ਗੁਰੂ ਨਾਨਕ ਸਾਹਿਬ ਮਹਾਂਕਾਲ ਦੇ ਮੰਦਰ ਵਿੱਚ(Part-2)

0
1050

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਨ੍ਹਾਂ ਸਾਰਿਆਂ ਦੀ ਨੋਕ-ਝੋਕ ਬੜ੍ਹੀ ਧੀਰਜ ਨਾਲ ਸੁਣੀ ਅਤੇ ਉਨ੍ਹਾਂ ਦਾ ਉਤਰ ਦੇਣ ਲਈ ਇੱਕ ਹੋਰ ਸ਼ਬਦ ਗਾਇਨ ਕਰਨਾ ਚਾਹਿਆ । ਹਜ਼ੂਰ ਦਾ ਇਸ਼ਾਰਾ ਪਾ ਕੇ ਭਾਈ ਮਰਦਾਨਾ ਜੀ ਨੇ ਸ਼ਿਵ-ਭਗਤ ਸ਼੍ਰੋਤਿਆਂ ਦੀ ਮਾਨਸਿਕਤਾ ਨੂੰ ਸਮਝਦਿਆਂ ‘ਗਉੜੀ‘ ਰਾਗ (ਰਾਗਣੀ) ਦੀਆਂ ਸੁਰਾਂ ਛੇੜੀਆਂ । ਕਿਉਂਕਿ, ਸ਼ਾਮ ਦਾ ਸਮਾਂ ਹੋਣ ਕਰਕੇ ਇੱਕ ਤਾਂ ‘ਗਉੜੀ‘ ਵੇਲੇ ਦਾ ਰਾਗ ਸੀ । ਦੂਜੇ, ਸ਼ਿਵ ਭਗਤਾਂ ਦਾ ਇਹ ਬੜਾ ਮਨ ਭਾਉਂਦਾ ਰਾਗ ਸੀ । ਕਿਉਂਕਿ, ਸੰਗੀਤ ਸ਼ਾਸ਼ਤਰ ਅਨੁਸਾਰ ਪੂਰਵੀ ਠਾਟ ਦੇ ਸਿਰੀ ਰਾਗ ਦੀ ਰਾਗਣੀ ਹੋਣ ਕਰਕੇ ਉਹ ਇਸ ਨੂੰ ਸ਼ਿਵ-ਸੁਪਤਨੀ ਦੇ ਰੂਪ ਵਿੱਚ ਦੇਖਦੇ ਹਨ, ਜਿਸ ਨੂੰ ਗਉਰੀ, ਗਵਰੀ (ਪਾਰਬਤੀ) ਅਤੇ ਗੌੜੀ (ਗਉੜੀ) ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ।

ਤੀਜੇ, ਉਥੇ ਬੈਠੇ ਸਨ ਬੰਗਾਲੀ ਦੁਰਗਾ ਭਗਤ, ਜਿਹੜੇ ਗਉੜੀ ਰਾਗ ਨੂੰ ਗੌੜ ਦੇਸ਼ (ਬੰਗਾਲ ਤੇ ਉੜੀਸਾ ਦੇ ਵਿਚਕਾਰਲਾ ਇਲਾਕੇ) ਨਾਲ ਜੋੜ ਕੇ ਦੇਖਦੇ ਸਨ । ਅਤੇ ਚੌਥੇ ਤਸੀਰ ਕਰਕੇ ਵੀ ਇਹ ਗੁੜ ਵਾਗੂੰ ਮਿੱਠਾ ਅਤੇ ਮਨ ਨੂੰ ਨਸ਼ਿਆ ਕੇ ਮਸਤ ਕਰਨ ਵਾਲਾ ਮੰਨਿਆਂ ਜਾਂਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ਗੁੜ ਤੋਂ ਬਣੀ ਸ਼ਰਾਬ ਨੂੰ ‘ਗੌੜੀ‘, ਆਖਣ ਪਿਛੇ ਵੀ ਸ਼ਾਇਦ ਇਹੀ ਰਹਸ ਛੁਪਿਆ ਹੈ, ਜਿਹੜੀ ਮਹਾਂਕਾਲ (ਸ਼ਿਵ) ਤੇ ਦੁਰਗਾ ਦੇਵੀ ਦੀ ਮਨ ਭਾਉਂਦੀ ਵਸਤੂ ਮੰਨੀ ਜਾਂਦੀ ਹੈ । ਇਹੀ ਕਾਰਨ ਹੈ ਕਿ ਭਾਰਤ ਵਿੱਚ ਕੁਝ ਅਜਿਹੇ ਮੰਦਰ ਵੀ ਹਨ, ਜਿਨ੍ਹਾਂ ਵਿੱਚ ਸ਼ਰਧਾਲੂ ਮਾਸ-ਸ਼ਰਾਬ ਦਾ ਚੜ੍ਹਾਵਾ ਚੜਾਉਂਦੇ ਹਨ ਅਤੇ ਫਿਰ ਇਹੀ ਕੁਝ ਉਥੇ ਪ੍ਰਸ਼ਾਦ ਵਜੋਂ ਵਰਤਾਇਆ ਜਾਂਦਾ ਹੈ ।

ਨਿਰਭੈਤਾ ਦੀ ਮੂਰਤ ਗੁਰੂ ਨਾਨਕ ਸਾਹਿਬ ਜੀ ਦੇਖਿਆ ਕਿ ਭਾਈ ਮਰਦਾਨੇ ਵਲੋਂ ਛੇੜੀਆਂ ਸੁਰਾਂ ਨੇ ਸ਼੍ਰੋਤਿਆਂ ਦਾ ਧਿਆਨ ਖਿੱਚ ਲਿਆ ਹੈ। ਕਈ ਤਾਂ ਮਸਤੀ ਵਿੱਚ ਝੂਮਣ ਲੱਗ ਪਏ ਹਨ। ਹੁਣ ਸੁਵੈਦ ਸਤਿਗੁਰੂ ਜੀ ਨੇ ਸੰਸਾਰ ਦੇ ਮਾਨਸਿਕ ਰੋਗੀਆਂ ਨੂੰ ਰਾਗ ਦੇ ਗਲੇਫ ਵਿੱਚ ਲਪੇਟ ਕੇ ਨਾਮ-ਦਾਰੂ ਦਾ ਕੈਪਸੂਲ ਖਵਾਣ ਲਈ ਆਪਣੀ ਮੁਬਾਰਕ ਰਸਨਾ ਤੋਂ ਹੇਠ ਲਿਖਿਆ ਸ਼ਬਦ ਗਾਇਨ ਕੀਤਾ: ਗਉੜੀ ਮਹਲਾ ੧। । ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ। । ਬ੍ਰਹਮ ਕਮਲੁ ਪਇਆਲਿ ਨ ਪਾਇਆ। । ਆਗਿਆ ਨਹੀ ਲੀਨੀ ਭਰਮਿ ਭੁਲਾਇਆ। । ੧।। ਜੋ ਉਪਜੈ ਸੋ ਕਾਲਿ ਸੰਘਾਰਿਆ। । ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ। । ੧।। ਰਹਾਉ। । ਮਾਇਆ ਮੋਹੇ ਦੇਵੀ ਸਭਿ ਦੇਵਾ। । ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ। । ਓਹੁ ਅਬਿਨਾਸੀ ਅਲਖ ਅਭੇਵਾ। । ੨।। {ਪੰਨਾ ੨੨੭}ਇਹ ੯ ਪਦਿਆਂ ਦਾ ਲੰਮੇਰਾ ਤੇ ਸੰਪੂਰਨ ਸ਼ਬਦ ਉਨ੍ਹਾਂ ਰਾਗ ਦੇ ਪ੍ਰਭਾਵ ਹੇਠ ਭਾਵੇਂ ਸੁਣ ਤਾਂ ਲਿਆ। ਪਰ, ਪੰਡੇ ਅੰਦਰੋਂ ਉਬਲ ਰਹੇ ਸਨ। ਕਿਉਂਕਿ, ਸ਼ਬਦ ਦੀ ਅਸਥਾਈ ‘‘ਜੋ ਉਪਜੈ ਸੋ ਕਾਲਿ ਸੰਘਾਰਿਆ। । ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ। । ੧।। ਰਹਾਉ। । “ ਜਿਹੜੀ ਉਨ੍ਹਾਂ ਬਾਰ ਬਾਰ ਗਾਈ, ਦੇ ਸ਼ਬਦੀ ਅਰਥ ਬੜੇ ਸਰਲ ਸਨ ਕਿ ਸੰਸਾਰ ਵਿੱਚ ਜੋ ਕੁੱਝ ਵੀ ਪੈਦਾ ਹੁੰਦਾ ਹੈ, ਉਸ ਨੂੰ ਕਾਲ ਸੰਘਾਰ ਦਿੰਦਾ ਹੈ। ਖ਼ਤਮ ਕਰ ਦਿੰਦਾ ਹੈ। ਪਰ, ਗੁਰੂ ਦੇ ਸ਼ਬਦ ਨੂੰ ਵਿਚਾਰਨ ਕਰਕੇ ਹਰੀ ਪਰਮਾਤਮਾ ਨੇ ਸਾਨੂੰ ਕਾਲ ਦੀ ਮਾਰ ਤੋਂ ਬਚਾ ਲਿਆ ਹੈ। ਸ਼ਬਦ ਚੋਟ ਬੜੀ ਸਿੱਧੀ ਸੀ ਕਿ ਸੰਸਾਰਕ ਤਲ ਤੇ ਪੈਦਾ ਹੋਣ ਵਾਲੀਆਂ ਸਭੇ ਸੂਰਤਾਂ ਤੇ ਮੂਰਤਾਂ, ਭਾਵੇਂ ਉਹ ਦੇਵੀ-ਦੇਵਤਿਆਂ ਤੇ ਅਵਤਾਰਾਂ ਦੀਆਂ ਵੀ ਕਿਉਂ ਨਾ ਹੋਣ, ਜਦੋਂ ਕਰਤਾ ਪੁਰਖ ਦੇ ਬਣਾਏ ਕਾਲ ਦੇ ਕੁਦਰਤੀ ਨੀਯਮ ਅਨੁਸਾਰ ਨਾਸ਼ਵੰਤ ਹਨ ਤਾਂ ਉਨ੍ਹਾਂ ਦੀ ਸੇਵਾ ਭਗਤੀ ਕਿਸੇ ਨੂੰ ਕਾਲ-ਮੁਕਤ ਕਿਵੇਂ ਕਰ ਸਕਦੀ ਹੈ? ਕਿਉਂਕਿ, ਜਿਹੜਾ ਆਪ ਦਰਿਆ ਵਿੱਚ ਡੁੱਬ ਰਿਹਾ ਹੋਵੇ, ਉਹ ਦੂਜੇ ਨੂੰ ਡੁੱਬਣ ਤੋਂ ਕਿਵੇਂ ਬਚਾ ਸਕਦਾ ਹੈ। ਗੁਰਵਾਕ ਵੀ ਹੈ: ਜੋ ਡੁਬੰਦੋ ਆਪਿ, ਸੋ ਤਰਾਏ ਕਿਨ ਖੇ। । (ਗੁ. ਗ੍ਰੰ. ਪੰ. ੧੧੦੧) ਗਾਇਨ ਕੀਤੇ ਜਾ ਰਹੇ ਸ਼ਬਦ ਵਿਚਲੀ ‘‘ਕਾਜੀ ਸੇਖ ਭੇਖ ਫਕੀਰਾ। । ਵਡੇ ਕਹਾਵਹਿ ਹਉਮੈ ਤਨਿ ਪੀਰਾ। । ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ”। । ੭।। ਦੀ ਪੰਕਤੀ ਸੁਣ ਕੇ ਮਹਾਂਕਾਲ ਦੇ ਭਗਤਾਂ ਨੂੰ ਜਦੋਂ ਗੁਰੂ ਬਾਬੇ ਦੀ ਸਮਦਿਸ਼ਟਤਾ ਦਾ ਝਲਕਾਰਾ ਵੱਜਿਆ ਤਾਂ ਉਨ੍ਹਾਂ ਅੰਦਰੋਂ ਭਾਵੇਂ ਕੁੱਝ ਧੀਰਜ ਵੀ ਧਾਰੀ। ਕਿਉਂਕਿ, ਉਨ੍ਹਾਂ ਨੂੰ ਜਾਪਿਆ ਕਿ ਬਾਬੇ ਨਾਨਕ ਦਾ ਨਿਸ਼ਾਨਾ ਕੇਵਲ ਦੇਵੀ-ਦੇਵਤੇ ਤੇ ਇਕੱਲੇ ਅਸੀਂ ਬ੍ਰਾਹਮਣ ਪੁਜਾਰੀ ਹੀ ਨਹੀ। ਸਗੋਂ, ਇਸਲਾਮਿਕ ਪੀਰ, ਫ਼ਕੀਰ, ਸ਼ੇਖ ਤੇ ਕਾਜ਼ੀ ਵੀ ਹਨ। ਪਰ, ‘‘ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ। । “ ਅਤੇ ‘‘ਮਾਇਆ ਮੋਹੇ ਦੇਵੀ ਸਭਿ ਦੇਵਾ। । ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ” । । ਦੀਆਂ ਅਰੰਭਕ ਪੰਕਤੀਆਂ ਸੁਣ ਕੇ ਉਨ੍ਹਾਂ ਅੰਦਰ ਪੈਦਾ ਹੋ ਚੁੱਕੀ ਸੰਪਰਦਾਇਕ ਤਿਲਮਲਾਹਟ ਦਾ ਹੜ੍ਹ, ਧੀਰਜ ਦੀ ਉਸ ਛੋਟੀ ਜਿਹੀ ਲਹਿਰ ਨੂੰ ਵੀ ਰੋੜ੍ਹ ਕੇ ਲੈ ਗਿਆ। ਉਹ ਕ੍ਰੋਧਿਤ ਹੋਏ ਉੱਛਲ ਉੱਛਲ ਪੈਂਦੇ ਸਵਾਲਾਂ ਦੀ ਬੁਛਾੜ ਕਰਨ ਲੱਗੇ। ਕਿਉਂਕਿ, ਸੰਪਰਦਾਈਆਂ ਦਾ ਇਹ ਸੁਭਾ ਹੈ ਕਿ ਜਦੋਂ ਕੋਈ ਉੱਤਰ ਨਾ ਸੁੱਝੇ ਤਾਂ ਉਹ ਰੌਲਾ ਪਾਉਂਦੇ ਹੋਏ ਸਦਾ ਆਪਣੇ ਵਿਚਾਰਧਾਰਕ ਵਿਰੋਧੀ ਦੇ ਗਲ ਪੈਣ ਦਾ ਯਤਨ ਕਰਦੇ ਹਨ, ਤਾਂ ਕਿ ਉਹ ਡਰ ਕੇ ਮੈਦਾਨ ਛੱਡ ਜਾਏ।

ਧੀਰਜ-ਧਾਮ ਸਤਿਗੁਰੂ ਜੀ ਅਡੋਲਤਾ ਵਿੱਚ ਬੋਲੇ: ਮਿਤਰੋ! ਆਪ ਧਾਰਮਿਕ ਮੁਖੀ ਮੰਨੇ ਜਾਂਦੇ ਹੋ। ਤੁਹਾਡੇ ਤੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਬੜੇ ਸਭਿਅਕ ਮਨੁੱਖ ਹੋ। ਇਸ ਲਈ ਮੈਨੂੰ ਵੀ ਆਸ ਹੈ ਕਿ ਤੁਸੀਂ ਧੀਰਜ ਨਾਲ ਗੱਲ ਕਰੋਗੇ। ਭਾਈ! ਮੈਂ ਤੁਹਾਡੇ ਸਾਰੇ ਸੁਆਲਾਂ ਦੇ ਵਿਸਥਾਰ ਪੂਰਵਕ ਉੱਤਰ ਦੇਣ ਲਈ ਤਿਆਰ ਹਾਂ। ਤੁਸੀਂ ਹੌਸਲੇ ਨਾਲ ਉਪਰੋਕਤ ਸੁਆਲਾਂ ਤੋਂ ਇਲਾਵਾ ਅਜਿਹੇ ਹੋਰ ਵੀ ਸੁਆਲ ਉਠਾ ਸਕਦੇ ਹੋ, ਜਿਹੜੇ ਤਹਾਨੂੰ ਅੰਦਰੋਂ ਪੀੜਤ ਕਰ ਰਹੇ ਹੋਣ। ਕਿਉਂਕਿ, ਮੇਰਾ ਮਕਸਦ ਕਿਸੇ ਪ੍ਰਕਾਰ ਦੇ ਬਹਿਸ-ਮੁਬਹਿਸੇ ਦੁਆਰਾ ਵਿਦਿਅਕ ਪੰਡਤਾਈ ਦਿਖਾਂਦਿਆਂ ਕਿਸੇ ਨੂੰ ਜਿੱਤਣ ਜਾਂ ਹਰਾਉਣ ਦੇ ਰੂਪ ਵਿੱਚ ਪਹਿਲਵਾਨਗੀ ਕਰਨਾ ਨਹੀ। ਸਗੋਂ, ਮੇਰਾ ਮਨੋਰਥ ਤਾਂ ਆਪ ਸਾਰਿਆਂ ਨੂੰ ਅਕਾਲ-ਪੁਰਖ ਦੇ ਲੜ ਲਾਉਣਾਂ ਹੈ ਤਾਂ ਜੋ ਤੁਸੀਂ ਵੀ ਮੇਰੇ ਤਰ੍ਹਾਂ ਕਾਲ ਦੀ ਉਸ ਅੰਤਰੀਵ ਗੁੱਝੀ ਮਾਰ ਤੋਂ ਬਚ ਸਕੋ, ਜਿਹੜੀ ਮਨੁੱਖ ਨੂੰ ਆਤਮਿਕ ਤੌਰ ਤੇ ਮੁਰਦਾ ਕਰ ਦਿੰਦੀ ਹੈ। ਗੁਰੂ ਬਾਬੇ ਦੀ ਦੈਵੀ ਸਖ਼ਸ਼ੀਅਤ ਤੇ ਉਨ੍ਹਾਂ ਦੀ ਨਿਰਭੈਤਾ ਭਰੀ ਅਡੋਲ ਮਾਨਸਿਕ ਅਵਸਥਾ ਦੇਖ ਕੇ ਅਤੇ ਉਨ੍ਹਾਂ ਦੇ ਸਹਜਮਈ ਬੋਲਾਂ ਨੂੰ ਸੁਣ ਕੇ ਪੰਡੇ ਲੋਕ ਕੁੱਝ ਠਿਠੰਬਰ ਜਿਹੇ ਗਏ। ਹੁਣ ਉਨ੍ਹਾਂ ਨੂੰ ਇੱਕ-ਦਮ ਕੁੱਝ ਸੁੱਝ ਨਹੀ ਸੀ ਰਿਹਾ ਕਿ ਉਹ ਗੁਰੂ ਜੀ ਦੇ ਸਨਮੁੱਖ ਕੀ ਸੁਆਲ ਖੜ੍ਹਾ ਕਰਨ? ਭਾਈ ਗੁਰਦਾਸ ਜੀ ਨੇ ਸਿੱਧ-ਜੋਗੀਆਂ ਨਾਲ ਹੋਈ ਵਿਚਾਰ ਗੋਸ਼ਟੀ ਦਾ ਜ਼ਿਕਰ ਕਰਦਿਆਂ ਸਤਿਗੁਰੂ ਜੀ ਦੇ ਪ੍ਰਤਾਪ ਬਾਰੇ ਐਂਵੇ ਹੀ ਨਹੀ ਸੀ ਲਿਖਿਆ ਕਿ ‘‘ਸਤਿਗੁਰ ਅਗਮ ਅਗਾਧਿ ਪੁਰਖੁ, ਕਿਹੜਾ ਝੱਲੇ ਗੁਰੂ ਦੀ ਝਾਲਾ”? ਮੰਦਰ ਦਾ ਮੁਖੀ ਪੰਡਾ ਬੋਲਿਆ, ਛੱਡੋ ਜੀ ਤੁਸੀਂ ਹੋਰ ਸੁਆਲਾਂ ਦੀ ਗੱਲ। ਬੱਸ, ਤੁਸੀਂ ਹੁਣ ਇਹ ਦੱਸੋ; ‘‘ ਜੇ ਤੁਸੀਂ ਆਖਦੇ ਹੋ ਕਿ ਜੋ ਵੀ ਉਪਜਦਾ ਹੈ, ਉਸ ਨੂੰ ਕਾਲ ਸੰਘਾਰ ਦਿੰਦਾ ਹੈ (ਜੋ ਉਪਜੈ ਸੋ ਕਾਲਿ ਸੰਘਾਰਿਆ)। ਤਾਂ ਇਥੇ ਸੁਆਲ ਖੜ੍ਹਾ ਹੁੰਦਾ ਹੈ ਕਿ ਫਿਰ ਇਹ ਕਿਵੇਂ ਮੰਨਿਆਂ ਜਾ ਸਕਦਾ ਹੈ ਕਿ ਤੁਸੀਂ ਉਹਦੀ ਮਾਰ ਤੋਂ ਬਚ ਗਏ ਹੋ? ਕੀ ਭਵਿੱਖ ਵਿੱਚ ਕਾਲ ਤਹਾਨੂੰ ਨਹੀ ਸੰਘਾਰੇਗਾ? ਕਿਉਂਕਿ, ਤੁਸੀਂ ਸ਼ਬਦ ਵਿੱਚ ਇਹ ਤਾਂ ਆਖਦੇ ਹੋ ਕਿ ‘ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ‘। । ਪਰ, ਸ਼ਬਦ ਦੀ ਅਸਥਾਈ ਵਿੱਚ ਆਪਣੇ ਲਈ ਦਾਅਵਾ ਕਰਦੇ ਹੋ ਕਿ ‘‘ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ”।।

ਸਤਿਗੁਰੂ ਜੀ ਬੋਲੇ: ਭਾਈ ਇਹ ਸਚਾਈ ਤਾਂ ਤੁਸੀਂ ਵੀ ਸਾਰੇ ਕਬੂਲ ਕਰਦੇ ਹੋ ਕਿ ਜੋ ਉਪਜਦਾ ਹੈ, ਉਹ ਬਿਨਸਦਾ ਹੈ। ਜੋ ਜੰਮਦਾ ਹੈ, ਉਹ ਮਰਦਾ ਹੈ। ਜਿਸ ਦਾ ਆਦਿ ਹੈ, ਉਹਦਾ ਅੰਤ ਵੀ ਹੈ। ਸਰੀਰਕ ਤੌਰ ‘ਤੇ ਤਾਂ ਨਾ ਮੈਂ ਰਹਿਣਾ ਹੈ ਨਾ ਤੁਸੀਂ ਰਹਿਣਾ ਹੈ। ਇਸੇ ਲਈ ਇਸ ਸ਼ਬਦ ਵਿੱਚ ਇਹ ਬਚਨ ਆਏ ਹਨ ਕਿ ਹਿੰਦੂ ਤ੍ਰਿਮੂਰਤੀ ਦਾ ਪ੍ਰਥਮ ਦੇਵਤਾ ‘ਬ੍ਰਹਮਾ‘, ਜਿਸ ਨੂੰ ਤੁਹਾਡੇ ਵਿਚੋਂ ਹੀ ਇੱਕ ਸਜਣ ਨੇ ਸਾਰੀ ਸ੍ਰਿਸ਼ਟੀ ਦਾ ਕਰਤਾ-ਧਰਤਾ ਆਖਿਆ ਹੈ, ਉਸ ਬਾਰੇ ਤੁਸੀਂ ਪੰਡਿਤ ਲੋਕ ਹੀ ਆਖਦੇ ਹੋ ਕਿ ‘ਵੇਦਾਂ‘ ਤੇ ‘ਬ੍ਰਾਹਮਣਾਂ‘ ਵਿੱਚ ਬ੍ਰਹਮਾ ਦਾ ਕੋਈ ਜ਼ਿਕਰ ਨਹੀ ਹੈ। ਪ੍ਰੰਤੂ, ‘ਸ਼ਤਪਥ ਬ੍ਰਾਹਮਣ‘ ਤੇ ਰਿਸ਼ੀ ‘ਮਨੂ‘ ਦੇ ਹਵਾਲੇ ਨਾਲ ਫਿਰ ਆਪ ਹੀ ਚਰਚਾ ਕਰਦੇ ਹੋ ਕਿ ਉਹ ਦੁਨੀਆਂ ਵਿੱਚ ਸਭ ਤੋਂ ਪਹਿਲਾਂ ਪਾਣੀ ਵਿੱਚ ਬਣੇ ਸੁਨਹਿਰੀ ਆਂਡੇ ਤੋਂ ਪੈਦਾ ਹੋਇਆ। ਫਿਰ, ਇਹ ਵੀ ਮੰਨਦੇ ਹੋ ਕਿ ਜਦੋਂ ਬ੍ਰਹਮਾ ਇਸ ਸ੍ਰਿਸ਼ਟੀ ਨੂੰ ਸਿਰਜਦਾ ਹੈ ਤਾਂ ਇਹ ਉਸ ਦੇ ਇੱਕ ਦਿਨ ਤਕ ਕਾਇਮ ਰਹਿੰਦੀ ਹੈ। ਇਸ ਦਾ ਇੱਕ ਦਿਨ 2,160,000,000 ਦੁਨਿਆਵੀ ਸਾਲਾਂ ਦੇ ਬਰਾਬਰ ਹੈ। ਇਸ ਤੋਂ ਬਾਅਦ ਦੁਨੀਆਂ ਦੀਆਂ ਸਾਰੀਆਂ ਵਸਤੂਆਂ ਅੱਗ ਨਾਲ ਸੜ ਜਾਂਦੀਆਂ ਹਨ। ਕੇਵਲ ਰਿਸ਼ੀ, ਦੇਵਤੇ ਅਤੇ ਸ੍ਰਿਸ਼ਟੀ ਦੇ ਬੀਜ ਹੀ ਜੀਵਤ ਰਹਿੰਦੇ ਹਨ। ਜਦੋਂ ਬ੍ਰਹਮਾ ਮੁੜ ਜਾਗਦਾ ਹੈ ਤਾਂ ਉਹ ਫੇਰ ਸ੍ਰਿਸ਼ਟੀ ਸਿਰਜ ਲੈਂਦਾ ਹੈ ਅਤੇ ਇਹ ਪ੍ਰਕਿਰਿਆ ਉਸ ਸਮੇਂ ਤੱਕ ਜਾਰੀ ਰਹਿੰਦੀ ਹੈ, ਜਦ ਤਕ ਉਸ ਦੀ ਹੋਂਦ ਦਾ ਇੱਕ ਸੌ ਸਾਲ ਪੂਰਾ ਨਹੀ ਹੋ ਜਾਂਦਾ। ਇਹਦੇ ਸੰਪੂਰਨ ਸਮੇਂ ਨੂੰ 15 ਸੰਖਿਆਵਾਂ ਵਿੱਚ ਲਿਖਿਆ ਜਾ ਸਕਦਾ ਹੈ। ਆਪ ਇਹ ਵੀ ਆਖਦੇ ਹੋ ਕਿ ਜਦੋਂ ਬ੍ਰਹਮਾ ਦੀ ਹੋਂਦ ਦਾ ਸਮਾਂ ਸੰਪੂਰਨ ਹੁੰਦਾ ਹੈ ਤਾਂ ਉਸ ਵੇਲੇ ਸਭ ਕੁੱਝ ਬਿਨਸ ਜਾਂਦਾ ਹੈ। ਉਹ ਆਪ ਅਤੇ ਸਾਰੇ ਦੇਵਤੇ, ਰਿਸ਼ੀ ਤੇ ਸਮੁੱਚਾ ਬ੍ਰਹਿਮੰਡ ਆਪਣੇ ਤੱਤ ਰੂਪਾਂ ਵਿੱਚ ਬਦਲ ਜਾਂਦਾ ਹੈ। ਭਾਵ, ਜਿਵੇਂ ਕੋਈ ਮਿੱਟੀ ਦਾ ਘੜਾ ਟੁੱਟਣ ਤੇ ਉਸ ਵਿਚਲਾ ਸੀਮਤ ਅਕਾਸ਼ ਤੱਤ (ਖਾਲੀ-ਪਨ) ਖੁੱਲੇ ਤੇ ਵਿਆਪਕ ਅਕਾਸ਼ ਵਿੱਚ ਸਮਾ ਜਾਂਦਾ ਹੈ। ਤਿਵੇਂ ਹੀ ਸਮੂਹ ਜੀਅ-ਜੰਤਾਂ ਅਤੇ ਹੋਰ ਸਭੇ ਵਸਤੂਆਂ ਦੇ ਜੋ ਬਣਤਰੀ ਤੱਤ (ਪਵਣ, ਪਾਣੀ, ਅਗਨੀ, ਧਰਤੀ ਤੇ ਅਕਾਸ਼ ਆਦਿਕ) ਹਨ, ਉਹ ਵੱਖ ਵੱਖ ਹੋ ਕੇ ਆਪਣੇ ਆਪਣੇ ਕੁਦਰਤੀ ਮੂਲਿਕ ਰੂਪਾਂ ਵਿੱਚ ਲੀਨ ਹੋ ਜਾਂਦੇ ਹਨ।

ਸੋ ਇਸ ਲਈ ਸਪਸ਼ਟ ਹੈ ਕਿ ਬ੍ਰਹਮਾ ਜਾਂ ਕੋਈ ਹੋਰ ਦੇਵੀ-ਦੇਵਤਾ, ਜਿਨ੍ਹਾਂ ਦੇ ਤੁਸੀਂ ਆਪਣੇ ਆਪਣੇ ਨਿਸ਼ਚੇ ਅਨੁਸਾਰ ਨਾਮ ਲਏ ਹਨ, ਉਨ੍ਹਾਂ ਨੂੰ ਸ੍ਰਿਸ਼ਟੀ ਦੇ ਕਰਤਾ ਨਹੀ ਮੰਨਿਆਂ ਜਾ ਸਕਦਾ। ਕਿਉਂਕਿ, ਉਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਪੈਦਾ ਹੋਏ ਹਨ ਅਤੇ ਬਿਨਸਦੇ ਹਨ। ਜੇ ਤੁਹਾਡੇ ਮੁਤਾਬਿਕ ‘ਬ੍ਰਹਮਾ’ ਦੀ ਕੋਈ ਸਰੀਰਕ ਹੋਂਦ ਮੰਨੀ ਵੀ ਜਾਵੇ, ਤਾਂ ਵੀ ਉਹ ਅੰਡਜ ਖਾਣੀ ਦੀ ਪੈਦਾਇਸ਼ ਹੈ। ਉਸ ਨੂੰ ਪੈਦਾ ਕਰਨ ਵਾਲੀ ਸ਼ਕਤੀ ਕੋਈ ਹੋਰ ਹੈ, ਜਿਸ ਦੇ ਬਣਾਏ ਕਾਲ-ਰੂਪ ਕੁਦਰਤੀ ਨਿਯਮ ਮੁਤਾਬਿਕ ਬ੍ਰਹਮਾ ਵੀ ਆਪਣੀ ਉਮਰ ਭੋਗ ਕੇ ਮਰ ਜਾਂਦਾ ਹੈ। ਇਸੇ ਲਈ ਹੀ ਗਾਇਨ ਕੀਤੇ ਸ਼ਬਦ ਵਿੱਚ ਕਾਲ-ਨਿਯਮ ਦੀ ਸਬਲਤਾ ਦਾ ਜ਼ਿਕਰ ਕਰਨ ਵੇਲੇ ‘ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ‘ ਅਤੇ ‘ਚਉਧਰੀ ਰਾਜੇ ਨਹੀ ਕਿਸੈ ਮੁਕਾਮ‘ ਆਦਿਕ ਵਾਕਾਂ ਤੋਂ ਪਹਿਲਾਂ ਸਾਨੂੰ ਇਹ ਕਹਿਣਾ ਪਿਆ ਕਿ ‘ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ‘। ।

ਦੂਜਾ ਰਿਹਾ ਸੁਆਲ, ਕਾਲ ਦੀ ਮਾਰ ਤੋਂ ਸਾਡੇ ਬਚਣ ਦਾ। ਭਾਈ! ‘ਜੋ ਉਪਜੈ ਸੋ ਕਾਲਿ ਸੰਘਾਰਿਆ‘ ਦਾ ਰੱਬੀ ਹੁਕਮ ਅਥਵਾ ਕੁਦਰਤੀ ਨਿਯਮ ਅਟੱਲ ਤੇ ਸਾਰਿਆਂ ਲਈ ਇੱਕ ਸਮਾਨ ਹੈ। ਇਸ ਲਈ ਸਰੀਰਕ ਤੌਰ ਤੇ ਮੇਰਾ ਜਾਂ ਕਿਸੇ ਹੋਰ ਦਾ ਸਦਾ ਲਈ ਕਾਇਮ ਰਹਿ ਸਕਣਾ ਅਸੰਭਵ ਹੈ। ਪਰ, ਗਾਇਨ ਕੀਤੇ ਗਏ ਸ਼ਬਦ ਵਿੱਚਲੀ ਪੰਕਤੀ ‘‘ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ” ਦਾ ਅਰਥ ਇਹ ਨਹੀ ਕਿ ਗੁਰ ਸ਼ਬਦ ਵਿਚਾਰਨ ਕਰਕੇ ਅਸੀਂ ਸਰੀਰਕ ਤੌਰ ‘ਤੇ ਮਰਨ ਤੋਂ ਬਚ ਗਏ ਹਾਂ। ਨਹੀਂ! ਨਹੀਂ! ਇਸ ਦਾ ਅਰਥ-ਭਾਵ ਇਹ ਹੈ ਕਿ ਜਗਤ ਵਿੱਚ ਜੇਹੜਾ ਜੇਹੜਾ ਵੀ ਜੀਵ ਜਨਮ ਲੈਂਦਾ ਹੈ ਤੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ। ਮੌਤ ਦੇ ਸਹਮ ਨੇ ਉਸ ਉਸ ਦਾ ਆਤਮਕ ਜੀਵਨ ਕਦੇ ਪਲਰਨ ਨਹੀਂ ਦਿੱਤਾ। ਪਰ, ਮੇਰੇ ਆਤਮਕ ਜੀਵਨ ਨੂੰ ਹਰੀ ਪਰਮਾਤਮਾ ਨੇ ਆਪ ਬਚਾ ਲਿਆ, ਕਿਉਂਕਿ, ਉਸ ਦੀ ਮਿਹਰ ਨਾਲ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ।

ਭਾਈ! ਸਾਡੇ ਵਲੋਂ ਗੁਰਸ਼ਬਦ ਦੀ ਵਿਚਾਰ ਦੁਆਰਾ ਲੋਕਾਈ ਨੂੰ ਕਲਪਤ ਦੇਵੀ-ਦੇਵਤਿਆਂ ਦੀਆਂ ਬਿਨਸਨਹਾਰ ਮੂਰਤੀਆਂ ਦੀ ਪੂਜਾ ਛੁਡਵਾ ਕੇ ਅਕਾਲ-ਪੁਰਖੁ ਅਥਵਾ ‘ਅਕਾਲ-ਮੂਰਤਿ‘ ਦੇ ਲੜ ਲਗਾਣ ਦਾ ਮਕਸਦ ਕਿਸੇ ਨੂੰ ਸਰੀਰਕ ਤੌਰ ‘ਤੇ ਕਾਲ ਦੀ ਮਾਰ ਤੋਂ ਬਚਾਉਣਾ ਨਹੀ। ਕਿਉਂਕਿ, ਜੀਵਾਂ ਦਾ ਜੰਮਣਾ ਮਰਨਾ ਜਾਂ ਆਉਣਾ ਜਾਣਾ ਇੱਕ ਸਮਾਨ ਵਰਤਨ ਵਾਲੀ ਰੱਬੀ ਰਜ਼ਾ ਹੈ। ਅਟੱਲ ਕੁਦਰਤੀ ਨੀਯਮ ਹੈ। ‘ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ‘। (ਪੰ. ੪੭੨) ਇਸ ਲਈ ਇਸ ਪੱਖੋਂ ਚਿੰਤਾਤੁਰ ਹੋਣਾਂ ਜਾਂ ਇਸ ਦੇ ਵਿਪਰੀਤ ਸੋਚਣਾ ਇੱਕ ਅਗਿਆਨਮਈ ਹਾਸੋ-ਹੀਣਾ ਕਰਮ ਹੈ। ਭਾਈ! ਚਿੰਤਾ ਉਸ ਦੀ ਗੱਲ ਦੀ ਹੋਣੀ ਚਾਹੀਦੀ ਹੈ, ਜਿਹੜੀ ਅਨਹੋਣੀ ਹੋਵੇ। ਸਰੀਰਕ ਮੌਤ ਤਾਂ ਹੋਣੀ ਹੈ, ਇਹ ਕੋਈ ਅਨਹੋਣੀ ਬਾਤ ਨਹੀ। ਪਰ, ਕਿਸੇ ਮਨੁੱਖ ਦਾ ਅਗਿਆਨਤਾ ਵਸ ਸਰਬ ਵਿਆਪਕ ਕਰਤਾਰ ਨਾਲੋਂ ਟੁੱਟ ਕੇ ਵਿਕਾਰਾਂ ਦੇ ਟੇਟੇ ਚੜ੍ਹਦਿਆਂ ਆਪਣੇ ਮੂਲਿਕ ਦੈਵੀ ਗੁਣਾਂ (ਸਤ, ਸੰਤੋਖ, ਦਇਆ, ਨਿਮਰਤਾ ਅਤੇ ਨਿਰਭੈਤਾ ਤੇ ਨਿਰਵੈਰਤਾ ਆਦਿਕ) ਦਾ ਅਭਾਵ ਕਰ ਬੈਠਣਾ ਵੀ ਇੱਕ ਤਰ੍ਹਾਂ ਨਾਲ ਕਾਲ ਦੀ ਮਾਰ ਹੇਠ ਆਣ ਕੇ ਆਤਮਿਕ ਮੌਤੇ ਮਰਨਾ ਹੈ। ਮਾਨਵ ਸ਼੍ਰੇਣੀ ਲਈ ਇਹ ਇੱਕ ਅਨਹੋਣੀ ਘਟਨਾ ਹੈ।

ਕਿਉਂਕਿ, ਮੂਲਿਕ ਤੌਰ ਤੇ ਮਨੁੱਖ ਰੱਬੀ ਅਸਲੇ ਵਾਲਾ ਹੈ। ਇਹ ਗੁਣਨਿਧਾਨ ਪ੍ਰਭੂ ਦੀ ਅੰਸ਼ ਹੈ। ਪਰ, ਮਾਨਵ-ਸ਼੍ਰੇਣੀ ਦੀ ਬਦਕਿਸਮਤੀ ਹੈ ਕਿ ਇਸ ਪੱਖੋਂ ਹੋਰਨਾਂ ਦੀ ਗੱਲ ਤਾਂ ਛੱਡੋ, ਸਭ ਤੋਂ ਪਹਿਲਾਂ ‘ਬ੍ਰਹਮਾ‘ ਹੀ ਗਿਆਨ ਦੇ ਹੰਕਾਰ ਵਿੱਚ ਫਸ ਕੇ ਆਤਮਿਕ ਮੌਤ (ਕਾਲ) ਦੀ ਲਪੇਟ ਵਿੱਚ ਆ ਗਿਆ, ਜਿਸ ਨੂੰ ਤੁਸੀਂ ਸਭ ਦਾ ਮੋਢੀ ਦੇਵਤਾ ਅਤੇ ਵੇਦ-ਅਭਿਆਸ ਅਥਵਾ ਵੇਦਿਕ-ਵਿਚਾਰਧਾਰਾ ਦਾ ਦਾ ਮੂਲ-ਮੋਢੀ ਮੰਨਦੇ ਹੋ। ਕਿਉਂਕਿ, ਤੁਹਾਡੇ ਵੈਸ਼ਨਵ ਭਰਾ ਹੀ ਕਥਾ ਸਣਾਉਂਦੇ ਹਨ ਕਿ ਉਸ ਨੇ ਆਪਣੇ ਗੁਰੂ ਦੀ ਆਗਿਆ ਵਲ ਗਹੁ ਨਾਹ ਕੀਤਾ, (ਇਸ ਹਉਮੈ ਵਿੱਚ ਆ ਕੇ ਕਿ ਮੈਂ ਇਤਨਾ ਵੱਡਾ ਹਾਂ ਮੈਂ ਕਿਵੇਂ ਕਮਲ ਦੀ ਡੰਡੀ ਵਿਚੋਂ ਪੈਦਾ ਹੋ ਸਕਦਾ ਹਾਂ) ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਗਿਆ। ਵਿਸ਼ਨੂੰ ਦੀ ਨਾਭੀ ਤੋਂ ਉੱਗੇ ਹੋਏ ਜਿਸ ਕਮਲ ਵਿਚੋਂ ਬ੍ਰਹਮਾ ਜੰਮਿਆ ਸੀ, ਉਸ ਦਾ ਅੰਤ ਲੈਣ ਲਈ ਪਾਤਾਲ ਵਿੱਚ ਜਾ ਪਹੁੰਚਿਆ। ਪਰ, ਇਸ ਹਾਲਤ ਵਿੱਚ ਹਜ਼ਾਰਾਂ ਵਰ੍ਹੇ ਲੰਘ ਗਏ, ਬ੍ਰਹਮਾ ਕਮਲ ਦੀ ਡੰਡੀ ਦਾ ਅੰਤ ਨਾਹ ਲੱਭ ਸਕਿਆ ਤੇ ਆਖਿਰ ਉਸ ਨੂੰ ਸ਼ਰਮਿੰਦਾ ਹੋਣਾ ਪਿਆ। ਇਹ ਹਉਮੈ ਹੀ ਮੌਤ ਹੈ। ਇਸ ਲਈ ਅਸੀਂ ਸ਼ਬਦ ਵਿੱਚ ਆਖਿਆ ਹੈ: ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ। । ਬ੍ਰਹਮ ਕਮਲੁ ਪਇਆਲਿ ਨ ਪਾਇਆ। । ਆਗਿਆ ਨਹੀ ਲੀਨੀ ਭਰਮਿ ਭੁਲਾਇਆ। । ੧।।