ਸਿੱਖ ਸ਼ਤਾਬਦੀਆਂ-ਕਾਂਵਾਂ ਰੌਲੀ(ਕਿਸ਼ਤ ਦੂਜੀ)

0
1419
ਪ੍ਰੋ: ਇੰਦਰ ਸਿੰਘ ਘੱਗਾ

ਸਤਿਕਾਰਯੋਗ ਜਾਣੀ ਜਾਣ ਸਤਿਗੁਰੂ ਜੀ! ਤੁਸੀਂ ਦਸਵੇਂ ਜਾਮੇ ਵਿੱਚ ਪੁੱਜਕੇ ਬਹੁਤ ਕਸ਼ਟ ਝੱਲੇ। ਅਨੇਕ ਪੱਖ ਤੋਂ ਸੂਰਮਗਤੀ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਕੋਈ ਦਿਨ ਅਜਿਹਾ ਨਹੀਂ ਸੀ ਕਿ ਤੁਹਾਡੇ ਤੇ ਮੁਸ਼ਕਲਾਂ ਦੇ ਪਹਾੜ ਨਾ ਡਿੱਗੇ ਹੋਣ। ਤੁਸੀਂ ਹਰ ਮੁਸੀਬਤ ਨੂੰ ਸਹਿਜ ਨਾਲ ਪ੍ਰਵਾਨ ਕੀਤਾ ਤੇ ਉਸਦਾ ਕੁੱਝ ਭੀ ਨਾ ਹੁੰਦਿਆਂ ਡੱਟ ਕੇ ਟਾਕਰਾ ਕੀਤਾ। ਸਫਲਤਾ ਸਦਾ ਤੁਹਾਡੇ ਅੰਗ ਸੰਗ ਰਹੀ। ਚਮਕੌਰ ਦੀ ਜੰਗ ਵਿੱਚ ਬਹਾਦਰੀ ਦੀ ਬੇਜੋੜ ਕੁਰਬਾਨੀ ਕਰਨ ਵਾਲੇ ਨਿਰਭੈਤਾ ਦੀ ਚਰਮਸੀਮਾ ਪਾਰ ਕਰ ਜਾਣ ਵਾਲੇ, ਲੱਖਾਂ ਦੇ ਟਿੱਡੀ ਦਲਾਂ ਦਾ ਹਿੱਕ ਤਾਂਣ ਕੇ ਟਾਕਰਾ ਕਰਨ ਵਾਲੇ, ਤੁਹਾਡੇ ਵੱਡੇ ਸਪੁੱਤਰਾਂ-ਸਾਹਿਬ ਅਜੀਤ ਸਿੰਘ, ਸਾਹਿਬ ਜੁਝਾਰ ਸਿੰਘ। ਤਿੰਨ ਪਿਆਰੇ- ਭਾਈ ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ, ਅਤੇ ਪੈਂਤੀ ਹੋਰ ਸਿਰਲੱਥ ਸ਼ਹੀਦਾਂ ਦੀ ਤਿੰਨ ਸੌਵੀਂ ਯਾਦ ਮਨਾ ਰਹੇ ਹਾਂ। ਬਹੁਤ ਸਾਰੇ ਨਗਰਾਂ, ਸ਼ਹਿਰਾਂ, ਪਿੰਡਾਂ ਵਿੱਚੋਂ ਲੱਗਭੱਗ ਇੱਕ ਲੱਖ ਸ਼ਰਧਾਲੂ ਚਮਕੌਰ ਵਿਖੇ ਪੁੱਜੇ। ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਨਗਰ ਕੀਤਰਨ, ਖਾਲਸਾ ਮਾਰਚ, ਲੰਗਰ, ਨਾਹਰੇ, ਜੈਕਾਰੇ, ਦੇਗਾਂ, ਅਰਦਾਸਾਂ ਕਰਕੇ ਫਤਿਹਗੜ੍ਹ ਨੂੰ ਚੱਲ ਪਏ। ਇਹ ਚਮਕੌਰ ਦੀ ਕੱਚੀ ਹਵੇਲੀ ਸੰਨ 1965 ਤੱਕ, ਸ਼ਹੀਦਾਂ ਦੀ ਸੂਰਮਗਤੀ ਨੂੰ, ਡੁੱਲ੍ਹੇ ਖੂਨ ਨੂੰ ਸਾਂਭ ਕੇ ਉਸੇ ਅਸਲੀ ਅਵਸਥਾ ਵਿੱਚ ਸਲਾਮਤ ਸੀ। ਬਸ ਇਸ ਤੋਂ ਬਾਅਦ ਜ਼ੁਲਮ ਦੀ ਅਜਿਹੀ ਹਨੇਰੀ ਵਗੀ ਕਿ ਸਿੱਖ ਸਮਾਜ ਕੋਲੋਂ ਉਹ ਬੇਸਕੀਮਤੀ ਸਰਮਾਇਆ ਖੋਹ ਕੇ ਲੈ ਗਈ। ਤੇਰੇ ਆਪਣੇ ਸਿੱਖਾਂ ਤੇ ਸੰਤਾਂ ਨੇ, ਬਾਬਾ ਜੀ! ਉਸ ਅਨੋਖੀ ਜੰਗ ਦੀਆਂ ਸਾਰੀਆਂ ਯਾਦਾਂ ਮਿਟਾ ਦਿੱਤੀਆਂ। ਜਿੱਧਰ ਨਜ਼ਰ ਮਾਰੋ ਸਫੈਦ ਪੱਥਰ, ਸੰਗਮਰਮਰ। ਹੁਣ ਤਾਂ ਇਹ ਖਬਰਾਂ ਭੀ ਜਗ ਜਾਹਰ ਹੋ ਗਈਆਂ ਨੇ ਬਾਬਾ ਜੀ, ਗੁਰਦਵਾਰਿਆਂ ਦੀ ”ਕਾਰ ਸੇਵਾ” ਪ੍ਰਾਪਤ ਕਰਨ ਵਾਸਤੇ ਕਮੇਟੀ ਮੈਂਬਰਾਂ ਨੂੰ ਲੱਖਾਂ ਰੁਪੈ ਅਖੌਤੀ ਸੰਤਾਂ ਵੱਲੋਂ ਰਿਸ਼ਵਤ ਦਿੱਤੀ ਜਾਂਦੀ ਹੈ। ਕਾਰ ਸੇਵਾ ਵਿੱਚੋਂ ਹੀ ਫਿਰ ਅਪਣੀਆਂ ਮਹਿੰਗੀਆਂ ਕਾਰਾਂ ਚਲਦੀਆਂ ਨੇ। ਤੁਹਾਡੇ ਨਾਂ ਤੇ ਪੈਸੇ ਕਮਾਉਣ ਲਈ ਮਥਰਾ ਦੇ ਪਾਂਡਿਆਂ ਵਾਂਗ ਨਾਲੋਂ ਨਾਲ ਗੁਰਦਵਾਰਿਆਂ ਦੀਆਂ ਕਤਾਰਾਂ ਖੜ੍ਹੀਆਂ ਕੀਤੀਆਂ ਜਾ ਚੁੱਕੀਆਂ ਹਨ। ਵੱਡਾ ਗੁਰਦਵਾਰਾ ਤਾਂ ਇੱਕੋ ਹੀ ਕਾਫੀ ਹੋਇਆ ਕਰਦਾ ਹੈ। ਆਹ ਹੋਰ ਦੁਕਾਨਾਂ ਕਾਹਦੇ ਵਾਸਤੇ ਹਨ ? ਸ਼ਹੀਦਾਂ ਦੀ ਯਾਦ ਇੱਥੇ ਬਾਕੀ ਰਹਿ ਗਈ ਹੈ ਕੋਈ ? ਸਭ ਮਿੱਟੀ ਵਿੱਚ ਮਿਲਾ ਦਿੱਤੀਆਂ ਗਈਆਂ ਹਨ। ਪਿਤਾ ਗੁਰੂ ਜੀ ਤੁਸੀਂ ਇਹਨਾਂ ਨੂੰ ਕਦੀ ਸੁਮੱਤ ਨਹੀਂ ਦਿਉਗੇ ? ਸਟੇਜਾਂ ਤੇ ਸੂਰਮਗਤੀ ਦੀਆਂ ਵਾਰਾਂ ਗਾਉਣ ਵਾਲੇ, ਬਾਹਵਾਂ ਉਲਾਰ ਕੇ ਧੂੰਆਂਧਾਰ ਲੈਕਚਰ ਦੇਣ ਵਾਲੇ, ਖੁੱਲੀਆਂ ਦਾਹੜੀਆਂ ਤੇ ਗਾਤਰੇ ਕਿਰਪਾਨਾਂ ਵਾਲੇ, ਅੱਜ ਕੱਲ ਕੇਵਲ ”ਰੋਟੀਆਂ ਕਾਰਣ” ਤਾਲ ਪੂਰ ਰਹੇ ਹਨ। ਤੁਹਾਡੇ ਪੁੱਤਰਾਂ ਨੇ ਖੂਨ ਦੇ ਦਰਿਆ ਤਰੇ, ਅਣਗਿਣਤ ਜਾਬਰਾਂ ਦੇ ਮੂੰਹ ਮੋੜੇ, ਸਵੈਮਾਣ ਦੀ ਇਸ ਲਾਮਿਸਾਲ ਜੰਗ ਵਿੱਚ ਡੱਕਰੇ ਡੱਕਰੇ ਹੋ ਗਏ, ਪਰ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾ ਗਏ। ਚਾਲੀ ਦੇ ਚਾਲੀ ਸੁਰਖਰੂ ਹੋ ਜਨਮ ਸਫਲਾ ਕਰ ਗਏ। ਅੱਜ ਉਹ ਧਰਮੀ ਜੀਵਨ ਬੀਤੇ ਦੀਆਂ ਕਹਾਣੀਆਂ ਬਣਕੇ ਰਹਿ ਗਿਆ ਹੈ। ਇਹ ਤਵਾਰੀਖੀ ਦਿਨ, ਅਤੇ ਸਫੈਦ ਸੰਗਮਰਮਰੀ ਸੁੰਦਰ ਇਮਾਰਤਾਂ ਕੇਵਲ ਨੋਟਾਂ ਦੀਆਂ ਪੰਡਾਂ ਇੱਕੱਤਰ ਕਰਨ ਦੇ ਸਾਧਨ ਮਾਤਰ ਰਹਿ ਗਏ ਹਨ। ਸਤਿਗੁਰੂ ਜੀ ਬਹੁੜੀ ਕਰੋ….।
ਜਗਤ ਤਾਰਕ ਬਾਬਾ ਜੀ! ਥੋੜ੍ਹਾ ਜਿੰਨਾ ਤੁਹਾਡਾ ਵਕਤ ਹੋਰ ਲਵਾਂਗਾ। ਤੁਸੀਂ ਸਭ ਕੁੱਝ ਜਾਣਦੇ ਹੋ, ਤੁਹਾਡੀ ਦਿੱਭ ਦ੍ਰਿਸ਼ਟੀ ਤ੍ਰੈਲੋਕੀ ਨੂੰ ਵੇਖਣ ਦੀ ਸਮਰਥਾ ਰਖਦੀ ਹੈ। ਫਿਰ ਭਲਾ ਤੁਸੀਂ ਇਸ ਭੂਖੰਡ, ਪੰਜਾਬ ਦੀ ਧਰਤੀ ਤੇ ਕਦੀ ਕਿਉਂ ਝਾਤੀ ਨਹੀਂ ਮਾਰਦੇ ? ਸ਼ਾਇਦ ਤੁਸੀਂ ਬਹੁਤ ਵੱਡੇ ਬਖਸ਼ਿੰਦ ਹੋ, ਜਾਂ ਵੇਖਕੇ ਅਣਡਿੱਠ ਕਰ ਜਾਂਦੇ ਹੋ। ਤੁਹਾਡੀਆਂ ਤੁਸੀਂ ਜਾਣੋ! ਪਰ ਮੈਨੂੰ ਜੋ ਆਲੇ ਦੁਆਲੇ ਦਿਸ ਰਿਹਾ ਹੈ ਉਸਨੂੰ ਕਿਵੇਂ ਅਣਵੇਖਿਆ ਕਰ ਜਾਵਾਂ ? ਕਿਉਂਕਿ ਮੈਂ ਸੰਸਾਰੀ ਜੀਵ ਤੁਹਾਡੇ ਵਰਗੇ ਵਿਸ਼ਾਲ ਸੁਭਾ ਵਾਲਾ ਨਹੀਂ ਹਾਂ। ਬੱਸ ਇੱਕ ਹੋਰ ਕਰੁਣਮਈ ਗਾਥਾ ਸੁਣਾ ਕੇ ਖਤਮ ਕਰ ਦਿਆਂਗਾ। ਗੁਣੀ ਨਿਧਾਨ ਬਾਬਾ ਜੀ! ਇਸੇ ਸਾਲ (2004) ਵਿੱਚ ਤੁਹਾਡੇ ਨਿੱਕੇ ਨਿੱਕੇ ਮਾਸੂਮ ਫੁੱਲਾਂ ਵਰਗੇ, ਪਿਆਰੇ ਸਾਹਿਬਜ਼ਾਦੇ ਦੁਨੀਆਂ ਦੀ ਅਨੋਖੀ ਖੇਡ ਵਿਖਾ ਗਏ ਸਨ। ਹਾਂ ਸੱਚ ਮਾਤਾ ਗੁਜਰੀ ਦਾ ਤੁਹਾਡੇ ਨਾਲ ਕਿਹੜਾ ਰਿਸ਼ਤਾ ਜੋੜਾਂ ? ਕਿਉਂਕਿ ਸਰੀਰ ਕਰਕੇ ਉਹਨਾਂ ਨੇ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਸੀ। ਸਾਢੇ ਕੁ ਨੌਂ ਸਾਲ ਦੀ ਉਮਰੇ ਉਹਨਾਂ ਨੂੰ ਤੁਹਾਡੀ ਗਿਆਨ ਜੋਤ ਪ੍ਰਾਪਤ ਹੋਈ। ਜੋਤ ਤਾਂ ਸਿੱਧੀ ਅਕਾਲ ਪੁਰਖ ਵੱਲੋਂ ਆਉਂਦੀ ਹੈ, ਉਸ ਦਾ ਸਰੀਰਕ ਮਾਂ ਬਾਪ ਤਾਂ ਕੋਈ ਨਹੀਂ ਹੁੰਦਾ। ਸੋ ਮਾਤਾ ਗੁਜਰੀ ਜੀ ਦਾ ਕੋਈ ਸਰੀਰੀ ਰਿਸ਼ਤਾ ਤੁਹਾਡੇ ਨਾਲ ਜੋੜਨ ਤੋਂ ਅਸਮਰਥ ਹਾਂ, ਖਿਮਾ ਕਰਨਾ ਜੀ।
ਸਤਿਗੁਰੂ ਪਾਤਿਸ਼ਾਹ ਬਾਬਾ ਨਾਨਕ ਜੀ! ਨੰਨ੍ਹੇ ਮੁੰਨ੍ਹੇ ਫੁੱਲਾਂ ਵਰਗੇ ਕੋਮਲ ਚਿਹਰਿਆਂ ਵਾਲੇ ਤੇ ਹਿਮਾਲਾ ਪਰਬਤ ਵਰਗੇ ਜਿਗਰੇ ਵਾਲੇ ਸਾਹਿਬਜ਼ਾਦਿਆਂ ਦੀ ਸੂਰਮਗਤੀ ਤਾਂ ਧਰਤੀ ਤੋਂ ਅੰਬਰ ਤੱਕ ਹਰ ਕੋਈ ਜਾਣਦਾ ਹੈ। ਕਿਵੇਂ ਮਲੂਕ ਜਿਹੀਆਂ ਦਿੱਸਣ ਵਾਲੀਆਂ ਜਿੰਦਾਂ ਨੇ ਤਾਜ ਤਖ਼ਤ ਨਿਵਾ ਦਿਤੇ। ਵਜ਼ੀਰ ਦਰਿੰਦੇ ਦੀ ਖੂਨੀ ਤਲਵਾਰ, ਭਿਆਨਕਤਾ ਵਾਲੀਆਂ ਭਬਕਾਂ, ਇਹਨਾਂ ”ਦਸ਼ਮੇਸ਼ ਦੁਲਾਰਿਆ” ਨੂੰ ਰਾਈ ਭਰ ਭੀ ਆਪਣੇ ਅਕੀਦੇ ਤੋਂ ਥਿੜਕਾ ਨਾਂ ਸਕੀਆਂ, ਡੁਲਾ ਨਾਂ ਸਕੀਆਂ। ਇੱਕ ਕਵੀ ਯੋਗੀ ਨੇ ਲਿਖਿਆ ਹੈ –
ਜਿਸ ਦਮ ਗਲੇ ਗਲੇ ਥੇ ਉਹ ਮਾਸੂਮ ਗੜ ਗਏ।
ਦਿਨ ਛੁਪਨੇ ਭੀ ਨਾ ਪਾਇਆ ਕਿ ਕਾਤਿਲ ਉਜੜ ਗਏ।
ਜੋਗੀ ਜੀ ਇਸ ਕੇ ਬਾਅਦ ਹੂਈ ਥੋੜੀ ਦੇਰ ਥੀ।
ਬਸਤੀ ਸਰਹੰਦ ਕੀ ਈਟੋਂ ਕਾ ਢੇਰ ਥੀ!
ਇਹਨਾਂ ਦੀ ਬੇਜੋੜ ਸ਼ਹਾਦਤ ਨੂੰ ਸ਼ਰਧਾਵਾਨ ਸਿੱਧੇ ਸਾਧੇ ਬਜ਼ੁਰਗਾਂ ਤੋਂ ਸੁਣਿਆ ਕਰਦੇ ਸਾਂ ਜੋ ਕੁੱਝ ਇਸ ਤਰ੍ਹਾਂ ਦੱਸਿਆ ਕਰਦੇ ਸਨ – ”ਸਾਹਿਬ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਦੀ ਕੁਰਬਾਨੀ ਕੋਈ ਆਦਮੀ ਬਿਆਨ ਨਹੀਂ ਕਰ ਸਕਦਾ। ਔਰੰਗੇ ਨੂੰ ਤੇ ਕੁੱਲ ਮੁਗਲ ਰਾਜ ਨੂੰ ਇਸ ਸ਼ਹੀਦੀ ਦਾ ਘੋਰ ਪਾਪ ਲੱਗਿਆ। ਮੁਗਲਾਂ ਦੇ ਜ਼ਾਲਮ ਰਾਜ ਦੀ ਸਮਝੋ ਜੜ ਇਹਨਾਂ ਨੇ ਹੀ ਪੁੱਟੀ ਸੀ। ”ਵਜੀਦਾ” ਸੂਬੇਦਾਰ ਕਿਤੇ ਮੂੰਹ ਵਿਖਾਣ ਜੋਗਾ ਨਾ ਰਿਹਾ। ”ਝੂਠੇ ਨੰਦ” ਨੂੰ ਹਰੇਕ ਹਿੰਦੂ ਨੇ ਲਾਹਣਤਾਂ ਪਾਈਆਂ। ਉਸ ਦੇ ਪ੍ਰਵਾਰ ਨੇ ਭੀ ਢਾਹਾਂ ਮਾਰ ਆਕਾਸ਼ ਰੁਆ ਦਿੱਤਾ। ਸਾਰੇ ਸਰਹੰਦ ਵਿੱਚ ਕਿਸੇ ਚੁੱਲੇ ਅੱਗ ਨਾ ਪਾਈ। ਭੁੱਖੇ ਭਾਣੇ ਹੰਝੂਆਂ ਦੇ ਬੁੱਕ ਭਰ ਭਰ ਰੋਂਦੇ ਰੋਂਦੇ ਜ਼ਮੀਨ ਤੇ ਸੱਥਰ ਵਿਛਾ ਸੁੱਤੇ। ਕਿਸੇ ਵੜੇ ਅਮੀਰ ਦੇ ਘਰ ਭੀ ਦੀਵਾ ਨਾ ਬਲਿਆ। ਗਾਵਾਂ ਮੱਝਾਂ ਨੂੰ ਚਾਰਾ ਭੀ ਕਿਸੇ ਨਾ ਪਾਇਆ, ਦੁੱਧ ਨਾਂ ਚੋਇਆ। ਕਿੱਲਿਆਂ ਤੇ ਬੱਝੀਆਂ ਰੋਂਦੀਆਂ ਰਹੀਆਂ, ਉਹਨਾਂ ਦੇ ਨਿਕੇ ਵੱਛਰੂ ਰੰਭਦੇ ਹਾਲੋਂ ਬੇਹਾਲ ਹੋ ਗਏ। ਮੰਦਰਾਂ ਵਿੱਚ ਟੱਲ ਨਾਂ ਖੜਕੇ, ਸੰਖ ਨਾ ਵੱਜੇ, ਆਰਤੀਆਂ ਨਾਂ ਹੋਈਆਂ। ਮਸਜਿਦਾਂ ਵਿੱਚ ਨਵਾਜਾਂ ਅਦਾ ਕਰਨ ਕੋਈ ਨਾ ਆਇਆ। ਮੁੱਲਾ ਦੀ ”ਬਾਂਗ” ਦੇਣ ਦੀ ਹਿੰਮਤ ਨਾ ਪਈ। ਆਸਮਾਨ ਵਿੱਚ ਪਤਾ ਨਹੀਂ ਕਿੱਥੋਂ ਬਦਲੀਆਂ ਛਾ ਗਈਆਂ। ਨਿੱਕੀ ਨਿੱਕੀ ਕਣੀ ਦਾ ਦੋ ਦਿਨ ਮੀਂਹ ਵਰ੍ਹਦਾ ਰਿਹਾ। ਅਸਲ ਵਿੱਚ ਇਹ ਸਾਧਾਰਣ ਬਾਰਸ਼ ਨਹੀਂ ਸੀ। ਸਾਹਿਬਜ਼ਾਦਿਆਂ ਦੀ ਦੁਖਦਾਈ ਸ਼ਹੀਦੀ ਤੇ ਅੰਬਰ ਰੋ ਰਿਹਾ ਸੀ। ਖਾਮੋਸ਼ ਹੰਝੂ ਬਹਾ ਰਿਹਾ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ ਇਹਨਾਂ ਮਾਸੂਮ ਜਿੰਦਾਂ ਦੇ ਗਮ ਵਿੱਚ ਰੱਬ ਭੀ ਜਾਰੋ ਜਾਰ ਰੋਂਦਾ ਹੈ, ਇਹ ਪਾਣੀ ਦੇ ਤੁਪਕੇ ਨਹੀਂ, ਰਬ ਦੇ ਹੰਝੂ ਹਨ…..।” ਇਹ ਲੋਕ ਅਖਾਣ ਬਣ ਗਿਆ।
ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਨੇ ਖਾਲਸਾ ਪੰਥ ਅੰਦਰ ਰੋਹ ਦੀ ਅੱਗ ਦੇ ਭਾਂਬੜ ਬਾਲ ਦਿੱਤੇ। ਸਾਹਿਬਜ਼ਾਦਿਆਂ ਨੂੰ ਦਿੱਤੇ ਗਏ ਤਸੀਹੇ ਸਿੰਘਾਂ ਦੇ ਸੀਨੇ ਵਿੰਨ ਗਏ। ਥੋੜੇ ਹੀ ਸਮੇਂ ਅੰਦਰ ਸਿੱਖ ਤੂਫਾਨ ਬਣਕੇ ਸਰਹੰਦ ਵਲ ਵਧੇ। ਵੇਖਦੇ ਵੇਖਦੇ ਜ਼ਾਲਮਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਸੰਨ 1927 ਤੱਕ ”ਗੁਰੂ ਮਾਰੀ” ਸਰਹੰਦ ਦਾ ਇੱਟਾਂ ਮਲਬਾ ਉਵੇਂ ਉਜਾੜੇ ਦੀ ਯਾਦ ਦਵਾਉਂਦਾ ਰਿਹਾ। ਸਮੇਂ ਨੇ ਕਰਵਟ ਲਈ। ਰਾਜ ਬਦਲੇ, ਤਖ਼ਤ ਤਾਜ ਬਦਲੇ, ਕਾਨੂੰਨ ਬਦਲੇ ਤੇ ਸਿੱਖਾਂ ਦੇ ਸੁਭਾ ਬਦਲੇ। ਗੁਰੂ ਪਿਤਾ ਜੀਓ! ਸਿੱਖਾਂ ਦੀ ਇੱਕ ਚੁਣੀ ਹੋਈ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਪਹਿਲਾਂ ਕੁੱਝ ਸਮਾਂ ਇਹਨਾਂ ਚੰਗਾ ਕੰਮ ਕੀਤਾ। ਫਿਰ ਗੰਦੀ ਰਾਜਨੀਤੀ ਹਾਵੀ ਹੁੰਦੀ ਗਈ। ਹੁਣ ਤਾਂ ਜੀ ਅੰਮ੍ਰਿਤਸਰ, ਅਨੰਦਪੁਰ, ਤਲਵੰਡੀ ਸਾਬੋ, ਚਮਕੌਰ, ਤੇ ਮੁਕਤਸਰ ਵਰਗੇ ਸਾਰੇ ਧਰਮ ਅਸਥਾਨ ਸਿਆਸਤ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਗਰਕ ਹੋ ਗਏ ਹਨ। ਆਹ ਨਿੱਕੇ ਸ਼ਹੀਦਾਂ ਦਾ ਅਸਥਾਨ ਜਿੱਥੇ ਬਹੁਤ ਭਾਰੀ ਸੰਗਤ ਹਰ ਸਾਲ ਜੁੜਦੀ ਹੈ, ਇੱਥੇ ਭੀ ਬੇਈਮਾਨ ਰਾਜਨੀਤਕਾਂ ਨੇ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਹੈ। ਕਦੀ ਥੋੜ੍ਹੀ ਜਿੰਨੀ ਵਿਹਲ ਕੱਢ ਕੇ ਆਓ ਤੇ ਖੁਦ ਵੇਖੋ। ਤੁਹਾਡੇ ਪੁੱਤਰਾਂ ਦੀ ਸੂਰਮਗਤੀ ਦੀਆਂ ਗਾਥਾਵਾਂ ਇੱਥੇ ਸੁਣਾਈ ਨਹੀਂ ਦਿੰਦੀਆਂ। ਰਾਜਸੀ ਲੋਕਾਂ ਦਾ ਕੂੜ ਕੁਫਰ ਸੁਣਨ ਨੂੰ ਮਿਲਦਾ ਹੈ। ਇੱਕ ਦੁਕਾਨ ਕਾਮਰੇਡਾਂ ਦੀ, ਆਹ ਦੂਜੀ ਕਾਂਗਰਸੀਆਂ ਦੀ। ਤੀਜੀ ”ਭਾਜਪਾਈ” ਅਕਾਲੀਆਂ ਦੀ। ਚੌਥੀ ”ਅੰਮ੍ਰਿਤਸਰੀ” ਅਕਾਲੀਆਂ ਦੀ। ਪੰਜਵੀਂ ਕਿਸੇ ਸਿੱਖ ਫੈਡਰੇਸ਼ਨ ਦੀ, ਛੇਵੀਂ ”ਲੌਂਗੋਵਾਲੀਏ” ਅਕਾਲੀਆਂ ਦੀ। ਫਿਰ ਨਿਹੰਗਾਂ ਦੀ (ਕਈ ਕਿਸਮ ਦੇ ਨਿਹੰਗ) ਟਕਸਾਲੀਆਂ ਦੀ, ਨਾਨਕਸਰੀਆਂ ਦੀ, ਸਾਧਾਂ ਦੀ, ਸੰਤਾਂ ਦੀ…ਹੋਰ ਪਤਾ ਨਹੀਂ ਕੀਹਦੀ ਕੀਹਦੀ ? ਸਤਿਗੁਰੂ ਜੀ! ਇੱਥੇ ”ਧਰਮੁ ਪੰਖ ਕਰਿ ਉਡਰਿਆ” ਵਾਲੀ ਹਾਲਤ ਪਰਤੱਖ ਵੇਖੀਦੀ ਹੈ।
ਉਹ ਠੰਢਾ ਬੁਰਜ ਜਿੱਥੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ, ਸਾਰੇ ”ਅਪਣਿਆਂ” ਨੇ ਢਾਹ ਦਿੱਤਾ ਹੈ। ਜਿਸ ਦੀਵਾਰ ਵਿੱਚ ਚਿਣਿਆ ਗਿਆ ਸੀ ਉਸਦਾ ਨਿਸ਼ਾਨ ਤੱਕ ਨਹੀਂ ਰਿਹਾ। ਸ਼ਹੀਦੀ ਅਸਥਾਨ ਤੇ ਇਤਨੀ ਆਲੀਸ਼ਾਨ ਮਾਰਵਲ ਵਾਲੀ ਪੰਜ ਮੰਜਲੀ ਇਮਾਰਤ, ਵੇਖਕੇ ਸਿਰ ਚਕਰਾ ਜਾਂਦਾ ਹੈ। ਕੀ ਇਹ ਸ਼ਹੀਦੀ ਸਮਾਰਕ ਹੈ, ਜਾਂ ਖੁਸ਼ੀਆਂ ਖੇੜਿਆਂ ਵਾਲੀ ਇਮਾਰਤ ? ਕਮੇਟੀ ਵਾਲਿਆਂ ਤੇ ”ਸੰਤਾਂ” ਨੇ ਪੂਰੀ ਸਾਜਿਸ਼ ਕੀਤੀ ਹੈ, ਸਾਰੇ ਪੁਰਾਤਨ ਚਿੰਨ੍ਹ ਮਿਟਾ ਦਿੱਤੇ ਹਨ। ਸਤਿਗੁਰੂ ਜੀ! ਆਖਰੀ ਗੱਲ ਦਸਦੇ ਖਤਮ ਕਰਨ ਲੱਗਿਆ ਹਾਂ। ਤੁਹਾਡੇ ਸੇਵਕਾਂ ਸਿੱਖਾਂ ਤੇ ਪੁੱਤਰਾਂ ਦੇ ਸ਼ਹੀਦੀ ਸਥਾਨ ਹੁਣ ਸਿੱਖਾਂ ਅੰਦਰ ਬਹਾਦਰੀ ਦਾ ਜੋਸ਼ ਨਹੀ ਭਰਦੇ। ਧਰਮ ਤੇ ਪਰਪੱਕ ਰਹਿਣ ਦੀ ਗਾਥਾ ਸੁਣਨ ਨੂੰ ਨਹੀਂ ਮਿਲਦੀ। ਇਹਨਾਂ ਥਾਵਾਂ ਤੇ ਚੌਧਰਾਂ ਲਈ ਪੱਗਾਂ ਲੱਥਦੀਆਂ ਹਨ। ਸਿਰ ਪਾਟਦੇ ਹਨ ਮੁਕੱਦਮੇ ਚੱਲਦੇ ਹਨ। ਗੋਲਕਾਂ ਦੀ ਮਾਇਆਂ ਦੀ ਦੁਰਵਰਤੋਂ ਤਾਂ ਹੁਣ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਪੰਥ ਦੀ ਚੜ੍ਹਦੀਕਲਾ ਵਾਸਤੇ ਇਸ ਚੜ੍ਹਤ ਦੀ ਵਰਤੋਂ ਨਹੀਂ ਹੁੰਦੀ। ਹੁਣ ਪੈਸਾ, ਰਾਜਨੀਤੀ ਤੇ ਵੋਟਾਂ ਪ੍ਰਾਪਤ ਕਰਨ ਵਾਸਤੇ, ਨਿਜੀ ਐਸ਼ ਪ੍ਰਸਤੀ ਵਾਸਤੇ, ਰੋਹੜਿਆ ਜਾਂਦਾ ਹੈ। ਜੇਕਰ ਤੁਹਾਡੇ ਦੋ ਤਿੰਨ ਪੁੱਤਰ ਹੋਰ ਹੁੰਦੇ, ਤੇ ਵੱਖੋ ਵੱਖਰੀ ਥਾਵੇਂ ਸ਼ਹੀਦੀ ਪਾਉਂਦੇ, ਤਾਂ ਅਸੀਂ ਕੁੱਝ ਸ਼ਹੀਦੀ ਸਥਾਨ ਗੁਰਦਵਾਰੇ ਹੋਰ ਬਣਾ ਲੈਂਦੇ। ਹੋਰ ਕਾਫ਼ੀ ਸਾਰਾ ਚੜ੍ਹਾਵਾ ਗੋਲਕ ਵਿੱਚ ਪੈ ਜਾਂਦਾ। ਅਸੀਂ ਉਸ ਪੂਜਾ ਦੇ ਧਾਨ ਨੂੰ ਆਪਣੇ ਨਿਜੀ ਮਨੋਰਥਾਂ ਲਈ ਵਰਤ ਲੈਂਦੇ। ਤੁਹਾਡੇ ਦੋ ਦੋ ਪੁੱਤਰ ਇੱਕ ਇੱਕ ਥਾਵੇਂ ਇੱਕੱਠੇ ਸ਼ਹੀਦ ਨਾ ਹੋ ਕੇ ਅਗਰ ਇਕੱਲੇ ਇਕੱਲੇ ਭੀ ਸ਼ਹੀਦ ਹੁੰਦੇ ਤਾਂ ਦੋ ਹੋਰ ਸ਼ਹੀਦੀ ਗੁਰਦਵਾਰੇ ਤਾਂ ਵੱਧ ਹੀ ਜਾਣੇ ਸੀ। ਸਤਿਗੁਰੂ ਜੀ ਮਾਤਾ ਗੁਜਰੀ ਜੀ ਨੂੰ ਅਸੀਂ ਘੱਟ ਹੀ ਯਾਦ ਕਰਦੇ ਹਾਂ। ਬੁੱਢੀਆਂ ਮਾਤਾਵਾਂ ਨੂੰ ਲੋਕੀਂ ਘੱਟ ਹੀ ਯਾਦ ਕਰਦੇ ਹਨ। ਮੁਕਤਸਰ ਦੇ ਸ਼ਹੀਦਾਂ ਦੀ ਤੀਜੀ ਸ਼ਹੀਦੀ ਸਤਾਬਦੀ ਭੀ ਸ਼ਾਇਦ ਕਦੇ ਇਸ ਤਰ੍ਹਾਂ ਹੀ ਮਨਾਈ ਜਾਵੇ। ਪਾਤਿਸ਼ਾਹ ਜੀ ਤੁਹਾਡੇ ਮਹਾਂ ਸੂਰਬੀਰ ਪੁੱਤਰਾਂ ਨੂੰ ਬਹੁਤ ਤੜਫਾਇਆ ਗਿਆ, ਬੜੇ ਖੌਫਨਾਕ ਤਸੀਹੇ ਦਿੱਤੇ ਗਏ। ਕੰਧਾਂ ਵਿੱਚ ਚਿਣੇ ਗਏ, ਤੇਸੀ ਕਰਨੀ ਦੀਆਂ ਸੱਟਾਂ ਮਾਰੀਆਂ ਗਈਆਂ। ਬੋਰਿਆਂ ਵਿੱਚ ਬੰਦ ਕਰਕੇ ਮਾਰਿਆ ਗਿਆ, ਘਸੀਟਿਆ ਗਿਆ। ਭੁੱਖੇ ਰੱਖੇ, ਪਿਆਸੇ ਰੱਖੇ, ਸਰਦੀ ਵਿੱਚ ਠਾਰੇ ਗਏ। ਅੰਤ ਜ਼ਾਲਮ ਛੁਰਾ ਲੈ ਛਾਤੀ ਤੇ ਚੜ੍ਹ ਬੈਠੇ। ਕੋਹ ਕੋਹ ਕੇ ਮਾਰਿਆ ਗਿਆ….। ਧੰਨ ਸਨ ਤੁਹਾਡੇ ਸਾਜੇ ਲਾਸਾਨੀ ਪੁੱਤਰ, ਰੋਏ ਨਹੀਂ, ਸੀ ਨਹੀਂ ਕੀਤੀ, ਅੱਖਾਂ ਵਿੱਚੋਂ ਹੰਝੂ ਨਹੀਂ ਕੇਰਿਆ। ਮਾਤਾ ਗੁਜਰੀ ਜੀ ਨੇ ਅਪਣਾ ਫਰਜ ਸਿਦਕਦਿਲੀ ਨਾਲ ਪੂਰਾ ਕੀਤਾ। ਵਿਰਲਾਪ ਨਹੀਂ ਕੀਤਾ, ਸ਼ੁਕਰਾਨੇ ਵਿੱਚ ਜੁੜ ਗਏ….। ਉਹ ਭੀ ਸੁਰਖਰੂ ਹੋਕੇ ”ਜੋਤੀ ਜੋਤਿ” ਮਿਲ ਗਏ। ਸਿੱਖ ਅਖਵਾਉਣ ਵਾਲਿਆਂ ਦੀਆਂ ਮੰਦ ਕਰਤੂਤਾਂ, ਇਨਸਾਨੀਅਤ ਤੋਂ ਗਿਰੇ ਹੋਏ ਕੰਮ ਵੇਖਕੇ, ਹੁਣ ਇਹ ਸੂਰਮੇ ਜ਼ਰੂਰ ਰੋ ਰਹੇ ਹੋਣਗੇ। ਉਹਨਾਂ ਦੇ ਨੇਤਰਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਹੋਣਗੇ। ਤਿਨ੍ਹਾਂ ਦੀ ਰੂਹ ਬੇਚੈਨ ਹੋ ਵਿਲਕ ਰਹੀ ਹੋਵੇਗੀ। ਮਾਤਾ ਜੀ ਦੇ ਅਥਰੂ ਬੰਦ ਹੋਣ ਦਾ ਨਾਂ ਨਹੀਂ ਲੈਂਦੇ ਹੋਣਗੇ….।
ਸਤਿਗੁਰੂ ਜੀ ਗੰਗੂ ਨੇ ਬਹੁਤ ਵੱਡਾ ਬੱਜਰ ਪਾਪ ਕੀਤਾ ਬੇਦੋਸ਼ਿਆਂ ਨੂੰ ਗ੍ਰਿਫਤਾਰ ਕਰਵਾਇਆ। ਸੁੱਚਾ ਨੰਦ ਨੇ ਹੋਰ ਬਲਦੀ ਉਪਰ ਤੇਲ ਪਾਇਆ, ਸਾਜਿਸੀ ਚੁੱਕਣਾ ਦੇ-ਦੇ ਕੇ। ਅਜਿਹੇ ਭਿਆਨਕ ਸਮੇਂ ਵਿੱਚ ਭੀ ਮੋਤੀ ਮਹਿਰਾ ਸੇਵਾ ਵਿੱਚ ਹਾਜ਼ਰ ਸੀ। ਇੱਕ ਖੁਦਾ ਪ੍ਰਸਤ ਮੁਸਲਮਾਨ ਮੁਹੰਮਦ ਸ਼ੇਰ ਖਾਨ (ਮਲੇਰਕੋਟਲਾ) ਸੱਚ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਭਾਈ ਟੋਡਰ ਮੱਲ ਵਰਗਾ ਸੇਵਕ ਆਪਣਾ ਸਭ ਕੁੱਝ ਵੇਚ ਕੇ ਸਸਕਾਰ ਲਈ ਥਾਂ ਖ੍ਰੀਦ ਰਿਹਾ ਸੀ….। ਅੱਜ ਤਾਂ ਇੱਥੇ ਸੁਚਾਨੰਦ ਤੇ ਗੰਗੂਆਂ ਦੀਆਂ ਹੇੜਾਂ ਹਲਕੀਆਂ ਹੋਈਆਂ ਕਬਜ਼ਾ ਕਰੀ ਬੈਠੀਆਂ ਹਨ। ਵਜ਼ੀਰ ਖਾਨ ਦੀ ਪਾਪੀ ਰੂਹ ਲਗਦੈ ਸਿੱਖ ਸ਼ਕਲ ਵਾਲੇ ਲੀਡਰਾਂ ਵਿੱਚ ਮੁੜ ਪ੍ਰਗਟ ਹੋ ਗਈ ਹੈ। ਜੋ ਤੁਹਾਡੇ ਬੱਚਿਆਂ, ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ। ਪਿਤਾ ਸਤਿਗੁਰੂ ਜੀ ਤੁਸੀਂ ਕਿਸੇ ਸਿੱਖ ਨੂੰ ਥਾਪੜਾ ਦੇ ਕੇ, ਸੂਝ ਸਿਆਣਪ ਤੇ ਸ਼ਕਤੀ ਬਖਸ਼ਕੇ, ਉਸ ਵਿੱਚ ਬੰਦਾ ਸਿੰਘ ਬਹਾਦਰ ਦੀ ਰੂਹ ਪ੍ਰਵੇਸ਼ ਕਰਵਾਕੇ ਇਹਨਾਂ ਪੰਥ ਦੋਖੀਆਂ ਨੂੰ ਸਿੱਧੇ ਰਾਹ ਪਾਉਣ ਲਈ ਘੱਲੋ। ਇਉ ਇਹਨਾਂ ਨੇ ਨਹੀਂ ਸੁਧਰਨਾ, ਛੇਤੀ ਬਹੁੜੀ ਕਰੋ।” ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ।
ਘਟ ਘਟ ਦੀ ਜਾਨਣ ਵਾਲੇ ਸਤਿਗੁਰੂ ਜੀ! ਤੁਸੀਂ ਚੌਥੇ ਜਾਮੇ ਵਿੱਚ ”ਚੱਕ ਰਾਮਦਾਸ” ਵਸਾਉਣ ਦੀ ਸ਼ੁਰੂਆਤ ਕੀਤੀ ਸੀ। ਸਿੱਖਾਂ ਨੂੰ ਦੁਕਾਨ, ਵਪਾਰ, ਆਦਿ ਦੀ ਸਿੱਖਿਆ ਦੇਣ ਲਈ। ਤੁਹਾਡੀ ਮੇਹਰਬਾਨ ਅਗਵਾਈ ਵਿੱਚ ਚੱਕ ਰਾਮਦਾਸ ਤੇਜੀ ਨਾਲ ਉਭਰਿਆ, ਲਾਹੌਰ ਨੂੰ ਪਿਛਾਂਹ ਛੱਡ ਗਿਆ ਸਿੱਖ ਧਰਮ ਤੇ ਸਿੱਖ ਰਾਜਸੀ ਤਾਕਤ ਦਾ ਕੇਂਦਰ ਬਣ ਗਿਆ। ਇਸ ਅਸਥਾਨ ਨੇ ਬੜੇ ਮਾਰੂ ਹੱਲੇ ਆਪਣੇ ਪਿੰਡੇ ਤੇ ਹੰਢਾਏ। ਇਸ ਘੁੱਗ ਵਸਦੇ ਸ਼ਹਿਰ ਦੀ ਸ਼ੁਰੂਆਤੀ ਯਾਦ ਨੂੰ ਸਮਰਪਿਤ ਚਾਰ ਸੌ ਸਾਲਾਂ ਸ਼ਤਾਬਦੀ ਸੰਨ 1977 ਵਿੱਚ ਮਨਾਈ ਗਈ। ਪੰਜਾਬ ਵਿੱਚ ਤੇਰੇ ਅਖਵਾਉਣ ਵਾਲੇ ਸਿੱਖਾਂ (ਅਕਾਲੀਆਂ) ਦੀ ਸਰਕਾਰ ਸੀ। ਭਾਰਤ ਸਰਕਾਰ ਵਿੱਚ ਅਕਾਲੀਆਂ ਦੀ ਭਰਵੀਂ ਸ਼ਮੂਲੀਅਤ ਸੀ। ਪੂਰੀ ਸ਼ਾਨੋ ਸ਼ੌਕਤ ਨਾਲ ਇਨ੍ਹਾਂ ਜਸ਼ਨਾਂ ਦੀ ਤਿਆਰੀ ਕੀਤੀ ਗਈ। ਸਾਰੇ ਅੰਮ੍ਰਿਤ ਸਰ ਸ਼ਹਿਰ ਨੂੰ ਖੂਬ ਸਜਾਇਆ ਗਿਆ। ਸਮੁੱਚੀ ਪੰਜਾਬ ਸਰਕਾਰ ਪੱਬਾਂ ਭਾਰ ਸੀ। ਭਾਰਤ ਦਾ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਜੀ ਪੁੱਜ ਗਏ। ਪਰਧਾਨ ਮੰਤਰੀ ਮੋਰਾਰਜੀ ਡੇਸਾਈ, ਸਮੇਤ ਆਪਣੇ ਮੰਤਰੀਆਂ ਦੇ ਆਣ ਢੁੱਕਿਆ। ਦੁਨੀਆਂ ਅਤੇ ਦੇਸ਼ ਦੇ ਪੱਤਰਕਾਰ ਅਖਬਾਰਾਂ ਨੂੰ ਖਬਰਾਂ ਦੇਣ ਲਈ ਕਾਹਲੇ। ਦੇਸ਼ ਭਰ ਵਿੱਚੋਂ ਹਿੰਦੂ ਮੁਸਲਮਾਨ ਤੇ ਸਿੱਖ ਰਾਗੀਆਂ ਨੂੰ ਨਿਰਧਾਰਤ ਰਾਗਾਂ ਵਿੱਚ ਸ਼ਬਦ ਗਾਉਣ ਸੱਦਿਆ ਗਿਆ। ਸਤਿਗੁਰੂ ਜੀ! ਰਾਗ ਵਿੱਦਿਆ ਵਿੱਚ ਤਾਂ ਹਿੰਦੂ ਮੁਸਲਮਾਨ ਕੀਰਤਨੀਏ ਸਾਰੇ ਸਨਮਾਨ ਲੈ ਗਏ। ਸਿੱਖ ਕੇਵਲ ਵਾਜੇ ਵਜਾਉਂਦੇ ਹਨ, ਰਾਗ ਵਿੱਦਿਆ ਤੋਂ ਲੱਗਭੱਗ ਸੱਖਣੇ ਹੀ ਹਨ।
ਹੋਰ ਤਾਂ ਸਾਰੀਆਂ ਕਾਰਵਾਈਆਂ ਰਵਾਇਤੀ ਹੀ ਸਨ। ਇੱਕ ਗੱਲੋਂ ਇੱਕ ਵਿਅਕਤੀ ਆਪਣੇ ਪੂਰੇ ਜਾਹੋ ਜਲਾਲ ਵਿੱਚ ਸੀ। ਉਸਨੂੰ ਇੰਨਾ ਚਾਅ ਚੜ੍ਹਿਆ ਹੋਇਆ ਸੀ ਮਾਨੋ ਅੱਜ ਹੀ ਸਾਰੀ ਜ਼ਿੰਦਗੀ ਦਾ ਨਿਚੋੜ ਭਾਰਤ ਸਰਕਾਰ ਦੇ ਸਨਮੁੱਖ ਰੱਖ ਦੇਣਾ ਹੈ। ਸਟੇਜ ਸੈਕਟਰੀ ਬਲਵੰਤ ਸਿੰਘ ਨੇ ਜੱਕੋ ਤਕੀ ਮਗਰੋਂ ਨਾਮ ਬੋਲਿਆ। ”ਹੁਣ ਤੁਹਾਡੇ ਸਨਮੁੱਖ ਸਿਰਦਾਰ ਕਪੂਰ ਸਿੰਘ ਜੀ, ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ ਵਿੱਚਾਰ ਰੱਖਣ ਲਈ ਸਟੇਜ ਤੇ ਆ ਰਹੇ ਹਨ।” ਸ੍ਰ. ਜੀ ਨੇ ਆਪਣਾ ਲੈਕਚਰ ਇੰਗਲਿਸ਼ ਵਿੱਚ ਦੇਣਾ ਸ਼ੁਰੂ ਕੀਤਾ। ਜੋ ਕੁੱਝ ਇਸ ਤਰ੍ਹਾ ਦੇ ਭਾਵ ਵਾਲਾ ਸੀ- ਪ੍ਰਧਾਨ ਮੰਤਰੀ ਜੀ, ਅਤੇ ਭਾਰਤ ਸਰਕਾਰ ਵੱਲੋਂ ਪਧਾਰੇ ਸਾਰੇ ਸਤਿਕਾਰ ਯੋਗ ਸੱਜਨੋ! ਮੈਂ ਤੁਹਾਨੂੰ ਕੋਈ ਰਵਾਇਤੀ ਉਪਦੇਸ਼ ਦੇਣ ਨਹੀਂ ਆਇਆ। ਨਾ ਹੀ ਮੈਂ ਇੱਥੋਂ ਬੋਲਕੇ ਫੋਟੋਆਂ ਖਿਚਵਾਣ ਦੀ ਇੱਛਾ ਰੱਖਦਾ ਹਾਂ। ਤੁਸੀਂ ਸਾਰੇ ਭੀ ਇਤਨੇ ਅਣਜਾਣ ਨਹੀਂ ਹੋ ਕਿ ਇਸ ਸਮੇਂ ਤੁਹਾਨੂੰ ਕੁੱਝ ਸਿਖਾਇਆ ਜਾਵੇ। ਮੇਰਾ ਇਹ ਲੈਕਚਰ ਇੰਗਲਿਸ਼ ਵਿੱਚ ਇਸੇ ਲਈ ਬੋਲਿਆ ਜਾ ਰਿਹਾ ਹੈ ਤਾਂ ਕਿ ਭਾਰਤ ਸਰਕਾਰ ਦੇ ਜ਼ਿੰਮੇਵਾਰ ਵਿਅਕਤੀ ਅਤੇ ਦੁਨੀਆਂ ਭਰ ਦੇ ਪੱਤਰਕਾਰ ਇਸ ਨੂੰ ਸੌਖਿਆਂ ਸਮਝ ਸਕਣ। ਮੈਂ ਅੱਜ ਸੰਸਾਰ ਦੇ ਇਨਸਾਫ ਪਸੰਦ ਅਤੇ ਮਨੁੱਖਤਾ ਵੱਲੋਂ ਕੀਤੇ ਉਪਕਾਰਾਂ ਦੀ ਕੀਮਤ ਸਮਝਣ ਵਾਲੇ, ਸਾਰੇ ਨੇਕ ਇਨਸਾਨਾਂ ਨੂੰ ਮੁੜ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਸਿੱਖ ਕੋਈ ਵਿਸ਼ੇਸ਼ ਰਿਆਇਤ ਨਹੀਂ ਚਾਹੁੰਦੇ। ਕਿਸੇ ਦਾ ਹੱਕ ਖੋਹਣਾ ਭੀ ਨਹੀਂ ਚਾਹੁੰਦੇ। ਸਿੱਖਾਂ ਦੇ ਗੁਰੂਆਂ ਨੇ ਮਨੁੱਖਤਾ ਨੂੰ ਕਰਾਂਤੀਕਾਰੀ ਸੋਚ ਦਿੱਤੀ। ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹੋ ਗਏ। ਪੈਰਾਂ ਤੇ ਲਿਤਾੜੇ ਲੋਕਾਂ ਨੂੰ ਸਵੈਮਾਣ ਨਾਲ ਜਿਉਣ ਦੀ ਹਿੰਮਤ ਬਖਸ਼ੀ। ਭੂਤਰੇ ਹੋਏ ਜ਼ਾਲਮ ਹਾਕਮਾਂ ਨੂੰ ਲੰਮੀ ਜੰਗ ਲੜਕੇ, ਅਪਣਾ ਸਭ ਕੁੱਝ ਵਾਰਕੇ ਟਿਕਾਣੇ ਸਿਰ ਲਿਆਂਦਾ। ਇਸ ਦੇਸ਼ ਦੀ ਇੱਜ਼ਤ ਪੱਤ ਦੀ ਰਾਖੀ ਕੀਤੀ। ਉੱਜੜ ਚੁੱਕਿਆਂ ਨੂੰ ਮੁੜ ਤੋਂ ਵਸਣ ਜੋਗਾ ਕੀਤਾ। ਰਲ ਮਿਲਕੇ ਰਹਿਣ ਬਹਿਣ ਦੀ ਜਾਚ ਦੱਸੀ। ਮਿੱਟੀ ਵਿੱਚ ਮਿਲਾਈਆਂ ਜਾ ਰਹੀਆਂ ਹਿੰਦੂ ਰਹੁ ਰੀਤਾਂ ਦੀ ਖੂਨ ਬਹਾਕੇ ਰਾਖੀ ਕੀਤੀ। ਸਤਲੁਜ ਤੋਂ ਪੱਛਮ ਵਲ ਦਾ ਸਾਰਾ ਪੰਜਾਬ ਸਦਾ ਵਾਸਤੇ ਅਫਗਾਨਿਸਤਾਨ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਇਹ ਲੱਖਾਂ ਵਰਗ ਮੀਲ ਦੀ ਜਰਖੇਜ ਜ਼ਮੀਨ ਕਾਬਲ ਨਾਲੋਂ ਤੋੜ ਕੇ ਭਾਰਤ ਨਾਲ ਜੋੜੀ, ਭਾਵੇਂ ਇਸ ਦੀ ਕਿੰਨੀ ਵੱਡੀ ਕੀਮਤ ਤਾਰਨੀ ਪਈ। ਦੁਨੀਆਂ ਵਿੱਚ ਇੰਨਾ ਕੀਮਤੀ ਤੋਹਫਾ ਅੱਜ ਤੱਕ ਕਿਸੇ ਨੇ ਦੂਜੇ ਨੂੰ ਨਹੀਂ ਦਿੱਤਾ।
ਗੋਰਿਆਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਨੇ 80 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਕੀਤੀਆਂ। ਮੇਰੇ ਭਰਾਵਾਂ ਨੇ ਫੌਜ ਵਿੱਚ ਭਰਤੀ ਹੋਕੇ ਹਰ ਜੰਗ ਵਿੱਚ ਮੋਹਰੀ ਹੋ ਦੇਸ਼ ਦੀ ਰਾਖੀ ਕੀਤੀ। ਜਦੋਂ ਭਾਰਤਵਾਸੀ ਅੰਨ ਦੇ ਇੱਕ ਇੱਕ ਦਾਣੇ ਲਈ ਵਿਲਕ ਰਿਹਾ ਸੀ, ਤੇ ਭਾਰਤ ਦਾ ਨਾ ਅਹਿਲ ਮੰਤਰੀ ਬਦੇਸਾਂ ਵਿੱਚੋਂ ਕੇਵਲ ਭੀਖ ਮੰਗ ਕੇ ਡੰਗ ਟਪਾਉਣ ਦੀ ਅਹਿਮਕਾਨਾ ਕੋਸ਼ਿਸ਼ ਕਰ ਰਹੇ ਸਨ। ਉਸ ਵਕਤ ਪੰਜਾਬ ਦੇ ਮਿਹਨਤੀ ਕਿਸਾਨਾ ਨੇ ਦਿਨ ਰਾਤ ਇੱਕ ਕਰਕੇ ਬੜੀ ਸਮਝਦਾਰੀ ਨਾਲ ਕੰਮ ਕੀਤਾ। ਇਹਨਾਂ ਅੰਨ ਦੇ ਭੰਡਾਰ ਭਰ ਦਿਤੇ, ਰੱਖਣ ਲਈ ਥਾਂ ਨਾ ਰਹੀ। ਮੇਰਾ ਸਿੱਖ ਭਰਾ ਜਿੱਥੇ ਭੀ ਖੜਾ ਕੀਤਾ ਗਿਆ, ਉਸਨੇ ਪੂਰੀ ਵਫਾਦਾਰੀ ਨਾਲ ਆਪਣੀ ਡਿਊਟੀ ਨਿਭਾਈ। ਪਰ ਦੂਜੇ ਬੰਨੇ ਬੇਈਮਾਨੀ ਅਤੇ ਪਾਪ ਕਰਮ ਦੀ ਚਰਮ ਸੀਮਾ ਦੇਖੋ। ਪੰਜਾਬ ਦੇ ’47 ਵਿੱਚ ਦੋ ਟੁਕੜੇ ਹੋਏ। ਸਿੱਖ ਲੱਖਾਂ ਤੋਂ ਕੱਖਾਂ ਦੇ ਹੋ ਗਏ, ਉਹਨਾਂ ਨੂੰ ਯੋਗ ਮੁਆਵਜਾ ਨਾਂ ਦਿੱਤਾ ਗਿਆ। ਬਦਨੀਤੀ ਨਾਲ ਪੰਜਾਬੀ ਬੋਲਦੇ ਇਲਾਕੇ ਹਿਮਾਚਲ ਤੇ ਹਰਿਆਣੇ ਨੂੰ ਦਿੱਤੇ ਗਏ। ਪੰਜਾਬੀ ਬੋਲੀ ਦਾ ਗਲਾ ਘੁੱਟਿਆ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਹ ਲਈ ਗਈ। ਪੰਜਾਬ ਦੇ ਪਾਣੀਆਂ ਨੂੰ ਦੋਵੇਂ ਹੱਥੀ ਲੁੱਟਿਆ ਗਿਆ। ਫਸਲਾਂ ਦਾ ਪੂਰਾ ਮੁੱਲ ਨਾ ਦਿੱਤਾ ਗਿਆ ਪੰਜਾਬ ਨੂੰ ਵੱਡੇ ਕਾਰਖਾਨੇ ਨਾ ਦਿੱਤੇ ਗਏ। ਸਿੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਤੇ ਕਟੌਤੀ ਲਾ ਦਿੱਤੀ ਗਈ। ਪਾਕਿਸਤਾਨ ਨਾਲ ਹੋਈਆਂ ਜੰਗਾਂ ਵਿੱਚ ਸਭ ਤੋਂ ਵੱਧ ਜਾਨੀ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ ਹੈ, ਪਰ ਉਸਦੀ ਪੂਰਤੀ ਕਦੀ ਨਹੀਂ ਕੀਤੀ ਗਈ। ਪੰਜਾਬ ਵਿੱਚ ਚੱਲ ਰਹੀਆਂ ਸੰਵਿਧਾਨਕ ਸਰਕਾਰਾਂ ਨੂੰ ਸਾਰੇ ਨਿਯਮਾਂ ਕਾਨੂੰਨਾਂ ਦੀ ਘੋਰ ਉਲੰਘਣਾ ਕਰਕੇ ਬਾਰ ਬਾਰ ਤੋੜਿਆ ਗਿਆ। ਜਦੋਂ ਸ੍ਰੀਮਤੀ ਗਾਂਧੀ ਨੇ (ਜੂਨ 1975) ਸਾਰੇ ਕਾਨੂੰਨ ਮਨਸੂਖ ਕਰ ਦਿੱਤੇ, ਦੇਸ਼ ਵਿੱਚ ਅੰਦਰੂਨੀ ਐਮਰਜੰਸੀ ਲਾ ਦਿੱਤੀ। ਸਾਰੇ ਦੇਸ਼ ਦੇ ਸਰਕਾਰ ਵਿਰੋਧੀ ਨੇਤਾ ਜੇਹਲਾਂ ਵਿੱਚ ਡੱਕ ਦਿੱਤੇ ਗਏ। ਉਸ ਵਕਤ ਸਾਰਾ ਦੇਸ਼ ਮੁਰਦਿਆਂ ਵਾਂਗ ਅਹਿੱਲ ਹੋ ਗਿਆ ਸੀ। ਪੰਜਾਬ ਦੇ ਸਿੱਖ ਵੀਰਾਂ (ਅਕਾਲੀਆਂ) ਨੇ ਇਸ ਜ਼ੁਲਮ ਦੇ ਵਿਰੁੱਧ ਡਟ ਜਾਣ ਦਾ ਫੈਸਲਾ ਕੀਤਾ। ਜੰਤਾ ਪਾਰਟੀ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਬਿਰਾਜਮਾਨ ਸਿਰ ਕੱਢਵੇਂ ਆਗੂ, ਜੋ ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਸਾਰੇ ਹੀ ਕਾਲ ਕੋਠੜੀਆਂ ਵਿੱਚ ਡੱਕੇ ਹੋਏ ਸੀ। ਤੁਸੀਂ ਤੇ ਤੁਹਾਡੇ ਪਾਰਟੀ ਵਰਕਰਾਂ ਨੇ ਸਰਕਾਰੀ ਜਬਰ ਅੱਗੇ ਗੋਡੇ ਟੇਕ ਦਿੱਤੇ ਸਨ। ਸਿੱਖਾਂ ਨੇ ਅਕਾਲ ਪੁਰਖ ਦਾ ਆਸਰਾ ਲੈ ਕੇ, ਐਮਰਜੰਸੀ ਵਿਰੁੱਧ ਜ਼ਬਰਦਸਤ ਰੋਸ ਪਰਗਟ ਕਰਦਿਆਂ ਗ੍ਰਿਫਤਾਰੀਆਂ ਦੇਣ ਦਾ ਰਾਹ ਅਖਤਿਆਰ ਕੀਤਾ। ਸ੍ਰੀਮਤੀ ਗਾਂਧੀ ਨੇ ਅਕਾਲੀਆ ਨਾਲ ਕੁੱਝ ਲੈ ਦੇ ਕੇ ਕਈ ਵਾਰ ਸਮਝੌਤੇ ਕਰਨ ਦੀ ਪੇਸ਼ਕਸ਼ ਕੀਤੀ। ਅਕਾਲੀ ਮੁਖੀਆਂ ਤੁਹਾਡਾ ਸਾਥ ਦਿੱਤਾ ਇੰਦਰਾ ਦਾ ਨਹੀਂ।
ਅੱਜ ਮੁੜ ਮੈਂ ਤੁਹਾਨੂੰ ਉਹ ਵਾਅਦੇ ਯਾਦ ਕਰਵਾਉਣ ਲੱਗਿਆ ਹਾਂ, ਜੋ ਤੁਹਾਡੇ ਵਡੇਰਿਆਂ ਨੇ ਸਾਡੇ ਪੁਰਖਿਆਂ ਨਾਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮਾਂ ਖਾ ਕੇ ਨਿਭਾਣ ਦੇ ਪ੍ਰਣ ਕੀਤੇ ਸਨ, ਪਰ ਪੂਰੇ ਨਹੀਂ ਕੀਤੇ ਗਏ ਸਨ। ਸਿੱਖ ਪੰਥ ਭੀਖ ਮੰਗਣ ਦਾ, ਗੈਰਤ ਹੀਣ ਜ਼ਿੰਦਗੀ ਜਿਉਣ ਦਾ ਆਦੀ ਨਹੀਂ ਹੈ। ਤੁਸੀਂ ਅੱਜ ਸਮਰਥਾਵਾਨ ਹੋ, ਤੁਹਾਡੇ ਕੋਲ ਰਾਜਸੀ ਤਾਕਤ ਹੈ। ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈਣ ਲਈ, ਇਹਨਾਂ ਦੇ ਦੁਖੀ ਹਿਰਦਿਆਂ ਨੂੰ ਸ਼ਾਂਤ ਕਰਨ ਲਈ, ਘੋਰ ਬੇਇਨਸਾਫੀ ਦਾ ਖਾਤਮਾ ਕਰਨ ਲਈ, ਕੀਤੇ ਗਏ ਉਪਕਾਰਾਂ ਦਾ ਰਿਣ ਚੁਕਾਉਣ ਲਈ ਅੱਜ ਹੁਣੇ ਇਸੇ ਵਕਤ ਕੋਈ ਠੋਸ ਤੇ ਸਤਿਕਾਰਤ ਐਲਾਨ ਕਰੋ। ਇੱਥੇ ਤੁਸੀਂ ਕੇਵਲ ਸਰਕਾਰੀ ਜਸ਼ਨ ਮਨਾਉਣ ਨਹੀਂ ਆਏ। ਸਿੱਖ ਪੰਥ ਦਾ ਖੁੱਲ੍ਹੇ ਮਨ ਨਾਲ ਧੰਨਵਾਦ ਕਰਨ ਆਏ ਹੋ। ਦੱਸੋ ਕੀ ਐਲਾਨ ਕਰਕੇ ਸ਼ੁਕਰੀਆ ਅਦਾ ਕਰੋਗੇ ?”…ਸਾਰਿਆਂ ਦਾ ਧੰਨਵਾਦ। ਸਿਰਦਾਰ ਕਪੂਰ ਸਿੰਘ ਦੀ ਦੱਗਦੱਗ ਕਰਦੇ ਚਿਹਰੇ ਤੇ ਮਾਣ ਭਰੇ ਅੰਦਾਜ਼ ਵਿੱਚ ਪੰਥਕ ਏਜੰਡਾ ਸੰਸਾਰ ਸਨਮੁੱਖ ਰੱਖਕੇ ਆਪਣੀ ਥਾਂ ਜਾ ਬਿਰਾਜੇ।
ਸਤਿਗੁਰੂ ਪਿਤਾ ਜੀ ਕੀ ਦਸਾਂ ? ਦੱਸਦਿਆਂ ਭੁੱਬਾਂ ਨਿਕਲਦੀਆਂ ਹਨ! ਤੁਹਾਡੇ ਇੱਕ ਦੋ ਪੁੱਤਰ ਅਖਵਾਣ ਵਾਲੇ ਸਿੱਖ, ਜਿਸ ਵਿੱਚ ਸ਼ਾਇਦ ਪਿਰਥੀ ਚੰਦ, ਸੁਚਾ ਨੰਦ ਜਾਂ ਗੰਗੂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਸੀ। ਇਸ ਦਾ ਨਾਮ ਸੀ ਬਲਵੰਤ ਸਿੰਘ (ਖਜ਼ਾਨਾ ਮੰਤਰੀ) ਜੋ ਸਟੇਜ ਸਕੱਤਰ ਸੀ। ਇਸ ਨੇ ਮਾਈਕ ਹੱਥ ਵਿੱਚ ਲੈ ਕੇ ਬੜੀ ਬੇਹਯਾਈ ਨਾਲ ਹਿਮਾਲਾ ਪਰਬਤ ਜਿੱਡਾ ਘਿਰਣਤ ਪਾਪ ਕਰਦਿਆਂ ਆਖ ਦਿੱਤਾ- ”ਇਹ ਭਾਸ਼ਣ ਜੋ ਤੁਸੀਂ ਹੁਣੇ ਸੁਣਿਆ ਹੈ, ਇਸਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਇਹ ਇਹਨਾਂ ਦੇ ਨਿਜੀ ਵਿਚਾਰ ਅਤੇ ਨਿੱਜੀ ਗਿਲੇ ਸ਼ਿਕਵੇ ਹਨ। ਅਸੀਂ ਬਿਨਾਂ ਕੋਈ ਅਹਿਸਾਨ ਜਤਾਏ ਜੰਤਾ ਪਾਰਟੀ ਜਾਂ ਭਾਰਤ ਸਰਕਾਰ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਾਂਗੇ।” ਸਿਰਦਾਰ ਜੀ ਦੇ ਬੁੱਲ ਫਰਕੇ, ਚਿਹਰੇ ਦਾ ਰੰਗ ਪੀਲਾ ਪੈ ਗਿਆ, ਅੱਖਾਂ ਵਿੱਚੋਂ ਚਿੰਗਿਆੜੇ ਨਿਕਲਦੇ ਪ੍ਰਤੀਤ ਹੋਏ। ਰੋਸ ਪ੍ਰਗਟ ਕਰਦਿਆਂ ਉਠ ਕੇ ਬਾਹਰ ਚਲੇ ਜਾਣ ਲਈ ਖੜ੍ਹੇ ਹੋਏ, ਸਰੀਰ ਕੰਬਣ ਲੱਗਿਆ ਧੜੰਮ ਕਰਕੇ ਡਿੱਗ ਪਏ। ਸਹਾਰਾ ਦੇ ਕੇ ਕੁਰਸੀ ਤੇ ਬਿਠਾਇਆ। ਪਾਣੀ ਮੂੰਹ ਨੂੰ ਲਾਇਆ, ਜ਼ਰਾ ਠੀਕ ਹੋਣ ਤੇ, ਬਲਵੰਤ ਸਿੰਘ ਨੂੰ ਲਾਹਣਤਾਂ ਪਾਉਂਦੇ ਬਾਹਰ ਚਲੇ ਗਏ। ਪਿਤਾ ਜੀ ਤੁਹਾਡੇ ਅਕਾਲੀ ਪੁੱਤਰਾਂ ਦੀ ਜ਼ਬਾਨ ਨੂੰ ਭੀ ਤਾਲੇ ਲੱਗੇ ਰਹੇ। ਬਲਵੰਤ ਸਿੰਘ ਉਸੇ ਤਰ੍ਹਾ ਮੰਤਰੀ ਬਣਦਾ ਰਿਹਾ, ਕਪੂਰ ਸਿੰਘ ਉਸੇ ਤਰ੍ਹਾ ਵਿਲਕਦਾ ਰਿਹਾ। ਲੀਡਰ ਲੋਕ ਪੰਥ ਦਾ ਮਾਸ ਨੋਚਦੇ ਰਹੇ। ਭਾਰਤ ਸਰਕਾਰ ਦੇ ਹਿੰਦੂ ਲੀਡਰ ਇਹ ਤਮਾਸ਼ਾ ਵੇਖਕੇ ਮੁਸ਼ਕੜੀਏ ਹਸਦੇ, ਬਿਨਾਂ ਕੁੱਝ ਦਿੱਤਿਆਂ ਵਾਪਸ ਪਰਤ ਗਏ।
ਸਤਿਗੁਰੂ ਜੀ ਮੁਆਫ ਕਰਨਾ! ਮੈਂ ਕੁੱਝ ਜ਼ਿਆਦਾ ਹੀ ਭਾਵੁਕ ਹੋ ਗਿਆ ਸੀ। ਤੁਸੀਂ ਤਾਂ ਜਾਣੀ ਜਾਣ ਹੋ। ਕਿਰਪਾ ਕਰਕੇ ਸਾਨੂੰ ਕੁੱਝ ਸੁਮੱਤ ਦਿਓ ਤਾਂਕਿ ਤੁਹਾਡੀਆਂ ਸ਼ਤਾਬਦੀਆਂ ਮਨਾਉਣ ਦੀ ਸਾਨੂੰ ਸੋਝੀ ਆ ਜਾਵੇ। ਨਹੀਂ ਤਾਂ ਹੁਣ ਤੱਕ ਕਾਵਾਂ ਰੌਲੀ ਹੀ ਪੈਂਦੀ ਰਹੀ ਹੈ।
ਸਤਿਕਰਤਾਰ ਬਾਬਾ ਜੀ! ਪੈਰੀਂ ਪਵਣਾ ਪਰਵਾਨ ਕਰਨਾ ਜੀ।
ਤੁਹਾਡਾ ਇੱਕ ਮਾਮੂਲੀ ਜਿਹਾ ਸੇਵਕ …..
ਪੰਥਕ ਬੇੜਾ ਗਰਕ ਕਰਨ ਲਈ ਕੀ ਇਹ ਕੁੱਝ ਕਾਫ਼ੀ ਨਹੀਂ ਹੈ।