ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ,
ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚਡ਼੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ।
ਤਿਡ਼੍ਹਾਂ ਤਿਡ਼ਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛਡ ਦਿੱਤੇ ਖੁਲ੍ਹੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀ ਆਈਆਂ ਨੇ।
ਵੰਗਾਂ ਚੂਡ਼ੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ।
ਖੀਰਾਂ ਰਿੱਝੀਆਂ, ਪੂਡ਼ੀਆਂ ਡੰਝ ਲਾਹੀ,
ਕੁਡ਼ੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ।
ਗਿੱਧੇ ਵੱਜਦੇ ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਚੀਂ ਖੇਡਦੇ ਗਭਰੂ ਪਿਡ਼ਾ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।