ਪੰਜਾਬੀ ਦਾ ਸੁਪਨਾ

0
720

(1)

ਪੰਜਾਬੋਂ ਔਂਦਿਆ ਵੀਰਨਿਆ,

ਕੋਈ ਗੱਲ ਕਰ ਆਪਣੇ ਥਾਵਾਂ ਦੀ।

ਮੇਰੇ ਪਿੰਡ ਦੀ ਮੇਰੇ ਟੱਬਰ ਦੀ,

ਹਮਸਾਇਆਂ ਭੈਣ ਭਰਾਵਾਂ ਦੀ।

ਫ਼ਸਲਾਂ ਚੰਗੀਆਂ ਹੋ ਜਾਂਦੀਆਂ ਨੇ?

ਮੀਂਹ ਵੇਲੇ ਸਿਰ ਪੈ ਜਾਂਦਾ ਹੈ?

ਘਿਓ ਸਸਤਾ ਅੰਨ ਸਵੱਲਾ ਏ,

ਸਭ ਰੱਜ ਕੇ ਰੋਟੀ ਖਾਂਦੇ ਨੇ?

ਪਰਭਾਤ ਰਿਡ਼ਕਣੇ ਪੈਂਦੇ ਸਨ?

ਛਾਹ ਵੇਲੇ ਭੱਤੇ ਢੁੱਕਦੇ ਸਨ?

ਭੱਠੀਆਂ ਤੇ ਝੁਰਮਟ ਪੈਂਦੇ ਸਨ?

ਤ੍ਰਿਝਣਾਂ ਵਿਚ ਚਰਖੇ ਘੂਕਦੇ ਸਨ?

ਪਰਦੇਸਾਂ ਅੰਦਰ ਬੈਠਿਆਂ ਨੂੰ,

ਕੋਈ ਯਾਦ ਤੇ ਕਰਦਾ ਹੋਵੇਗਾ?

ਮਾਂ, ਭੈਣ ਤੇ ਨਾਰ ਕਿਸੇ ਦੀ ਦਾ,

ਦਿਲ ਹੌਕੇ ਭਰਦਾ ਹੋਵੇਗਾ?

(2)

ਪੰਜਾਬੀਆਂ ਵਿਚ ਕੋਈ ਚਾ ਭੀ ਹੈ?

ਪੰਜਾਬ ਦੀ ਸ਼ਾਨ ਬਣਾਉਣ ਦਾ?

ਪਾਟੇ ਹੋਏ ਸੀਨੇ ਸੀਉਣ ਦਾ?

ਨਿਖਡ਼ੇ ਹੋਏ ਵੀਰ ਮਿਲਾਉਣ ਦਾ?

ਹਿੰਦੂ ਮੋਮਨ ਸਿੱਖ ਈਸਾਈ,

ਘਿਓ ਖਿਚਡ਼ੀ ਹੋ ਗਏ ਹੋਵਣਗੇ?

ਕਿਰਸਾਣ ਵਪਾਰੀ ਤੇ ਕਿਰਤੀ,

ਇਕ ਥਾਏਂ ਖਲੋ ਗਏ ਹੋਵਣਗੇ?

(3)

ਅਸੀਂ ਜਦ ਦੇ ਏਥੇ ਆਏ ਹਾਂ,

ਸਾਡੇ ਤੇ ਹੁਲੀਏ ਹੀ ਵਟ ਗਏ ਨੇ।

ਸਾਡ਼ੇ ਤੇ ਕੀਨੇ ਨਿਕਲ ਗਏ,

ਵਲ ਵਿੰਗ ਪੁਰਾਣੇ ਹਟ ਗਏ ਨੇ।

ਜੀ ਚਾਹੁੰਦਾ ਹੈ, ਪੰਜਾਬ ਨੂੰ ਭੀ,

ਐਥੋਂ ਵਰਗਾ ਰੰਗ ਲਾ ਲਈਏ,

ਪਿੰਡ ਪਿੰਡ ਵਿਚ ਸਾਂਝਾਂ ਪਾ ਲਈਏ,

ਪੱਕੀਆਂ ਸਡ਼ਕਾਂ ਬਣਵਾ ਲਈਏ।

ਹੱਥਾਂ ਵਿਚ ਬਰਕਤ ਪੈ ਜਾਵੇ,

ਧਰਤੀ ਸੋਨੇ ਦੀ ਹੋ ਜਾਵੇ।

ਆ ਕੇ ਕੋਈ ਰੋਡ਼੍ਹ ਮਜੂਰੀ ਦਾ,

ਭੁੱਖ ਨੰਗ ਦੇ ਧੋਣੇ ਧੋ ਜਾਵੇ।