ਮੈਥੋਂ ਚਾਹੁਣ ਦੇ ਬਾਵਜੂਦ

0
216

ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ ‘ਤੇ ਧਰ ਨਹੀਂ ਹੋਣਾ।

ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ।

ਮੈਂ ਤਾਂ ਆਪਣੇ ਫਰਜ਼ ‘ਚ ਬੱਧਾ ਉਸਦਾ ਸੱਦਿਆ ਆਇਆ ਹਾਂ,

ਪਤਾ ਸੀ ਮੈਨੂੰ ਘਰ ਬੁਲਾ ਕੇ ਆਪ ਉਹਨਾਂ ਨੇ ਘਰ ਨਹੀਂ ਹੋਣਾ।

ਪਵਨ ਦੇ ਨਾਲ ਯਾਰਾਨਾ ਲਾ ਕੇ ਜਿਹੜੀ ਥਾਂ ਥਾਂ ਉੱਡਦੀ ਫਿਰਦੀ,

ਮੇਰੇ ਬਾਗ ਦੇ ਰੁੱਖਾਂ ਉੱਤੇ ਉਸ ਬੱਦਲੀ ਤੋਂ ਵਰ ਨਹੀਂ ਹੋਣਾ।।

ਜੋ ਜਿੱਤਣ ਦਾ ਆਦੀ ਹੋਵੇ ਹਾਰ ਉਹਦੇ ਲਈ ਔਖੀ ਹੁੰਦੀ,

ਮੈਂ ਤਾਂ ਹਾਰ ਕੇ ਜਿੱਤ ਜਾਵਾਂਗਾ ਪਰ ਤੇਰੇ ਕੋਲੋਂ ਹਰ ਨਹੀਂ ਹੋਣਾ।

ਪੈਰ ਪਾਉਣ ਤੋਂ ਪਹਿਲਾਂ ਹੀ ਅੰਜਾਮ ਦਾ ਪਾਣੀ ਪਰਖ ਲਵੀਂ ਤੂੰ,

ਇਹ ਵਫਾ ਦਾ ਡੂੰਘਾ ਸਾਗਰ ਤੇਰੇ ਕੋਲੋਂ ਤਰ ਨਹੀਂ ਹੋਣਾ।

ਦੇਸ਼ ਦੀ ਖਾਤਿਰ ਜੀਣ ਮਰਨ ਦੇ ਫੋਕੇ ਵਾਅਦੇ ਕਰਦਾ ਰਹਿਨਾਂ,

ਵਖਤ ਪਿਆ ਤਾਂ ਤੱਕ ਲਿਓ ਬੇਸ਼ਕ ਮੈਂ ਗਰਜ਼ੀ ਤੋਂ ਮਰ ਨਹੀਂ ਹੋਣਾ।