ਗੁਰੂ ਨਾਨਕ ਸਾਹਿਬ ਮਹਾਂਕਾਲ ਦੇ ਮੰਦਰ ਵਿੱਚ(Part -1)

0
1150

ਤਵਾਰੀਖ਼ ਗੁਰੂਖ਼ਾਲਸਾ‘ ਵਿੱਚ ਜ਼ਿਕਰ ਹੈ ਕਿ 28 ਹਾੜ ਸੰਮਤ 1568 ਬਿਕ੍ਰਮੀ ਮੁਤਾਬਿਕ 1511 ਈ: ਨੂੰ ‘ਅਕਾਲ-ਮੂਰਤਿ‘ ਦੇ ਪ੍ਰਚਾਰਕ ਗੁਰੂ ਨਾਨਕ ਸਾਹਿਬ, ਰਾਜਾ ਭਰਥਰੀ (ਜੋਗੀ) ਅਤੇ ਰਾਜਾ ਬਿਕ੍ਰਮਾਜੀਤ ਦੀ ਨਗਰੀ ਉਜੈਨ ਵਿਖੇ ਮਹਾਂਕਾਲ ਦੇ ਮੰਦਰ ਪਹੁੰਚੇ । ਸਤਿਗੁਰੂ ਜੀ ਨੇ ਨੋਟ ਕੀਤਾ ਕਿ ਸ਼ਰਧਾਲੂ ਲੋਕ ਸ਼ਿਵਲਿੰਗ ਅਤੇ ਮਹਾਂਕਾਲ (ਸ਼ਿਵ ਦਾ ਭੈਰਵ ਤੇ ਖੌਫਨਾਕ ਰੂਪ) ਦੀ ਬਿਨਸਨਹਾਰ ਤੇ ਡਰਾਉਣੀ ਮੂਰਤੀ (ਜੀਹਦੇ ਇੱਕ ਹੱਥ ਵਿੱਚ ਡਮਰੂ, ਇੱਕ ਹੱਥ ਵਿੱਚ ਗਦਾ, ਇੱਕ ਹੱਥ ਵਿੱਚ ਚਮਕਦੀ ਤਲਵਾਰ ਤੇ ਇੱਕ ਹੱਥ ਵਿੱਚ ਲਹੂ ਦਾ ਕਾਸਾ ਅਤੇ ਮੂੰਹ ਵਿਚੋਂ ਬਾਹਰ ਨਿਕਲੀਆਂ ਦਾੜ੍ਹਾਂ, ਲਾਲ ਜੀਭ ਤੇ ਗਲ ਵਿੱਚ ਲਹੂ ਚੋਂਦੇ ਮਨੁਖੀ ਸਿਰਾਂ ਦੀ ਮਾਲਾ ਹੈ) ਨੂੰ ਹੀ ਕਾਲ ਰਹਿਤ ਤੇ ਸਰਬਕਲਾ ਸਮਰਥ ਰੱਬ ਮੰਨ ਕੇ ਕਾਲ ਦੀ ਮਾਰ ਤੋਂ ਬਚਣ ਲਈ ਤਰਲੇ ਮਾਰ ਰਹੇ ਹਨ । ਉਨ੍ਹਾਂ ਨੇ ਸੰਧਿਆ ਵੇਲੇ ਦੀ ਆਰਤੀ ਸਮੇਂ ਸੁਣਿਆਂ ਕਿ ਉਹ ਮਹਾਂਕਾਲ ਦੀ ਇਸ ਜੜ੍ਹ ਮੂਰਤੀ ਲਈ ਹੀ ਆਦਿ, ਅਕਾਲ, ਅਜੋਨਿ, ਨਿਰਭੈ, ਨਿਰਬਿਕਾਰ ਤੇ ਨਿਰਲੰਭ ਆਦਿਕ ਦੈਵੀ ਵਿਸ਼ੇਸਣ ਵਰਤ ਰਹੇ ਹਨ ।

ਮੂਰਤੀਆਂ ਦੇ ਰੂਪ ਵਿੱਚ ਮਹਾਂਕਾਲ ਦਾ ਜਿਹੜਾ ਭੈਰਵੀ ਰੂਪ ਪ੍ਰਗਟ ਕੀਤਾ ਗਿਆ ਹੈ, ਉਹ ਬਚਿਤਰ ਨਾਟਕ ਵਿੱਚ ‘ਸ਼੍ਰੀ ਕਾਲ ਜੀ ਕੀ ਉਸਤਤਿ‘ ਦੇ ਸਿਰਲੇਖ ਹੇਠ ਸ਼ਬਦਾਂ ਵਿੱਚ ਇਉਂ ਚਿਤਰਿਆ ਗਿਆ ਹੈ :

ਡਮਾਡੱਮ ਡਉਰੂ, ਸਿਤਾਸੇਤ ਛਤ੍ਰੰ ।। ਹਾਹਾ ਹੂਹ ਹਾਸੰ, ਝਮਾ ਝੱਮ ਅਤਰੰ ।।੧੯।।

ਸਿਰੰ ਮਾਲ ਰਾਜੰ ।। ਲਖੇ ਰੁਦ੍ਰ ਲਾਜੰ ।।੨੨।। ਚਮਕਹਿ ਕ੍ਰਿਪਾਣੰ ।। ਅਭੁਤ ਭਯਾਣੰ ।।੩੧।।

ਚਤੁਰ ਬਾਂਹ ਚਾਰੰ ।। ਨਿਜੂਟੰ ਸੁਧਾਰੰ ।। ਗਦਾ ਪਾਸ ਸੋਹੰ ।। ਜਮੰ ਮਾਨ ਮੋਹੰ ।।੩੨।।

ਸੁਭੰ ਜੀਭ ਜੁਆਲੰ ।। ਸੁ ਦਾੜਾ ਕਰਾਲੰ ।। ਬਜੀ ਬੰਬ ਸਖੰ ।। ਉਠੇ ਨਾਦ ਬੰਖੰ ।।੩੩।।

{ਅਰਥ : ਮਹਾਂਕਾਲ ਦੇ ਹੱਥ ਦਾ ਡਉਰੂ ਡੰਮ ਡੰਮ (ਵਜਦਾ ਹੈ) ਅਤੇ (ਸਿਰ ਉੱਤੇ) ਚਿੱਟਾ-ਕਾਲਾ ਛਤ੍ਰ ਝੁਲਦਾ ਹੈ । ਮੂੰਹੋਂ ਹਾਹਾ-ਹੂਹ ਕਰ ਕਰ ਹਸ ਰਹੇ ਹਨ ਅਤੇ ਹੱਥ ਵਿਚਲੇ ਅਸਤਰ ਝਿਲਮਿਲ ਝਿਲਮਿਲ ਕਰ ਰਹੇ ਹਨ । ੧੯। ਸਿਰਾਂ ਦੀ ਮਾਲਾ ਆਪ ਦੇ ਗਲ ਵਿੱਚ ਸੋਭ ਰਹੀ ਹੈ, ਜਿਸ ਨੂੰ ਵੇਖ ਕੇ ਰੁਦ੍ਰ (ਬ੍ਰਹਮਾ ਦਾ ਰੋਂਦੂ ਪੁਤਰ) ਸ਼ਿਰਮਿੰਦਾ ਹੁੰਦਾ ਹੈ ।੨੨। (ਮਹਾਂਕਾਲ ਦੇ ਹੱਥ ਦੀ) ਤਲਵਾਰ ਚਮਕਦੀ ਹੈ । (ਜੋ ਵੱਡੀ) ਅਦਭੁੱਤ ਡਦਾਉਣੀ ਹੈ ।੩੧। ਚਾਰ ਬਾਹਾਂ ਸੁੰਦਰ ਹਨ । ਸਿਰ ਉੱਤੇ ਜੂੜਾ ਸੁਧਾਰਿਆ ਹੋਇਆ ਹੈ । ਜੋ ਉਨ੍ਹਾਂ ਕੋਲ ਗਦਾ ਸੁਹਾਉਂਦੀ ਹੈ, ਉਹ ਜਮ ਦੇ ਮਨ ਨੂੰ ਮੋਹ ਰਹੀ ਹੈ ।੩੨। ਅੱਗ ਵਾਂਗੂ (ਲਾਲ) ਜੀਭ ਸੋਭਦੀ ਹੈ । ਦਾੜ੍ਹਾਂ ਬਹੁਤ ਡਰਾਉਣੀਆਂ ਹਨ । ਚੜ੍ਹਾਈ ਵੇਲੇ ਸੰਖ ਤੇ ਧੌਂਸੇ (ਇਉਂ) ਵਜਦੇ ਹਨ, ਜਿਵੇਂ ਸਮੁੰਦਰ ਗਰਜ ਰਿਹਾ ਹੋਵੇ ।੩੩।}

ਉਜੈਨ ਮੰਦਰ ਵਿਚਲਾ ਵਰਤਾਰਾ ਦੇਖ ਕੇ ਮਾਨਵ-ਦਰਦੀ ਸਤਿਗੁਰੂ ਜੀ ਦਾ ਹਿਰਦਾ ਇਸ ਪੱਖੋਂ ਹੋਰ ਵੀ ਦੁਖੀ ਹੋਇਆ ਕਿ ਕੁਝ ਲੋਕਾਂ ਨੂੰ ਇਥੇ ਵੀ ਪੂਜਾ-ਪਾਠ ਤੇ ਮੰਦਰ ਨਾਲ ਵਹਿੰਦੀ ਨਦੀ ਸਿਪਰਾ-ਗੰਗਾ ਦੇ ਇਸ਼ਨਾਨ ਦਾ ਅਧਿਕਾਰ ਨਹੀ ਹੈ । ਕਿਉਂਕਿ, ਉਹ ਬ੍ਰਾਹਮਣਾਂ ਦੀ ਦ੍ਰਿਸ਼ਟੀ ਵਿੱਚ ਸ਼ੂਦਰ ਮੰਨੇ ਜਾਂਦੇ ਹਨ । ਇਸ ਲਈ ਸਤਿਗੁਰੂ ਜੀ ਨੇ ਦੂਜੇ ਦਿਨ ਲੌਢੇ ਵੇਲੇ (ਦਿਨ ਦੇ ਤੀਜੇ ਪਹਿਰ, ਜਦੋਂ ਦੁਪਹਿਰ ਢਲ ਰਹੀ ਸੀ) ਮੰਦਰ ਦੇ ਨੇੜੇ ਸਪਰਾ-ਗੰਗਾ ਨਦੀ ਦੇ ਕਿਨਾਰੇ ਇੱਕ ਦਰਖਤ ਹੇਠ ਬੈਠ ਕੇ ਇਥੋਂ ਦੇ ਲੋਕਾਂ ਨੂੰ ਸੁਮੱਤ ਬਖ਼ਸ਼ਣ ਹਿੱਤ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਰਬਾਬ (Rebeck) ਵਜਾਣ ਲਈ ਇਸ਼ਾਰਾ ਕੀਤਾ। ਸਤਿਗੁਰੂ ਜੀ ਦੇ ਪਿਆਰ ਪਾਤਰ ਤੇ ਰਾਗ ਦੇ ਧਨੀ, ਭਾਈ ਜੀ ਨੇ ਸੀਸ ਝੁਕਾਇਆ ਅਤੇ ਸਮਾਂ ਜਾਚਣ ਲਈ ਇੱਕ ਵਾਰ ਢਲਦੇ ਸੂਰਜ ਵਲ ਝਾਕ ਕੇ ਉਨ੍ਹੇ ਰਬਾਬ ਦੀਆਂ ਤਰਬਾਂ ਨੂੰ ਛੇੜਿਆ । ਕਿਉਂਕਿ, ਉਹ ਰਾਗ ਦੀ ਬਰੀਕੀਆਂ ਦੇ ਨਾਲ ਨਾਲ ਰਾਗਾਂ ਦੀ ਤਸੀਰ ਨੂੰ ਵੀ ਸਮਝਦੇ ਸਨ । ਇਸ ਲਈ ਉਨ੍ਹਾਂ ਨੇ ਸਿਰੀ ਰਾਗ ਦੀ ਧੁੰਨ ਉੱਠਾਈ ਅਤੇ ਇਸੇ ਹੀ ਰੰਗ ਵਿੱਚ ਕੁਝ ਛਿਨ ਲਹਿਰਾ ਵਜਾ ਕੇ ਵਾਤਾਵਰਣ ਨੂੰ ਸੰਗੀਤਮਈ ਬਣਾਇਆ ।

ਆਲੇ-ਦੁਆਲੇ ਦੇ ਕੁਝ ਲੋਕ ਤਾਂ ਰਬਾਬ ਦੀਆਂ ਰਾਗਮਈ ਸੁਰਾਂ ਸੁਣ ਕੇ ਹੀ ਇਕੱਠੇ ਹੋ ਗਏ ਅਤੇ ਕੁਝ ਹੋਰ, ਜਿਨ੍ਹਾਂ ਵਿੱਚ ਮੰਦਰ ਦੇ ਪੰਡੇ, ਤੀਰਤ ਯਾਤਰਾ ‘ਤੇ ਆਏ ਬੈਰਾਗੀ, ਸੰਨਿਆਸੀ, ਜੋਗੀ ਅਤੇ ਬੰਗਾਲ ਦੇ ਦੁਰਗਾ ਭਗਤਾਂ ਤੋਂ ਇਲਾਵਾ ਸਥਾਨਕ ਐਸੇ ਲੋਕ ਵੀ ਸਨ, ਜਿਨ੍ਹਾਂ ਨੂੰ ਮੰਦਰ ਵਿਚੋਂ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ । ਜਿਹੜੇ ਵਿਚਾਰੇ ਗਰਮੀ ਦੇ ਮਾਰੇ ਨਦੀ ਵਿੱਚ ਬ੍ਰਾਹਮਣਾਂ ਤੋਂ ਚੋਰੀਂ ਵੀ ਟੁੱਬੀ ਲਾਉਣ ਤੋਂ ਤ੍ਰਬਕਦੇ ਸਨ । ਉਦੋਂ ਆਣ ਇਕੱਠੇ ਹੋਏ, ਜਦੋਂ ਅਕਾਲਮੂਰਤਿ ਦੇ ਪੂਜਾਰੀ ਤੇ ਨਿਰਭਉ ਬਾਬੇ ਨੇ ਉੱਚੀ ਹੇਕ ਵਾਲੀ ਸਦ-ਮਈ ਤਰਜ਼ ਨਾਲ, ‘‘ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ।। ਮਿਲਿ ਕੈ ਕਰਹ ਕਹਾਣੀਆ ਸੰਮਥ੍ਰ ਕੰਤ ਕੀਆਹ ।।“{ਗੁ.ਗ੍ਰੰ.ਪੰ.੧੮} ਦੀਆਂ ਅਰੰਭਕ ਪੰਕਤੀ ਵਾਲਾ ਸ਼ਬਦ ਗਾਇਨ ਕੀਤਾ । ਅਸਥਾਈ ਦੇ ਰੂਪ ਵਿੱਚ ਗਾਇਨ ਕੀਤੀ ਜਾਣ ਵਾਲੀ ਰਹਾਉ ਦੀ ਪੰਕਤੀ ‘‘ਕਰਤਾ ! ਸਭੁ ਕੋ ਤੇਰੈ ਜੋਰਿ ।। ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ।।੧।।ਰਹਾਉ।।“ ਵਿੱਚ ਵਧੇਰੇ ਜ਼ੋਰ ਇਸ ਗੱਲ ਉੱਤੇ ਦਿੱਤਾ ਜਾ ਰਿਹਾ ਸੀ ਕਿ ਸਾਰਾ ਸੰਸਾਰ ਇੱਕ ਸਰਬ ਵਿਆਪਕ ਕਰਤੇ ਦੇ ਆਸਰੇ ਟਿਕਿਆ ਹੋਇਆ ਹੈ । ਤੇ ਜਿਹੜਾ ਮਨੁੱਖ ਗੁਰਬਾਣੀ ਨੂੰ ਵੀਚਾਰ ਕੇ ਇਸ ਭੇਦ ਨੂੰ ਸਮਝ ਲੈਂਦਾ ਹੈ, ਉਸ ਨੂੰ ਫਿਰ ਕਿਸੇ ਪ੍ਰਕਾਰ ਦੇ ਕਾਲ, ਦੇਵੀ-ਦੇਵਤਿਆਂ ਤੇ ਵਿਕਾਰਾਂ ਦੀ ਮਾਰ ਤੋਂ ਡਰਨ ਦੀ ਲੋੜ ਨਹੀ ਰਹਿੰਦੀ ।

ਗੁਰ-ਸ਼ਬਦ ਸੁਣ ਕੇ ਮੰਤ੍ਰ-ਮੁਗਧ ਹੋਏ ਸਥਾਨਕ ਪੰਡੇ ਤੇ ਤੀਰਥਾਂ ਦਾ ਭਰਮਣ ਕਰ ਰਹੇ ਸੰਨਿਆਸੀ ਅੰਦਰੋਂ ਅਉਖੇ ਵੀ ਬਹੁਤ ਹੋ ਰਹੇ ਸਨ । ਕਿਉਂਕਿ, ਬਾਬੇ ਦੇ ਉਪਦੇਸ਼ ਰਾਹੀਂ ਉਨ੍ਹਾਂ ਦੀ ਸਮਾਜ ਵਿਚਲੀ ਵਿਅਕਤੀਗਤ ਵਿਸ਼ੇਸ਼ਤਾ ਅਤੇ ਪੂਜਾ ਦੇ ਬਹਾਨੇ ਲੋਕਾਈ ਨੂੰ ਲੁੱਟਣ ਲਈ ਖੜ੍ਹੇ ਕੀਤੇ ਦੇਵੀ-ਦੇਵਤਿਆਂ ਦੀ ਪ੍ਰਤਿਸ਼ਠਤਾ ਖ਼ਤਮ ਹੁੰਦੀ ਜਾਪ ਰਹੀ ਸੀ । ਇਸ ਲਈ ਉਨ੍ਹਾਂ ਵਿਚੋਂ ਇੱਕ ਸੰਨਿਆਸੀ ਬੋਲਿਆ ‘‘ਤੁਮ ਕੌਣ ਸੇ ਕਰਤੇ ਕੇ ਸੋਹਿਲੇ ਗਾ ਰਹੇ ਹੋ ? ਆਪ ਕੋ ਮਾਲੂਮ ਹੋਣਾ ਚਾਹੀਏ ਕਿ ਏਕ ਭਗਵਾਨ ਬ੍ਰਹਮਾ ਜੀ ਹੀ ਸ਼੍ਰਿਸ਼ਟੀ ਕਾ ਕਰਤਾ ਔ ਧਰਤਾ ਹੈ । ਮੰਦਰ ਦਾ ਪੰਡਾ ਬੋਲਿਆ ‘‘ਮਹਾਂਕਾਲ ਕੀ ਸ਼ਰਨ ਆਨੇ ਸੇ ਹੀ ਯਮ ਔਰ ਅਨ ਸ਼ਕਤੀਓਂ ਕਾ ਭੈ ਬਿਨਸ ਸਕਤਾ ਹੈ । ਕਾਰਨ ਯੇਹ ਹੈ ਕਿ ਵੋਹ ਹੀ ਸ਼੍ਰਿਸ਼ਟੀ ਕੇ ਕਰਤਾ, ਧਰਤਾ ਔਰ ਹਰਤਾ ਹੈਂ । ਯੇ ਹੀ ਕਾਰਨ ਹੈ ਕਿ ਬ੍ਰਹਮਾ ਔਰ ਵਿਸ਼ਨੂੰ ਜੀ ਭੀ ਅਸੁਰੋਂ ਕੇ ਡਰ ਕਾਰਨ ਉਨ ਕੀ ਸ਼ਰਨ ਮੇਂ ਪਹੁੰਚੇ ਥੇ । ਇਸੀ ਲੀਏ ਮਹਾਂਕਾਲ ਕੀ ਆਰਤੀ ਮੇਂ ਹਮ ਸੁਭਾ ਸ਼ਾਮ ਯੇਹ ਪਦੇ ਗਾਤੇ ਹੈ“ :

ਡਗ ਮਗ ਲੋਕ ਚਤੁਰ ਦਸ ਭਏ ।। ਅਸੁਰਨ ਸਾਥ ਸਕਲ ਭਰ ਗਏ ।।

ਬ੍ਰਹਮਾ ਬਿਸਨ ਸਭੈ ਡਰ ਪਾਨੇ ।। ਮਹਾਂਕਾਲ ਕੀ ਸਰਨ ਸਿਧਾਨੇ ।।੮੯।।

ਇਹ ਬਿਧਿ ਸਭੈ ਪੁਕਾਰਤ ਭਏ ।। ਜਨ ਕਰ ਲੂਟ ਬਨਿਕ ਸੇ ਲਏ ।।

ਤ੍ਰਾਹਿ ਤ੍ਰਾਹਿ ਹਮ ਸਰਨ ਤੁਹਾਰੀ ।। ਸਭ ਭੈ ਤੇ ਹਮ ਲੇਹੁ ਉਬਾਰੀ ।।੯੦।।

ਤੁਮਹੋ ਸਕਲ ਲੋਕ ਸਿਰਤਾਜਾ ।। ਗਰਬਨ ਗੰਜ ਗਰੀਬ ਨਿਵਾਜਾ ।।

ਆਦਿ, ਅਕਾਲ, ਅਜੋਨਿ ਬਿਨਾ ਭੈ ।। ਨਿਰਬਿਕਾਰ ਨਿਰਲੰਭ ਜਗਤ ਮੈ ।।੯੧।।

ਓਥੋਂ ਦੇ ਯਾਤਰੂਆਂ ਵਿੱਚ ਬੰਗਾਲ ਦੇ ਕੁਝ ਦਰਗਾ-ਦੇਵੀ ਦੇ ਉਪਾਸ਼ਕ ਵੀ ਸ਼ਾਮਲ ਸਨ । ਕਿਉਂਕਿ, ਇਹ ਦੇਵੀ ਮਹਾਂਕਾਲ ਦੀ ਹੀ ਇੱਕ ਖੱਬੇ-ਪੱਖੀ ਸ਼ਕਤੀ ਮੰਨੀ ਜਾਂਦੀ ਹੈ, ਜਿਸ ਦੁਆਰਾ ਉਹ ਜਗਤ ਦੀ ਰਚਨਾ ਕਰਦਾ ਹੈ । ਇਸ ਲਈ ਇੱਕ ਦੁਰਗਾ ਭਗਤ ਨੇ ਆਖਿਆ ਕਿ ‘‘ਮਾਤਾ ਕੀ ਸ਼ਰਨ ਸਿਧਾਨੇ ਸੇ ਹੀ ਮਨੁੱਖ ਮੋਕਸ਼ ਕੋ ਪ੍ਰਾਪਤ ਹੋ ਸਕਤਾ ਹੈ । ਕਿਉਂਕਿ, ਵੋਹ ਸ਼ਿਵ-ਸ਼ਕਤੀ ਹੈ । ਸ਼੍ਰਿਸ਼ਟੀ ਕੀ ਸਿਰਜਕ ਹੈ” । ਚੰਡੀ, ਕਾਲੀ (ਕਾਲਕਾ), ਸਿਵਾ, ਪਾਰਬਤੀ, ਭੈਰਵੀ, ਭਗੌਤੀ ਤੇ ਭਵਾਨੀ ਆਦਿਕ ਸਾਰੇ ਇਸੇ ਦੇ ਹੀ ਰੂਪ ਤੇ ਨਾਮ ਹਨ । ‘ਚੌਬੀਸ ਅਵਤਾਰ, ਦੇ ਬਿਪਰਵਾਦੀ ਕਾਵਿ ਸੰਗ੍ਰਹਿ ਵਿੱਚ ਮਹਾਂਕਾਲ ਦੇ ਉਪਾਸ਼ਕਾਂ ਦਾ ਇਹ ਨਿਸ਼ਚਾ ਇਉਂ ਪ੍ਰਗਟ ਹੁੰਦਾ ਹੈ :

ਪ੍ਰਿਥਮ, ਕਾਲ, ਸਭ ਕੋ ਜਗ ਤਾਤਾ । ਤਾਂਤੇ ਭਯੋ ਤੇਜ ਵਿਖਿਤਾ ।

ਸੋਈ, ਭਵਾਨੀ ਨਾਮ ਕਹਾਈ । ਜਿਨ, ਸਗਰੀ ਇਹ ਸ੍ਰਿਸਟ ਬਨਾਈ ।