ਕਾਤਲ – ਜਸਵਿੰਦਰ ਸਿੰਘ ਰੂਪਾਲ

0
1283

ਮੈਨੂੰ ਇਸ ਸਕੂਲ ਵਿੱਚ ਆਇਆਂ ਮਸਾਂ 10-15 ਕੁ ਦਿਨ ਹੋਏ ਹੋਣਗੇ।ਪੀਰੀਅਡ ਵਿਹਲਾ ਸੀ।ਮੈਂ 3-4 ਹੋਰ ਅਧਿਆਪਕਾਂ ਨਾਲ ਧੁੱਪ ਸੇਕ ਰਿਹਾ ਸੀ ਅਤੇ ਕਿਸੇ ਵਿਸ਼ੇ ਤੇ ਗੱਲ ਬਾਤ ਚਲ ਰਹੀ ਸੀ।ਮੇਰੇ ਤੋਂ ਬਿਨਾਂ ਬਾਕੀ ਦੇ ਅਧਿਆਪਕ ਰੈਗੂਲਰ ਸਨ ਜਿਨਾਂ ਦਾ ਪੜਾਉਣ ਦਾ ਤਜ਼ਰਬਾ ਕਈ ਕਈ ਸਾਲਾਂ ਦਾ ਸੀ ਜਦੋਂ ਕਿ ਮੇਰੀ ਪੋਸਟ ਮੈਨੇਜਮੈਂਟ ਵਾਲੀ ਸੀ।ਇਸ ਲਈ ਮੈਂ ਸੁਣ ਜਿਆਦਾ ਰਿਹਾ ਸੀ ਅਤੇ ਬੋਲ ਘੱਟ ਰਿਹਾ ਸੀ।

ਏਨੇ ਵਿੱਚ ਇੱਕ  ਨੌਵੀਂ ਕਲਾਸ ਦਾ ਵਿਦਿਆਰਥੀ ਆਇਆ ਅਤੇ ਸਾਡੇ ਵਿੱਚ ਖੜੇ ਹਿਸਾਬ ਮਾਸਟਰ ਜੀ ਨੂੰ ਕਹਿਣ ਲੱਗਾ, “ਸਰ ਪੀਰੀਅਡ ਲਗਾ ਲਓ ।ਆਪਣਾ ਪੀਰੀਅਡ ਐ ।” ਮੈਂ ਸਮਝ ਗਿਆ ਕਿ ਇਹ ਸਰ ਆਪਣੀ ਕਲਾਸ ਛੱਡ ਕੇ ‘ਧੁੱਪ ਸੇਕਣ’ਅਤੇ ‘ਗੱਲਾਂ ਮਾਰਨ’ ਲੱਗੇ ਹੋਏ ਨੇ।ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਉਨਾਂ ਵਿਦਿਆਰਥੀ ਨੂੰ ਝਿੜਕ ਕੇ ਵਾਪਸ ਤੋਰ ਦਿੱਤਾ, “ਚਲ ਚਲ ਬੈਠ ਸਾਲਿਆ,ਤੂ ਗਾਹਾਂ ਡੀ. ਸੀ. ਲੱਗਣੈ ?”ਮੈਂ ਇੱਕ ਦਮ ਕੁਝ ਨਾ ਕਿਹਾ ਪਰ ਜਦੋਂ ਬੱਚੇ ਦੇ ਜਾਣ ਤੋਂ ਬਾਅਦ ਸਾਥੀ ਅਧਿਆਪਕ ਵੀ ਚਲੇ ਗਏ ਤੇ ਕੁਦਰਤੀ ਹਿਸਾਬ ਵਾਲੇ ਇਹ ਸਰ ਇਕੱਲੇ ਰਹਿ ਗਏ,ਮੇਰੇ ਤੋਂ ਉਨਾਂ ਨੂੰ ਏਨਾ ਕਹਿਣੋ ਰਹਿ ਨਾ ਹੋਇਆ, “ਸਰ,ਤੁਹਾਨੂੰ ਇਸ ਤਰਾਂ ਵਿਦਿਆਰਥੀ ਦਾ ਦਿਲ ਨਹੀਂ ਸੀ ਤੋੜਨਾ ਚਾਹੀਦਾ।ਜੇ ਜਵਾਬ ਹੀ ਦੇਣਾ ਸੀ,ਕਿਸੇ ਹੋਰ ਢੰਗ ਨਾਲ ਦੇ ਦਿੰਦੇ।”

ਉਨਾਂ ਉਲਟਾ ਮੈਨੂੰ ਕਿਹਾ, “ਤੁਸੀਂ ਅਜੇ ਹੁਣੇ ਹੁਣੇ ਬੀ.ਐਡ. ਕਰਕੇ ਆਏ ਹੋ।ਤੁਹਾਨੂੰ ਚਾਅ ਹੈ ਅਜੇ।ਹੋਰ 7-8 ਸਾਲਾਂ ਤੱਕ ਤੁਸੀਂ ਵੀ ਸਾਡੇ ਵਰਗੇ ਹੋ ਜਾਵੋਗੇ।”

ਮੈਂ ਚੁੱਪ ਕਰ ਗਿਆ।ਮੈਨੂੰ ਲੱਗਿਆ ਕਿ ਸਰ ਨੇ ਵਿਦਿਆਰਥੀ ਦੇ ਕੋਮਲ ਜ਼ਜ਼ਬਿਆਂ ਦਾ ਕਤਲ ਕਰ ਦਿੱਤਾ ਏ।ਉਸ ਦੇ ਸੁਪਨਿਆਂ ਨੂੰ ਸੱਚ ਵਿੱਚ ਬਦਲਣ ਲਈ ਉਸ ਨੂੰ ਉਤਸ਼ਾਹਿਤ ਤਾਂ ਕੀ ਕਰਨਾ ਸੀ,ਸਗੋਂ ਉਨ੍ਹਾਂ ਦਾ ਗਲ਼ਾ ਘੁੱਟ ਦਿੱਤਾ ਏ ਅਤੇ ਮੇਰੇ ਅੰਦਰਲੀ ਵਿਦਿਆਰਥੀ ਦੇ ਮਨੋਵਿਗਿਆਨ ਨੂੰ ਸਮਝਣ ਦੀ ਬਿਰਤੀ ਦਾ ਵੀ ਮਜ਼ਾਕ ਉਡਾਇਆ ਹੈ।ਹੁਣ ਮੈਨੂੰ ਉਹ ਇੱਕ ਹਿਸਾਬ ਮਾਸਟਰ ਨਹੀਂ,ਸਗੋਂ ਇੱਕ ਕਾਤਲ ਲੱਗ ਰਿਹਾ ਸੀ ਅਤੇ ਮੈਂ ਉਸ ਤੋਂ ਪਰ੍ਹੇ ਹੋ ਕੇ ਲਾਇਬਰੇਰੀ ਵਿੱਚ ਚਲਾ ਗਿਆ।