ਲੱਖ ਕੋਸ਼ਿਸ਼ ਦੇ ਬਾਵਜੂਦ

0
1201

ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ।

ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ ਨਾ ਹੋਇਆ।

ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ,

ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ।

ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ ਪੁਲ ਬਣ ਜਾਂਦੇ,

ਪਰ ਮੇਰੇ ਤੋਂ ਸਾਰੀ ਉਮਰ ਹੀ ਆਪਣੇ ਭਾਰ ਹੀ ਖੜ ਨਾ ਹੋਇਆ।

ਯਾਦ ਦੀ ਛੈਣੀ ‘ਥੌੜਾ ਲੈ ਕੇ ਸੋਚਾਂ ਦੇ ਨਾਲ ਲੜਦਾ ਰਹਿੰਦਾ,

ਤੇਰੇ ਵਰਗਾ ਇੱਕ ਵੀ ਚਿਹਰਾ ਮੇਰੇ ਕੋਲੋਂ ਘੜ ਨਾ ਹੋਇਆ।

ਕਈ ਲੜਾਈਆਂ ਲੜੀਆਂ ਵੀ ਨੇ ਜਿੱਤੇ ਵੀ ਆਂ ਹਾਰੇ ਵੀ ਆਂ,

ਪਰ ਇੱਕ ਮੇਰੀ ਆਪਣੀ ਜੰਗ ਹੈ ਜਿਸ ਨਾਲ ਮੈਥੋਂ ਲੜ ਨਾ ਹੋਇਆ।

ਧੋਖਾ ਬੇਵਫਾਈ ਜ਼ਿੱਲਤ ਦੁੱਖ ਗਰੀਬੀ ਕੀ ਨਹੀਂ ਮਿਲਿਆ,

ਪਤਾ ਨਹੀਂ ਕਿਂਉ ਫਿਰ ਵੀ ਮੈਥੋਂ ਦੋਸ਼ ਕਿਸੇ ਸਿਰ ਮੜ ਨਾ ਹੋਇਆ।