ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ – ਸੁਖਬੀਰ ਸਿੰਘ ਸੰਧੂ (ਪੈਰਿਸ).

0
584
ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ
ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ

ਸੰਗਰੂਰ ਜਿਲੇ ਵਿੱਚ ਅਹਿਮਦਗੜ੍ਹ ਮੰਡੀ ਤੋਂ ਤਿੰਨ ਕਿ.ਮੀ. ਦੀ ਦੂਰੀ ਤੇ ਪਿੰਡ ਰੋਹੀੜਾ ਹੈ।ਜਿਸ ਨੂੰ ਕੁੱਪ ਰੋਹੀੜੇ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ।ਲੁਧਿਆਣਾ ਮਲੇਰਕੋਟਲਾ ਸੜਕ ਤੋਂ ਪਿੰਡ ਰੋਹੀੜੇ ਵਿੱਚ ਵੜਦਿਆਂ ਸਾਹਮਣੇ ਇੱਕ ਮੋਟੇ ਮੋਟੇ ਅੱਖਰਾਂ ਵਿੱਚ (ਵੱਡਾ ਘੱਲੂਘਾਰਾ ਕੁੱਪ ਰੋਹੀੜੇ ਦੇ 35000 ਸਿੰਘ ਸ਼ਹੀਦਾਂ ਨੂੰ ਪ੍ਰਮਾਣ) ਨਾਂ ਦਾ ਬੋਰਡ ਵਿਖਾਈ ਦੇਵੇਗਾ ਜਿਸ ਨੂੰ ਪਹਿਲੀ ਨਜਰ ਵੇਖ ਕੇ ਸਰੀਰ ਨੂੰ ਕੰਬਣੀ ਛਿੜ ਜਾਦੀ ਹੈ।ਉਸ ਬੋਰਡ ਨੂੰ ਤੁਸੀ ਅਸਾਨੀ ਨਾਲ 200 ਮੀਟਰ ਤੋਂ ਪੜ੍ਹ ਸਕਦੇ ਹੋ।ਉਥੋਂ ਸੱਜੇ ਸੜਕ ਮੁੜ ਕੇ ਕੋਈ ਅੱਧਾ ਕਿਲੋਮੀਟਰ ਦੇ ਫਾਸਲੇ ਉਪਰ ਖੇਤਾਂ ਵਿੱਚ ਬਣਿਆ ਹੋਇਆ ਬਹੁਤ ਹੀ ਸ਼ਾਨਦਾਰ ਗੁਰੂਦੁਆਰਾ ਸਾਹਿਬ ਸਥਾਪਿਤ ਹੈ।ਜਿਸ ਨੂੰ ਸ਼ਹੀਦ ਗੰਜ਼ ਅਸਥਾਨ ਕਹਿੰਦੇ ਹਨ, ਤੇ ਉਹਨਾਂ 35000 ਹਜ਼ਾਰ ਸ਼ਹੀਦ ਸਿਘਾਂ ਸਿੰਘਣੀਆਂ ਤੇ ਭਝੁੰਗੀਆਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ।ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣਿਆ ਜਾਦਾ ਹੈ।ਸ਼ਹੀਦ ਗੰਜ਼ ਦੇ ਇਤਿਹਾਸ ਮੁਤਾਬਕ ਸਨ 1962 ਵਿੱਚ ਬਾਬਾ ਕੇਹਰ ਸਿੰਘ ਮੁਸਾਫਰ ਰੋਹੀੜੇ ਪਿੰਡ ਆਏ ਸਨ। ਉਹਨਾਂ ਨੇ ਰੋਹੀੜੇ ਦੀ ਸੰਗਤ ਨੂੰ ਪ੍ਰੇਰ ਕੇ ਇਸ ਸਥਾਨ ਤੇ ਸ਼ਹੀਦੀ ਯਾਦਗਾਰ ਬਣਾਉਣੀ ਅਰੰਭ ਕੀਤੀ ਸੀ।ਗੁਰੂਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ, ਉਹ ਥੇਹ (ਟਿੱਬਾ) ਝਾੜੀਆਂ, ਬੂਟਿਆਂ ਤੇ ਦਰਖਤਾਂ ਨਾਲ ਘਿਰਿਆ ਹੋਇਆ ਅੱਜ ਵੀ ਮੌਜੂਦ ਹੈ।ਥੇਹ ਉਪਰ ਜਾਣ ਲਈ ਇੱਕ ਕੱਚੀ ਪਗਡੰਡੀ ਬਣੀ ਹੋਈ ਹੈ।ਥੇਹ ਦੇ ਵਿਚਕਾਰ ਇੱਕ ਹਰੇ ਰੰਗ ਦੀ ਮੁਸਲਮਾਨ ਪੀਰ ਸ਼ਰੀਫ ਹਸਰਤ ਬਾਬਾ ਮਾਸੂਮ ਸ਼ਾਹ ਜੀ ਦੀ ਦਰਗਾਹ ਹੈ।ਇੱਕ ਮੁਸਲਮਾਨ ਸਰਧਾਲੂ ਉਸ ਦਰਗਾਹ ਦੀ ਸੇਵਾ ਸੰਭਾਲ ਕਰਦਾ ਹੈ।ਜਦੋਂ ਅਸੀ ਉਥੇ ਪਹੁੰਚੇ ਸੇਵਾਦਾਰ ਦਰਗਾਹ ਦੇ ਬਾਹਰਲੇ ਪਾਸੇ ਕੱਚੀ ਥਾਂ ਤੇ ਝਾੜੂ ਮਾਰਦਾ ਧੂੜ ਵਿੱਚ ਧੂੜ ਹੋਇਆ ਸੇਵਾ ਵਿੱਚ ਇਤਨਾ ਮਗਨ ਸੀ, ਉਸ ਨੇ ਇੱਕ ਵਾਰ ਵੀ ਸਿਰ ਉਤਾਂਹ ਚੁੱਕ ਕੇ ਨਹੀ ਵੇਖਿਆ ਕਿ ਕੋਣ ਆਇਆ ਤੇ ਕਿਹੜਾ ਗਿਆ ਹੈ।ਦਰਗਾਹ ਤੋਂ ਕੋਈ ਵੀਹ ਗਜ਼ ਦੀ ਦੂਰੀ ਉਪਰ ਸ਼ਹੀਦਾਂ ਦੀ ਯਾਦ ਵਿੱਚ 125 ਫੁੱਟ ਉਚਾ ਨਿਸ਼ਾਨ ਸਾਹਿਬ ਝੁਲ ਰਿਹਾ ਹੈ।ਥੇਹ ਤੋਂ ਥੱਲੇ ਉਤਰ ਕੇ ਕੋਈ 50 ਗਜ਼ ਦੇ ਫਾਸਲੇ ਉਪਰ ਗੁਰੂਦੁਆਰਾ ਸ਼ਹੀਦ ਗੰਜ਼ ਵੱਡਾ ਘੱਲੂਘਾਰਾ ਸਥਾਪਿਤ ਹੈ।ਉਸ ਦੇ ਗੇਟ ਉਪਰ ਲਾਲ ਰੰਗ ਦਾ ਬੋਰਡ ਪੰਜਾਬੀ ਦੇ ਬਾਰੀਕ ਅੱਖਰਾਂ ਨਾਲ ਸੰਖੇਪ ਵਿੱਚ ਇਤਿਹਾਸ ਨੂੰ ਇਸ ਤਰ੍ਹਾਂ ਵਰਨਣ ਕਰਦਾ ਹੈ।

ਜਦੋਂ 1704 ਈ. ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਝੂਠੀਆਂ ਕਸਮਾਂ ਖਾਕੇ ਗੁਰੂ ਮਹਾਰਾਜ ਤੋਂ ਅਨੰਦਪੁਰ ਦਾ ਕਿਲ੍ਹਾ ਛਡਾਉਣ ਉਪਰੰਤ ਰਾਤ ਵੇਲੇ ਫਿਰ ਉਹਨਾਂ ਤੇ ਹਮਲਾ ਕਰ ਦਿੱਤਾ ਸੀ।ਉਦੋਂ ਤੋਂ ਸਿੰਘਾਂ ਅਤੇ ਮੁਗਲਾਂ ਅਤੇ ਪਿੰਡਾਂ ਦੇ ਮੁਸਲਮਾਨਾਂ ਵਿਚਕਾਰ ਦੁਸਮਨੀ ਬਹੁਤ ਵੱਧ ਗਈ ਸੀ। 1708 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫਤਿਹ ਤੋਂ ਬਾਅਦ 1710 ਈ. ਤੱਕ ਲੜਾਈਆਂ ਉਪਰੰਤ 52 ਸਾਲ ਦਾ ਸਮਾਂ ਸਿੰਘਾਂ ਨੇ ਮੁੰਗਲਾਂ ਪਾਸੋਂ ਬਹੁਤ ਹੀ ਜੁਲਮ/ਤਸ਼ਦੱਦ ਝਲਦਿਆ ਹੋਇਆ ਬਤੀਤ ਕੀਤਾ।1761 ਈ. ਦਾ ਸਾਲ ਪੰਜਾਬ ਵਿੱਚ ਸਿੰਘਾਂ ਲਈ ਚੜ੍ਹਦੀ ਕਲਾ ਵਾਲਾ ਸੀ।ਸਿੰਘਾਂ ਨੂੰ ਕਿਸੇ ਵੀ ਅਬਦਾਲੀ ਵਗੈਰਾ ਦੇ ਹਮਲੇ ਦਾ ਖਤਰਾ ਨਹੀ ਸੀ।ਅਬਦਾਲੀ ਆਪਣੇ ਪੰਜਵੇ ਹਮਲੇ ਸਮੇ ਪਾਣੀਪਤ ਦੇ ਮੈਦਾਨ ਵਿੱਚ ਮਰਹੱਟਿਆਂ ਦੀਆਂ 20000 ਹਜ਼ਾਰ ਇਸਤਰੀਆਂ ਕੈਦ ਕਰਕੇ ਅਤੇ ਲੁੱਟਮਾਰ ਕਰਕੇ ਗਜ਼ਨੀ ਨੂੰ ਲੈ ਕੇ ਜਾ ਰਿਹਾ ਸੀ। ਉਦੋਂ ਸਿੰਘਾਂ ਨੇ ਆਪਣਾਂ ਧਰਮ ਅਤੇ ਫਰਜ਼ ਪਛਾਣਦਿਆਂ ਹੋਇਆ ਉਹਨਾਂ ਨੂੰ ਛੁਡਵਾ ਲਿਆ ਸੀ।ਅਬਦਾਲੀ ਨੂੰ ਤਿੰਨ ਚੁੰਗਲਾਂ, ਰਾਮਾਂ,ਰੰਧਾਵਾ, ਮਹੰਤ ਅਕਲਦਾਸ ਹੰਡਾਲੀਆ ਜੰਡਿਆਲੇ ਵਾਲਾ,ਰਾਜਾ ਘੁੰਮਡ ਤੇ ਹੋਰ ਨਵਾਬਾਂ ਚੌਧਰੀਆਂ ਵਲੋਂ ਸਿੰਘਾਂ ਵਾਰੇ ਉਕਸਾ ਕੇ ਉਹਨਾਂ ਤੇ ਛੇਵਾਂ ਹਮਲਾ ਕਰਕੇ ਇਹਨਾਂ ਦਾ ਖੁਰਾ ਖੋਜ਼ ਮਿਟਾਉਣ ਲਈ ਕਿਹਾ।ਜਦੋਂ ਅਬਦਾਲੀ ਦੇ ਛੇਵਂੇ ਹਮਲੇ ਵਾਰੇ ਸਿੰਘਾਂ ਨੂੰ ਪਤਾ ਲੱਗਾ ਤਾਂ ਉਹ ਅਬਦਾਲੀ ਦੇ ਡਰ ਪੱਖੋਂ ਇਧਰ ਮਾਲਵੇ ਵੱਲ ਰੋਹੀੜੇ ਦੇ ਥੇਹ ਦੇ ਪਾਸ 50-55 ਹਜ਼ਾਰ ਦੀ ਗਿਣਤੀ ਵਿੱਚ ਆਪਣੇ ਵਹੀਰ ਸਮੇਤ ਪਾਣੀ ਦੀ ਢਾਬ ਤੇ ਡੇਰੇ ਲਾਈ ਬੈਠੇ ਸਨ।ਅਬਦਾਲੀ ਨੂੰ ਸਿੰਘਾਂ ਵਾਰੇ ਖਬਰ ਮਿਲ ਚੁੱਕੀ ਸੀ।ਇਧਰੋ ਨਵਾਬ ਜੈਨ ਖਾਂ ਸਰਹਿੰਦ ਤੇ ਨਵਾਬ ਮਲੇਰਕੋਟਲਾ ਆਪਣੀ ਸੈਨਾ ਲੈ ਕੇ ਮਾਰੋ ਮਾਰ ਕਰਦਾ ਆ ਗਿਆ।ਸਿੰਘਾਂ ਨੂੰ ਇਸ ਸਥਾਨ ਤੇ ਘੇਰਾ ਪੈਗਿਆ।ਸਿੰਘਾਂ ਦੇ 50-55 ਹਜ਼ਾਰ ਦੇ ਵਹੀਰ ਵਿੱਚ ਵੱਧ ਗਿਣਤੀ ਛੋਟੇ ਬੱਚਿਆਂ,ਇਸਤਰੀਆਂ ਅਤੇ ਬੁੰਢਿਆਂ ਆਦਿ ਦੀ ਸੀ।ਲੜਨ ਵਾਲੇ ਸਿੰਘ ਤਾਂ ਗਿਣਤੀ ਵਿੱਚ ਘੱਟ ਹੀ ਸਨ।ਸਿੰਘਾਂ ਨੂੰ ਆਪਣੀ ਮੌਤ ਨਾਲੋਂ ਜਿਆਦਾ ਫਿਕਰ ਆਪਣੇ ਵਹੀਰ ਬਚਾਉਣ ਦਾ ਸੀ।ਇਥੇ ਸਿੰਘਾਂ ਦੀਆਂ ਬਾਰਾਂ ਮਿਸਲਾਂ ਦੇ ਜੱਥੇਦਾਰਾਂ ਨੇ ਆਪਣੀਆਂ ਫੋਜਾਂ ਸਮੇਤ ਜਿਹਨਾਂ ਦਾ ਮੁੱਖੀ ਜਰਨੈਲ ਜੱਸਾ ਸਿੰਘ ਜੀ ਆਹਲੂਵਾਲੀਆਂ ਸੀ,ਨੇ ਲਹੂ ਡੋਲਵੀ ਲੜਾਈ ਲੜੀ।ਸਿੰਘਾਂ ਨੇ ਕੁਝ ਬਚਾਅ ਪੱਖ ਦੀ ਨੀਤ ਨਾਲ ਆਪਣੀ ਵਹੀਰ ਨੂੰ ਵਿਚਕਾਰ ਲੈਦਿਆਂ ਹੋਇਆ,ਲੜਾਈ ਲੜਦਿਆਂ 2 ਬਰਨਾਲੇ ਵੱਲ ਨੂੰ ਜਾਣ ਦਾ ਨਿਸ਼ਾਨਾ ਬਣਾਇਆ,ਵਹੀਰ ਦੇ ਰਾਖੇ ਭਾਈ ਸੇਖੂ ਸਿੰਘ,ਸੱਗੂ ਸਿੰਘ ਭਾਈਕਾ,ਬੁੰਢਾ ਸਿੰਘ ਆਦਿਕ ਸਨ,ਅਤੇ ਲੜਣ ਵਾਲੇ ਸਿੰਘ ਸ. ਜੱਸਾ ਸਿੰਘ ਜੀ ਆਹਲੂਵਾਲੀਆ,ਸ. ਚੜ੍ਹਤ ਸਿੰਘ,ਸ਼ੁਕਰ ਚੱਕੀਆ, ਕਰੋੜਾ ਸਿੰਘ,ਕਰਮ ਸਿੰਘ, ਗੁਜਰ ਸਿੰਘ,ਨਾਹਰ ਸਿੰਘ ਤੇ ਹਰੀ ਸਿੰਘ ਭੰਗੂ ਆਦਿਕ ਸਨ।ਜੱਸਾ ਸਿੰਘ ਆਹਲੂਵਾਲੀਆ ਦੇ ਸਰੀਰ ਤੇ 32, ਤੇ ਸ਼ਾਮ ਸਿੰਘ ਦੇ ਸਰੀਰ ਤੇ 16 ਫੱਟ ਲੱਗੇ ਹੋਏ ਸਨ।ਜਦੋਂ ਫੋਜ਼ਾਂ ਲੜਦੀਆਂ ਹੋਈਆਂ ਗਹਿਲ ਪਿੰਡ ਪਹੁੰਚੀਆਂ ਤਾਂ ਅਬਦਾਲੀ ਦੇ ਡਰ ਪੱਖੋਂ ਉਹਨਾਂ ਆਪਣੇ ਬੂਹੇ ਬੰਦ ਕਰ ਲਏ,ਅਤੇ ਨਿੱਕੇ ਬੱਚੇ ਇਸਤਰੀਆਂ ਅਤੇ ਬੁੰਢੇ ਆਪਣੀ ਜਾਨ ਬਚਾਉਣ ਖਾਤਰ ਬਾਜ਼ਰੇ ਦੇ ਲਾਏ ਹੋਏ ਮਨਾਰਿਆਂ ਵਿੱਚ ਲੁੱਕ ਗਏ। ਜ਼ਾਲਮਾਂ ਨੇ ਬਾਜ਼ਰੇ ਦੇ ਮਨਾਰਿਆਂ ਨੂੰ ਅੱਗਾਂ ਲਾ ਦਿੱਤੀਆਂ। ਜਿਸ ਵਿੱਚ ਬਹੁਤ ਸਾਰੇ ਅੱਗ ਵਿੱਚ ਝੁਲਸ ਗਏ।ਸ਼ਾਮ ਨੂੰ ਫੋਜਾਂ ਲੜਦੀਆ ਹੋਈਆਂ ਕੁਤਬੇ ਪਿੰਡ ਦੀ ਢਾਬ ਤੇ ਪਹੁੰਚੀਆਂ।ਇਤਿਹਾਸ ਗਵਾਹ ਹੈ,ਕਿ ਢਾਬ ਦੇ ਇੱਕ ਪਾਸੇ ਮੁਗਲ ਸੈਨਾ ਤੇ ਦੂਸਰੇ ਪਾਸੇ ਸਿੰਘ ਫੋਜਾਂ ਨੇ ਪਾਣੀ ਪੀਤਾ।ਲੜਾਈ ਲੜਦੀ ਹੋਈ ਫੋਜ ਕੁਝ ਬਰਨਾਲੇ ਵੱਲ ਨੂੰ ਅਤੇ ਕੁਝ ਫੌਜ ਹਠੂਰ ਹੁੰਦੀ ਹੋਈ ਹਨੇਰੇ ਦਾ ਫਾਈਦਾ ਤਕਦੀ ਹੋਈ ਦੂਰ 2 ਪਿੰਡਾਂ ਵੱਲ ਖਿਲਰ ਗਈ।ਇਸ ਘੱਲੂਘਾਰੇ ਵਿੱਚ ਤਕਰੀਬਨ 35000 ਸਿੰਘ,ਸਿੰਘਣੀਆਂ ਅਤੇ ਭੁਝੰਗੀਆਂ ਨੇ ਸ਼ਹੀਦੀਆਂ ਪ੍ਰਪਾਤ ਕੀਤੀਆਂ।ਪਟਿਆਲੇ ਦਾ ਬਾਨੀ ਆਲਾ ਸਿੰਘ ਵਾਰੇ ਵੀ ਚੁੰਗਲਾਂ ਨੇ ਅਬਦਾਲੀ ਨੂੰ ਭੜਕਾਇਆ ਹੋਇਆ ਸੀ, ਕਿ ਇਸ ਨੇ ਰੋਹੀੜੇ ਦੇ ਘੱਲੂਘਾਰੇ ਵਿੱਚ ਤਹਾਡੀ ਮੱਦਦ ਨਹੀ ਕੀਤੀ।ਸਗੋਂ ਇਸ ਨੇ ਸਿੰਘਾਂ ਦੀ ਮੱਦਦ ਕੀਤੀ ਹੈ।ਸੋ ਅਬਦਾਲੀ ਆਲਾ ਸਿੰਘ ਦਾ ਕਿਲ੍ਹਾ ਢਾਹ ਕੇ ਉਸ ਨੁੰ ਕੈਦ ਕਰਦਾ ਹੋਇਆ ਸਰਹਿੰਦ ਪਹੁੰਚ ਗਿਆ।ਜਾਦਾਂ ਹੋਇਆ ਇਸ ਘੱਲੂਘਾਰੇ ਵਿੱਚੋਂ ਸਿੰਘਾਂ ਦੇ ਸਿਰਾਂ ਦੇ ਪੰਜਾਹ ਗੱਡੇ ਅਤੇ ਖੂਨ ਦੀਆਂ ਗਾਗਰਾਂ ਭਰ ਕੇ ਲੈ ਗਿਆ।ਜਿਸ ਨੇ ਸਿੰਘਾਂ ਦੇ ਸਿਰਾਂ ਦੇ ਲਹੌਰ ਸ਼ਹਿਰ ਦੇ ਗੇਟਾਂ ਉਪਰ ਮਿਨਾਰ ਉਸਾਰ ਦਿੱਤੇ।ਤਾਂ ਕਿ ਵੇਖਣ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਅਬਦਾਲੀ ਨੇ ਕੋਈ ਸਿੰਘ ਵੀ ਜਿਉਦਾਂ ਨਹੀ ਰਹਿਣ ਦਿੱਤਾ। ਚੁੰਗਲਾਂ ਅਤੇ ਨਵਾਬਾਂ ਨੇ ਅਬਦਾਲੀ ਨੂੰ ਇਹ ਵੀ ਕਿਹਾ ਕਿ ਤੂੰ ਸਿੰਘਾਂ ਨੂੰ ਇੰਝ ਖਤਮ ਨਹੀ ਕਰ ਸਕਦਾ। ਕਿਉ ਕਿ ਸ੍ਰੀ ਅਮ੍ਰਿਤਸਰ ਸਰੋਵਰ ਵਿੱਚ ਐਸੀ ਅਲੋਕਿਕ ਸ਼ਕਤੀ ਹੈ।ਜਿਸ ਦਾ ਜਲ ਛਕਣ ਨਾਲ ਮੁਰਦੇ ਸਿੱਖ ਵੀ ਪਹਿਲਵਾਨ ਬਣ ਜਾਦੇ ਹਨ, ਤੇ ਇਸ਼ਨਾਨ ਕਰਨ ਨਾਲ ਜਖਮੀ ਸਿੰਘ ਵੀ ਚੜ੍ਹਦੀ ਕਲਾ ਵਿੱਚ ਹੋ ਜਾਦੇ ਹਨ।ਬਾਦਸਾਹ ਸਲਾਮਤ ਹਰਿਮੰਦਰ ਸਾਹਿਬ ਨੂੰ ਕਿਉ ਨਾਂ ਢਹਿ ਢੇਰੀ ਕਰ ਦਿੱਤਾ ਜਾਵੇ, ਤੇ ਸਰੋਵਰ ਨੂੰ ਇੱਟਾਂ ਵੱਟੇ ਸੁੱਟ ਕੇ ਪੂਰ ਦਿੱਤਾ ਜਾਵੇ।ਅਬਦਾਲੀ ਨੇ 15 ਫਰਵਰੀ 1762 ਈ. ਨੂੰ ਸਰਹਿੰਦ ਤੋਂ ਜਾਦਿਆਂ ਹੋਇਆਂ ਅੰਮ੍ਰਿਤਸਰ ਸ਼ਹਿਰ ਨੂੰ ਘੇਰ ਲਿਆ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਰੇ ਗੁਰੂ ਧਾਮ ਅਤੇ ਮੰਦਰ ਢਹਿ ਢੇਰੀ ਕਰ ਦਿੱਤੇ ਅਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਇੱਟਾਂ ਵੱਟੇ ਆਦਿ ਅਤੇ ਆਲੇ ਦੁਆਲੇ ਦੇ ਘਰ ਢਾਹ ਕਿ ਗਊਆਂ ਦੇ ਹੱਡ ਆਦਿ ਸੁੱਟ ਕਿ ਪੂਰ ਦਿੱਤਾ।ਅਕਾਲ ਤਖਤ ਨੁੰ ਢਹਿ ਢੇਰੀ ਕਰ ਦਿੱਤਾ ਗਿਆ।ਚੁੰਗਲਾਂ ਵਲੋਂ ਚੁੰਗਲੀ ਕਰਕੇ ਜੋ ਸਿੰਘ ਸਿੰਘਣੀਆ ਤੇ ਬੱਚੇ ਆਦਿ ਅਬਦਾਲੀ ਨੂੰ ਫੜਾ ਦਿੱਤੇ ਗਏ ਸਨ।ਉਹਨਾਂ ਨੂੰ ਗੁਰੂ ਕੇ ਬਾਗ ਦੀ ਖੁੱਲੀ ਜਗ੍ਹਾ ਵਿੱਚ ਕਤਲ ਕਰ ਦਿੱਤਾ ਗਿਆ।ਜਦੋਂ ਦਰਬਾਰ ਸਾਹਿਬ ਨੂੰ ਬਾਰੂਦ ਰੱਖ ਕੇ ਉਡਾਇਆ ਤਾਂ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਇੱਕ ਇੱਟ ਅਬਦਾਲੀ ਦੇ ਨੱਕ ਉਤੇ ਆ ਵੱਜੀ ਜੋ ਕਿ ਘੋੜੇ ਉਪਰ ਸਰੋਵਰ ਦੀ ਪ੍ਰਕਰਮਾਂ ਵਿੱਚ ਬੈਠਾ ਸੀ, ਜਿਸ ਦਾ ਕੋਈ ਇਲਾਜ ਨਾ ਹੋ ਸਕਿਆ, ਕਿਉ ਕਿ ਇੱਟ ਦੇ ਜਖਮ ਨੇ ਕੈਂਸਰ ਦਾ ਰੂਪ ਧਾਰਨ ਕਰ ਲਿਆ ਸੀ।ਇਧਰ ਸ੍ਰੀ ਅਮ੍ਰਿਤਸਰ ਦੀ ਘੋਰ ਬੇਅਦਬੀ ਨੇ ਘੱਲੂਘਾਰੇ ਦੇ ਹੋਏ ਜਖਮਾਂ ਉਤੇ ਹੋਰ ਲੂਣ ਛਿੜਕ ਦਿੱਤਾ। ਫਿਰ ਸ.ਜੱਸਾ ਸਿੰਘ ਆਹਲੂਵਾਲੀਆ ਅਤੇ ਸ.ਚੜ੍ਹਤ ਸਿੰਘ ਆਦਿ ਸਰਦਾਰਾਂ ਨੇ ਪਟਿਆਲੇ ਮਤਾ ਪਾਸ ਕਰਕੇ 15 ਕੁ ਹਜ਼ਾਰ ਸਿੰਘਾਂ ਦੁਆਰਾ ਸਰਹਿੰਦ ਤੇ ਹਮਲਾ ਕਰਕੇ ਜੈਨ ਖਾਂ ਨੂੰ ਹਰਾ ਕੇ ਉਸ ਤੋਂ ਘੱਲੂਘਾਰੇ ਦਾ ਬਦਲਾ ਲਿਆ ਅਤੇ ਉਸ ਕੋਲੋ ਬਹੁਤ ਹੀ ਲੁੱਟ ਦਾ ਸਮਾਨ ਅਤੇ ਘੋੜੇ ਹਥਿਆਰ ਆਦਿ ਸਿੰਘਾਂ ਦੇ ਹੱਥ ਲੱਗ ਗਏ।ਹੁਣ ਸਿੰਘਾਂ ਦਾ ਨਿਸ਼ਾਨਾ ਫੋਜੀ ਸ਼ਕਤੀ ਇਕੱਠੀ ਕਰਕੇ ਹਥਿਆਰ ਆਦਿ ਖਰੀਦ ਕੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ 17 ਅਕਤੂਬਰ 1762 ਨੂੰ ਮਨਾਉਣ ਦਾ ਸੀ।ਦੀਵਾਲੀ ਵਾਲੀ ਰਾਤ ਸ੍ਰੀ ਅੰਮ੍ਰਿਤਸਰ ਤਕਰੀਬਨ 60000 ਸਿੰਘ ਸਿਘੰਣੀਆਂ ਪਹੁੰਚ ਚੁੱਕੇ ਸਨ।ਜਦੋਂ ਅਬਦਾਲੀ ਇਸ ਗੱਲ ਦੀ ਸੂਹ ਮਿਲੀ ਤਾਂ ਉਹ ਬਹੁਤ ਸਾਰੀ ਫੋਜ ਲੈ ਕੇ ਪੁਤਲੀ ਘਰ(ਨੇੜੇ ਅੰਮ੍ਰਿਤਸਰ) ਆ ਪਹੁੰਚਿਆ।ਇਧਰ ਸਿੰਘਾਂ ਨੂੰ ਰੋਹੀੜੇ ਦੇ ਘੱਲੂਘਾਰੇ ਵਿੱਚ ਹੋਏ ਜਾਨੀ ਨੁਕਸਾਨ ਦਾ ਅਤੇ ਗੁਰੂ ਘਰ ਦੀ ਹੋਈ ਬੇਅਦਬੀ ਦਾ ਬਹੁਤ ਹੀ ਗੁੱਸਾ ਸੀ।ਸਿੰਘਾ ਨੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਅਬਦਾਲੀ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ, ਐਸੀ ਕੱਟ ਵੱਡ ਹੋਈ ਅਬਦਾਲੀ ਆਪਣੀ ਸੈਨਾ ਮਰਵਾਕੇ ਲਹੌਰ ਜਾ ਵੜਿਆ।ਅਬਦਾਲੀ ਤੋਂ ਇਉ ਸਿੰਘਾਂ ਨੇ ਇੱਕ ਸਾਲ ਦੇ ਅੰਦਰ 2 ਰੋਹੀੜੇ ਘੱਲੂਘਾਰੇ ਦਾ ਬਦਲਾ ਲੈ ਲਿਆ।ਅਬਦਾਲੀ ਨੇ ਹੁਣ ਇਹ ਜਾਣ ਲਿਆ ਸੀ।ਕਿ ਪੰਜਾਬ ਤੇ ਸਿੰਘਾਂ ਦਾ ਕਬਜ਼ਾ ਹੋ ਚੁੱਕਾ ਹੈ। ਹੁਣ ਇਹਨਾਂ ਅੱਗੇ ਮੇਰੀ ਕੋਈ ਪੇਸ਼ ਨਹੀ ਜਾਣੀ।ਇਹ ਸੋਚਦਾ ਹੋਇਆ ਲਹੌਰ ਦੀ ਸੂਬੇਦਾਰੀ ਕਾਬਲੀ ਮੱਲ ਹਿੰਦੂ ਨੂੰ ਦੇਕੇ ਕਾਬਲ ਜਾ ਵੜਿਆ, ਕਾਬਲ ਜਾਣ ਤੋਂ ਪਹਿਲਾਂ ਹੀ ਰਾਵੀ ਦਰਿਆ ਕੋਲੋ ਸਿੰਘਾਂ ਨੇ ਉਸ ਕੋਲੋ ਮਾਰਧਾੜ ਕਰਕੇ ਲੁੱਟ ਦਾ ਸਮਾਨ ਖੋਹ ਲਿਆ।ਇਤਿਹਾਸ ਗਵਾਹ ਹੈ, ਕਿ ਜਿਹੜੀ ਇੱਟ ਦਰਬਾਰ ਸਹਿਬ ਸ੍ਰੀ ਅੰਮ੍ਰਿਤਸਰ ਨੂੰ ਬਾਰੂਦ ਨਾਲ ਉਡਾਉਦੇ ਵਕਤ ਉਸ ਦੇ ਨੱਕ ਤੇ ਲੱਗੀ ਸੀ।ਉਸ ਇੱਟ ਦੇ ਜਖਮਾਂ ਦੀ ਤਾਬ ਨਾ ਝਲਦਾ ਹੋਇਆ ਦੋ ਸਾਲ ਬਾਅਦ ਬੁਰੀ ਮੌਤ ਮਰ ਗਿਆ ਸੀ *।
ਹੌਲੀ ਹੌਲੀ ਪੂਰੇ ਬੋਰਡ ਨੂੰ ਉਦਾਸ ਮਨ ਨਾਲ ਪੜ੍ਹ ਕੇ ਗੁਰੂਦੁਆਰੇ ਸਾਹਿਬ ਅੰਦਰ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲ ਪਏ।ਜਦੋਂ ਅਸੀ ਮੱਥਾ ਟੇਕ ਕੇ ਬਾਹਰ ਆਉਣ ਲੱਗੇ ਤਾਂ ਇੱਕ ਗਰੰਥੀ ਸਿੰਘ ਨੇ ਦੇਗ ਦਿੰਦਆਂ ਕਿਹਾ, ਗੁਰਮੁਖੋ ਜਾਓ ਨਾ ਉਸ ਨੇ ਸਾਹਮਣੀ ਅਲਮਾਰੀ ਖੋਲ ਕਿ ਇਸ ਅਸਥਾਨ ਦੇ ਇਤਿਹਾਸ ਦੀ ਮਹੱਤਤਾ ਨੂੰ ਵਰਨਣ ਕਰਦੀਆਂ ਕਈ ਕਿਤਾਬਾਂ ਦੇ ਦਿੱਤੀਆਂ।ਅੱਜ ਕੱਲ ਉਥੇ ਲੰਗਰ ਦੀ ਇਮਾਰਤ ਦੀ ਸੇਵਾ ਵੀ ਚੱਲ ਰਹੀ ਹੈ।ਇਥੇ 3-4-5 ਫਰਵਰੀ ਨੂੰ ਸ਼ਹੀਦੀ ਜੋੜ ਮੇਲਾ ਬੜੀ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾਦਾਂ ਹੈ।ਤੇ ਹਰ ਮਹੀਨੇ ਸ਼ਹੀਦਾਂ ਦੀ ਯਾਦ ਵਿੱਚ ਦਸਵੀ ਦਿਹਾੜਾ ਵੀ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਪਾਕੇ ਮਨਾਇਆ ਜਾਦਾਂ ਹੈ, ਹਰ ਸਾਲ ਇਸ ਅਸਥਾਨ ਤੇ ਸੰਗਤਾਂ ਦੂਰ ਦੁਰਾਡਿਆਂ ਤੋਂ ਦਰਸ਼ਨਾਂ ਲਈ ਆਉਦੀਆਂ ਹਨ।