ਦੇਸ਼ ਸੇਵਕ – ਜਸਵਿੰਦਰ ਸਿੰਘ ਰੂਪਾਲ

0
62

“ਹਾ ਬਈ,ਠੀਕ ਐ ਸਭ ਕੁਝ ?”ਡਾ.ਕ੍ਰਿਸ਼ਨਾ ਨੇ ਆਪਣੀ ਸਹਾਇਕ ਤੋਂ ਆਪ੍ਰੇਸ਼ਨ ਦੀ ਤਿਆਰੀ ਸੰਬੰਧੀ ਪੁੱਛਿਆ।
“ਹਾਂ ਜੀ,ਮੈਡਮ ਜੀ,ਉਹ ਤਾਂ ਠੀਕ ਐ, ਪਰ ਰਿਪੋਰਟ ਤਾਂ……।”ਹਰਜੀਤ ਤੋਂ ਅੱਧੀ ਗੱਲ ਹੀ ਕਹੀ ਗਈ।ਉਹ ਉਚੀ ਬੋਲਣ ਤੋਂ ਵੀ ਡਰਦੀ ਸੀ,ਮਤਾਂ ਗੱਲ ਕਿਸੇ ਨੂੰ ਸੁਣ ਨਾ ਜਾਵੇ।
“ਹਾਂ ਹਾਂ ਮੈਂ ਦੇਖੀ ਹੈ ਰਿਪੋਰਟ ਚੰਗੀ ਤਰਾਂ ਅਤੇ ਪਰਿਵਾਰ ਨੂੰ ਵੀ ਚੰਗੀ ਤਰਾਂ ਮਿਲੀ ਹਾਂ।ਬੱਸ ਤੂੰ ਅੰਦਰ ਚਲ ਤੇ ਆਪਣਾ ਕੰਮ ਕਰ।”
ਅਤੇ ਕੁਝ ਸਮੇਂ ਬਾਅਦ ਡਾ. ਕ੍ਰਿਸ਼ਨਾ ਵੀ ਆਪ੍ਰੇਸ਼ਨ ਥਿਏਟਰ ਵਿੱਚ ਸੀ।ਅਤੇ ਫਿਰ ਸਭ ਕੁਝ ਆਮ ਵਾਂਗ ਹੋ ਗਿਆ ਸੀ।ਤਰਸੇਮ ਲਾਲ ਨੂੰ “ਸਭ ਠੀਕ ਹੋ ਗਿਆ ਏ” ਕਿਹਾ ਗਿਆ ਸੀ।ਉਸ ਨੇ ਧੰਨਵਾਦ ਵਿੱਚ ਹੱਥ ਜੋੜ ਦਿੱਤੇ ਸਨ ਅਤੇ ਫਿਰ ਡਰਦੇ ਡਰਦੇ ਨੇ ਡਾਕਟਰ ਵੱਲ ਰੁਪਈਆਂ ਦੀ ਗੁੱਥੀ ਵਧਾ ਦਿੱਤੀ ਸੀ।ਉਪਰੰਤ ਉਹ ਆਪਣੀ ਪਤਨੀ ਦੇਵਕੀ ਕੋਲ ਚਲਾ ਗਿਆ ਸੀ।
ਸੋਚਾਂ ਵਿਚ ਡੁੱਬੀ ਹਰਜੀਤ,ਡਾਕਟਰ ਨੂੰ ਇਕੱਲਿਆਂ ਦੇਖ ਕੇ ਕੈਬਨ ਚ’ ਆਈ ਤੇ ਬੋਲੀ, “ਮੈਡਮ ਰਿਪੋਰਟ ਵਿੱਚ ਤਾਂ ਮੇਲ (ਮੁੰਡਾ) ਸੀ । ਤੁਸੀਂ ਫਿਰ ਵੀ ਅਬੌਰਸ਼ਨ……”
“ਓ ਹਾਂ ਯਾਰ,” ਡਾਕਟਰ ਉਸਦੀ ਗੱਲ ਕੱਟ ਕੇ ਵਿਚਕਾਰੋਂ ਹੀ ਬੋਲੀ, “ਦੇਖ,ਇਹਦੇ ਤਿੰਨ ਮੁੰਡੇ ਪਹਿਲਾਂ ਨੇ,ਦੋ ਕੁੜੀਆਂ ਵੀ ਨੇ।ਜੇ ਮੈ ਲੜਕਾ ਹੋਣ ਬਾਰੇ ਸੱਚ ਦੱਸ ਦਿੰਦੀ,ਤਾਂ ਇਸ ਨੇ ਅਬੌਰਸ਼ਨ ਨਹੀਂ ਸੀ ਕਰਵਾਉਣੀ।ਇੱਕਲਾ ਕਮਾਊ ਹੈ।ਦਿਹਾੜੀ ਕਰਦਾ ਏ।ਆਹ ਪੈਸੇ ਵੀ ਇੱਧਰੋਂ ਓਧਰੋਂ ਫੜ ਕੇ ਲਿਆਇਆ ਏ।ਤਾਂ ਹੀ ਮੈਂ ਦਸ ਹਜਾਰ ਹੀ ਲਿਆ ਏ ਇਹਤੋਂ।ਤੂੰ ਆਪ ਹੀ ਸੋਚ,ਬੱਚੇ ਨੂੰ ਜਨਮ ਦੇ ਕੇ ਉਸ ਦੀ ਗਰੀਬੀ ਅਤੇ ਉਸ ਦੀਆਂ ਮੁਸ਼ਕਲਾਂ ਹੀ ਵਧਣੀਆਂ ਸਨ।ਚਲੋ ਆਪਣੀ ਗਰੀਬੀ ਤਾਂ ਜਿਹੜੀ ਦੂਰ ਹੋਈ ਸੋ ਹੋਈ,…”
ਡਾ. ਕ੍ਰਿਸ਼ਨਾ ਨੇ ਹਲਕੀ ਹਾਸੀ ਹੱਸਦਿਆਂ ਹਰਜੀਤ ਵੱਲ ਦੇਖ ਕੇ ਗੱਲ ਜਾਰੀ ਰੱਖੀ, “ਵੱਡੀ ਗੱਲ ਦੇਸ਼ ਦੀ ਆਬਾਦੀ ਦੀ ਐ।ਇਨਾਂ ਲੋਕਾਂ ਨੂੰ ਤਾਂ ਸਮਝ ਨਹੀਂ ।ਆਪਾਂ ਪੜ੍ਹਿਆਂ ਲਿਖਿਆਂ ਨੇ ਹੀ ਜਨ-ਸੰਖਿਆ ਨੂੰ ਘਟਾਉਣ ਲਈ ਕੁਝ ਕਰਨਾ ਹੈ।ਦੂਜੇ ਮੇਲ-ਫੀਮੇਲ ਰੇਸ਼ੋ ਵੀ ਠੀਕ ਰਹੇਗੀ।ਇਹ ਹੈ ਦੇਸ਼ ਸੇਵਾ।ਚੁੱਪ ਚੁਪੀਤੇ ਸੇਵਾ ਕਰੋ।ਰੌਲਾ ਪਾਉਣ ਦੀ ਲੋੜ ਨਹੀਂ।”
ਹਰਜੀਤ ਕੁਝ ਨਾ ਬੋਲ ਸਕੀ।ਉਹ ਆਪਣੀ”ਦੇਸ਼ ਸੇਵਕ” ਡਾਕਟਰ ਮੈਡਮ ਵੱਲੋਂ ਕੀਤੀ ਜਾ ਰਹੀ ਦੇਸ਼ ਸੇਵਾ ਨੂੰ ਤੋਲ ਰਹੀ ਸੀ