ਕੋਟਲਾ ਛਪਾਕੀ

0
45

ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇੱਕਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ। ਮੁੰਡੇ ਤੇ ਕੁਡ਼ੀਆਂ ਹੱਸ-ਹੱਸ ਗੱਲਾਂ ਕਰਨ ਲੱਗ ਪਏ। ਕੋਈ ਕਹਿਣ ਲੱਗਾ, “ਆਉ ਭੰਡਾ-ਭੰਡਾਰੀਆ ਖੇਡੀਏ।” ਕੋਈ ਕਹਿੰਦਾ, “ਆਉ ਲੁਕਣ-ਮੀਚੀ ਖੇਡੀਏ।” ਕੁਡ਼ੀਆਂ ਕਹਿਣ ਲੱਗੀਆਂ, “ਨਹੀਂ ਨਹੀਂ, ਸਮੁੰਦਰ ਤੇ ਮੱਛੀ।” ਭੋਲੂ ਕਹਿਣ ਲੱਗਾ, “ਡੂੰਮਣਾ ਮਖਿਆਲ ਖੇਡ ਲਵੋ।”

ਜੀਤੀ ਸਭ ਨੂੰ ਚੁੱਪ ਕਰਾਉਂਦੀ ਬੋਲੀ, “ਨਹੀਂ ਬਈ, ਅੱਜ ਤਾਂ ਕੋਟਲਾ-ਛਪਾਕੀ ਖੇਡਾਂਗੇ।” ਸਾਰੇ ਉਸ ਵੱਲ ਵੇਖਣ ਲੱਗ ਪਏ।

ਭੋਲੂ, ਦੀਪੀ, ਲੱਖੀ, ਕੁੱਕੀ, ਘੋਲਾ, ਪੰਮੀ ਤੇ ਬਾਕੀ ਸਾਰੇ ਕਹਿਣ ਲੱਗੇ, “ਹਾਂ ਬਈ ਹਾਂ। ਅੱਜ ਤਾਂ -ਛਪਾਕੀ ਹੀ ਖੇਡਾਂਗੇ।”

ਜੀਤੀ ਖੁਸ਼ ਹੋ ਗਈ ਤੇ ਕਹਿਣ ਲੱਗੀ, “ਆਉ, ਪਹਿਲਾਂ ਦਾਈ ਪੁੱਗ ਲਈਏ।”

ਸਾਰੇ ਜਣੇ ਗੋਲ-ਚੱਕਰ ਬਣਾ ਕੇ ਖਡ਼ੋ ਗਏ। ਜੀਤੀ ਆਪਣੇ ਆਪ ਤੋਂ ਸ਼ੁਰੂ ਕਰਕੇ ਸਾਰਿਆਂ ਨੂੰ ਇੰਞ ਗਿਣਨ ਲੱਗੀ:

“ਈਂਗਣ ਮੀਂਗਣ ਤਲੀ ਤਲੀਂਗਣ ਕਾਲਾ-ਪੀਲਾ ਡੱਕਰਾ।

ਗੁਡ਼ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ।

ਪੱਤਰਾਂ ਵਾਲੇ ਘੋਡ਼ੇ ਆਏ ਹੱਥ ਕਨਾਲੀ, ਪੈਰ ਕਨਾਲੀ।

ਨਿੱਕਲ ਬਾਲਿਆ ਤੇਰੀ ਵਾਰੀ।”

ਦਾਈ ਲੱਖੀ ਦੇ ਸਿਰ ਆਈ। ਜੀਤੀ ਨੇ ਆਪਣੀ ਚੁੰਨੀ ਨੂੰ ਵਟਾ ਦੇ ਕੇ ਕੋਟਲਾ ਬਣਾਇਆ ਤੇ ਲੱਖੀ ਨੂੰ ਦੇ ਦਿੱਤਾ। ਬੱਚੇ ਤਾਡ਼ੀਆਂ ਮਾਰਦੇ ਇੱਕ ਗੋਲ-ਘੇਰੇ ਵਿਚ ਧਰਤੀ ਉੱਤੇ ਬੈਠ ਗਏ। ਸਾਰੇ ਖਿਡਾਰੀ ਘੇਰੇ ਦੇ ਅੰਦਰ ਵੱਲ ਮੂੰਹ ਕਰ ਕੇ ਪੈਰਾਂ ਭਾਰ ਬੈਠ ਗਏ। ਲੱਖੀ ਕੋਟਲਾ ਹੱਥ ਵਿਚ ਫਡ਼ ਕੇ, ਆਪਣੀ ਦਾਈ ਦੇਣ ਲੱਗ ਪਿਆ। ਉਸ ਨੇ ਕੋਟਲਾ ਆਪਣੇ ਝੱਗੇ (ਕਮੀਜ਼) ਥੱਲੇ ਲੁਕਾ ਲਿਆ ਤੇ ਫਿਰ ਉਹ ਘੇਰੇ ਦੇ ਆਲੇ-ਦੁਆਲੇ ਘੁੰਮਣ ਲੱਗਾ। ਸਾਰੇ ਬੱਚੇ ਪਿੱਠਾਂ ਕਰੀ ਚੁਕੰਨੇ ਹੋਏ ਬੈਠੇ ਸਨ।

ਲੱਖੀ ਗੋਲ-ਚੱਕਰ ਦੇ ਚੱਕਰ ਕੱਟਦਾ ਹੋਇਆ ਗਾਉਂਦਾ ਹੈ:

“ਕੋਟਲਾ-ਛਪਾਕੀ ਜੁਮੇਰਾਤ ਆਈ ਏ।”

 ਗੋਲ-ਘੇਰੇ ਵਿੱਚ ਬੈਠੇ ਸਾਰੇ ਬੱਚੇ ਅੱਗੋਂ ਉੱਤਰ ਦਿੰਦੇ:

“ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।”

ਲੱਖੀ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ। ਬੈਠੇ ਬੱਚੇ ਘੁਸਰ-ਮੁਸਰ ਕਰਨ ਲੱਗੇ। ਲੱਖੀ ਨੇ ਅਛੋਪਲੇ ਜਿਹੇ ਕੋਟਲਾ ਪੰਮੀ ਪਿੱਛੇ ਰੱਖ ਦਿੱਤਾ। ਪੰਮੀ ਨੂੰ ਪਤਾ ਨਾ ਲੱਗਾ। ਲੱਖੀ ਨੇ ਚੱਕਰ ਪੂਰਾ ਕਰਕੇ ਪੰਮੀ ਦੇ ਪਿੱਛੋਂ ਕੋਟਲਾ ਚੁੱਕਿਆ ਤੇ ਉਸ ਦੀ ਪਿੱਠ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ। ਪੰਮੀ ਝੱਟ ਉੱਠ ਦੋਡ਼ੀ ਤੇ ਘੇਰੇ ਦੇ ਆਲੇ-ਦੁਆਲੇ ਚੱਕਰ ਕੱਟਣ ਲੱਗੀ। ਸਾਰੇ ਬੱਚੇ ਹੱਸਣ ਲੱਗੇ। ਅੱਗੇ-ਅੱਗੇ ਪੰਮੀ ਤੇ ਪਿੱਛੇ-ਪਿੱਛੇ ਲੱਖੀ। ਪੰਮੀ ਨੂੰ ਕਈ ਕੋਟਲੇ ਖਾਣੇ ਪਏ। ਆਖ਼ਰ ਉਸ ਨੇ ਆਪਣੀ ਥਾਂ ਮੱਲ ਲਈ।

ਲੱਖੀ ਕੋਟਲਾ ਲੈ ਕੇ ਫੇਰ ਦਾਈ ਦੇਣ ਲੱਗਾ ਤੇ ਗਾਉਣ ਲੱਗਾ। ਇਸ ਵਾਰੀ ਉਸ ਨੇ ਕੋਟਲਾ ਭੋਲੂ ਪਿੱਛੇ ਰੱਖ ਦਿੱਤਾ। ਅਜੇ ਲੱਖੀ ਤੇਜ਼ ਦੋਡ਼ਨ ਹੀ ਲੱਗਾ ਸੀ ਕਿ ਭੋਲੂ ਨੂੰ ਝੱਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਲੱਖੀ ਦੇ ਪਿੱਛੇ ਦੌਡ਼ ਪਿਆ। ਦੋ, ਤਿੰਨ ਕੋਟਲੇ ਲੱਖੀ ਦੀ ਪਿੱਠ ਉੱਤੇ ਪਏ। ਸਾਰੇ ਖ਼ੂਬ ਹੱਸ-ਹੱਸ ਰੌਲਾ ਪਾ ਰਹੇ ਸਨ। ਲੱਖੀ ਨੇ ਚੱਕਰ ਕੱਟ ਕੇ ਭੋਲੂ ਵਾਲੀ ਥਾਂ ਮੱਲ ਲਈ ਤੇ ਨਿੱਚਲਾ ਹੋ ਕੇ ਬੈਠ ਗਿਆ।

ਹੁਣ ਭੋਲੂ ਕੋਟਲਾ ਲੈ ਕੇ ਦਾਈ ਦੇਣ ਲੱਗਾ। ਸਾਰੇ ਚੌਕਸ ਹੋ ਗਏ। ਹਰ ਕੋਈ ਟੇਢਾ ਵੇਖ ਕੇ ਆਪਣੇ ਪਿੱਛੇ ਕੋਟਲੇ ਦੀ ਦਾਈ ਦੇਣ ਦੀ ਉਡੀਕ ਕਰਨ ਲੱਗਾ।

 ਭੋਲੂ ਚੱਕਰ ਲਾ ਰਿਹਾ ਸੀ ਤੇ ਗਾ ਰਿਹਾ ਸੀ,

“ਕੋਟਲਾ ਛਪਾਕੀ ਜੁਮੇਰਾਤ ਆਈ ਏ।”

ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲਦੇ:

“ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।”

ਭੋਲੂ ਚਾਹੁੰਦਾ ਸੀ ਕਿ ਉਹ ਜਿਸ ਪਿੱਛੇ ਕੋਟਲਾ ਰੱਖੇ ਉਸ ਦਾ ਕਿਸੇ ਨੂੰ ਪਤਾ ਨਾ ਲੱਗੇ। ਇੰਞ ਉਸ ਨੇ ਗਾਉਂਦੇ-ਗਾਉਂਦੇ ਕਈ ਚੱਕਰ ਲਾਏ ਤੇ ਖੇਡ ਮਘਦੀ ਰਹੀ। ਇਸ ਵਾਰੀ ਕੋਟਲਾ ਜੀਤੀ ਪਿੱਛੇ ਪਿਆ ਸੀ। ਜੀਤੀ ਨੂੰ ਝਟ ਪਤਾ ਲੱਗ ਗਿਆ। ਉਹ ਕੋਟਲਾ ਚੁੱਕ ਕੇ ਤੇਜ਼ ਦੌਡ਼ੀ। ਅੱਗੇ-ਅੱਗੇ ਭੋਲੂ ਤੇ ਪਿੱਛੇ-ਪਿੱਛੇ ਜੀਤੀ। ਸਾਰੇ ਹੱਸ-ਹੱਸ ਰੌਲਾ ਪਾ ਰਹੇ ਸਨ। ਕੋਟਲਾ ਖਾਣ ਤੋਂ ਪਹਿਲਾਂ ਹੀ ਭੋਲੂ ਚੱਕਰ ਕੱਟ ਕੇ, ਜੀਤੀ ਦੀ ਥਾਂ ਉੱਤੇ ਆ ਬੈਠਾ।

ਹੁਣ ਜੀਤੀ ਮੁਡ਼ ਦਾਈ ਦੇਣ ਲੱਗੀ ਤੇ ਚੱਕਰ ਲਾਉਣ ਲੱਗੀ। ਕਦੇ ਹੌਲੀ ਤੇ ਕਦੇ ਤੇਜ਼ ਦੌਡ਼ਦੀ ਹੋਈ ਜੀਤੀ ਗਾਉਣ ਲੱਗੀ:

“ਕੋਟਲਾ ਛਪਾਕੀ ਜੁਮੇਰਾਤ ਆਈ ਏ।”

ਅੱਗੋਂ ਸਾਰੇ ਬੱਚੇ ਉੱਚੀ-ਉੱਚੀ ਬੋਲ ਕੇ ਜਵਾਬ ਦਿੰਦੇ:

“ਜਿਹਡ਼ਾ ਅੱਗੇ-ਪਿੱਛੇ ਦੇਖੇ,  ਉਹਦੀ ਸ਼ਾਮਤ ਆਈ ਏ।”

 ਹਰ ਕੋਈ ਆਪਣੀ ਦਾਈ ਦੀ ਤਾਕ ਵਿੱਚ ਸੀ। ਇੰਞ ਖੇਡ ਚੱਲਦੀ ਰਹੀ ਤੇ ਬੱਚੇ ਅਨੰਦ ਮਾਣਦੇ ਰਹੇ।