ਮੈਂ ਤੇ ਮੇਰਾ ਪਰਛਾਵਾਂ – ਪ੍ਰਦੀਪ ਕੁਮਾਰ ਥਿੰਦ

0
965

ਉਮਰ ਨੂੰ ਪਲ਼ੇਠਾ ਪਿਆਰ ਕਦੇ ਨਹੀਓਂ ਭੁਲਦਾ …ਜਿਵੇਂ ਪੋਲੇ ਧਰਤ ਤੇ ਡੋਲਦੇ ਛੋਟੇ ਛੋਟੇ ਪੈਰਾਂ ਨੂੰ ਨਿੱਕਾ ਜੇਹਾ ਲਾਡਲਾ ਜਦੋਂ ਖੜੇ ਹੋ ਕੇ ਦੋ ਕਦਮ ਪੁੱਟਦਾ ਹੈ….ਤੇ ਓਹ ਵੇਲ਼ਾ ਇੱਕ ਬਾਪ ਨੂੰ ਕਦੇ ਨਹੀਓਂ ਭੁੱਲਦਾ।

ਉਹੀਓ ਪਲ਼ੇਠਾ ਪਿਆਰ….ਜਦੌਂ ਇੱਕਲਿਆਂ ਖਾਲੀ ਕਮਰੇ ਵਿੱਚ ਬੈਠਿਆਂ ,ਉਨ੍ਹਾਂ ਚਿੱਠੀਆਂ ਦੇ ਲਫਜ਼ਾਂ ਨੂੰ ਯਾਦ ਕਰਨਾ …….ਕਿਸੇ ਨੁੱਕਰੇ ਲੁਕੇਏ ਹੋਏ ਖਤਾਂ ਨੂੰ ਸਿੱਧਿਆਂ ਕਰ ਵਾਰ ਵਾਰ ਪੜਨਾ ….ਹਾਂ ਪਲ਼ੇਠਾ ਪਿਆ੍ਰ ..ਜਾਂ ਸਿਰਫ ਪਿਆਰ ਦਾ ਅਹਿਸਾਸ…ਜਾਂ ਉਹ ਵੇਲ਼ਾ ਜਦੋਂ ਜਾਂਚ ਆ ਜਾਵੇ …ਕਿਸੇ ਨਾਲ਼ ਪੈ ਰਹੇ ਮੋਹ ਦੀ..ਆਪਣਿਆ ਜਿਹਾ ਮੋਹ..ਮਾਂ-ਬਾਪ ਕਿਉਂ ਝਿੜਕਦੇ ਨੇ..ਕਿਉਂ ਦੁਲਾਰਦੇ ਨੇ …ਫਿਰ ਉਸ ਤੌਂ ਅੱਗੇ ਵਿਰਾਮ ਤੇ ਫਿਰ ਵਿਰਾਮ ਖਤਮ-ਇੱਕ ਅਕਲੋਂ ਵਿਹੂਣਾ-ਨਿੱਘੇ ਪਿਆਰ ਦਾ ਹਲੂਣਾ…ਜਿੱਥੇ ਮੈਂ ਤੇ ਤੂੰ ਦੀ ਪਛਾਣ ਸ਼ੁਰੂ ਹੁੰਦੀ ਫਿਰ ਮੈਂ ਤੇ ਤੂੰ ਦਾ ਝਗੜਾ ਖਤਾਂ ਰਾਹੀਂ ਤੁਰਦਾ ਤੁਰਦਾ ਇੱਕ ਅਭੁੱਲ ਯਾਦ ਵਿੱਚ ਬਦਲ ਜਾਂਦਾ ਹੈ।

ਹਾਂ ਕਮਲ ਮੈਂ ਹਮੇਸ਼ਾ ਕਿਉਂ ਸੋਚਦਾ ਸਾਂ ਕਿ ਤੂੰ ਸਿਰਫ ਮੇਰੀ ਏਂ ‐ਸ਼ਾਇਦ ਬਾਲ ਅਵਸਥਾ ਤੌੰ ਅਗਲਾ ਪੜਾਅ ਸੀ ਜੋ ਮੈ ਸਮਝ ਨਾ ਪਾਇਆ …ਅਜੇ ਖਿਡੋਣਿਆਂ ਤੇ ਹੱਕ ਮੇਰਾ ਸੀ-ਚਾਹੇ ਤੋੜਾਂ-ਚਾਹੇ ਖੇਡਾਂ,ਸਭ ਮੇਰਾ ਸੀ..ਮੈਂ ਤੇ ਤੂੰ ਵੱਖ ਵਂਖ ਸੀ..

ਅੱਲੜਪੁਣੇ ਦੀ ਅੱਲੜ ਜੇਹੀ ਸੋਚ ਅੱਜ ਵੀ ਯਾਦ ਏ! ਮੀਂਹ ਵੱਸਣ ਦੇ ਬਾਅਦ ਗਿੱਲੀ ਸੜਕ ਉੱਪਰ ਤੇਰੇ ਪਿੱਛੇ ਖਤ ਜੇਬ ਚ ਪਾ ਕੇ ਤੁਰ ਪੈਣਾ,ਸੰਗ ਦਾ ਜੰਦਰਾ ਮੇਰੀ ਸੋਚ ਉੱਪਰ ਵੱਜਿਆ ਹੁੰਦਾ—-ਮੈਂ ਜਦੌਂ ਤੈਨੂੰ ਪਹਿਲਾ ਖਤ ਕੰਬਦੇ ਹੱਥਾਂ ਨਾਲ਼ ਫੜਾਇਆ ‐ਜਿਉਂ ਕੋਈ ਇਮਤਿਹਾਨ ਦੇ ਦਿੱਤਾ …ਪਾਸ ਫੇਲ ਲਈ ਦਿਲ ਦੀ ਧੜਕਣ ਦਾ ਤੇਜ ਹੋਣਾ-ਜਾਂ ਇੱਕ ਮੁਜਰਿਮ ਵਾਂਗਰ ਤੇਰੀਆਂ ਅੱਖਾਂ ਤੌ ਪਰੇ ਹੋ ਜਾਣਾ ।

ਸਮਿਆਂ ਦਾ ਕੰਮ ਏ ਅਤੀਤ ਬਣ ਜਾਣਾ ….ਖੋਰੇ ਕਿਉਂ ਇਹ ਨਿਰਮੋਹੇ ਸਮੇਂ ਅਤੀਤ ਬਣ ਕੇ ਸਾਡੇ ਵਰਤਮਾਨ ਵਿੱਚ ਝਾਤੀਆਂ ਮਾਰਦੇ ਨੇ-ਵਾਰ ਵਾਰ ਸਾਡੇ ਬੇਬੱਸ ਹੋਣ ਦਾ ਅਹਿਸਾਸ ਕਿਉਂ ਦਿਵਾਉਂਦੇ ਨੇ-ਜੋ ਤੁਰ ਗਏ ਉਨ੍ਹਾਂ ਮੁੜ ਨਹੀਓਂ ਆਉਣਾ …ਫਿਰ ਵੀ ਇਹ ਝੱਲਾ ਜੇਹਾ ਦਿਲ ਇਸ ਸੱਚ ਨੂੰ ਕਿਉਂ ਨਹੀਉਂ ਮੰਨਦਾ…।

ਸੱਚ ਆਖਾਂ ਤੇ ਜਦੋਂ ਤੇਰੀ ਨਿੱਕੀ ਜੇਹੀ ਧੀ ਨੂੰ ਵੇਖਿਆ ਤੇ ਜੀਅ ਕੀਤਾ ਉਸ ਨੂੰ ਕੋਲ ਬਿਠਾਵਾਂ …ਉਸ ਨਾਲ਼ ਨਾਲ਼ ਰੱਜ ਰੱਜ ਗੱਲਾਂ ਕਰਾਂ ..ਬੀਤ ਗਏ ਧੳਿਾ ਬਾਤਾਂ ਪਾਵਾਂ – ਫਿਰ ਰਿਸ਼ਤਿਆਂ ਦੇ ਤਾਣੇ ਬਾਣੇ ਵਿੱਚ ਉਲ਼ਝ ਜਾਂਦਾ ਹਾਂ-ਮੈਂ  ਉਸ ਕੋਲ਼ੌਂ ਚੁੱਪ ‐ਚਾਪ ਅਗਾਂਹ ਵੱਧ ਗਿਆ ਪਰ ਸੱਚ ਆਖਾਂ ਮੈਂ ਇੱਕਲਾ ਨਹੀਉਂ ਸੀ…ਮੇਰਾ ਪਰਛਾਵਾਂ ਮੇਰੇ ਨਾਲ਼ ਸੀ…ਮੈਂ ਤੇ ਮੇਰਾ ਪਰਛਾਵਾਂ ਕਦੇ ਵੱਖ ਨਹੀਉਂ ਹੋ ਸਕਦੇ-।

ਹੁਣ ਮੈਂ ਅਰਾਮ ਦੀ ਨੀਂਦਰ ਸੌਂਦਾ ਹਾਂ ..ਆਪਣੇ ਪਰਛਾਵੇਂ ਨੂੰ ਵੱਖ ਵੱਖ ਨਾਂਅ ਦੇ ਕੇ ..ਜੋ ਚਲੇ ਗਏ ਉਨ੍ਹਾਂ ਦਾ ..ਜੋ ਨਾਲ਼ ਨਹੀਉਂ ਤੁਰ ਸਕੇ ਉਨ੍ਹਾਂ ਦਾ।

ਇਹਨਾਂ ਨਾਵਾਂ ਵਿੱਚ ਤੇਰਾ ਤੇ ਤੇਰੀ ਨਿੱਕੀ ਜੇਹੀ ਧੀ ਦਾ ਨਾਂਅ ਸ਼ਾਮਿਲ ਹੈ…ਮੈਂ ਤੇ ਤੂੰ ਦਾ ਫਰਕ ਸਿਫਰ ਹੋ ਜਾਂਦਾ ਹੈ ..ਸਿਰਫ ਆਪਣੇ ਪਰਛਾਂਵੇਂ ਨੂੰ ਨਾਂਅ ਦੇ ਦਿਓ ..ਅਤੀਤ ਵੀ ਫਿਰ ਵਰਤਮਾਨ ਪ੍ਰਤੀਤ ਹੁੰਦਾ ਹੈ

ਪ੍ਰਦੀਪ ਕੁਮਾਰ ਥਿੰਦ

8699157303