ਸਿੱਖ ਨੌਜਵਾਨਾਂ ਦਾ ਭਵਿੱਖ-ਆਰਥਿਕ ਪੱਖ

0
93


ਸੰਸਾਰੀ ਜੀਵ ਲਈ ਪ੍ਰਮੁੱਖ ਜਜਬਾ ਹੈ ਆਪਣੀ ਜਾਨ ਦੀ ਸਲਾਮਤੀ। ਤਨ ਮਹਿਫੂਜ ਹੋ ਜਾਣ ਦੀ ਤਸੱਲੀ ਤੋਂ ਬਾਅਦ ਪਹਿਲੀ ਲੋੜ ਹੈ ਸਰੀਰ ਲਈ ਭੋਜਨ। ਅੱਗੋਂ ਖ਼ੁਰਾਕ ਪੈਦਾਵਰੀ ਲਈ ਲੋੜੀਂਦੇ ਰੁਜ਼ਗਾਰ ਪੱਖੀ ਸਾਧਨ। ਭੁੱਖੇ ਪੇਟ ਵਾਲੇ ਕਿਸੇ ਵਿਅਕਤੀ ਨੂੰ ਸੇਵਾ ਜਾਂ ਸਿਮਰਨ ਕਰਨ ਲਈ ਕਹਿਣਾ ਇਕ ਮਜਾਕ ਤੋਂ ਵੱਧ ਕੁਝ ਨਹੀਂ। ਸੰਸਾਰੀ ਲੋੜਾਂ ਜਾਂ ਆਰਥਕ ਪੱਖ ਨੂੰ ਸਤਿਗੁਰੂ ਸਾਹਿਬਾਨ ਨੇ ਕਦੀ ਭੀ ਅਣਗੌਲਿਆਂ ਨਹੀਂ ਕੀਤਾ। ਗੁਰੂ ਘਰਾਂ ਨਾਲ ਲੰਗਰ ਸਦਾ ਤੋਂ ਚੱਲਦੇ ਆ ਰਹੇ ਹਨ। ਜਿਥੇ ਹਰ ਆਏ ਪ੍ਰਾਣੀ ਦੀ ਸਰੀਰਕ ਲੋੜ ਪੂਰੀ ਕੀਤੀ ਜਾਂਦੀ ਹੈ। ਪ੍ਰਸ਼ਾਦਿ ਛਕਣ ਤੋਂ ਬਾਅਦ ਹੀ ਆਤਮਕ ਤ੍ਰਿਪਤੀ ਦੀ ਗੱਲ ਟੁਰਦੀ ਹੈ। ਮਾਰਕਸ ਨੇ ਤਾਂ ਆਰਥਿਕਤਾ ਨੂੰ ਹੀ ਜਿੰਦਗੀ ਦੇ ਹਰ ਪਹਿਲੂ ਤੇ ਭਾਰੂ ਦੱਸਿਆ ਹੈ। ਇਨਸਾਨੀ ਇੱਜ਼ਤ ਆਬਰੂ, ਸਰੀਰਕ ਦਿੱਖ ਅਤੇ ਤੰਦਰੁਸਤੀ, ਮਾਨਸਿਕ ਬਣਤਰ, ਰਹਿਣ-ਸਹਿਣ ਦਾ ਢੰਗ, ਕਿਸੇ ਨਾ ਕਿਸੇ ਰੂਪ ਵਿਚ ਆਰਥਿਕਤਾ ਨਾਲ ਜਾ ਜੁੜਦਾ ਹੈ। ਆਰਥਿਕਤਾ ਕਿਰਤ ਨਾਲ ਡੂੰਘਾ ਸਬੰਧ ਰੱਖਦੀ ਹੈ। ਇਸੇ ਲਈ ਸਤਿਗੁਰੂ ਜੀ ਨੇ”ਧਰਮ ਦੀ ਕਿਰਤ ਕਰਨ ਤੇ”ਬਹੁਤ ਜ਼ੋਰ ਦਿੱਤਾ ਹੈ। ਧਰਮ ਦੀ ਕਿਰਤ ਦਾ ਸਬੰਧ ਅੱਗੋਂ ਅਧਿਆਤਮਿਕਤਾ ਨਾਲ ਇਕ-ਮਿਕ ਹੋਇਆ ਪ੍ਰਤੀਤ ਹੁੰਦਾ ਹੈ। ਜਦੋਂ ਸਿੱਖ ਸੰਗਤਾਂ ਦੇ ਨਾਮ ਸਤਿਗੁਰੂ ਸਾਹਿਬਾਨ ਵੱਲੋਂ ਲਿਖੇ ਹੁਕਮਨਾਮੇ ਪੜ੍ਹੀਦੇ ਹਨ, ਉਨ੍ਹਾਂ ਵਿਚ ਧਰਮ ਉਪਦੇਸ਼ ਦੇ ਨਾਲ ਇਹ ਲਿਖਿਆ ਭੀ ਮਿਲਦਾ ਹੈ-“ਗੁਰੂ ਗੁਰੂ ਜਪਣਾ, ਸਰਬ ਸੰਗਤ ਰੁਜ਼ਗਾਰ ਬਹੁਤ ਹੋਵੇਗਾ। ਗੁਰੂ ਰਾਖੇਗਾ, ਰੁਜ਼ਗਾਰ ਕੀ ਕਾਈ ਕਮੀ ਨਾਹੀ ਹੋਵੈਗੀ”॥
ਵਿਗਿਆਨ ਵੱਲੋਂ ਨਿੱਤ ਨਵੀਆਂ ਮਸ਼ੀਨਾਂ ਦੀ ਕਾਢ ਕਰਕੇ, ਇਕੋ ਮਸ਼ੀਨ ਨਾਲ ਬਹੁਤ ਸਾਰੇ ਆਦਮੀਆਂ ਦਾ ਕੰਮ ਕਰ ਦਿੱਤਾ ਜਾਂਦਾ ਹੈ। ਇਸ ਬੇ-ਰੁਜ਼ਗਾਰੀ ਵਿਚ ਵਾਧਾ ਤਾਂ ਹੋਵੇਗਾ ਹੀ, ਪਰ ਜਦੋਂ ਸਰਕਾਰਾਂ ਭੀ ਨੌਜਵਾਨਾਂ ਦੇ ਭਵਿੱਖ ਪ੍ਰਤੀ ਲਾਪ੍ਰਵਾਹ ਹੋਣ, ਤਦੋਂ ਸਥਿਤੀ ਗੰਭੀਰ ਬਣ ਜਾਂਦੀ ਹੈ। ਸਰਕਾਰੀ ਖੇਤਰ ਦੀਆਂ ਨੌਕਰੀਆਂ ਵਿਚ ਰੁਜ਼ਗਾਰ ਦੇ ਮੌਕੇ ਨਾਂਹ ਦੇ ਬਰਾਬਰ ਹੋਣ ਕਰਕੇ, ਸਿੱਖ ਗੱਭਰੂਆਂ ਨੂੰ ਆਪਣਾ ਭਵਿੱਖ ਅੰਧਕਾਰ ਵਿਚ ਡੁੱਬਿਆ ਪ੍ਰਤੀਤ ਹੁੰਦਾ ਹੈ। ਜ਼ਿੰਦਗੀ ਬੋਝਲ ਜਿਹੀ ਅਤੇ ਫਜੂਲ ਦਿਸਣ ਲੱਗ ਪੈਂਦੀ ਹੈ। ਇਸ ਜੁਆਨੀ ਦੀ ਅੱਥਰੀ ਉਮਰੇ ਦਰਿਆਵਾਂ ਦਾ ਮੁਹਾਣ ਮੋੜ ਦੇਣ ਦੀ, ਹਿਮਾਲਾ ਨੂੰ ਚੀਰ ਸੁੱਟਣ ਦੀ, ਧਰਤੀ ਨੂੰ ਪਲਟ ਦੇਣ ਦੀ, ਅਸਮਾਨ ਵਿਚ ਟਾਕੀਆਂ ਲਾ ਦੇਣ ਦੀ ਸ਼ਕਤੀ ਠਾਠਾਂ ਮਾਰ ਰਹੀ ਹੁੰਦੀ ਹੈ। ਕੋਈ ਉਚਿਤ ਅਗਵਾਈ ਨਾ ਮਿਲਣ ਕਰਕੇ ਸਾਰੀ ਸਮਰੱਥਾ ਘੱਟੇ ਰੁਲ ਜਾਂਦੀ ਹੈ। ਅਜਿਹੇ ਮਾਯੂਸੀ ਦੇ ਆਲਮ ਵਿਚ ਡੁੱਬਿਆ ਨੌਜਵਾਨ, ਆਪਣਾ ਭੀ ਤੇ ਸਮਾਜ ਦਾ ਭੀ, ਬਹੁਤ ਨੁਕਸਾਨ ਕਰ ਦਿੰਦਾ ਹੈ। ਅਜਿਹੇ ਹਾਲਾਤ ਦਾ ਦੁਖਦਾਈ ਨਤੀਜਾ ਸਿੱਖ ਸਮਾਜ ਚੰਗੀ ਤਰ੍ਹਾਂ ਵੇਖ ਚੁੱਕਿਆ ਹੈ। ਪਤਿਤਪੁਣੇ ਦੀ ਲਹਿਰ ਚਲ ਪੈਣ ਦਾ ਇਕ ਕਾਰਨ ਇਹ ਭੀ ਹੈ ਕਿ ਸਿੱਖ ਨੌਜਵਾਨ ਚਾਰੇ ਪਾਸਿਓਂ ਹਾਰ ਟੁੱਟ ਚੁਕਿਆ ਹੈ, ਨਿਰਾਸ਼ ਹੈ। ਅਜਿਹੀ ਅੰਧਕਾਰ ਭਰੀ ਅਤੇ ਅਨਿਸਚਤਤਾ ਦੀ ਹਾਲਤ ਵਿਚੋਂ ਉਭਾਰਨ ਲਈ, ਨੌਜਵਾਨਾਂ ਨੂੰ ਹੌਂਸਲਾ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ, ਕੁੱਝ ਸੁਝਾ ਸੰਗਤਾਂ ਤੇ ਪ੍ਰਬੰਧਕਾਂ ਦੇ ਸਨਮੁੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਮਰਥਾਵਾਨਾਂ ਦਾ, ਪੰਥ ਵਿਚ ਕੋਈ ਤੋਟਾ ਨਹੀਂ ਹੈ। ਕੁੱਝ ਅਦਾਰੇ ਚੱਲ ਭੀ ਰਹੇ ਹਨ, ਹੋਰ ਵੱਡਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਆਪਣੇ ਧੰਨਭਾਗ ਸਮਝਾਂਗਾ ਅਗਰ ਕਿਸੇ ਗੁਰਸਿੱਖ ਜਾਂ ਸਿੱਖ ਸੰਸਥਾਵਾਂ ਨੂੰ ਕੁੱਝ ਕਰਨ ਦੀ ਪ੍ਰੇਰਨਾ ਮਿਲ ਸਕੇ।
ਸਕੂਲ-ਕਾਲਜ:-ਸਿੱਖ ਪੰਥ ਕੋਲ ਸਤਿਗੁਰੂ ਜੀ ਦੇ ਨਾਮ ਤੇ ਚੱਲਣ ਵਾਲੇ ਸਕੂਲ-ਕਾਲਜਾਂ ਦਾ ਕੋਈ ਸ਼ੁਮਾਰ ਨਹੀਂ। ਇਨ੍ਹਾਂ ਵਿਚ ਵਿਅਕਤੀਗਤ ਭੀ ਹਨ ਅਤੇ ਸੰਸਥਾਵਾਂ ਵੱਲੋਂ ਚਲਾਏ ਜਾਣ ਵਾਲੇ ਭੀ ਹਨ। ਬਹੁਤ ਘੱਟ ਸਕੂਲ-ਕਾਲਜ ਹਨ, ਜਿਥੇ ਸੰਸਾਰੀ (ਸਰਕਾਰੀ) ਵਿਦਿਆ ਦੇਣ ਦੇ ਨਾਲ-ਨਾਲ ਧਾਰਮਿਕ ਵਿਦਿਆ ਭੀ ਦਿੱਤੀ ਜਾ ਰਹੀ ਹੋਵੇ। ਬਾਹਰ ਸਕੂਲ ਦੇ ਮੁੱਖ ਗੇਟ ਤੇ ਬੋਰਡ ਗੁਰੂ ਦੇ ਨਾਮ ਵਾਲਾ ਲੱਗਾ ਹੋਵੇਗਾ। ਅੰਦਰ ਸਿੱਖੀ (ਗੁਰਮਤਿ) ਦੀ ਪੜ੍ਹਾਈ ਕੋਸ਼ਿਸ਼ ਕਰਨ ਤੇ ਭੀ ਨਜ਼ਰੀਂ ਨਹੀਂ ਪਵੇਗੀ। ਸਿੱਖੀ ਮਾਹੌਲ, ਵੇਸ ਭੂਸਾ, ਕੁੱਝ ਭੀ ਨਹੀਂ ਮਿਲੇਗਾ। ਬੱਚਿਆਂ ਦੇ ਮਾਤਾ-ਪਿਤਾ ਇਸ ਖ਼ੁਸ਼ ਫਹਿਮੀ ਵਿਚ ਹਨ ਕਿ ਬੱਚੇ ਸਿੱਖਾਂ ਦੇ ਸਕੂਲ ਵਿਚ ਪੜ੍ਹ ਰਹੇ ਹਨ, ਤਾਂ ਗੁਰਮਤਿ ਦੇ ਧਾਰਨੀ ਹੋਈ ਜਾਣਗੇ। ਪਰ ਸਿੱਖੀ ਵਾਲੀ ਤਾਂ ਹਵਾ ਤੱਕ ਅੰਦਰ ਨਹੀਂ ਜਾ ਸਕਦੀ। ਕਿਉਂਕਿ ਟੀਚਿੰਗ ਸਟਾਫ਼ ਖ਼ੁਦ ਗੁਰਮਤਿ ਤੋਂ ਕੋਹਾਂ ਦੂਰ ਹੈ। ਹੁਣ ਇਸ ਦਾ ਦੂਜਾ ਪੱਖ ਵਿਚਾਰੀਏ:- ਅਗਰ ਇਨ੍ਹਾਂ ਸਕੂਲਾਂ ਵਿਚ ਵਿਧੀ ਪੂਰਵਕ ਗੁਰਮਤਿ ਦੀ ਵਿਦਿਆ ਪੜ੍ਹਾਈ ਜਾਵੇ ਤਾਂ ਤਕਰੀਬਨ ਦਸ-ਕੁ-ਹਜ਼ਾਰ ਧਾਰਮਿਕ ਅਧਿਆਪਕ ਇਨ੍ਹਾਂ ਥਾਵਾਂ ਤੇ ਨਿਯੁਕਤ ਕੀਤੇ ਜਾਂ ਸਕਦੇ ਹਨ। ਉਹ ਬੇਰੁਜ਼ਗਾਰ ਲੜਕੇ-ਲੜਕੀਆਂ, ਖ਼ੁਦ ਧਰਮ ਦੀ ਵਿਦਿਆ ਪੜ੍ਹਨਗੇ, ਕੁਦਰਤੀਂ ਹੀ ਉਹ ਸਿੱਖੀ ਅਸੂਲਾਂ ਵਿਚ ਪਰਪੱਕ ਅੰਮ੍ਰਿਤਧਾਰੀ ਭੀ ਬਣ ਜਾਣਗੇ। ਅੱਗੋਂ ਸਕੂਲਾਂ-ਕਾਲਜਾਂ ਰਾਹੀਂ ਅਤੇ ਖੁੱਲ੍ਹੀਆਂ ਸਟੇਜਾਂ ਤੇ ਕਥਾ ਰਾਹੀਂ ਅਨੇਕਾਂ ਨੂੰ ਸਿੱਖੀ ਦਾਇਰੇ ਵਿਚ ਲਿਆਉਣ ਦਾ ਕਾਰਨ ਬਣਨਗੇ। ਆਪਣੀ ਉੱਚ ਵਿਦਿਆ, ਇਹ ਗੁਰਮੁਖੀ ਜੀਵਨ ਰਾਹੀਂ ਵਿਦਿਆਰਥੀਆਂ ਨੂੰ ਜਦੋਂ ਪਵਿੱਤਰ ਗੁਰਬਾਣੀ ਤੇ ਲਾਸਾਨੀ ਇਤਿਹਾਸ ਪੜ੍ਹਾਉਣਗੇ ਤਾਂ ਸਿੱਖ ਪੰਥ ਵਿਚ ਬੇ-ਸ਼ੁਮਾਰ ਵਾਧਾ ਹੋਵੇਗਾ। ਸਮੇਂ-ਸਮੇਂ ਬੱਚਿਆਂ ਨੂੰ ਹੋਰ ਯਾਤਰਾਵਾਂ ਦੇ ਨਾਲ-ਨਾਲ ਧਾਰਮਿਕ ਸਥਾਨਾਂ ਦੀ ਯਾਤਰਾ ਭੀ ਕਰਵਾਈ ਜਾਵੇ। ਧਾਰਮਿਕ ਕੈਂਪ ਲਾ ਕੇ ਸੁਲਝੇ ਹੋਏ ਸਿੱਖ ਵਿਦਵਾਨਾਂ ਤੋਂ, ਸੌਖੀ ਭਾਸ਼ਾ ਵਿਚ ਲੈਕਚਰ ਕਰਵਾਏ ਜਾਣ। ਸਿੱਖ ਮਹਾਂਪੁਰਖਾਂ ਦੇ ਨਾਮ ਤੇ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣ। ਜ਼ਰੂਰੀ ਨੁਕਤਾ ਇਹੀ ਹੈ ਕਿ ਧਾਰਮਿਕ ਟੀਚਰ ਦੀ ਨਿਯੁਕਤੀ ਵਕਤ ਕੋਈ ਸ਼ਿਫਾਰਸੀ ਵਿਅਕਤੀ ਨਾਂ ਰੱਖਿਆ ਜਾਵੇ। ਪੂਰੀ ਪਰਖ ਪੜਚੋਲ ਤੋਂ ਬਾਅਦ, ਚੰਗੀ ਗ਼ੁਜਾਰੇ ਲਾਇਕ ਤਨਖਾਹ ਦਿੱਤੀ ਜਾਵੇ, ਤਾਂ ਕਿ ਉਹ ਨਿਸਚਿੰਤ ਹੋ ਕੇ ਆਪਣੇ ਜ਼ਿੰਮੇ ਲੱਗੀ ਸੇਵਾ ਕਰ ਸਕੇ। ਇਸ ਤਰ੍ਹਾਂ ਦਾ ਸਿਸਟਮ ਤਿਆਰ ਕਰ ਲੈਣ ਨਾਲ ਇਹ ਟੀਚਰ ਖ਼ੁਦ ਭੀ ਸਿੱਖੀ ਅਸੂਲਾਂ ਦੇ ਧਾਰਨੀ ਬਣੇ ਰਹਿਣਗੇ, ਅਤੇ ਅੱਗੋਂ ਬਹੁਤ ਸਾਰੀਆਂ ਸੰਗਤਾਂ ਨੂੰ ਧਰਮ ਵੱਲ ਪ੍ਰੇਰਤ ਕਰਨਗੇ। ਇਹ ਕਾਰਜ ਅੱਗੇ ਤੋਂ ਅੱਗੇ ਚੱਲਦਾ ਜਾਵੇਗਾ।
ਕਿੱਤਾ-ਮੁਖੀ ਕੋਰਸ:-ਉਪਰ ਵਰਣਿਤ ਆਮ ਸਕੂਲਾਂ-ਕਾਲਜਾਂ ਵਿਚ ਸਰਸਰੀ ਜਿਹੀ ਝਾਤੀ ਮਾਰਨ ਤੋਂ ਬਾਅਦ ਕਿੱਤਾ ਮੁਖੀ ਸੰਸਥਾਵਾਂ ਬਾਰੇ ਭੀ ਥੋੜੀ ਜਿਹੀ ਵਿਚਾਰ ਕਰ ਲਈਏ। ਸੰਨ 1892 ਵਿਚ ਅੰਮ੍ਰਿਤਸਰ ਸਾਹਿਬ ਵਿਖੇ, ਲੰਮੀ ਸੋਚ-ਵਿਚਾਰ ਤੋਂ ਬਾਅਦ “ਖਾਲਸਾ ਕਾਲਜ” ਦੀ ਨੀਂਹ ਰੱਖੀ ਸੀ। ਇਸ ਕਾਲਜ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੈਰਾਂ ਤੇ ਖੜੇ ਹੋਣ ਵਿਚ ਮਦਦ ਕੀਤੀ। ਸ਼ੁਰੂ ਦੇ ਸਾਲਾਂ ਵਿਚ ਸਿੱਖੀ ਦਾ ਸੋਹਣਾ ਮਾਹੌਲ ਭੀ ਬਣਿਆ ਰਿਹਾ। ਸਮਾਂ ਪਾ ਕੇ ਇਹ ਸ਼ਾਨਾਮੱਤਾ ਖ਼ਾਲਸਾ ਕਾਲਜ ਭੀ ਇਕ ਆਮ ਕਾਲਜ ਬਣ ਗਿਆ, ਸਿਰਫ ਸਰਕਾਰੀ ਕਾਲਜ…।ਕਾਫੀ ਸਮਾਂ ਪਹਿਲਾਂ ਪੰਥਕ ਪੈਸੇ ਨਾਲ ਲੁਧਿਆਣੇ ਵਿਖੇ ਇੰਜਿਨਰਿੰਗ ਕਾਲਜ ਖੋਲ੍ਹਿਆ ਗਿਆ ਸੀ। ਇਹ ਕਾਲਜ ਭੀ ਨੌਜਵਾਨਾਂ ਵਿਚ ਸਿੱਖੀ ਦੀ ਸਪਿਰਟ ਭਰਨ ਤੋਂ ਅਸਮਰੱਥ ਹੀ ਰਿਹਾ ਹੈ। ਕੋਈ ਜ਼ਿਕਰਯੋਗ ਕਾਰਜ, ਸਿੱਖੀ ਸਰੂਪ ਵਿਚ ਵਾਧਾ ਕਰਨ ਵਾਸਤੇ ਇਹ ਕਾਲਜ ਨਹੀਂ ਕਰ ਸਕਿਆ। ਬਾਕੀ ਕਾਲਜਾਂ ਅਤੇ ਕਿੱਤਾ ਮੁਖੀ ਸੰਸਥਾਵਾਂ ਦਾ ਭੀ ਲਗਪਗ ਇਹੀ ਹਾਲ ਹੈ।
ਸਿੱਖ ਮੁਖੀਆਂ ਨੂੰ ਸੋਚ-ਵਿਚਾਰ ਕਰਕੇ ਸਮੇਂ ਦੇ ਹਾਣੀ, ਨਿਰੋਲ ਨਿੱਜੀ ਖੇਤਰ ਵਾਲੇ, ਕਿੱਤਾ-ਮੁਖੀ ਸਕੂਲ-ਕਾਲਜ ਖੋਲ੍ਹਣੇ ਚਾਹੀਦੇ ਹਨ। ਇਨ੍ਹਾਂ ਅਦਾਰਿਆਂ ਨੂੰ ਸਰਕਾਰੀ ਦਖ਼ਲ-ਅੰਦਾਜੀ ਤੋਂ ਬਚਾਕੇ ਰੱਖਿਆ ਜਾਵੇ। ਇਨ੍ਹਾਂ ਥਾਵਾਂ ਤੇ ਸਿੱਖ ਨੌਜਵਾਨਾਂ ਨੂੰ ਆਧੁਨਿਕ ਢੰਗ ਤਰੀਕਿਆਂ ਵਾਲੀ ਕਿੱਤਾ-ਮੁਖੀ ਉੱਤਮ ਸਿਖਲਾਈ ਦਿੱਤੀ ਜਾਵੇ। ਪੰਜਾਬ ਦੇ ਬਹੁਤ ਸਾਰੇ ਨੌਜਵਾਨ, ਆਂਧਰਾ-ਪ੍ਰੇਦਸ਼ ਅਤੇ ਕਰਨਾਟਕਾ ਵਿਚ ਅਜਿਹੇ ਕੰਮ ਸਿੱਖਣ ਜਾਂਦੇ ਹਨ। ਜਿੱਥੇ ਉਨ੍ਹਾਂ ਦਾ ਕਈ ਗੁਣਾ ਵੱਧ ਖ਼ਰਚ ਹੁੰਦਾ ਹੈ, ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਲੱਗ। ਜੇ ਪੰਜਾਬ ਵਿਚ ਉਸ ਕਿਸਮ ਦੀ ਸਿਖਲਾਈ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ। ਬੇਗਾਨੇ ਹੱਥਾਂ ਵੱਲ ਵੇਖਣ ਦੀ ਥਾਂਵੇ, ਰਿਸ਼ਵਤਾਂ ਤੇ ਸਿਫਾਰਸ਼ਾਂ ਨਾਲ ਨੌਕਰੀਆਂ ਲੱਭਣ ਦੀ ਥਾਂਵੇ, ਉਹ ਆਪਣੇ ਨਿੱਜੀ ਧੰਦੇ ਕਰਦੇ ਹੋਏ ਸਵੈਮਾਣ ਦੀ ਰੋਟੀ ਖਾਅ ਸਕਦੇ ਹਨ। ਰੁਜ਼ਗਾਰ ਦੀ ਮਜਬੂਰੀ ਕਾਰਨ ਉਹ ਸਿੱਖੀ ਤੋਂ ਲਾਂਭੇ ਨਹੀਂ ਜਾਣਗੇ। ਅੱਗੇ ਹੋਰ ਬਹੁਤ ਸਾਰੇ ਸੰਗੀਆਂ ਨੂੰ ਭੀ ਇਸ ਪਾਸੇ ਪ੍ਰੇਰਿਤ ਕਰਨਗੇ। ਇਸ ਤਰ੍ਹਾਂ ਦੇ ਪ੍ਰਬੰਧ ਵਿਚ ਟ੍ਰੇਨਿੰਗ ਸੈਂਟਰ ਚਾਲੂ ਕਰ ਦੇਣ ਨਾਲ ਬੇਅੰਤ ਨੌਜਵਾਨ, ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਲਾਹਣਤ ਤੋਂ ਬਚ ਸਕਦੇ ਹਨ। ਖੇਤੀ ਅੱਜ-ਕੱਲ੍ਹ ਲਾਹੇਵੰਦਾ ਕਿੱਤਾ ਨਹੀਂ ਰਿਹਾ। ਮਸ਼ੀਨੀ ਯੁੱਗ ਕਾਰਨ ਸਾਰਿਆਂ ਨੂੰ ਮਜਦੂਰੀ ਭੀ ਨਹੀਂ ਲੱਭਣੀ। ਖੇਤੀ ਤੇ ਮਜਦੂਰੀ ਦੀ ਸਖ਼ਤ ਮਿਹਨਤ ਬੰਦੇ ਦਾ ਸੀਰਮਾ ਪੀ ਜਾਂਦੀ ਹੈ, ਗ਼ਰੀਬੀ ਫਿਰ ਭੀ ਦੂਰ ਨਹੀਂ ਹੁੰਦੀ। ਮਨੁੱਖ ਪਸੂਆਂ ਵਰਗਾ ਜੀਵਨ ਬਿਤਾਉਣ ਲਈ ਮਜਬੂਰ ਹੋ ਜਾਂਦਾ ਹੈ। ਅਜਿਹੀ ਦਰਦਨਾਕ ਦਸ਼ਾ ਵਿਚ ਕਿਸੇ ਵਿਅਕਤੀ ਦਾ ਸਿੱਖੀ ਸਰੂਪ ਵਿਚ ਟਿਕੇ ਰਹਿਣਾ ਅਸੰਭਵ ਹੀ ਹੋ ਸਕਦਾ ਹੈ। ਜੇ ਸਾਡੇ ਪੰਥਕ ਮੁਖੀਆਂ ਨੇ ਇਸ ਪਾਸੇ ਫੌਰੀ ਧਿਆਨ ਨਾਂ ਦਿੱਤਾ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਪੰਜਾਬ ਐਂਡ ਸਿੰਧ ਬੈਂਕ:-ਬਹੁਤ ਸਮਾਂ ਪਹਿਲਾਂ ਲੰਮੀ ਸੋਚ-ਵਿਚਾਰ ਤੋਂ ਬਾਅਦ ਸਿੱਖ ਪੰਥ ਦੇ ਸਿਆਣੇ ਗੁਰਸਿੱਖਾਂ ਨੇ ਗੁਰੂ ਪੰਥ ਦੇ ਪੈਸੇ ਨਾਲ, ਪੰਜਾਬ ਐਂਡ ਸਿੰਧ ਬੈਂਕ ਖੋਲ੍ਹੀ ਸੀ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਇਸ ਨੂੰ ਪੱਕੇ ਪੈਂਰੀ ਕਰਨ ਵਾਸਤੇ ਇਕ ਕਰੋੜ ਰੁਪਿਆ ਜਮ੍ਹਾ ਕਰਵਾਇਆ ਸੀ। ਚੰਗੇ ਪ੍ਰਬੰਧਕਾਂ ਦੀ ਅਗਵਾਈ ਵਿਚ, ਸਫਲਤਾ ਦੀਆਂ ਮੰਜ਼ਲਾਂ ਮਾਰਦੀ ਗਈ। ਇਸ ਬੈਂਕ ਵਿਚ ਸਿੱਖ ਨੌਜਵਾਨ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਕੀਤਾ ਗਿਆ। ਸ਼ਰਤ ਰੱਖੀ ਗਈ ਕਿ ਸਿੱਖੀ ਸਰੂਪ ਵਾਲੇ ਨੌਜਵਾਨਾਂ ਨੂੰ ਹੀ ਨੌਕਰੀ ਦਿੱਤੀ ਜਾਵੇਗੀ। ਇਹ ਇਕ ਚੰਗਾ ਉਪਰਾਲਾ ਸੀ। ਪਰ ਕੇਵਲ ਸਿੱਖੀ ਸਰੂਪ ਦੀ ਹੀ ਸ਼ਰਤ ਰੱਖੀ ਗਈ ਸੀ, ਪੰਜ ਬਾਣੀਆਂ ਜ਼ੁਬਾਨੀ ਯਾਦ ਹੋਣ, ਅੰਮ੍ਰਿਤਧਾਰੀ ਹੋਣਾ, ਗੁਰਮਤਿ ਤੋਂ ਜਾਣਕਾਰ ਹੋਣ ਦੀ ਕੋਈ ਸ਼ਰਤ ਨਾਂ ਰੱਖੀ ਗਈ। ਨਤੀਜੇ ਵਜੋਂ ਗੁਰਮਤਿ ਤੋਂ ਕੋਹਾਂ ਦੂਰ, ਨਾਸਤਿਕ ਲੋਕ ਭੀ ਦਾੜੀ-ਕੇਸ ਰੱਖ ਕੇ ਬੈਂਕ ਵਿਚ ਨੌਕਰੀਆਂ ਲੈਣ ਵਿਚ ਕਾਮਯਾਬ ਹੋ ਗਏ। ਜਿਨ੍ਹਾਂ ਭਾਵਨਾਵਾਂ ਨੂੰ ਸਨਮੁਖ ਰੱਖ ਕੇ, ਇਹ ਅਦਾਰਾ ਸ਼ੁਰੂ ਹੋਇਆ ਸੀ, ਉਹ ਧਰੀਆਂ ਹੀ ਰਹਿ ਗਈਆਂ। ਅੱਜ-ਕੱਲ੍ਹ ਤਾਂ ਇਹ ਬੈਂਕ ਭੀ ਭਾਰਤ ਸਰਕਾਰ ਦੇ ਪ੍ਰਬੰਧ ਵਿਚ ਜਾ ਚੁੱਕਿਆ ਹੈ, ਬਸ ਇਕ ਆਮ ਸਰਕਾਰੀ ਅਦਾਰਾ ਹੀ ਬਣ ਗਿਆ ਹੈ।
ਮਿਸ਼ਨਰੀ ਕਾਲਜਾਂ ਦੀ ਲੋੜ:- ਖ਼ਾਲਸਾ ਪੰਥ ਨੂੰ ਬਹੁਤ ਸੁਲਝੇ ਹੋਏ, ਆਪਾ ਸਮਰਪਣ ਭਾਵਨਾ ਵਾਲੇ, ਮਿਸ਼ਨਰੀ ਲੜਕੇ-ਲੜਕੀਆਂ ਦੀ ਅਤੀ ਜ਼ਰੂਰਤ ਹੈ। ਜੋ ਗੁਰਬਾਣੀ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹੋਣ। ਇਤਿਹਾਸ, ਗੁਰਮਤਿ-ਫਿਲਾਸਫੀ, ਗੁਰਬਾਣੀ ਦੀ ਵੀਚਾਰਧਾਰਾ, ਅਨਮਤੀਆਂ ਬਾਰੇ ਜਾਣਕਾਰੀ ਰੱਖਦੇ ਹੋਣ। ਦੇਸ਼-ਵਿਦੇਸ਼ ਦੇ ਹਰ ਗੁਰਦੁਆਰੇ ਵਿਚ ਇਸ ਪੱਧਰ ਦੇ ਟ੍ਰੇਂਡ ਜੀਵਨ ਵਾਲੇ ਗੁਰਸਿਖ ਨੌਜਵਾਨਾਂ ਦਾ ਨਿਯੁਕਤ ਕਰਨਾ ਹੀ ਕੌਮੀ ਚੜ੍ਹਦੀ ਕਲਾ ਦਾ ਚਿੰਨ ਹੈ। ਪਰ ਇਸ ਲੈਵਲ ਦੇ ਮਿਸ਼ਨਰੀ ਤਿਆਰ ਕਰਨ ਵਾਸਤੇ ਸਿੱਖਾਂ ਕੋਲ ਉੱਚ ਪਾਏ ਦਾ, ਪ੍ਰਚਾਰ ਲੋੜਾਂ ਨੂੰ ਪੂਰਿਆਂ ਕਰਨ ਵਾਲਾ, ਇਕ ਭੀ ਕਾਲਜ ਨਹੀਂ ਹੈ। ਫੌਰੀ ਤੌਰ ਤੇ ਜ਼ਿਲ੍ਹਾ ਸਦਰ ਮੁਕਾਮਾ ਤੇ, ਅਜਿਹੇ ਕਾਲਜ ਖੋਲ੍ਹੇ ਜਾਣੇ ਚਾਹੀਦੇ ਹਨ। ਜਿਨ੍ਹਾਂ ਵਿਚ ਕਥਾ, ਕੀਰਤਨ, ਇਤਿਹਾਸ, ਸਿੱਖ ਧਰਮ ਫਿਲ਼ਾਸਫੀ ਸਮੇਤ ਦੂਜੇ ਧਰਮਾਂ ਦਾ ਤੁਲਨਾਤਮਕ ਅਧਿਐਨ, ਸਿੱਖ ਸਾਹਿਤ ਦੀ ਖੋਜ ਆਦਿ ਦੀ ਡੂੰਘੀ ਪੜ੍ਹਾਈ ਕਰਵਾਈ ਜਾਵੇ। ਤਿੰਨ ਮਹੀਨੇ, ਛੇ-ਮਹੀਨੇ, ਦੋ-ਸਾਲ, ਪੰਜ-ਸਾਲ, ਜਾਂ ਵੱਧ ਸਮੇਂ ਦੇ ਸਿੱਖਿਆ ਕੋਰਸ ਚਾਲੂ ਕੀਤੇ ਜਾਣ। ਹਰ ਗੁਰਦੁਆਰੇ ਵਿਚ ਪਾਠੀ, ਕਥਾ-ਵਾਚਕ, ਕੀਰਤਨੀਏ ਇਨ੍ਹਾਂ ਕਾਲਜਾਂ ਵਿਚੋਂ ਹੀ ਲਏ ਜਾਣ। ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀਆਂ ਭਾਸ਼ਾਈ ਲੋੜਾਂ ਨੂੰ ਮੁੱਖ ਰੱਖਕੇ, ਪ੍ਰਚਾਰਕਾਂ ਨੂੰ ਉਸੇ ਤਰੀਕੇ ਤਿਆਰ ਕੀਤਾ ਜਾਵੇ। ਵਿਦੇਸ਼ਾਂ ਵਾਸਤੇ ਉੱਚ ਵਿਦਿਆ ਵਾਲੇ ਗੁਰਮਤਿ ਵਿਚ ਨਿਪੁੰਨ ਇੰਟਰਨੈਸ਼ਨਲ ਭਾਸ਼ਾਵਾਂ ਵਿਚ ਮਾਹਿਰ, ਮਿਸ਼ਨਰੀ ਤਿਆਰ ਕੀਤੇ ਜਾਣ। ਇਸ ਤਰ੍ਹਾਂ ਦੇਸ਼-ਵਿਦੇਸ਼ ਵਿਚ, ਸਿੱਖੀ ਧਰਮ ਪ੍ਰਚਾਰ ਦੀ ਇਕ ਲਹਿਰ ਚੱਲ ਸਕਦੀ ਹੈ। ਇਨ੍ਹਾਂ ਕਾਲਜਾਂ ਵਿਚ ਪੜ੍ਹਾਉਣ ਵਾਲੇ ਅਧਿਆਪਕ ਅਤੇ ਪੜ੍ਹ ਕੇ ਨਿਕਲੇ ਮਿਸ਼ਨਰੀ, ਗੁਰੂ ਨਾਨਕ ਵਿਚਾਰਾਂ ਦਾ ਸੰਸਾਰ ਵਿਚ ਡੰਕੇ ਵਜਾ ਸਕਦੇ ਹਨ। ਇਸ ਤਰ੍ਹਾਂ ਸਿੱਧੇ ਤੌਰ ਤੇ ਕਰੀਬ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਭੀ ਮਿਲੇਗਾ ਤੇ ਸਿੱਖੀ ਜੀਵਨ ਭੀ। ਅਜਿਹੇ ਸਿਖਿਆ ਯਾਫਤਾ ਮਿਸ਼ਨਰੀ ਸੰਗਤਾਂ ਨੂੰ ਤੱਤ ਗੁਰਮਤਿ ਤਾਂ ਸ਼ਰਵਣ ਕਰਵਾਉਣਗੇ ਹੀ, ਬਲਕਿ ਸਾਰੇ ਗੁਰ ਸਾਨੂੰ ਹੀ ਮਿਸ਼ਨਰੀ ਸੈਂਟਰਾਂ ਦਾ ਰੁਪਏ ਦੇ ਦੇਣਗੇ। ਜਿਥੇ ਭੀ ਜਾਣਗੇ, ਗੁਰਮਤਿ ਦੀ ਵਿਗਿਆਨ ਵਿਧੀ ਨਾਲ ਗਲ ਕਰਨਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਲਾਗੂ ਕਰਵਾਉਣਗੇ। ਇਸ ਤਰ੍ਹਾਂ ਸਿੱਖ ਪੰਥ ਦੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਹੋਵੇਗੀ। ਇਹ ਪ੍ਰਚਾਰਕ ਸੰਗਤਾਂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨਗੇ, ਇਸ ਲਈ ਪੈਸੇ ਦੀ ਕਮੀ ਨਹੀਂ ਆਵੇਗੀ, ਸਗੋਂ ਗੁਰੂ ਘਰਾਂ ਦੀ ਆਮਦਨ ਬਹੁਤ ਵੱਧ ਜਾਵੇਗੀ।
ਗੁਰਦੁਆਰਿਆਂ ਨਾਲ ਲਾਇਬਰੇਰੀਆਂ ਦੀ ਸਥਾਪਨਾ:- ਜਿੱਥੇ ਕਿਤੇ ਸਿੱਖ ਜਾ ਕੇ ਵੱਸੇ ਹਨ, ਉਨ੍ਹਾਂ ਛੇਤੀ ਤੋਂ ਛੇਤੀ ਗੁਰ ਸੰਗਤਾਂ ਦੇ ਜੁੜਨ ਵਾਸਤੇ ਗੁਰਦੁਆਰੇ ਉਸਾਰੇ ਹਨ। ਬਹੁਤ ਸਾਰੇ ਗੁਰੂ ਘਰ ਇਤਿਹਾਸਕ ਹਨ ‘ਤੇ ਕੁੱਝ ਇਕ ਇਤਿਹਾਸਕ ਨਾ ਹੋ ਕੇ ਭੀ ਵੱਡੀ ਮਹਾਨਤਾ ਵਾਲੇ ਹਨ। ਇਨ੍ਹਾਂ ਗੁਰੂ ਘਰਾਂ ਵਿਚ ਬੇਅੰਤ ਸਿੱਖ ਸੰਗਤਾਂ ਸਵੇਰੇ ਸ਼ਾਮ ਨਮਸ਼ਕਾਰਾਂ ਕਰਨ ਆਉਂਦੀਆਂ ਹਨ। ਸਾਰੇ ਗੁਰੂ ਘਰਾਂ ਨਾਲ ਅਗਰ ਸਿੱਖ ਧਰਮ ਬਾਰੇ ਚੋਣਵੀਆਂ ਪੁਸਤਕਾਂ ਦੀਆਂ ਲਾਇਬਰੇਰੀਆਂ ਸਥਾਪਤ ਕਰ ਦਿੱਤੀਆਂ ਜਾਣ ਤਾਂ, ਇਥੋਂ ਸੰਗਤਾਂ ਬਹੁਤ ਉੱੱਤਮ ਸੇਧ ਲੈ ਸਕਦੀਆਂ ਹਨ। ਗੁਰਬਾਣੀ ਦੀ ਅਰਥ ਵਿਆਖਿਆ ਬਾਰੇ ਟੀਕੇ ਹੋਣ, ਦੂਜੇ ਧਰਮਾਂ ਬਾਰੇ ਤੁਲਨਾਤਮਕ ਕਿਤਾਬਾਂ ਹੋਣ। ਸਾਰੇ ਚੰਗੇ ਰਸਾਲੇ ਤੇ ਅਖ਼ਬਾਰ ਭੀ ਮੰਗਾਏ ਜਾਣ। ਕੋਈ ਵਿਅਕਤੀ ਕਿਸੇ ਬਹਾਨੇ ਆਵੇ, ਪਰ ਗੁਰੂ ਘਰ ਨਾਲ ਜੁੜਿਆ ਰਹੇ। ਜਿਵੇਂ ਅਪਰਾਧੀ ਲੋਕ ਪੁਲਿਸ ਥਾਣੇ ਦਾ ਨਾਮ ਸੁਣਦਿਆਂ ਹੀ ਘਬਰਾ ਜਾਂਦੇ ਹਨ। ਇਸ ਤਰ੍ਹਾਂ ਬਹੁਤੇ ਲੋਕ ਗੁਰੂ ਘਰ ਵਿਚ ਦਾਖ਼ਲ ਹੋਣ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਦੀ ਦਿਲਚਸਪੀ ਦਾ ਸਾਮਾਨ ਗੁਰੂ ਘਰ ਵਿਚ ਹੋਵੇਗਾ, ਤਾਂ ਉਹ ਗੁਰੂ ਘਰ ਨਾਲ ਲਗਾਓ ਰੱਖਣਗੇ। ਜਦੋਂ ਗੁਰਦੁਆਰੇ ਚਲੇ ਹੀ ਗਏ ਤਾਂ ਅੱਗੋਂ ਟ੍ਰੇਂਡ ਮਿਸ਼ਨਰੀ ਪਿਆਰ ਭਰਿਆ ਵਰਤਾਓ ਕਰਨਗੇ, ਕਥਾ, ਕੀਰਤਨ ਹੋ ਰਿਹਾ ਹੋਵੇਗਾ। ਕੁਦਰਤੀ ਗਲ ਹੈ, ਕੋਈ ਨਾ ਕੋਈ ਸਿੱਖਿਆ ਲੈ ਕੇ ਮੁੜਨਗੇ। ਇਸ ਤਰ੍ਹਾਂ ਦੀਆਂ ਲਾਇਬਰੇਰੀਆਂ ਦੀ ਸਥਾਪਨਾ ਹੋਣ ਤੇ ਕਿਤਾਬਾਂ ਦੀ ਖ੍ਰੀਦ ਵਧੇਗੀ। ਇਸ ਨਾਲ ਲੇਖਕਾਂ, ਪ੍ਰਕਾਸ਼ਕਾਂ, ਛਾਪਕਾਂ ਸਭ ਨੂੰ ਉਤਸਾਹ ਮਿਲੇਗਾ। ਕਿਤਾਬਾਂ ਤੇ ਚੰਗੇ ਮਿਸ਼ਨਰੀ ਹੀ ਅਸਲ ਵਿਚ ਖ਼ਾਲਸਾ ਪੰਥ ਵਿਚ ਚੇਤਨਾ ਪੈਦਾ ਕਰ ਸਕਦੇ ਹਨ। ਮਾਨਸਿਕ ਪੱਧਰ ਉੱਚਾ ਹੋ ਜਾਣ ਨਾਲ ਸਿੱਖ ਸਮਾਜ ਜ਼ਿੰਦਗੀ ਦੇ ਹਰ ਖ਼ੇਤਰ ਵਿਚ ਵਿਕਾਸ ਕਰੇਗਾ। ਸਾਰੇ ਤਰ੍ਹਾਂ ਦੇ ‘ਖਾਲਸਾ ਮਾਰਚਾਂ’ ਨਾਲੋਂ ਇਹ ਉੱਤਮ “ਖ਼ਾਲਸਾ ਮਾਰਚ” ਹੋਵੇਗਾ।
ਪਾਰਟ-ਟਾਈਮ ਮਿਸ਼ਨਰੀ:-ਸਿੱਖਾਂ ਦੀਆਂ ਜ਼ਿੰਮੇਵਾਰ ਜੱਥੇਬੰਦੀਆਂ ਨੂੰ ਅਗੇਤੀ ਸਕੀਮ ਤਿਆਰ ਕਰਨੀ ਚਾਹੀਦੀ ਹੈ, ਕਿ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਲੰਮੀਆਂ ਛੁੱਟੀਆਂ ਹੋਣ ਤੇ, ਸੌ-ਸੌ (ਜਾਂ ਵੱਧ-ਘੱਟ) ਲੜਕੇ-ਲੜਕੀਆਂ ਨਾਲ ਰਾਬਤਾ ਬਣਾ ਕੇ, ਉਨ੍ਹਾਂ ਨੂੰ ਥੋੜੇ ਸਮੇਂ ਦੀ ਗੁਰਮਤਿ ਸਿੱਖਿਆ ਦੇ ਕੇ, ਫੀਲਡ ਵਿਚ ਉਤਾਰਿਆ ਜਾਵੇ। ਗੁਰਮਤਿ ਦੇ ਮੁਢਲੇ ਅਤੇ ਜ਼ਰੂਰੀ ਮਾਣ ਭਰੇ ਨੁਕਤੇ ਛਾਪਕੇ, ਛੋਟੇ-ਛੋਟੇ ਪੈਫਲਿਟਾਂ ਦੇ ਬੈਗ ਭਰਕੇ, ਇਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਲਾਕਿਆਂ ਵਿਚ ਭੇਜਿਆ ਜਾਵੇ। ਇਹ ਪੂਰੀ ਸਿਦਕ ਦਿਲੀ ਨਾਲ ਘਰ-ਘਰ ਜਾ ਕੇ ਪਿਆਰ ਅਪਣੱਤ ਨਾਲ ਸਾਹਿਤ ਵੰਡਣ। ਇਨ੍ਹਾਂ ਵਿਚ ਕਈ ਬੱਚੇ ਬਿਨਾਂ ਕੁੱਝ ਲਿਆਂ ਭੀ ਸੇਵਾ ਭਾਵਨਾ ਨਾਲ ਕੰਮ ਕਰਨਗੇ। ਲੋੜਵੰਦਾਂ ਨੂੰ ਕੁੱਝ ਕੁ ਸੇਵਾ ਫਲ ਦਿੱਤਾ ਜਾਵੇ। ਇਹ ਖ਼ੁਦ ਭੀ ਗੁਰਮਤਿ ਲਿਟਰੇਚਰ ਪੜ੍ਹਨਗੇ, ਅੱਗੋਂ ਅਣਗਿਣਤ ਨੂੰ ਗੁਰਮਤਿ ਨਾਲ ਜੋੜਨਗੇ। ਉਨ੍ਹਾਂ ਦੀ ਛੁੱਟੀ ਦਾ ਕੰਮ ਦਾ ਸਮਾਂ ਸਕਾਰਥਾ ਹੋਵੇਗਾ। ਪੰਥ ਲਈ ਵੱਡੀ ਵਾਧੇ ਦੀ ਗੱਲ ਹੋਵੇਗੀ।
ਆਡੀਓ-ਵੀਡੀਓ ਕੈਸਟਾਂ:-ਸਾਡੇ ਪਿੰਡਾਂ ਦੇ ਲੋਕਾਂ ਦਾ ਬਹੁਤ ਸਮਾਂ ਵਿਅਰਥ ਵਿਚ ਚਲਾ ਜਾ ਰਿਹਾ ਹੈ। ਨਿਗੂਣੀਆਂ ਗੱਲਾਂ ਕਾਰਨ ਝਗੜੇ ਹੋ ਜਾਂਦੇ ਹਨ। ਹਰ ਉਮਰ ਦੇ ਵਿਅਕਤੀ ਨਸ਼ਿਆਂ ਵਿਚ ਜੀਵਨ ਬਰਬਾਦ ਕਰ ਰਹੇ ਹਨ। ਅਨੇਕ ਕਿਸਮ ਦੇ ਵਿਕਾਰ, ਚੰਗੀ ਸੇਧ ਨਾ ਮਿਲਣ ਕਾਰਨ, ਜ਼ਿੰਦਗੀ ਨੂੰ ਅੰਧਕਾਰ ਵੱਲ ਲਈ ਜਾ ਰਹੇ ਹਨ। ਸੁਲਝੇ ਹੋਏ ਕਲਾਕਾਰਾਂ ਨੂੰ ਯੋਗ ਮੁਆਵਜਾ ਦੇ ਕੇ ਸਿੱਖ ਧਰਮ ਬਾਰੇ ਆਡੀਓ-ਵੀਡੀਓ ਕੈਸਟਾਂ ਤਿਆਰ ਕਰਵਾਈਆਂ ਜਾਣ। ਊਚ ਕੋਟੀ ਦੇ ਕਵੀਆਂ ਦੀਆਂ ਕਵਿਤਾਵਾਂ ਨੂੰ ਸਿਆਣੇ ਗਾਇਕਾਂ ਤੋਂ ਗਵਾਇਆ ਜਾਵੇ। ਸਿੱਖ ਦੇ ਸਹੀ ਤੱਥ ਪੇਸ਼ ਕੀਤੇ ਜਾਣ। ਵੀਡੀਓ ਫਿਲਮਾਂ ਵਿਚ ਸਿਰਕੱਢਵੀਆਂ ਇਤਿਹਾਸਕ ਝਾਕੀਆਂ ਵਿਖਾਈਆਂ ਜਾਣ। ਸਿੱਖ ਸਰੂਪ ਵਾਲੇ ਕਲਾਕਾਰਾਂ ਨੂੰ ਉਤਸ਼ਾਹਤ ਕੀਤਾ ਜਾਵੇ। ਸਾਰਾ ਖ਼ੋਜ ਕਾਰਜ ਲੋਕਾਂ ਤੱਕ ਪੁੱਜਣ ਤੋਂ ਪਹਿਲਾਂ ਇਕ ਆਹਲਾ ਸਿੱਖ ਸਕਾਲਰਾਂ ਦੇ ਪੈਨਲ ਨੂੰ ਵਿਖਾ ਕੇ, ਲੋੜੀਦੀਆਂ ਸੋਧਾਂ ਕਰ ਲੈਣੀਆਂ ਜ਼ਰੂਰੀ ਹੋਣ। ਸਿੱਖਾਂ ਦਾ ਅਸਲੀ ਕਿਰਦਾਰ, ਸੰਸਾਰ ਦੇ ਲੋਕਾਂ ਸਾਹਮਣੇ ਲਿਆਂਦਾ ਜਾਵੇ। ਸਿੱਖਾਂ ਵਿਰੁੱਧ ਘੜੀਆਂ ਗਈਆਂ ਬੇ-ਸਿਰ ਪੈਰ ਕਹਾਣੀਆਂ ਦਾ ਬ-ਦਲੀਲ ਉੱਤਰ ਦਿੱਤਾ ਜਾਵੇ। ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ, ਮਿਸਲਾਂ ਵਕਤ ਜ਼ੁਲਮੀ ਰਾਜ ਦੀਆਂ ਜੜ੍ਹਾਂ ਉਖਾੜਨ ਵਾਸਤੇ ਕੀਤੇ ਮਹਾਨ ਕਾਰਨਾਮੇ, ਨੀਵਿਆਂ ਨਿਮਾਣਿਆਂ ਤੇ ਇਸਤਰੀ ਜ਼ਾਤੀ ਨੂੰ ਬਰਾਬਰ ਖੜੇ ਕਰਨ ਲਈ ਜੋ ਕੁੱਝ ਕੀਤਾ, ਇਨਸਾਨੀਅਤ ਵਿਰੁੱਧ ਜਾ ਰੇ ਪਾਪ ਕਰਮਾਂ ਨੂੰ ਜਿਵੇਂ ਠੱਲ ਪਾਈ, ਭਾਰਤ ਭੂਮੀ ਨੂੰ ਸਹੀ ਮਾਹਨਿਆਂ ਵਿਚ ਜਿਵੇਂ ਪਵਿੱਤਰ ਕੀਤਾ…। ਇਹ ਸਾਰਾ ਕੁੱਝ ਬੜੇ ਫ਼ਖ਼ਰ ਨਾਲ ਕੈਸਟਾਂ ਰਾਹੀਂ ਲੋਕਾਂ ਸਾਹਮਣੇ ਰੱਖਿਆ ਜਾਵੇ। ਇਨ੍ਹਾਂ ਆਡੀਓ-ਵੀਡੀਓ ਕੈਸਟਾਂ ਦੀਆਂ ਲਾਇਬਰੇਰੀਆਂ ਗੁਰਦੁਆਰਿਆਂ ਦੇ ਨਾਲ ਸਥਾਪਤ ਕੀਤੀਆਂ ਜਾਣ। ਜਿਥੋਂ ਸੌਖਿਆਂ ਪ੍ਰਾਪਤ ਕਰਕੇ ਹਰ ਕੋਈ ਵੇਖੇ-ਸੁਣੇ ਸਿੱਖ ਵਿਰਸੇ ਨੂੰ ਪਛਾਣੇ, ਸਿੱਖੀ ਦੀ ਚੜ੍ਹਦੀ ਕਲਾ ਹੋਵੇ। ਇਸ ਤਰੀਕੇ ਭੀ ਅਣਗਿਣਤ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ। ਨਾਲੇ ਪੁੰਨ ਨਾਲੇ ਫਲ਼ੀਆਂ।
ਕੋ-ਅਪਰੇਟਿਵ ਸਟੋਰ:-ਸਾਰੇ ਸੰਸਾਰ ਵਿਚ ਸਿੱਖ ਫੈਲੇ ਹੋਏ ਹਨ। ਵੱਸ ਲੱਗਦੇ ਗੁਰਪੁਰਬ ਵੱਡੇ ਪੈਮਾਨੇ ਤੇ ਮਨਾਏ ਜਾਂਦੇ ਹਨ। ਗੁਰਪੁਰਬਾਂ ਵਕਤ ਤਾਂ ਲੰਗਰ ਚੱਲਦੇ ਹੀ ਹਨ, ਸਗੋਂ ਬਹੁਤ ਸਾਰੇ ਗੁਰੂ ਘਰਾਂ ਵਿਚ ਤਾਂ ਸਦਾ ਹੀ ਲੰਗਰ ਚੱਲਦੇ ਹਨ। ਜੇ ਇਕ ਸਾਲ ਵਿਚ ਕੁੱਝ ਗੁਰਪੁਰਬਾਂ ਤੇ ਕੀਤਾ ਗਿਆ ਖ਼ਰਚ ਇਕੱਠਾ ਜੋੜ ਲਿਆ ਜਾਵੇ, ਸਾਲ ਵਿਚ ਆਮ ਚੱਲਣ ਵਾਲੇ ਲੰਗਰ ਭੀ ਸ਼ਾਮਲ ਕਰ ਲਏ ਜਾਣ ਤਾਂ ਕਰੋੜਾਂ ਰੁਪਏ ਨਹੀਂ, ਗਿਣਤੀ ਅਰਬਾਂ ਵਿਚ ਪੁੱਜ ਜਾਵੇਗੀ। ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਆਪਸੀ ਸਾਂਝ ਪਾ ਕੇ ਕੋ-ਅਪਰੇਟਿਵ ਸਟੋਰ ਗੁਰੂ ਘਰਾਂ ਨਾਲ ਚਾਲੂ ਕਰ ਦਿੱਤੇ ਜਾਣ। ਮੰਡੀਆਂ ਵਿਚੋਂ ਸਮੇਂ ਸਿਰ ਵਧੀਆ ਅਨਾਜ-ਦਾਲ਼ਾਂ ਸਸਤੇ ਭਾਅ ਖ੍ਰੀਦ ਕੇ, ਜਮ੍ਹਾਂ ਕਰ ਲਈਆਂ ਜਾਣ। ਹੋਰ ਲੋੜੀਂਦਾ ਸਾਮਾਨ ਭੀ ਥੋਕ ਭਾਅ ਤੇ ਬਜ਼ਾਰ ਵਿਚੋਂ ਖ੍ਰੀਦ ਲਿਆ ਜਾਵੇ। ਇਨ੍ਹਾਂ ਹੀ ਕੋ-ਅਪਰੇਟਿਵ ਸਟੋਰਾਂ ਤੋਂ ਸਾਰੇ ਗੁਰੂ ਘਰਾਂ ਲਈ ਸਮਾਨ ਮੁਹੱਈਆ ਕਰਵਾਇਆ ਜਾਵੇ। ਇਥੋਂ ਚੀਜ਼ਾਂ ਸਾਫ਼-ਸੁਥਰੀਆਂ ਭੀ ਮਿਲਣਗੀਆਂ ਅਤੇ ਘੱਟ ਕੀਮਤ ਭੀ ਪਵੇਗੀ। ਕਰੋੜਾਂ ਰੁਪਏ ਦੀ ਸਲਾਨਾ ਬਚਤ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਸਿੱਧੇ-ਅਸਿੱਧੇ ਤੌਰ ਤੇ ਰੁਜ਼ਗਾਰ ਪ੍ਰਾਪਤ ਹੋਵੇਗਾ। ਇਨ੍ਹਾਂ ਸਟੋਰਾਂ ਤੋਂ ਹੋਰ ਲੋੜਵੰਦ ਲੋਕ ਭੀ ਆਪਣੀ ਪਸੰਦ ਦੀਆਂ ਚੀਜ਼ਾਂ ਖ੍ਰੀਦ ਕੇ ਲਿਜਾ ਸਕਦੇ ਹਨ।
ਖੇਡਾਂ ਬਾਰੇ ਵਿਭਾਗ:- ਇਸ ਗੱਲ ਤੋਂ ਹਰ ਕੋਈ ਭਲੀ ਭਾਂਤ ਜਾਣੂ ਹੈ ਕਿ ਸਿੱਖ ਨੌਜਵਾਨ ਆਪਣੇ ਬਾਹੂਬਲ ਤੋਂ, ਹੌਂਸਲੇ ਵਿਚ, ਸੰਸਾਰ ਦੇ ਸਿਰ ਕੱਢਵੇਂ ਥਾਂ ਖਲੋਤਾ ਹੋਇਆ ਹੈ। ਰਾਜਨੀਤੀ ਦੀ ਗ਼ੰਦੀ ਸੋਚ ਤਹਿਤ ਭਾਰਤ ਸਰਕਾਰ ਖੇਡਾਂ ਵਿਚ ਸਿੱਖਾਂ ਨੂੰ ਉਚਿਤ ਸਥਾਨ ਨਹੀਂ ਦਿੰਦੀ। ਵਿਗੜੇ ਹਾਲਾਤ ਵਿਚ ਜਿੰਨੇ ਕੇ ਸਿੱਖਾਂ ਨੂੰ ਅੱਗੇ ਜਾਣਦਾ ਮੌਕਾ ਮਿਲਦਾ ਹੈ ਉਹ ਝੱਟ ਦਾੜੀ-ਕੇਸ ਕਟਵਾ ਦਿੰਦੇ ਹਨ। ਸੰਸਾਰ ਦੀਆਂ ਖੇਡ ਜਥੇਬੰਦੀਆਂ ਸਿੱਖਾਂ ਦੇ ਕਕਾਰਾਂ ਨੂੰ ਪ੍ਰਵਾਨ ਨਹੀਂ ਕਰਦੀਆਂ। ਇਨ੍ਹਾਂ ਦੇ ਹੱਕ ਵਿਚ ਭਾਰਤ ਸਰਕਾਰ ਨੇ ਕਦੀ ਆਵਾਜ਼ ਨਹੀਂ ਉਠਾਈ। ਸਿੱਖ ਨੌਜਵਾਨ ਚਾਰੇ ਬੰਨਿਓ ਘਿਰੇ ਹੋਏ, ਸਿੱਖੀ ਵੱਲੋਂ ਮੂੰਹ ਫੇਰ ਲੈਂਦੇ ਹਨ। ਸ਼੍ਰੋਮਣੀ ਕਮੇਟੀ ਨੂੰ ਇੱਕ ਖ਼ੇਡ-ਵਿਭਾਗ ਸਥਾਪਤ ਕਰਨ ਵਿਚ ਦੇਰੀ ਨਹੀਂ ਕਰਨੀ ਚਾਹੀਦੀ। ਬਚਪਨ ਤੋਂ ਹੀ ਬੱਚਿਆਂ ਨੂੰ ਖ਼ੇਡਾਂ ਵਾਲੇ ਪਾਸੇ ਰੁਚਿਤ ਕੀਤਾ ਜਾਵੇ। ਵਧੀਆ ਖ਼ੁਰਾਕ ਅਤੇ ਯੋਗ ਸਿਖਲਾਈ ਦਾ ਪ੍ਰਬੰਧ ਹੋਵੇ। ਸੰਸਾਰ ਦੀਆਂ ਵੱਖੋ-ਵੱਖ ਟੀਮਾਂ ਨਾਲ ਦੋਸਤਾਨਾ ਖ਼ੇਡ ਮੁਕਾਬਲੇ ਕਰਵਾਏ ਜਾਣ। ਕਈ ਜੇਤੂ ਟੀਮਾਂ ਸੰਸਾਰ ਪੱਧਰ ਦੀਆਂ ਭੀ ਸਿੱਖ ਤਿਆਰ ਕਰ ਸਕਦੇ ਹਨ। ਫੁੱਟਬਾਲ, ਵਾਲੀਬਾਲ, ਹਾਕੀ, ਕਬੱਡੀ, ਕੁਸ਼ਤੀ ਆਦਿ ਤਾਂ ਪੰਜਾਬ ਦੀ ਖ਼ਾਸ ਖ਼ੇਡਾਂ ਹਨ। ਇਸ ਤਰ੍ਹਾਂ ਸਿੱਖ ਗੱਭਰੂਆਂ ਵਿਚ ਨਵਾਂ ਉਤਸਾਹ ਜਾਗੇਗਾ। ਉਹ ਸਿੱਖ ਹੋਣ ਤੇ ਮਾਣ ਮਹਿਸੂਸ ਕਰਨਗੇ। ਖ਼ਾਲਸਾ ਪੰਥ ਅਤੇ ਦੇਸ਼ ਨੂੰ ਚਾਰ ਚੰਨ ਲਾਉਣਗੇ। ਵਿਕਾਰਾਂ ਤੋਂ ਬਚਣਗੇ। ਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ।
ਬੱਚਿਆ ਲਈ ਸਿੱਖਿਆ ਕੇਂਦਰ:- ਬਹੁਤੀ ਵਾਰੀ ਆਮ ਮਾਈ-ਭਾਈ ਮਹੀਨੇ ਕੁ ਮਗਰੋਂ ਜਾਂ ਕਿਸੇ ਖਾਸ ਗੁਰਪੁਰਬ ਤੇ ਹੀ ਗੁਰੂ ਘਰ ਫੇਰਾ ਪਾਉਂਦੇ ਹਨ। ਉਹ ਭੀ ਬਹੁਤੇ ਕੇਵਲ ਸ਼ਰਧਾ ਵੱਸ ਹੀ ਜਾਂਦੇ ਹਨ, ਕਿਉਂਕਿ ਅੱਗੇ ਦਿਲ ਖਿਚਵਾਂ ਪ੍ਰੋਗਰਾਮ ਤਾਂ ਹੁੰਦਾ ਹੀ ਨਹੀਂ। ਮਾਤਾ-ਪਿਤਾ ਨਾਲ ਗਏ ਬੱਚੇ ਤਾਂ ਮਾਨੋ ਆਪਣੇ ਆਪ ਨੂੰ ਬੁਰੀ ਤਰ੍ਹਾਂ ਫਸੇ ਮਹਿਸੂਸ ਕਰਦੇ ਹਨ। ਬੱਚਿਆਂ ਦੀ ਦਿਲਚਸਪੀ ਦਾ ਕੇਂਦਰ ਗੁਰਦੁਆਰੇ ਵਿਚ ਕੜਾਹ ਪ੍ਰਸ਼ਾਦ ਹੀ ਹੁੰਦਾ ਹੈ, ਤੇ ਵੱਡਿਆਂ ਦੀ ਦਿਲਚਸਪੀ ਦਾ ਕੇਂਦਰ ਲੰਗਰ, ਤੇ ਬਸ। ਜੇ ਸਾਡੇ ਪ੍ਰਬੰਧਕਾਂ ਨੇ ਆਉਣ ਵਾਲੇ ਸਮੇਂ ਵਿਚ ਨਵੀਂ ਪਨੀਰੀ ਨੂੰ ਗੁਰੂ ਨਾਨਕ ਜੀ ਦੇ ਚਰਨਾਂ ਨਾਲ ਜੋੜਕੇ ਰੱਖਣਾ ਹੈ ਤਾਂ ਉਨ੍ਹਾਂ ਦੇ ਪਸੰਦੀਦਾ ਪ੍ਰੋਗਰਾਮ ਗੁਰੂ ਘਰਾਂ ਵਿਚ ਚਾਲੂ ਕਰਨੇ ਹੀ ਪੈਣਗੇ। ਬੱਚਿਆਂ ਦੇ ਖ਼ੇਡਣ ਲਈ ਗੁਰੂ ਘਰਾਂ ਦੇ ਨਾਲ ਪਾਰਕ ਤਿਆਰ ਕਰਨੇ ਹੀ ਪੈਣਗੇ। ਕਈ ਤਰ੍ਹਾਂ ਦੀਆਂ ਖ਼ੇਡਾਂ ਦਾ ਸਾਮਾਨ ਭੀ ਰੱਖਣਾ ਬਣਦਾ ਹੈ। ਸਿੱਖੀ ਕਿਰਦਾਰ ਨੂੰ ਕਾਇਮ ਅਤੇ ਹੋਰ ਦਿਲਕਸ਼ ਢੰਗਾਂ ਨਾਲ ਪੇਸ਼ ਕਰਨ ਵਾਲੇ ਅਖ਼ਬਾਰ ਰਸਾਲੇ ਮੰਗਵਾਉਣੇ ਜ਼ਰੂਰੀ ਹਨ। ਜੇ ਬੱਚਿਆਂ ਨੂੰ ਖ਼ੁਸ਼ੀ ਦੇਣ ਵਾਲਾ ਕੋਈ ਸਾਮਾਨ ਗੁਰੂ ਘਰ ਵਿਖੇ ਨਹੀਂ ਹੋਵੇਗਾ ਤਾਂ ਬੱਚੇ ਕਿਸੇ ਕੀਮਤ ਤੇ ਧਰਮ ਵਾਲੇ ਪਾਸੇ ਨਹੀਂ ਆ ਸਕਣਗੇ। ਕੀਰਤਨ, ਕਥਾ ਤਾਂ ਵੱਡਿਆਂ ਨੂੰ ਭੀ ਘੱਟ ਹੀ ਸਮਝ ਆਉਂਦੀ ਹੈ, ਭਲਾ ਬੱਚਿਆਂ ਨੂੰ ਕਿਵੇਂ ਸਮਝ ਆ ਸਕਦੀ ਹੈ। ਉਨ੍ਹਾਂ ਦੇ ਮਾਨਸਿਕ ਪੱਧਰ ਵਾਲੇ ਪ੍ਰੋਗਰਾਮ ਤਿਆਰ ਕਰਨੇ ਅਤੀ ਜ਼ਰੂਰੀ ਹਨ।
ਪੰਥਕ ਕਾਰਜ ਬੇਅੰਤ ਹਨ, ਸੇਵਾ ਦਾ ਦਾਇਰਾ ਵਿਸ਼ਾਲ ਹੈ। ਸਿੱਖਾਂ ਕੋਲ ਪੈਸੇ ਦੀ ਕੋਈ ਥੁੜ ਨਹੀਂ ਹੈ। ਨੌਜਵਾਨਾਂ ਦਾ ਖ਼ੂਨ ਬਹੁਤ ਜੋਸ਼ੀਲਾ ਹੁੰਦਾ ਹੈ। ਜੇ ਇਨ੍ਹਾਂ ਨੌਨਿਹਾਲਾਂ ਨੂੰ, ਯੋਗ ਸੇਧ ਤੇ ਸਿਖਿਆ ਨਾ ਦਿੱਤਾ ਗਈ, ਤਾਂ ਸਾਡੇ ਸਾਰਿਆਂ ਲਈ ਇਹ ਆਤਮ ਘਾਤ ਵਰਗੀ ਗੱਲ ਹੋਵੇਗੀ। ਰੁਜ਼ਗਾਰ ਦੇ ਸਾਧਨ ਲੱਭਣੇ ਪੈਣਗੇ, ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਸਤੇ ਅਦਾਰੇ ਖੋਲ੍ਹਣੇ ਪੈਣਗੇ। ਆਪਣੀ ਸਭ ਤੋਂ ਵੱਡੀ ਪੂੰਜੀ (ਬੱਚਿਆਂ) ਨੂੰ ਸੰਭਾਲਣਾ ਵੱਡਿਆ ਦਾ ਪ੍ਰਥਮ ਇਖਲਾਕੀ ਫਰਜ ਹੈ। ਜਿਸ ਅਦਾਰੇ ਵਿਚ ਨੌਕਰੀ ਕਰਨੀ ਹੋਵੇ, ਉਸ ਦੀਆ ਸ਼ਰਤਾਂ ਮੰਨਣੀਆਂ ਹੀ ਪੈਂਦੀਆਂ ਹਨ। ਕੁਦਰਤੀ ਹੈ ਕਿ ਅਜਿਹੇ ਥਾਵਾਂ ਤੇ ਨੌਕਰੀ ਲੈਣ ਲਈ ਸਿੱਖੀ ਤਿਆਗਣੀ ਪੈ ਜਾਂਦੀ ਹੈ। ਹਰ ਇਕ ਗੁਰਦੁਆਰਾ ਆਰਥਕ ਪੱਖੋਂ ਕਮਜ਼ੋਰ ਪੰਜ-ਪੰਜ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੇ। ਕਮਜ਼ੋਰ ਪਰਿਵਾਰਾਂ ਦੀ ਯੋਗ ਸਹਾਇਤਾ ਕਰੇ। ਜੇ ਸਚਮੁਚ ਹੀ ਪੰਥ ਦੀ ਚੜਦੀ ਕਲਾ ਲੋਚਦੇ ਹਾਂ, ਤਾਂ ਬਿਆਨਾਂ ਨਾਲ ਜਾਂ ਕੇਵਲ ਫਿਕਰ ਮੰਦੀ ਪ੍ਰਗਟ ਕਰਨ ਨਾਲ, ਕੁੱਝ ਨਹੀਂ ਸੰਵਰਨਾ। ਅਮਲੀ ਤੌਰ ਤੇ ਕੋਈ ਠੋਸ ਕਾਰਜ ਕਰਨੇ ਪੈਣਗੇ। ਕੇਵਲ ਧੂੰਆਂਧਾਰ ਭਾਸ਼ਣਾ ਨਾਲ ਮਤੇ ਪਾਸ ਕਰਨ ਨਾਲ, ਭੀੜਾਂ ਇਕੱਠੀਆਂ ਕਰ ਲੈਣ ਨਾਲ, ਖ਼ਾਲਸਾ ਮਾਰਚਾਂ ਨਾਲ, ਜੇਲ੍ਹ ਭਰੋ ਮੋਰਚੇ ਲਾ ਦੇਣ ਨਾਲ ਕੁੱਝ ਨਹੀਂ ਬਣਨਾ। ਸਤਿਗੁਰੂ ਸਾਹਿਬਾਨ ਨੇ ਅਮਲੀ ਤੌਰ ਤੇ ਵਡੇਰੇ ਕਾਰਜ ਕੀਤੇ। ਕਰੋੜਾਂ ਨੂੰ ਸਿੱਖੀ ਮੰਡਲ ਵਿਚ ਲਿਆਂਦਾ। ਜ਼ਾਲਮ ਸਰਕਾਰਾਂ ਨਾਲ ਲੰਮੀਆਂ ਜੰਗਾਂ ਲੜੀਆਂ, ਮਨੁੱਖਤਾ ਦੇ ਭਲੇ ਵਾਲੇ ਅਣਗਿਣਤ ਕਾਰਜ ਕੀਤੇ। ਅਸੀਂ ਸਾਰੇ ਸਾਧਨ ਅਤੇ ਸ਼ਾਂਤੀ ਵਾਲੇ ਸਮੇਂ ਵਿਚ ਭੀ ਜੱਥੇਬੰਦਕ ਤੌਰ ਤੇ ਵਡੇਰੇ ਪੰਥਕ ਕਾਰਜ ਨਹੀਂ ਕਰ ਸਕੇ। ਦੂਰ-ਅੰਦੇਸੀ ਵਾਲਾ, ਪੰਥਕ ਭਲੇ ਵਾਲਾ, ਕੋਈ ਭੀ ਕਾਰਜ ਉਲੀਕਣ ਤੋਂ ਅਸਮਰਥ ਹਾਂ। ਮਾਨੋ ਤੇਲੀ ਦੇ ਬਲਦ ਵਾਂਗ ਸਫ਼ਰ ਤਾਂ ਬਹੁਤ ਕੀਤਾ, ਥੱਕ ਕੇ ਚੂਰ-ਚੂਰ ਹੋ ਗਏ ਪਰ ਪੁੱਜੇ ਕਿਤੇ ਭੀ ਨਹੀਂ, ਮੰਜ਼ਿਲ ਦਾ ਕੋਈ ਥਹੁ ਪਤਾ ਨਹੀਂ। ਅੱਖਾਂ ਤੇ ਅਗਿਆਨਤਾ ਅਤੇ ਖ਼ੁਦਗਰਜੀ ਦੀ ਮੋਟੀ ਪੱਟੀ ਜੁ ਬੱਝੀ ਹੋਈ ਹੈ। ਸਤਿਗੁਰੂ ਜੀ ਦੇ ਚਰਨਾਂ ਵਿਚ ਦੋਵੇਂ ਹੱਥ ਜੋੜਕੇ ਬੇਨਤੀ ਹੈ ਕਿ ਜਿਨ੍ਹਾਂ ਦੇ ਹੱਥ ਤਾਕਤ ਬਖ਼ਸ਼ੀ ਹੈ, ਉਨ੍ਹਾਂ ਨੂੰ ਕੁੱਝ ਪੰਥਕ ਕਾਰਜ ਕਰਨ ਦੀ ਸੂਝ-ਬੂਝ ਅਤੇ ਸਮਰੱਥਾ ਬਖ਼ਸ਼ਿਸ਼ ਕਰਨ। ਮਾਰਗ ਵਿਖਾਲ ਦੇਣ, ਸਾਡਾ ਲੋਕ-ਪ੍ਰਲੋਕ ਸੁਹੇਲਾ ਹੋ ਜਾਵੇਗਾ।

(ਪ੍ਰੋ. ਇੰਦਰ ਸਿੰਘ ‘ਘੱਗਾ’)