤਾਂ ਛੋਟੀ ਚੀਜ ਹੈ ਸਤਿਗੁਰੂ ਜੀ! ਇਹ ਤਾਂ ਅੱਜਕੱਲ ”ਤਾਜਪੋਸ਼ੀ” ਕਰਾਉਂਦੇ ਹਨ। ਸੁਣਿਆ ਸੀ ਕਿ ਸਿੱਖ ਗੁਰੂ ਘਰ ਦੇ ਸੇਵਾਦਾਰ ਹਨ। ਆਹ ਤਾਜਦਾਰ ਬਾਦਸ਼ਾਹ ਕਦੋਂ ਤੇ ਕਿਵੇਂ ਬਣ ਗਏ ? ਮੈਂ ਮੂਰਖ ਨੂੰ ਜ਼ਰੂਰ ਹੀ ਸਮਝਾ ਦੇਣਾ ਜੀ। ਤੁਹਾਡੇ ਨਮਿਤ ਛੇਵੇਂ ਜਾਮੇ ਵਾਲਾ ਖਾਲਸਾ ਮਾਰਚ ਕਰੋੜਾਂ ਰੁਪੈ ਬਰਬਾਦ ਕਰਕੇ ਠੰਢੇ ਬਸਤੇ ਵਿੱਚ ਜਾ ਪਿਆ। ਕੋਈ ਪ੍ਰਾਪਤੀ ਨਹੀਂ ਹੋਈ।

ਇਹਨਾਂ ਹੀ ਦਿਨਾਂ ਵਿੱਚ (ਸਤੰਬਰ 1995) ਵਿਸ਼ਵ ਸਿੱਖ ਸੰਮੇਲਨ ਕੀਤਾ ਗਿਆ। ਸਤਿਗੁਰੂ ਜੀ ਤੁਸੀਂ ਤਾਂ ਪੈਸੇ ਟਕੇ ਵੱਲੋਂ ਬੇਪ੍ਰਵਾਹ ਹੋ। ਤੁਹਾਡੇ ਚਰਨਾਂ ਦੇ ਭੌਰਿਆਂ ਵੱਲੋਂ ਤੁਹਾਡੀ ਗੋਲਕ ਵਿੱਚ ਸ਼ਰਧਾ ਸਹਿਤ ਅਰਪਣ ਕੀਤਾ ਲੱਗਭੱਗ ਪੰਜਾਹ ਕਰੋੜ ਰੁਪਿਆ ਫੂਕ ਦਿੱਤਾ ਗਿਆ। ਵੱਡੇ ਵੱਡੇ ਸੈਮੀਨਾਰ ਹੋਏ, ਪਰਚੇ ਪੜ੍ਹੇ ਗਏ। ਵੱਡ ਅਕਾਰੀ ਰੰਗ ਬਰੰਗੇ ਇਸ਼ਤਿਹਾਰ ਛਪੇ। ਜਥੇਦਾਰਾਂ ਦੀਆਂ ਗੱਡੀਆਂ ਬਹੁਤ ਤੇਜ ਦੌੜੀਆਂ। ਦੇਸ਼ਾਂ ਬਦੇਸ਼ਾਂ ਦੇ ਚੱਕਰ ਕੱਟੇ, ਮਾਇਆ ਇੱਕੱਤਰ ਕੀਤੀ। ਲੰਗਰ ਚੱਲੇ, ਵੀਡੀਓ ਫਿਲਮਾਂ ਬਣੀਆਂ, ਜੈਕਾਰੇ, ਨਾਹਰੇ, ਸਰੋਪੇ, ਖਿਤਾਬ, ਸਨਮਾਨ। ਦੁਨੀਆਂ ਭਰ ਤੋਂ ਸਿੱਖਾਂ ਦੇ ਹਜੂਮ ਆਣ ਢੁੱਕੇ। ਬੱਸ ਅਰਦਾਸਾਂ ਕਰਕੇ ਲੰਗਰ ਛਕਕੇ ਸਭ ਆਪੋ ਆਪਣੇ ਘਰਾਂ ਨੂੰ ਚਲੇ ਗਏ ਜੇਬਾਂ ਖਾਲੀ ਕਰਵਾ ਕੇ ਮਣਾ ਮੂੰਹੀ ਮਨ ਤੇ ਭਾਰ ਲੈਕੇ। ਪੰਥ ਦੇ ਭਲੇ ਵਾਲਾ ਕੀਤਾ ਗਿਆ ਕਾਰਜ ਇਸ ਸਮਾਗਮ ਵਿੱਚ ਕਿਧਰੇ ਨਜ਼ਰੀਂ ਨਹੀਂ ਪਿਆ।

ਸੱਚੇ ਸਤਿਗੁਰੂ ਜੀ! ਇਹ ਗੂੰਜਦੀ ਆਵਾਜ਼ ਤਾਂ ਤੁਹਾਡੇ ਤੱਕ ਅਵੱਸ਼ ਪੁੱਜੀ ਹੋਵੇਗੀ ਕਿ ਖਾਲਸੇ ਦਾ ਤਿੰਨ ਸੌ ਸਾਲਾ ਸੰਪੂਰਣਤਾ ਦਿਵਸ 1999 ਤੁਹਾਡੇ ਸੇਵਕਾਂ ਨੇ ਕਿੰਨੀ ”ਸ਼ਾਨ” ਨਾਲ ਮਨਾਇਆ ਹੈ। ਸੁਖ ਨਾਲ ਤੁਹਾਡੇ ਸਭ ਤੋਂ ਲਾਡਲੇ ਸਿੱਖ, ਜਿਸਨੂੰ ਤੁਸੀਂ ਰਹਿਮਤ ਕਰਕੇ ਬਹੁਤ ਧਨ ਪਦਾਰਥ ਤੇ ਜਮੀਨ ਤਾਂ ਬਖਸ਼ੀ ਹੀ ਹੈ, ਸਗੋਂ ਸਿੱਖਾਂ ਦਾ ਸਭ ਤੋਂ ਤਾਕਤਵਰ ਲੀਡਰ ਭੀ ਬਣਾ ਦਿੱਤਾ ਹੈ। ਹੁਣ ਉਹ ਪੰਥ ਨੂੰ ਜਿਹੋ ਜਿਹਾ ਸਰੂਪ ਜਾਂ ਸਿਧਾਂਤ ਦੇਵੇ ਕੋਈ ਰੋਕ ਨਹੀਂ ਸਕਦਾ, ਕਿਉਂਕਿ ਤੁਸੀਂ ਉਸਦੀ ਅੰਗ ਸੰਗ ਹੋਕੇ ਸਹਾਇਤਾ ਕਰ ਰਹੇ ਹੋ। ਮੇਰੀ ਮੁਰਾਦ ਸ੍ਰੀ: ਪ੍ਰਕਾਸ਼ ਸਿੰਘ ਬਾਦਲ ਤੋਂ ਹੈ ਜੀ। ਉਸਨੂੰ ਉਸ ਦੇ ਮਿੱਤਰਾਂ ਨੇ ”ਖਾਲਸੇ ਦਾ ਜਨਮ ਦਿਨ” ਧੂਮਧਾਮ ਨਾਲ ਮਨਾਉਣ ਵਾਸਤੇ ਸੌ ਕਰੋੜ ਰੁਪਿਆ ਦਿੱਤਾ। ਫਿਰ ਬਦਲੇ ਵਿੱਚ ਇਹ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਕਿ ਇਹ ਦਿਨ ਕਿਵੇਂ ਮਨਾਣਾ ਹੈ। ਤੁਸੀਂ ਸਿੱਧੇ ਸੱਚਖੰਡ ਵਿੱਚੋਂ ਵੇਖਿਆ ਹੋਵੇਗਾ ਕਿ ਕਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਿੱਖ ਸੰਗਤਾਂ ਨੂੰ ਗੁਰਮਰਿਆਦਾ ਦ੍ਰਿੜ ਕਰਵਾ ਰਿਹਾ ਸੀ। ਦੇਸ਼ ਦੇ ਗ੍ਰਹਿ ਮੰਤਰੀ ਐਲ. ਕੇ. ਅਡਵਾਨੀ ਸਿੱਖਾਂ ਦੇ ਸੋਹਿਲੇ ਗਾ ਰਿਹਾ ਸੀ। ਤੀਹ ਪੈਂਤੀ ਲੱਖ ਸ਼ਰਧਾਲੂ ਅਨੰਦਪੁਰ ਹੁੰਮਹੁਮਾ ਕੇ ਪੁੱਜਿਆ। ਇਹ ਆਸ ਲਾਈਂ ਕਿ ਪੰਥ ਦੀ ਬਿਗੜੀ ਸੰਵਾਰਨ ਵਾਸਤੇ, ਉੱਜੜੇ ਪ੍ਰਵਾਰਾਂ ਨੂੰ ਬਸਾਉਣ ਵਾਸਤੇ, ਪੰਜਾਬ ਦੇ ਖੋਹੇ ਗਏ ਹੱਕਾਂ ਤੇ ਪੈਦਾਵਾਰੀ ਵਸੀਲਿਆਂ ਦੀ ਪ੍ਰਾਪਤੀ ਵਾਸਤੇ, ਸਿਰ ਜੋੜਕੇ ਕੋਈ ਪ੍ਰੋਗਰਾਮ ਉਲੀਕਿਆ ਜਾਵੇਗਾ। ਸਿੱਖੀ ਵਧੇਗੀ ਪੰਥ ਖੁਸ਼ਹਾਲ ਹੋਵੇਗਾ। ਹੰਝੂ ਪੂੰਝੇ ਜਾਣਗੇ, ਚਿਹਰਿਆਂ ਤੇ ਮੁਸਕਾਨ ਆਵੇਗੀ। ਸਿੱਖੀ ਦਾ ਚਾਨਣ ਘਰ ਘਰ ਪੁੱਜੇਗਾ। ਧਰਮ ਪ੍ਰਚਾਰ ਲਈ ਕੋਈ ਅਖ਼ਬਾਰ, ਮੈਗਜ਼ੀਨ, ਲਿਟਰੇਚਰ, ਸੈਟੇਲਾਈਟ ਚੈਨਲ ਦਾ ਪ੍ਰਬੰਧ ਨਹੀਂ ਕੀਤਾ ਜਾਵੇਗਾ। ਨੌਜਵਾਨਾਂ ਦੇ ਰੁਜ਼ਗਾਰ ਬਾਰੇ ਜਬਾਨ ਤੱਕ ਨਾ ਖੋਹਲੀ ਗਈ। ਕੁੱਝ ਨਾਟਕ ਜਿਹੇ ਹੋਛੇ, ਬਿਆਨ ਦਾਗੇ ਗਏ, ”ਮੀਨਾਰੇ ਖਾਲਸਾ”, ਆਦਿ ਦੇ ਖਿਡੌਣੇ ਤੇਰੇ ਪੰਥ ਅੱਗੇ ਪਰੋਸੇ ਗਏ। ਪਿਤਾ ਗੁਰੂ ਜੀ! ”ਆਡਰ ਆਫ ਖਾਲਸਾ” ਜਿਹੇ ਸਨਮਾਨ ਤੁਹਾਡੇ ਤਖ਼ਤ ਤੋਂ ਜਿਨ੍ਹਾਂ ਨੂੰ ਬਖਸ਼ੇ ਗਏ ਉਹ ਕੇਸਾਂ ਦੀ ਬੇਅਦਬੀ ਕਰਨ ਵਾਲੇ, ਸ਼ਰਾਬਾਂ ਪੀਣ ਵਾਲੇ, ਵਿਭਚਾਰ ਕਰਨ ਵਾਲੇ, ਰਿਸ਼ਵਤਾਂ ਨਾਲ ਕੋਠੀਆਂ ਭਰ ਲੈਣ ਵਾਲੇ, ਮਾਮੂਲੀ ਨੱਚਣ ਗਾਉਣ ਵਾਲੇ, ਸਿੱਖਾਂ ਨੂੰ ਲੁੱਟ ਪੁੱਟ ਕੇ ਬਰਬਾਦ ਕਰਨ ਵਾਲਿਆਂ ਨੂੰ ਮਨੁੱਖਤਾ ਦੇ ਦੋਖੀਆਂ ਤੇ ਮਕਾਰਾਂ ਨੂੰ ”ਸਨਮਾਨਤ” ਕੀਤਾ ਗਿਆ। ਇਸੇ ਸਾਲ (1999) ਦੇ ਦਸੰਬਰ ਮਹੀਨੇ ਵਿੱਚ 300 ਸਾਲਾ ਖਾਸ ਤੋਹਫਾ ਬਾਦਲ ਜੀ ਦੇ ਸਤਿਕਾਰੇ ਹੋਏ ਗ੍ਰਿਹ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤੇ ਪ੍ਰਧਾਨ ਮੰਤਰੀ ਵਾਜਪਾਈ ਜੀ ਨੇ ਇੱਕ ਅਜਿਹਾ ਕਾਰਨਾਮਾ ਕੀਤਾ ਜੋ ਸਿੱਧਾ ਸਿੱਖੀ ਤੇ ਮਾਰੂ ਵਾਰ ਸੀ। ਇਹ ਪਾਪੀਆਂ ਨੇ ਫੁਰਮਾਨ ਜਾਰੀ ਕੀਤਾ ਕਿ ਅਗਰ ਕੋਈ ਵਿਅਕਤੀ ਬੁੱਧ ਧਰਮ, ਇਸਾਈ ਧਰਮ, ਇਸਲਾਮ ਧਰਮ ਪੜ੍ਹੇਗਾ ਤਾਂ ਭਾਰਤ ਸਰਕਾਰ ਵੱਲੋਂ ਸਹਾਇਤਾ ਮਿਲਦੀ ਰਹੇਗੀ। ਜੇ ਕੋਈ ਗੁਰਮੱਤ ਬਾਰੇ ਪੜ੍ਹੇਗਾ ਉਸ ਨੂੰ ਸਹਾਇਤਾ ਨਹੀਂ ਮਿਲੇਗੀ। ਹਾਂ ਇਸਦੇ ਬਦਲੇ ”ਗਾਂਧੀ ਸਟੱਡੀ ਵਾਲਿਆ ਨੂੰ ਗ੍ਰਾਂਟ ਮਿਲੇਗੀ, ਸਿੱਖ ਧਰਮ ਵਾਸਤੇ ਫੰਡ ਨਹੀਂ ਮਿਲੇਗਾ। ਸਤਿਗੁਰੂ ਜੀ ਤੁਹਾਡੇ ਸਭ ਤੋਂ ਪਿਆਰੇ ਵੱਡੇ ਪੁੱਤਰ ਪ੍ਰਕਾਸ਼ ਸਿੰਘ ਨੇ (ਅਤੇ ਬਾਕੀ ਜੁੰਡਲੀ) ਵਿਰੋਧ ਵਿੱਚ ਔਖਾ ਸਾਹ ਭੀ ਨਾ ਲਿਆ। ਸੌ ਕਰੋੜ ਦੇ ਕੇ ਸਿੱਖੀ ਦੇ ਜੜੀਂ ਕੁਹਾੜਾ ਵਾਹ ਦਿੱਤਾ ਗਿਆ।

ਕੀ ਦੱਸਾਂ ਸਤਿਗੁਰੂ ਬਾਬਾ ਜੀ! ਸਾਰੇ ਲੋਕ ਗੱਲਾਂ ਕਰਦੇ ਨੇ ਕਿ ਤੁਸੀਂ ਜਾਣੀ ਜਾਣ ਹੋ। ਜੇ ਇਹ ਗੱਲ ਸੱਚ ਹੈ ਤਾਂ ਤੁਸੀਂ ਪੰਥ ਦੋਖੀਆਂ ਨੂੰ ਹੀ ਸਿੱਖੀ ਦੀ ਵਾਗਡੋਰ ਕਿਉਂ ਫੜਾਈ ਹੋਈ ਹੈ ? ਕਿਤੇ ਪੈਸੇ ਤੇ ਭੋਜਨ ਨਾਲ ਉਹ ਤੁਹਾਡੀ ਬਹੁਤੀ ”ਸੇਵਾ” ਤਾਂ ਨਹੀਂ ਕਰ ਰਹੇ ? ਗਰੀਬ ਸਿੱਖਾਂ ਕੋਲ ਤਾਂ ਮਸੀਂ ਮੱਥਾ ਟੇਕਣ ਲਈ ਰੁਪਿਆ ਧੇਲੀ ਹੁੰਦੀ ਹੈ। ਆਹ ਅਪ੍ਰੈਲ 2004 ਵਿੱਚ ਤੁਹਾਡੇ ਦੂਜੇ ਜਾਮੇ ਦਾ ਖਡੂਰ ਵਿਖੇ ਪੰਜ ਸੌ ਸਾਲਾ ਜਸ਼ਨ ਮਨਾਇਆ ਗਿਆ ਹੈ। ਆਸ ਕਰਦੇ ਸਾਂ ਕਿ ਸਿੱਖਾਂ ਲਈ ਕਾਲਜ ਜਾਂ ਯੂਨੀਵਰਸਿਟੀ ਖੁੱਲੇਗੀ, ਕਿੱਤਾ ਮੁਖੀ ਸੰਸਥਾਵਾਂ ਖੁੱਲਣਗੀਆਂ। ਸਿੱਖ ਬੱਚਿਆ ਨੂੰ ਗਿਆਨ ਮਿਲੇਗਾ ਰੁਜ਼ਗਾਰ ਮਿਲੇਗਾ। ਉੱਥੇ ਖਡੂਰ ਵਿਖੇ ਇੱਕ ”ਪਰਉਪਕਾਰੀ” ਬਾਬਾ ਜੀ ਨੇ ਤੁਹਾਡੇ ਦੂਲੇ ਪੰਥ ਦਾ ਕਈ ਕਰੋੜ ਖਰਚ ਕਰਕੇ, ਬਦੇਸ਼ਾਂ ਵਿੱਚੋਂ ਬਹੁਤ ਮਹਿੰਗੀਆਂ ਮਸ਼ੀਨਾਂ ਮੰਗਵਾਕੇ ਇੱਕ ”ਕੰਪਿਊਟਰ ਕੰਟਰੋਲਡ” ਮਿਊਜ਼ੀਅਮ ਤਿਆਰ ਕੀਤਾ ਹੈ। ਅਮਰੀਕਾ ਦੇ ਇੱਕ ਬਹੁਤ ”ਸਿਆਣੇ ਸਿੱਖ” ਨੇ ਮਿੱਟੀ ਘੱਟੇ ਵਾਲੇ ਦੇਸ਼ ਵਿੱਚ ਅਜਿਹੀਆਂ ਮਸ਼ੀਨਾਂ ਲਾਉਣ ਦੀ ਨੇਕ ਸਲਾਹ ਦਿੱਤੀ ਕਿ ਪੁੱਛੋ ਕੁੱਝ ਨਾ। ਉਹ ਮਸ਼ੀਨਾਂ ਤੋਤੇ ਵਾਂਗ ਬੋਲਕੇ ”ਗੁਰਮਤਿ” ਦਾ ਗਿਆਨ ਦਿਆ ਕਰਨਗੀਆਂ। ਮਨੁੱਖ ਚੁੱਪ ਚਾਪ ਮਸ਼ੀਨਾਂ ਦਾ ਭਾਸ਼ਣ ਸੁਣਨਗੇ। ਫਿਰ ਜਿਵੇਂ ਕਿ ਆਮ ਹੁੰਦਾ ਹੈ ਮਸ਼ੀਨਾ ਥੋੜੇ ਸਮੇਂ ਮਗਰੋਂ ਕੰਮ ਕਰਨਾਂ ਬੰਦ ਕਰ ਦੇਣਗੀਆਂ। ਖਰਾਬ/ਨਕਾਰਾ ਹੋ ਚੁੱਕੀਆਂ ਮਸ਼ੀਨਾਂ ਕੋਲ ਇੱਕ ਇੱਕ ਮਨੁੱਖ ਖੜ੍ਹਾ ਦਿੱਤਾ ਜਾਵੇਗਾ। ਤੇ ਬੋਲਕੇ ਦੱਸੇਗਾ ਕਿ ਇਸ ਥਾਂ ਪਹਿਲਾਂ ਇਹ ਮਸ਼ੀਨ ਹੋਇਆ ਕਰਦੀ ਸੀ। ਕਰੋੜਾਂ ਰੁਪੈ ਡਕਾਰ ਕੇ ਮਸ਼ੀਨ ਵਿਗੜ ਗਈ, ਅੱਗੋਂ ਅਸੀਂ ਜਾਣਕਾਰੀ ਦਿਆ ਕਰਾਂਗੇ। ਸਤਿਗੁਰੂ ਜੀ ਉਹੀ ਜੈਕਾਰੇ, ਨਾਹਰੇ, ਦੇਗਾਂ, ਅਰਦਾਸਾਂ, ਖਾਲਸਾ ਮਾਰਚਾਂ ਨਾਲ ਸਿੱਖਾਂ ਨੇ ਤੁਹਾਡੀਆਂ ”ਖੁਸ਼ੀਆਂ” ਪ੍ਰਾਪਤ ਕਰ ਲਈਆਂ ਹਨ।

ਬਾਬਾ ਜੀ ਤੁਹਾਡੇ ਨੂਰਾਨੀ ਉਪਦੇਸ਼ ਦਾ ਚਾਰ ਸੌਵਾਂ ਪ੍ਰਕਾਸ਼ ਦਿਵਸ ਭੀ 2004 ਵਿੱਚ ਹੀ ਆ ਗਿਆ। ਅੰਮ੍ਰਿਤਸਰ ਵਿਖੇ ਪਹਿਲੀ ਸਤੰਬਰ ਨੂੰ ਦਸ ਲੱਖ ਸ਼ਰਧਾਵਾਨ ਮਾਈ ਭਾਈ ਦਾ ਇੱਕੱਠ ਹੋਇਆ। ਲੱਗਭੱਗ ਇੱਕ ਅਰਬ ਰੁਪੈ ਦੀ ਭੇਟਾ ਇੱਕੱਤਰ ਹੋ ਗਈ। ਦੀਪ ਮਾਲਾਵਾਂ ਹੋਈਆਂ, ਮਠਿਆਈਆਂ ਵੰਡੀਆਂ, ਨਗਰ ਕੀਰਤਨ ਹੋਏ। ਧਰਮ ਉਪਦੇਸ਼ ਦੇਣ ਲਈ ਰਾਜਨੀਤੀ ਦੇ ਗੰਦ ਵਿੱਚ ਗਲ ਤੱਕ ਧਸੇ ਹੋਏ ਲੋਕ ਗਿਰਝਾ ਵਾਂਗ ਆਣ ਉਤਰੇ। ਤੇ ਤੁਹਾਡੀਆਂ ਨਿਰਮਲ ਬੁਧ, ਪ੍ਰੀਤਮਾਨ ਸਿੱਖ ਸੰਗਤਾਂ ਨੂੰ ”ਪਾਪ ਕੀ ਜੰਞ” ਚੜ੍ਹਾ ਲਿਆਉਣ ਵਾਲੇ, ਕਿਤੇ ਸੱਜਨ ਠੱਗ ਦੇ ਸੇਵਕ, ਕਿਸੇ ਪਾਸੇ ਮਲਕ ਭਾਗੋ ਦੇ ਭਾਈਬੰਦ, ਕਿਤੇ ”ਪੜ੍ਹੇ ਲਿਖੇ ਮੂਰਖ” ਧਰਮ ਉਪਦੇਸ਼ ਦੇਣ ਲਗ ਪਏ। ਸਫੈਦ ਚੋਲਿਆਂ ਵਾਲੇ, ਨੀਲੇ ਬਾਣਿਆਂ ਵਾਲੇ, ਭਗਵੇਂ ਕਰਨ ਵਾਲੇ, ਸਮੇਤ ਸੂਹੇ ਝੰਡਿਆਂ ਵਾਲੇ, ਤੁਹਾਡੇ ਪਾਵਨ ਫੁਰਮਾਨਾਂ ਦੀ ਸ਼ੋਭਾ ਸੰਗਤਾਂ ਨੂੰ ਕੰਨ ਪਾੜਵੀਆਂ ਆਵਾਜ਼ਾਂ ਰਾਹੀਂ ਸੁਣਾ ਰਹੇ ਸਨ। ਇਹਨਾਂ ਵੱਡੇ ਇੱਕੱਠਾਂ ਵਿੱਚ ਬਾਕੀ ਸਾਰਾ ਕੁੱਝ ਸੀ, ਬਸ ਕੋਈ ਧਰਮੀ ਪੁਰਖ ਧਰਮ ਦੀ ਕਿਰਤ ਕਮਾਈ ਕਰਨ ਵਾਲਾ ਮਨੁੱਖ, ਧਰਮ ਨੂੰ ਸਮਝਕੇ ਉਸ ਮੁਤਾਬਕ ਜੀਵਨ ਜਿਉਣ ਵਾਲਾ ਇਨਸਾਨ ਨਹੀਂ ਦਿੱਸ ਰਿਹਾ ਸੀ ਜੋ ਕਹਿਣੀ ਤੇ ਕਰਣੀ ਦਾ ਪੂਰਾ ਸੂਰਾ ਹੋਵੇ। ਬਾਬਾ ਜੀ ਬਹੁਤ ਪੈਸਾ ਰੋੜ੍ਹਿਆ ਗਿਆ ਹੈ ਧਰਮ ਦੇ ਨਾਮ ਤੇ। ਬਹੁਤ ਪੈਸਾ ਕਮਾਇਆ ਗਿਆ ਹੈ ਧਰਮ ਦੇ ਨਾਮ ਤੇ। ਇਸ ਵੱਡੇ ਨਗਾਰਖਾਨੇ ਵਿੱਚ ਧਰਮ ਦਾ ਕੋਈ ਅੰਸ਼ ਅਸੂਲ ਚਿਰਾਗ ਲੈ ਕੇ ਢੂੰਡਿਆਂ ਭੀ ਨਹੀਂ ਲਭਦਾ ਸੀ। ਨਾਲੇ ਸਤਿਗੁਰੂ ਜੀ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਇਹ ਕਿਵੇਂ ਸੀ ? ਅਸੀਂ ਮੂਰਖ ਜਿਹੇ ਸੇਵਕ ਸਮਝਣ ਤੋਂ ਅਸਮਰਥ ਹਾਂ। ਤੁਸੀਂ ਜਿਸ ਦਿਨ ਆਪਣੇ ਮੁਖਾਰਬਿੰਦ ਤੋਂ ਪਹਿਲਾ ਪਾਵਨ ਬਚਨ ਉਚਾਰਨ ਕੀਤਾ – ਪਾਂਧੇ ਨੂੰ, ਪ੍ਰੋਹਿਤ ਨੂੰ, ਰਾਏ ਬੁਲਾਰ ਨੂੰ, ਵੈਦ ਨੂੰ ਜਾਂ ਦਾਈ ਨੂੰ, ਮਾਤਾ ਪਿਤਾ ਨੂੰ ਜਾਂ ਭੈਣ ਨਾਨਕੀ ਜੀ ਨੂੰ। ਜੋ ਉਪਦੇਸ਼ ਤੁਸੀਂ ਪਹਿਲੀ ਵਾਰੀ ਦਿੱਤਾ ਉਹੀ ਅਸਲ ਵਿੱਚ ਤੁਹਾਡੀ ਬਾਣੀ ਦਾ ਪਹਿਲਾ ਪ੍ਰਕਾਸ਼ ਸੀ। ਸੰਪਾਦਨਾ ਹੋਈ ਸੀ 1604 ਵਿੱਚ। ਤੇ ਸੰਪੂਰਣਤਾ ਪ੍ਰਵਾਨ ਕੀਤੀ ਜਾਵੇਗੀ ਅਕਤੂਬਰ 1708 ਵਿੱਚ। ਬਾਕੀ ਜੋ ਕੁੱਝ ਹੋਇਆ ਸੁ ਹੋਇਆ ਪਰ ਤੁਹਾਡੇ ਉਪਦੇਸ਼ ਨੂੰ ਕਿਤੇ ਨੇੜੇ ਭੀ ਨਹੀਂ ਫਟਕਣ ਦਿੱਤਾ ਗਿਆ। ਹਾਂ ਇੱਕ ਵੱਡਾ ਸਾਰਾ ਮੇਲਾ ਜਿਹਾ ਜ਼ਰੂਰ ਸੀ ਇਹ। —ਚਲਦਾ