ਅਹਿਸਾਸ – ਤਰਸੇਮ ਬਸ਼ਰ

0
1214

ਉਹ ਅੱਕਿਆ ਹੋਇਆ ਅਰਾਮਦੇਹ ਬੱਸ ਚ ਬੈਠਾ ਹੋਇਆ ਸੀ  ਉਸਨੂੰ ਗੁੱਸਾ ਆ ਰਿਹਾ ਸੀ ਕਿ ਐਨੇ ਖ਼ਰਾਬ ਮੌਸਮ ਵਿੱਚ ਪੰਚੀ ਤੀਹ ਕਿਲੋਮੀਟਰ ਗਿਆ ਵੀ ਪਰ ਜਿਸ ਪਾਰਟੀ ਤੋਂ ਫੀਸ ਦਸ ਹਜਾਰ ਮਿਲਣ ਦੀ ਆਸ ਸੀ ਪਰ ਸਾਹੂਕਾਰ ਬੜਾ ਚਲਾਕ ਸੀ, ਪੰਜ ਹਜਾਰ ਵਿੱਚ ਹੀ ਸਾਰ ਗਿਆ  ਬਾਹਰ ਬਹੁਤ ਧੁੰਦ ਤੇ ਅੰਤਾਂ ਦੀ ਠੰਡ ਸੀ ਪਰ ਉਹ ਅਰਾਮਦੇਹ ਬੱਸ ਦਾ ਆਨੰਦ ਵੀ  ਨਹੀਂ ਲੈ ਪਾ ਰਿਹਾ ਸੀ  ਸਾਹੂਕਾਰ ਪ੍ਰਤੀ ਘ੍ਰਿਣਾ ਨੇ ਉਸ ਦਾ ਦਿਮਾਗ ਗਰਮ ਕਰ ਦਿੱਤਾ ਸੀ ਭਾਵੇਂ ਕਿ ਉਹ ਆਪਣੇ ਆਪ ਨੂੰ ਇਹ ਧਰਵਾਸ ਦੇ ਕੇ ਠੰਡਾ ਕਰਨ ਦਾ ਯਤਨ ਕਰ ਰਿਹਾ ਸੀ ਕਿ ਖਰਚਾ ਤਾਂ ਪੰਜ ਕੁ ਸੌ ਦਾ ਈ ਐ ਓਹ ਵੀ ਦਫਤਰੀ ਫੀਸ ਦਾ , ਬਾਕੀ ਤਾਂ ਜੇਬ ਚ ਈ ਪੈਣੈ ਐ , ਪਰ ਇਹ ਉਸ ਦਾ ਅਸਫਲ ਯਤਨ ਸੀ  ਓਹ ਹਾਲੇ ਵੀ ਤਪਿਆ ਹੋਇਆ ਸੀ , ਬੇਚੈਨ ਸੀ…………
ਬੱਸ ਰੁਕੀ ਓਹ ਥੱਲੇ ਉਤਰਿਆ ਬਾਹਰ ਧੁੰਦ ਦੀ ਚਾਦਰ ਸੀ ਤੇ ਹੱਡ ਚੀਰਵੀਂ ਸੀਤ ਹਵਾ ਓਹਨੇ ਰਿਕਸੇ ਵਾਲੇ ਨੂੰ ਅਵਾਜ ਮਾਰੀ ,ਤੇ ਆਪਣੇ ਜਾਣ ਵਾਲੇ ਥਾ ਦਾ ਨਾਂ ਦੱਸ ਕੇ ਪੈਸੇ ਪੁੱਛੇ  ਰਕਸ ਵਾਲੇ ਨੇ ਵੀਹ ਰੁ: ਮੰਗੇ ਓਹ ਖਿਝ ਗਿਆ ਕਿਉਂਕਿ ਓਹ ਤਾਂ ਰੋਜ ਦਸ ਰੁ: ਦੇ ਕੇ ਜਾਦਾਂ ਹੈ  ‘‘ ਬੜਾ ਚਲਾਕ ਐ ਧੁੰਦ ਕਰਕੇ ਦੁਗਣੇ ਪੈਸੇ ਲੈਣ ਨੂੰ ਫਿਰਦੈ ‘‘ ਓਹ ਅੱਗੇ ਵਧਿਆ ਇੱਕ ਦੋ ਹੋਰ ਰਿਕਸੇ ਵਾਲਿਆਂ ਨੂੰ ਪੁੱਛਿਆ ਕੋਈ ਵੀ ਹੱਡ ਠਾਰਵੀਂ ਠੰਡ ‘ਚ ਜਾਣ ਨੂੰ ਤਿਆਰ ਨਹੀਂ ਸੀ , ਸਭ ਨੇ ਤੀਹ ਰੁਪਈਏ ਹੀ ਮੰਗੇ  ਮਜਬੂਰੀ ਵਿੱਚ ਉਹ ਪਹਿਲੇ ਵਾਲੇ ਰਿਕਸੇ ਤੇ ਬੈਹ ਗਿਆ , ਰਿਕਸਾ ਚੱਲ ਪਿਆ ਰਿਕਸ ਵਾਲਾ ਅੱਧਖੜ ਜਿਹਾ ਕਮਜੋਰ ਜਿਹਾ ਬੰਦਾ ਸੀ  ਓਹ ਪਿੱਛੇ ਬੈਠਾ ਘ੍ਰਿਣਾ ਭਰੀਆਂ ਨਜਰਾਂ ਨਾਲ ਦੇਖ ਕੇ ਸੋਚ ਰਿਹਾ ਸੀ ਕਿ ਕਿੰਨੇ ਘਟੀਆ ਬੰਦਾ ਐ ਮੌਕੇ ਦਾ ਫਾਇਦਾ ਉਠਾ ਕੇ ਦੁਗਣੇ ਪੈਸੇ ਲੈ ਗਿਆ……………… ਹੁਣ ਉਹ ਸਾਹੂਕਾਰ ਨੂੰ ਭੁੱਲ ਚੁੱਕਿਆ ਸੀ  ਰਿਕਸੇ ਵਾਲੇ ਤੋਂ ਤਪਿਆ ਬੈਠਾ ਸੀ  ਠੰਡੀ ਸੀਤ ਹਵਾ ਕਰਕੇ ਰਿਕਸ ਵਾਲੇ ਦਾ ਦੰਦ ਕੜਿੱਕਾ ਵੱਜ ਰਿਹਾ ਸੀ ਪਰ ਓਹ ਤਪਿਆ ਬੈਠਾ ਸੀ ਤੇ ਨਫਰਤ ਨਾਲ ਭਰਿਆ ਹੋਇਆ………………ਉਸਨੂੰ ਠੰਡ ਦਾ ਕੋਈ ਅਹਿਸਾਸ ਨਹੀਂ ਸੀ

9815901154