ਬਾਬਾ ਫਿਰਿ ਮਕੇ ਗਇਆ

0
1268

ਸਤਿਗੁਰੂ ਨਾਨਕ ਸਾਹਿਬ ਜੀ ਏਸ਼ੀਆ ਭਰ ਦੇ ਅਨੇਕ ਥਾਵਾਂ ਤੇ ਗਏ, ਆਪਣੇ ਉੱਚੇ-ਸੁੱਚੇ ਵੀਚਾਰਾਂ ਦੀ ਗਹਿਰੀ ਛਾਪ ਲੋਕ ਮਨਾਂ ਤੇ ਅੰਕਿਤ ਕਰਦੇ ਗਏ। ਸੰਸਾਰ ਤੇ ਆਉਣਾ ਹੀ ਉਨ੍ਹਾਂ ਦੀ ਇੱਕ ਵੱਡੀ ਕਰਾਮਾਤ ਸੀ। ਜੋ ਉਪਦੇਸ਼ ਉਨ੍ਹਾਂ ਨੇ ਕੀਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ। ਇਨ੍ਹਾਂ ਤੋਂ ਇਲਾਵਾ ਜੋ ਵੀਚਾਰ ਵਟਾਂਦਰੇ, ਸਤਿਗੁਰੂ ਜੀ ਨੇ ਕੀਤੇ, ਸੁਆਲਾਂ ਦੇ ਜੁਵਾਬ ਦਿੱਤੇ, ਉਹ ਸਾਡੇ ਤੱਕ ਨਹੀਂ ਪੁੱਜੇ। ਸਤਿਗੁਰੂ ਜੀ ਦੀ ਬਾਣੀ ਤੇ ਅਧਾਰਤ, ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਚਾਨਣ ਵਿਚ, ਬਹੁਤ ਸਾਰੀਆਂ ਸਾਖੀਆਂ ਭੀ ਮਿਲਦੀਆਂ ਹਨ, ਜੋ ਕੀਮਤੀ ਖ਼ਜ਼ਾਨਾ ਹਨ। ਇਨ੍ਹਾਂ ਉੱਤਮ ਕਿਰਤਾਂ ਤੋਂ ਇਲਾਵਾ ਬਹੁਤ ਸਾਰਾ ਪੌਰਾਣਕ ਅੰਸ, ਜੋ ਹਿੰਦੂ ਸਾਹਿਤ ਵਿਚ, ਆਮ ਜਨ ਸਮੂਹ ਦੀ ਜ਼ੁਬਾਨ ਤੇ ਚੜ੍ਹਿਆ ਹੋਇਆ ਹੈ, ਉਹ ਭੀ ਸਿੱਖ ਸਾਹਿਤ ਵਿਚ ਕਈ ਰੂਪਾਂ ਵਿਚ ਪ੍ਰਚੱਲਤ ਹੋ ਗਿਆ ਹੈ। ਸਤਿਗੁਰੂ ਜੀ ਨੂੰ ਬਹੁਤ ਉੱਚਾ, ਬਹੁਤ ਸ਼ਕਤੀਸਾਲੀ ਅਤੇ ਕਰਾਮਾਤੀ ਮਹਾਂਪੁਰਖ ਸਿੱਧ ਕਰਨ ਵਾਸਤੇ ਪਰਾਭੌਤਕ ਕਹਾਣੀਆਂ ਭੀ ਸਬੰਧਤ ਕਰ ਦਿਤੀਆਂ ਗਈਆਂ ਹਨ। ਅੱਜ ਦੇ ਸਮੇਂ ਇਹ ਕਥਾ ਕਹਾਣੀਆਂ ਆਮ ਇਨਸਾਨ ਨੂੰ ਕੀ ਸਿੱਖਿਆ ਦਿੰਦੀਆਂ ਹਨ, ਇਹ ਵਿਚਾਰ ਕਰਨ ਦੀ ਜ਼ਰੂਰਤ ਹੈ।

ਅਣਗਿਣਤ ਕਰਾਮਾਤੀ ਕਹਾਣੀਆਂ ਵਿਚੋਂ ਇੱਕ ਹੈ “ਮੱਕਾ ਘੁਮਾਉਣ ਦੀ ਸਾਖੀ” ਜਿਵੇਂ ਸਤਿਗੁਰੂ ਜੀ ਹਿੰਦੂ ਤੀਰਥਾਂ ਤੇ ਗਏ, ਜੋਗੀਆਂ ਸਨਿਅਸੀਆਂ ਕੋਲ ਗਏ, ਲੰਕਾ, ਨਿਪਾਲ, ਤਿਬਤ, ਚੀਨ, ਰੂਸ ਤੱਕ ਗਏ, ਕਿਸ ਵਾਸਤੇ? ਹੱਕ-ਸੱਚ ਦਾ ਸੁਨੇਹਾ, ਭਰਾਤਰੀ ਭਾਵ, ਵੰਡ ਛਕਣਾ ਤੇ ਇਕੋ ਖ਼ੁਦਾ ਨੂੰ ਮੰਨਣਾ। ਜਿਵੇਂ ਕਿ ਅਕਸਰ ਹੋਇਆ ਕਰਦਾ ਹੈ, ਮਹਾਂਪੁਰਖਾਂ ਵੱਲੋਂ ਦਿੱਤੇ ਉਪਦੇਸ਼ ਸਮਾਂ ਪਾਕੇ ਪਿਛਾਂਹ ਰਹਿ ਜਾਂਦੇ ਹਨ, ਆਪਣੇ ਵੱਲੋਂ (ਆਮ ਸੇਵਕਾਂ ਵੱਲੋਂ) ਘੜੀਆਂ ਕਹਾਣੀਆਂ ਅਗੇ ਨਿਕਲ ਜਾਂਦੀਆਂ ਹਨ। ਸ਼ਰਧਾਲੂ ਸੇਵਕਾਂ ਨੇ ਏਥੇ ਵੀ “ਫਿਰਿਆ ਮੱਕਾ ਕਲਾ ਦਿਖਾਰੀ”, ਪੰਕਤੀ ਦਾ ਸਹਾਰਾ ਲੈ ਕੇ ਮੱਕਾ ਸ਼ਹਿਰ ਘੁੰਮਦਾ ਬਿਆਨ ਕਰ ਦਿੱਤਾ। ਜਦੋਂ ਕਿ ਕਿਸੇ ਸਥਾਨ ਦਾ ਘੁੰਮਣਾ ਸੰਭਵ ਨਹੀਂ ਹੈ। ਜੇ ਸਤਿਗੁਰੂ ਜੀ ਨੇ ਕਰਾਮਾਤੀ ਸ਼ਕਤੀ ਨਾਲ ਸ਼ਹਿਰ ਘੁੰਮਾਉਣਾ ਸੀ, ਤਾਂ ਹਜ਼ਾਰਾਂ ਮੀਲਾਂ ਦਾ ਸਫ਼ਰ, ਦੋ-ਢਾਈ ਸਾਲ ਦਾ ਔਖਾ ਸਮਾਂ, ਅਨੇਕ ਰਾਹਾਂ ਦੀਆਂ ਔਕੜਾਂ ਵਿਹਾਝਣ ਦੀ ਕੀ ਲੋੜ ਸੀ? ਕਿਉਂਕਿ ਕਰਾਮਾਤੀ ਸ਼ਕਤੀ ਵਰਤਕੇ ਤਾਂ ਕਰਤਾਰਪੁਰੋਂ ਹੀ ਮੱਕਾ ਘੁਮਾ ਦਿੰਦੇ ਤਾਂ ਜ਼ਿਆਦਾ ਬੇਹਤਰ ਸੀ। ਬਾਬਾ ਜੀ ਨੇ ਤਾਂ ਮੌਲਾਣਿਆਂ ਤੋਂ ਚੋਟਾਂ-ਸੱਟਾਂ ਭੀ ਬਰਦਾਸ਼ਤ ਕੀਤੀਆਂ, “ਜੀਵਣਿ ਮਾਰੀ ਲੱਤ ਦੀ, ਕਿਹੜਾ ਸੁਤਾ ਕੁਫਰ ਕੁਫਾਰੀ”? ਲੱਤ ਤੋਂ ਪਕੜ ਕੇ ਸਤਿਗੁਰੂ ਜੀ ਨੂੰ ਘਸੀਟਿਆ ਗਿਆ, ਕਾਫਰ ਆਦਿ ਭੀ ਅਖਵਾਇਆ। ਜੇ ਕਿਸੇ ਅਲੌਕਿਕ ਸ਼ਕਤੀ ਰਾਹੀਂ ਮੱਕਾ ਘੁੰਮ ਸਕਦਾ ਸੀ ਤਾਂ ਚੋਟਾਂ ਕਿਸ ਕਾਰਨ ਖਾਣੀਆਂ ਪਈਆਂ? ਘਸੀਟਿਆ ਜਾਣਾ ਕਿਸ ਕਾਰਨ ਪ੍ਰਵਾਨ ਕੀਤਾ? ਕਾਫਰ ਆਦਿ ਭੀ ਕਿਉਂ ਅਖਵਾਇਆ? ਕੋਈ ਸ਼ੌਂਕ ਸੀ ਇਸ ਤਰ੍ਹਾਂ ਅਪਮਾਨ ਕਰਵਾਉਣ ਦਾ?

ਪਹਿਲਾਂ ਇਹ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਕਿ ਅਰਬ-ਅਮੀਰਾਤ ਦੇਸ਼ ਵਿਚ, ਇੱਕ ਬਹੁਤ ਮਹਤਵਪੂਰਨ ਸ਼ਹਿਰ, ਜਿਸਦਾ ਨਾਮ ਮੱਕਾ ਹੈ। ਇਸ ਮੱਕੇ ਸ਼ਹਿਰ ਵਿਚ ਇਕ ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਧਰਮ ਅਸਥਾਨ ਹੈ, ਜਿਸਦਾ ਨਾਮ ਹੈ “ਕਾਅਬਾ” ਇਸ ਕਾਅਬੇ ਦੇ ਅੰਦਰ ਇਕ ਗੋਲ਼ਾਈ ਵਿਚ ਤਿਆਰ ਕੀਤੀ “ਡਾਟ” ਹੈ ਉਸਨੂੰ ਮਹਿਰਾਬ ਆਖਦੇ ਹਨ। ਸਤਿਗੁਰੂ ਜੀ ਮੱਕੇ ਸ਼ਹਿਰ ਗਏ, ਕਾਅਬਾ ਧਰਮਸਥਾਨ ਵਿਚ ਪੁੱਜੇ, ਰਾਤ ਸਮੇਂ ਮਹਿਰਾਬ ਵੱਲ (ਡਾਟ) ਪੈਰ ਕਰਕੇ ਲੇਟ ਗਏ। ਇੱਕ ਮੁਸਲਮਾਨ ਸੇਵਕ ਨੇ ਇਸ ਧਾਰਮਿਕ ਅਵੱਗਿਆ ਕਾਰਨ ਸਤਿਗੁਰੂ ਜੀ ਨੂੰ ਭਾਰੀ ਚੋਟ ਮਾਰੀ (‘ਜੀਵਣਿ’ ਦਾ ਅਰਥ ਚੋਟ ਹੈ, ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ, ਪੰਨਾ—527) ਫਿਰ “ਟੰਗੋਂ ਪਕੜਿ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ॥” (32/1) ਹੁਣ ਦੁਬਾਰਾ ਵਿਚਾਰ ਕਰੀਏ; ਸਤਿਗੁਰੂ ਜੀ ਧਰਮ ਅਸਥਾਨ ਕਾਅਬੇ ਵਿਚ ਲੇਟ ਗਏ, ਮਹਿਰਾਬ (ਪਵਿੱਤਰ ਡਾਟ) ਵੱਲ ਪੈਰ ਕਰ ਲਏ। ਜਦੋ ਚੋਟ ਮਾਰੀ ਗਈ ਤੇ ਟੰਗਾਂ ਤੋਂ ਫੜ ਕੇ ਬਾਬਾ ਜੀ ਨੂੰ ਘਸੀਟਿਆ ਗਿਆ ਤਾਂ ਸਾਰਾ ਮੱਕਾ (ਸ਼ਹਿਰ) ਘੁੰਮਣ ਲੱਗ ਪਿਆ। ਤੇ ਸਾਰੇ ਮੁਸਲਮਾਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸ਼ਕਾਰ ਕੀਤੀ, ਕਿਉਂ? ਇਹ ਕੌਤਕ ਵੇਖਕੇ। ਅੱਗੇ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਚੌਂਤੀ ਨੰ. ਪਉੜੀ ਵਿਚ ਲਿਖਦੇ ਹਨ, ਕਿ ਸਤਿਗੁਰੂ ਜੀ ਨੇ ਮੱਕੇ ਵਿਚ ਆਪਣੇ ਚਰਨਾਂ ਦੀ ਜੁੱਤੀ (ਖੜਾਂਵ) ਨਿਸ਼ਾਨੀ ਵਾਸਤੇ ਟਿਕਾ ਦਿੱਤੀ। ਪਰ ਕੀ ਮੁਸਲਮਾਨ ਲੋਕ ਆਪਣੇ ਸਭ ਤੋਂ ਪਵਿੱਤਰ ਸਥਾਨ ਵਿਚ ਜੁੱਤੀ ਰੱਖਣ ਦੀ ਇਜ਼ਾਜਤ ਦੇਣਗੇ? ਭਾਵੇਂ ਉਹ ਕਿਸੇ ਭੀ ਮਹਾਂਪੁਰਖ ਦੀ ਕਿਉਂ ਨਾ ਹੋਵੇ? ਭਾਈ ਗੁਰਦਾਸ ਜੀ ਇਸੇ ਵਾਰ ਦੀ 37ਵੀਂ ਪਉੜੀ ਵਿਚ ਇਹ ਭੀ ਫੁਰਮਾਨ ਕਰਦੇ ਹਨ “ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ”…ਦੇਵ ਦਾਨੋ ਰਾਕਸਿ ਦੈਤ ਸਭ, ਚਿਤਿ ਗੁਪਤਿ ਸਭਿ ਚਰਨੀ ਲਾਇਆ॥

ਇੰਦ੍ਰਾਸਣਿ ਅਪਛਰਾ, ਰਾਗ ਰਾਗਨੀ ਮੰਗਲ ਗਾਇਆ॥
ਭਇਆ ਅਨੰਦ ਜਗਤੁ ਵਿਚਿ, ਕਲਿ ਤਾਰਨ ਗੁਰੁ ਨਾਨਕ ਆਇਆ॥
ਹਿੰਦੂ ਮੁਸਲਮਾਣ ਨਿਵਾਇਆ॥ 37/1

ਮੱਕਾ, ਮਦੀਨਾ ਤੇ ਬਗਦਾਦ (ਇਰਾਕ ਦੀ ਰਾਜਧਾਨੀ) ਨੂੰ ਨਿਵਾ ਦਿਤਾ? ਕੀ ਇਹ ਸ਼ਹਿਰ ਨੀਵੇਂ ਹੋ ਗਏ ਜਾਂ ਸਤਿਗੁਰੂ ਜੀ ਦੀ ਵੀਚਾਰ-ਚਰਚਾ ਸਕਦਾ ਇੱਥੋਂ ਦੇ ਲੋਕ ਝੁੱਕ ਕੇ ਸਤਿਗੁਰੂ ਜੀ ਨੂੰ ਨਮਸ਼ਕਾਰਾਂ ਕਰਨ ਲੱਗ ਪਏ? ਦੇਵਤੇ, ਦਾਨੋ, ਰਾਕਸ਼, ਚਿਤਰ-ਗੁਪਤ ਸਾਰੇ ਚਰਨੀਂ ਪਏ, ਪਰ ਕਿਵੇਂ ਇਹ ਤਾਂ ਸਾਰੇ ਕਾਲਪਨਿਕ ਹਨ? ਇੰਦਰ, ਪਰੀਆਂ, ਰਾਗ ਤੇ ਰਾਗਣੀਆਂ ਨੇ ਭੀ ਸਤਿਗੁਰੂ ਜੀ ਦੀ ਵਡਿਆਈ ਦੇ ਗੀਤ ਗਾਏ। ਪਰ ਕਿਵੇਂ? ਇਹ ਭੀ ਕਾਲਪਨਿਕ ਹਨ? ਸਾਰਾ ਸੰਸਾਰ ਅਨੰਦ ਨਾਲ ਭਰ ਗਿਆ, ਪਰ ਕੀ ਉਸ ਤੋਂ ਬਾਅਦ ਗੁਰੂ ਸਾਹਿਬਾਨ ਨੂੰ ਮੁਸੀਬਤਾਂ ਨਹੀਂ ਝੱਲਣੀਆਂ ਪਈਆਂ? ਜੇ ਅਨੰਦ ਹੀ ਪਸਰ ਗਿਆ ਹੈ ਫਿਰ ਸਿੱਖਾਂ ਨੂੰ ਜੰਗ ਕਿਉਂ ਲੜਨੇ ਪਏ? ਇਹ ਲਿਖਤਾਂ ਭਾਵ ਅਰਥਾਂ ਵਿਚ ਲੈਣੀਆਂ ਪੈਣਗੀਆਂ, ਸਿਧੇ ਸ਼ਬਦ ਅਰਥ ਨਹੀਂ ਕੀਤੇ ਜਾ ਸਕਣਗੇ। ਅਨੇਕ ਥਾਈਂ ਹੋਰ ਭੀ ਭਾਵ ਅਰਥ ਹੀ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿਚ ਭੀ ਬਹੁਤ ਥਾਈਂ ਭਾਵ ਅਰਥ ਕਰਨੇ ਪੈਂਦੇ ਹਨ।

ਆਉ ਹੁਣ ਅਸਲ ਮੁੱਦੇ ਵੱਲ ਪਰਤੀਏ, ਸਤਿਗੁਰੂ ਨਾਨਕ ਸਾਹਿਬ ਜੀ ਬੇਅੰਤ ਔਕੜਾਂ ਝੱਲ ਕੇ ਮੱਕੇ ਗਏ, ਕੀ ਮੱਕਾ ਘੁਮਾਉਣ ਲਈ, ਜਾਂ ਕੋਈ ਤੋਂ ਵਡੇਰੇ ਹੋਰ ਕੋਈ ਮਕਸਦ ਸੀ? ਭਾਰਤ ਤੇ ਲੰਮੇ ਸਮੇਂ ਤੋਂ ਅਰਬ ਵੱਲੋਂ ਹਮਲੇ ਹੋ ਰਹੇ ਸਨ। ਜਿਵੇਂ ਸਿੱਖ ਸ਼ਰਧਾਲੂ, ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ, ਗੁਰਦੁਆਰੇ ਅਰਦਾਸ ਕਰਦੇ ਹਨ। ਕੁੱਝ ਇੱਕ ਪਹੁੰਚ ਵਾਲੇ ਸਿੱਖ ਵੱਡੇ ਇਤਿਹਾਸਕ ਅਸਥਾਨਾਂ (ਅੰਮ੍ਰਿਤਸਰ ਆਦਿ) ਤੇ ਜਾ ਹਾਜ਼ਰ ਹੁੰਦੇ ਹਨ ਤੇ ਜੋਦੜੀ ਕਰਾਉਂਦੇ ਹਨ। ਕਾਰਜ ਦੀ ਪੂਰਣਤਾ ਜਾਂ ਸਫਲਤਾ ਤੋਂ ਬਾਅਦ ਫਿਰ ਧੰਨਵਾਦ ਹਿੱਤ ਗੁਰਦੁਆਰੇ ਨਮਸਕਾਰ ਕਰਦੇ ਹਨ। ਬਸ ਏਸੇ ਤਰ੍ਹਾਂ ਮੁਸਲਮਾਨ ਲੋਕ ਭੀ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਖ਼ੁਦਾ ਅਗੇ ਦੁਆ (ਅਰਦਾਸ) ਕਰਦੇ ਹਨ। ਪਹੁੰਚ ਵਾਲੇ ਵੱਡੇ ਮੁਸਲਮਾਨ ਮੱਕੇ ਕਾਅਬੇ ਵਿਚ ਮੁਖੀ ਮੌਲਵੀ ਤੋਂ ਅਰਦਾਸ ਕਰਾਉਂਦੇ ਸਨ। ਭਾਰਤ ਵਿਚ ਆਕੇ ਅਥਾਹ ਜ਼ੁਲਮ ਕਰਦੇ ਸਨ। ਇਥੋਂ ਮਣਾਮੂੰਹੀ ਸੋਨਾ ਚਾਂਦੀ ਲੁੱਟਦੇ ਸਨ, ਕਤਲੋ ਗਾਰਤ ਕਰਦੇ ਸਨ, ਔਰਤਾਂ ਦੀਆਂ ਇੱਜ਼ਤਾਂ ਰੋਲਦੇ ਸਨ। ਬੇਅੰਤ ਸੁੰਦਰ ਲੜਕੀਆਂ ਨੂੰ ਬੰਨ ਕੇ ਆਪਣੇ ਨਾਲ ਲੈ ਜਾਂਦੇ ਸਨ। ਉਸ ਲੁੱਟ ਦੇ ਮਾਲ ਵਿਚੋਂ ਬਹੁਤ ਸਾਰਾ ਧਨ ਅਤੇ ਜਵਾਨ ਲੜਕੀਆਂ ਮੌਲਵੀਆਂ ਦੇ ਅਰਪਣ ਕਰਦੇ ਸਨ। ਅਤੇ ਮੌਲਵੀ ਜੀ ਖ਼ੁਦਾਵੰਦ ਅੱਗੇ ਹੋਰ ਚੜ੍ਹਦੀ ਕਲਾ ਦੀ ਦੁਆ ਕਰਦੇ ਸਨ। ਸਤਿਗੁਰੂ ਨਾਨਕ ਸਾਹਿਬ ਜੀ ਨੇ ਭਾਰਤ ਦੇਸ਼ ਦੀ ਦੁਰਗਤ ਹੋਈ ਖ਼ੁਦ ਵੇਖੀ। ਸਾਰੇ ਦੇਸ਼ ਵਿਚ ਚੱਕਰ ਲਾਇਆ, ਲੋਕਾਂ ਦੀ ਕੁਰਲਾਹਟ ਸੁਣੀ/ਵੇਖੀ। ਇਨ੍ਹਾਂ ਜ਼ਾਲਮ ਲੁਟੇਰਿਆਂ ਨੂੰ ਮੱਕੇ/ਕਾਅਬੇ ਵੱਲੋਂ ਧਰਮੀ ਹੋਣ ਦਾ ਝੂਠਾ ਖ਼ਿਤਾਬ ਭੀ ਪ੍ਰਾਪਤ ਸੀ। ਸਤਿਗੁਰੂ ਜੀ ਨੇ ਕਾਅਬੇ ਵਿਚ ਮਹਿਰਾਬ ਵੱਲ ਪੈਰ ਪਸਾਰ ਕੇ ਜੋ ਕੌਤਕ ਵਰਤਾਇਆ, ਉਸ ਨਾਲ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮੌਲਵੀ ਲੋਕ ਵਿਚਾਰ ਕਰਨੀ ਮੰਨ ਗਏ। ਨਿਸਚਿਤ ਕੀਤੇ ਦਿਨ ਉਥੋਂ ਦੇ ਮੁਖੀ ਸੇਵਾਦਾਰ ਇਕੱਠੇ ਹੋ ਗਏ, ਤੇ ਸਤਿਗੁਰੂ ਜੀ ਨੂੰ ਆਦਰ ਨਾਲ ਬੁਲਾ ਕੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ। ਸਤਿਗੁਰੂ ਜੀ ਨੇ ਪੂਰੀ ਬੇਬਾਕੀ ਨਾਲ, ਹਿੰਦੋਸਤਾਨ ਵਿਚ ਮੁਸਲਮਾਨ ਧਾੜਵੀਆਂ ਵੱਲੋਂ; ਕੀਤੇ ਅਥਾਹ ਜੁਲਮਾਂ ਦੀ ਦਾਸਤਾਨ ਇਨ੍ਹਾਂ ਦੇ ਸਨਮੁੱਖ ਰੱਖੀ। ਵਿਲਕਦੇ ਬੱਚੇ, ਵਿਰਲਾਪ ਕਰਦੀਆਂ ਬੀਬੀਆਂ, ਤੜਪਦੇ ਮਾਤਾ ਪਿਤਾ, ਉੱਜੜ ਚੁੱਕੇ ਪਰਿਵਾਰ, ਮਿੱਟੀ ਵਿਚ ਮਿਲਾਏ ਧਰਮ ਅਸਥਾਨ, ਇਨਸਾਨਾ ਨਾਲ ਪਸ਼ੂਆਂ ਨਾਲੋਂ ਭੈੜਾ ਵਿਹਾਰ, ਜੋ ਧਾੜਵੀਆਂ ਵੱਲੋਂ ਕੀਤਾ ਜਾਂਦਾ ਸੀ, ਉਹ ਸਾਰਿਆਂ ਸਾਹਮਣੇ ਬਿਆਨ ਕੀਤਾ। ਮੌਲਵੀ ਨੀਵੀਆਂ ਪਾਈ ਇਕਾਗਰ ਚਿੱਤ ਸੁਣਦੇ ਰਹੇ। ਅੱਗੋਂ ਸਤਿਗੁਰੂ ਜੀ ਆਖਣ ਲੱਗੇ “ਮੌਲਵੀ ਜੀ! ਉਨ੍ਹਾਂ ਲੁਟੇਰਿਆਂ ਜੋ ਕੀਤਾ ਉਹ ਤਾਂ ਦੁਖਦਾਈ ਹੈ ਹੀ, ਪਰ ਜੋ ਜ਼ੁਲਮ ਤੁਸੀਂ ਕਮਾ ਰਹੇ ਹੋ, ਉਹ ਇਨ੍ਹਾਂ ਤੋਂ ਕਿਤੇ ਵੱਡਾ ਹੈ। ਫਿਰ ਮੁਸਲਮਾਨਾਂ ਦੇ ਪਵਿੱਤਰ ਅਸਥਾਨ ਕਾਅਬੇ ਵਿਚ ਬੈਠ ਕੇ ਜ਼ੁਲਮ? ਖ਼ੁਦਾ ਨੂੰ ਕੀ ਜਵਾਬ ਦਿਓਗੇ? ਮੁਹੰਮਦ ਸਾਹਿਬ ਤੁਹਾਡੀ ਕਿਵੇਂ ਗਵਾਹੀ ਦੇਣਗੇ, ਕੀ ਦੋਜਖ਼ ਦੀ ਅੱਗ ਵਿਚ ਨਹੀਂ ਸਾੜੇ ਜਾਉਗੇ?” ਮੌਲਵੀ ਚੌਂਕ ਗਏ, ਗੁੱਸੇ ਵਿਚ ਮੁੱਖੀ ਨੇ ਆਖਿਆ “ਪਰ ਨਾਨਕ ਜੀ ਅਸੀਂ ਦੋਜਖ ਦੀ ਅੱਗ ਵਿਚ ਨਿਰਪਰਾਧ ਕਿਉਂ ਸੜਾਂਗੇ?” ਸਤਿਗੁਰੂ ਜੀ ਓਸੇ ਤਰ੍ਹਾਂ ਸ਼ਾਂਤ ਚਿੱਤ ਬੋਲੇ; “ਜਦੋਂ ਧਾੜਵੀਆਂ ਦੀਆਂ ਫੌਜ਼ਾਂ ਹਿੰਦ ਵੱਲ ਕੂਚ ਕਰਦੀਆਂ ਹਨ, ਤਾਂ ਕੀ ਪਹਿਲਾਂ ਤੁਹਾਡੇ ਕੋਲੋਂ ਸਫਲਤਾ ਵਾਸਤੇ ਅਰਦਾਸ ਨਹੀਂ ਕਰਾਉਂਦੀਆ? ਫਿਰ ਹਿੰਦ ਵਿਚ ਵੱਡੇ-ਵੱਡੇ ਜ਼ੁਲਮ ਕਰਕੇ ਜਦੋਂ ਫੌਜਾਂ ਵਾਪਸ ਪਰਤਦੀਆਂ ਹਨ, ਤੁਸੀਂ ਕੁੱਝ ਭੇਟਾ ਲੈ ਕੇ ਉਨ੍ਹਾਂ ਦੀ ਸਫਲਤਾ ਲਈ ਖ਼ੁਦਾ ਅੱਗੇ ਧੰਨਵਾਦ ਨਹੀਂ ਕਰਦੇ? ਕਰਦੇ ਹੋ ਨਾਂ? ਜੇ ਕਾਤਲਾਂ ਨੂੰ ਕਤਲ ਤੇ ਲੁੱਟ ਮਾਰ ਕਰਨ ਤੋਂ ਪਹਿਲਾਂ ਤੁਸੀਂ ਸਫਲਤਾ ਲਈ ਕਾਅਬੇ ਵਿਚ ਨਿਵਾਜਦੇ ਹੋ, ਅਤਿਅੰਤ ਘਨਾਉਣੇ ਜ਼ੁਲਮ ਕਰਕੇ ਜਦੋਂ ਵਾਪਸ ਆਉਦੇ ਹਨ ਤੇ ਫਿਰ ਕੁੱਝ ਛਿਲੜਾਂ ਵੱਟੇ ਉਨ੍ਹਾਂ ਲਈ ਖ਼ੁਦਾ ਅੱਗੇ ਦੁਆ ਕਰਦੇ ਹੋ, ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਵਿਚ। ਕੀ ਇਸ ਤਰ੍ਹਾਂ ਦੁਆ ਕਰਨ ਨਾਲ ਉਹ ਸਾਰੇ ਪਾਪ ਕਰਮ ਹੱਕ (ਪੁੰਨ-ਜਾਇਜ) ਬਣ ਗਏ? ਤੁਹਾਡੀ ਅਸੀਰਵਾਦ ਕਾਰਨ ਉਨ੍ਹਾਂ ਦੇ ਹੌਂਸਲੇ ਵੱਧ ਜਾਂਦੇ ਹਨ। ਉਹ ਧਾੜਵੀ ਅੱਗੋਂ ਹੋਰ ਜ਼ੁਲਮ ਕਰਦੇ ਹਨ। ਪਾਪ ਦੀ ਖੱਟੀ ਵਿਚੋਂ ਕੁੱਝ ਹਿਸਾ ਤੁਹਾਨੂੰ ਦੇ ਦਿੰਦੇ ਹਨ, ਤੁਸੀਂ ਖੁਸ਼ ਹੋ ਕੇ ਫਿਰ ਗਲਤ ਦੁਆਵਾਂ ਦੇਈ ਜਾ ਰਹੇ ਹੋ। ਕੀ ਖ਼ੁਦਾਂ ਦੇ ਦਰ ਤੇ ਇਹ ਅਰਦਾਸਾਂ ਕਬੂਲ ਪੈਣਗੀਆਂ? ਇਸ ਪਵਿੱਤਰ ਅਸਥਾਨ ਨੂੰ ਤੁਸੀਂ ਕਲੰਕਤ ਤਾਂ ਨਹੀਂ ਕਰ ਰਹੇ? ਕੀ ਤੁਸੀਂ ਸੱਚੀਂ ਧਰਮੀ ਪੁਰਖ ਹੋ? ਕਾਅਬੇ ਦੇ ਵੱਡੇ ਪੁਜਾਰੀ ਵੱਡੇ ਧਰਮੀ ਲੋਕ…?

ਬਸ ਕਰੋ ਨਾਨਕ ਜੀ, ਬਸ ਕਰੋ। ਸਾਥੋਂ ਹੋਰ ਨਹੀਂ ਸੁਣਿਆ ਜਾਂਦਾ, ਬਹੁਤ ਹੋ ਗਿਆ, ਤੁਸੀਂ ਸਾਡੀ ਸੁੱਤੀ ਆਤਮਾ ਨੂੰ ਝੰਜੋੜਕੇ ਜਗਾ ਦਿੱਤਾ ਹੈ। ਧੰਨ ਹੋ ਤੁਸੀਂ, ਧੰਨ ਤੁਹਾਡੇ ਵਿਚਾਰ। ਅਸੀਂ ਖ਼ੁਦਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪ੍ਰਣ ਕਰਦੇ ਹਾਂ ਕਦੀ ਭੀ ਅਜਿਹੇ ਕੰਮਾਂ ਵਾਲਿਆਂ ਦੀ, ਡਾਕੂਆਂ ਲੁਟੇਰਿਆਂ ਦੀ, ਕਾਤਲਾਂ ਧਾੜਵੀਆਂ ਦੀ, ਅਰਦਾਸ ਨਹੀਂ ਕਰਾਂਗੇ। ਉਨ੍ਹਾਂ ਦਾ ਦਿੱਤਾ ਹੋਇਆ ਧਨ ਪਦਾਰਥ ਪ੍ਰਵਾਨ ਨਹੀਂ ਕਰਾਂਗੇ।

ਇਸ ਮਹੱਤਵਪੂਰਨ ਲੰਮੀ ਵਿਚਾਰ ਤੋਂ ਬਾਅਦ ਸਤਿਗੁਰੂ ਜੀ ਮਦੀਨੇ ਗਏ, ਉਥੇ ਭੀ ਹੱਕ-ਸੱਚ ਦਾ ਉਪਦੇਸ਼ ਦਿੱਤਾ। ਵਾਪਸੀ ਤੇ ਅਨੇਕ ਥਾਵਾਂ ਤੋਂ ਹੁੰਦਿਆਂ ਹੋਇਆਂ, ਬਗਦਾਦ ਆ ਪਧਾਰੇ। ਇਥੇ ਭੀ ਉੱਤਮ ਉਪਦੇਸ਼ ਦੇ ਕੇ ਸਹੀ ਜੀਵਨ ਸੇਧ ਬਖ਼ਸ਼ੀ। ਇਸ ਤੋਂ ਬਾਅਦ ਸਾਰੇ ਸਬੂਤ ਤਾਂ ਭਾਵੇਂ ਪ੍ਰਾਪਤ ਨਹੀਂ ਹਨ, ਪਰ ਇੱਕ ਗੱਲ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਮੁਸਲਮਾਨ ਧਾੜਵੀਆਂ ਨੂੰ ਕਾਅਬੇ ਦੀ ਸਰਪ੍ਰਸਤੀ, ਭਾਵ ਧਾਰਮਕ ਛਤਰੀ ਮਿਲਣੀ ਬੰਦ ਹੋ ਗਈ। ਧਾੜਵੀ ਲੋਕ ਜੋ ਮਰਜੀ ਕਰਦੇ, ਪਰ ਉਨ੍ਹਾਂ ਨੂੰ ਕਾਅਬੇ ਵੱਲੋਂ ਅਸੀਰਵਾਦ ਪ੍ਰਾਪਤ ਹੋਣੋ ਬੰਦ ਹੋ ਗਈ। ਭਾਵੇਂ ਉਸ ਤੋਂ ਬਾਅਦ ਹਿੰਦ ਵਿਚ ਲੁੱਟਾਂ-ਖੋਹਾਂ, ਕਤਲੋ-ਗਾਰਤ ਹੋਈ, ਪਰ ਕਾਅਬੇ ਦਾ ਦਖ਼ਲ ਬੰਦ ਹੋ ਗਿਆ। ਇਸ ਦਾ ਪੱਕਾ ਸਬੂਤ ਹੈ ਇੰਦੂ ਭੂਸਨ ਬੈਨਰਜੀ, ਬੰਗਾਲੀ ਇਤਿਹਾਸਕਾਰ ਵੱਲੋਂ ਲਿਖੀ ਇਹ ਲਿਖਤ “ਜਦੋਂ ਔਰਗਜ਼ੇਬ ਹਿੰਦ ਵਿਚ ਕੀਤੇ ਜ਼ੁਲਮਾਂ ਕਾਰਨ ਬਹੁਤ ਬਦਨਾਮ ਹੋ ਗਿਆ ਤੇ ਪ੍ਰੇਸ਼ਾਨ ਰਹਿਣ ਲੱਗਾ ਤਾਂ ਉਸਨੇ ਨੇ ਪੌਣੇ ਸੱਤ ਲਖ ਰਪਇਆ, ਕੀਮਤੀ ਬਸਤਰ, ਹੀਰੇ ਜਵਾਹਰਾਤ ਆਦਿ ਮੱਕੇ/ਕਾਅਬੇ ਦੇ ਵੱਡੇ ਮੌਲਵੀਆਂ ਲਈ, ਅਤੇ ਧਰਮ ਕਾਰਜਾਂ ਲਈ ਭੇਜੇ। ਖ਼ੁਦਾਵੰਤ ਅੱਗੇ ਦੁਆ ਕਰਨ ਦੀ ਬੇਨਤੀ ਕੀਤੀ।ਸੇਵਕਾਂ ਨੇ ਸਾਰਾ ਸਾਮਾਨ ਕਾਅਬੇ ਜਾ ਅਰਪਣ ਕੀਤਾ। ਪਤਾ ਲੱਗਣ ਤੇ ਕਿ ਇਹ ਸਭੋ ਤੋਹਫੇ ਔਰੰਗਜ਼ੇਬ ਵੱਲੋਂ ਆਏ ਹਨ, ਉਸ ਸਾਰੇ ਅਤਿਅੰਤ ਕੀਮਤੀ ਸਮਾਨ ਅਤੇ ਵੱਡੀ ਰਕਮ ਨੂੰ ਕਾਅਬੇ ਦੇ ਮੌਲਵੀਆਂ ਇਹ ਆਖਕੇ ਫਿਟਕਾਰ ਦਿੱਤਾ: “ਇਸ ਅਰਪਣ ਕੀਤੇ ਸਮਾਨ ਵਿਚ ਬੇਦੋਸ਼ੇ ਲੋਕਾਂ ਦੇ ਹੌਕੇ ਤੇ ਬਦ-ਦੁਆਵਾਂ ਹਨ, ਇਸ ਜ਼ੋਰ ਜ਼ਬਰ ਨਾਲ ਇਕੱਠੇ ਕੀਤੇ ਧਨ ਵਿਚੋਂ ਕੁੱਝ ਭੇਟਾਂ ਕਾਅਬੇ ਵਿਚ ਅਰਪਣ ਕਰਨ ਨਾਲ ਹੱਕ ਹਲਾਲ ਨਹੀਂ ਬਣ ਜਾਣੀ। ਇਸ ਲਈ ਇਸ ਨੂੰ ਵਾਪਸ ਲੈ ਜਾਉ। ਔਰਗਜ਼ੇਬ ਨੂੰ ਕਹੋ ਕਿ ਉਹ ਗ਼ਰੀਬਾਂ-ਨਿਤਾਣਿਆਂ ਤੇ ਜ਼ੁਲਮ ਕਰਨੇ ਬੰਦ ਕਰ ਦੇਵੇ, ਖ਼ੁਦਾ ਦੇ ਦਰ ਤੇ ਉਸ ਨੂੰ ਤਾਂ ਹੀ ਮਾਣ ਮਿਲੇਗਾ।” ਉਸ ਦਿਨ ਤੋਂ ਬਾਅਦ ਅੋਰੰਗਜ਼ੇਬ ਮਾਨਸਿਕ ਤੌਰ ਤੇ ਡਿੱਗ ਪਿਆ, ਅਤੀ ਪ੍ਰੇਸ਼ਾਨ ਰਹਿਣ ਲੱਗਾ।

ਭਾਵੇਂ ਬਹੁਤ ਦੇਰ ਬਾਅਦ ਹੀ ਸਹੀਂ ਪਰ ਗੁਰੂ ਨਾਨਕ ਸਾਹਿਬ ਜੀ ਵਲੋਂ ਕਾਅਬੇ ਦੇ ਮੌਲਵੀਆਂ ਨੂੰ ਖਰੀਆਂ-ਖਰੀਆਂ ਜੋ ਸੁਣਾਈਆਂ ਗਈਆਂ ਸਨ ਉਹ ਰੰਗ ਲਿਆਈਆਂ। ਸਤਿਗੁਰੂ ਜੀ ਕੇਵਲ ਮੱਕਾ ਘੁਮਾਉਣ ਨਹੀ ਸੀ ਗਏ ਸਗੋਂ ਉਹ ਜਿਥੇ ਭੀ ਗਏ ਭੁੱਲੇ ਲੋਕਾਂ ਦੇ ਦਿਲੋਂ ਦਿਮਾਗ਼ ਘੁਮਾ ਦਿਆ ਕਰਦੇ ਸਨ। ਭਟਕੇ ਹੋਏ ਹਜੂਮਾਂ ਨੂੰ ਕੁਰਾਹੇ ਪਏ ਧਰਮੀਆਂ ਨੂੰ ਸਿੱਧੇ ਰਾਹ ਪਾ ਦਿਆ ਕਰਦੇ ਸਨ। ਮੱਕਾ ਘੁਮਾਉਣਾ ਗੁਰੂ ਨਾਨਕ ਸਾਹਿਬ ਜੀ ਲਈ ਜ਼ਰੂਰੀ ਨਹੀਂ ਸੀ, ਸਗੋਂ ਜਿੱਥੋਂ ਪਾਪ ਦੀ ਜੰਝ ਨਿੱਤ ਚੜ੍ਹਕੇ ਆਉਂਦੀ ਸੀ, ਉਸ ਜ਼ੁਲਮੀ ਰਾਹ ਨੂੰ ਸਦਾ ਲਈ ਬੰਦ ਕਰਨਾ ਜ਼ਰੂਰੀ ਸੀ। ਆਪਣੇ ਪਵਿੱਤਰ ਉਪਦੇਸ਼ ਰਾਹੀਂ ਭੀ ਤੇ ਹਥਿਆਰਾਂ ਦੀ ਸ਼ਕਤੀ ਵਰਤ ਕੇ ਭੀ। ਬਾਅਦ ਵਿਚ ਸਤਿਗੁਰੂ ਸਾਹਿਬਾਨ ਤੇ ਸਿੱਖਾਂ ਨੇ ਸ਼ਕਤੀ ਵਰਤਕੇ ਜ਼ੋਰ-ਜ਼ੁਲਮ ਨੂੰ ਠੱਲਿਆ। ਕਾਸ਼! ਕਿ ਅਸੀਂ ਮੱਕੇ/ਕਾਅਬੇ ਦੇ ਘੁਮਾਣ ਦੇ ਸਹੀ ਅਰਥ ਸਮਝ ਸਕੀਏ।