ਕੋਰੋਨਾ ਦੀ ਮਾਰ ਮਗਰੋਂ ਸਮਾਜ ਨੂੰ ਫਿਰ ‘ਉੱਤਮ ਖੇਤੀ’ ਦਾ ਮੰਤਰ ਹੀ ਬਚਾ ਸਕਦੈ

0
34
ਜਤਿੰਦਰ ਪਨੂੰ

ਇਤਹਾਸ ਦਾ ਦੁਖਾਂਤ ਹੀ ਹੈ ਕਿ ਬੰਦਾ ਅੱਜ ਉਸ ਮੋੜ ਉੱਤੇ ਆ ਪਹੁੰਚਿਆ ਹੈ, ਜਿੱਥੇ ਖੁਦ ਆਪਣੇ ਪ੍ਰਛਾਵੇਂ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਆਪਣੇ ਬਹੁਤ ਨੇੜੇ ਦੀ ਸਾਂਝ ਵਾਲੇ ਲੋਕਾਂ ਨਾਲ ਮਿਲਣ ਵੇਲੇ ਵੀ ਹੱਥ ਮਿਲਾਉਣ ਦੀ ਹਿੰਮਤ ਨਹੀਂ ਪੈਂਦੀ ਤੇ ਦੂਰੋਂ ਉਸ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਤੇ ਕਹਿਣੀ ਪੈਂਦੀ ਹੈ। ਜਿਹੜਾ ਬੰਦਾ ਕੱਲ੍ਹ ਮਿਲਿਆ ਹੁੰਦਾ ਹੈ, ਅੱਜ ਉਸ ਨੂੰ ਮਿਲਣ ਵੇਲੇ ਮਨ ਵਿੱਚ ਇਹ ਸੋਚ ਆਉਂਦੀ ਹੈ ਕਿ ਇਹ ਕੱਲ੍ਹ ਕਿਸੇ ਹੋਰ ਨੂੰ ਮਿਲਿਆ ਹੋਇਆ ਤਾਂ ਪਤਾ ਨਹੀਂ ਕਿਸੇ ਕੋਲੋਂ ਬਿਮਾਰੀ ਦਾ ਗੱਫਾ ਨਾ ਲੈ ਆਇਆ ਹੋਵੇ। ਏਦਾਂ ਤਾਂ ਕਦੀ ਨਹੀਂ ਸੀ ਹੋਈ। ਮਾਨਸ ਜਾਤ ਇਸ ਵਕਤ ਉਸ ਔਝੜ ਵਿੱਚ ਪੈ ਗਈ ਹੈ, ਜਿਸ ਤੋਂ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ।
ਅਸਲੋਂ ਡਰਾਉਣੇ ਇਨ੍ਹਾਂ ਹਾਲਾਤ ਵਿੱਚ ਅਜੇ ਕੁਝ ਹੋਰ ਡਰਾਉਣ ਵਾਲਾ ਬਾਕੀ ਹੈ। ਸੰਸਾਰ ਭਰ ਦੇ ਆਰਥਿਕਤਾ ਦੇ ਮਾਹਰ ਕਹੀ ਜਾ ਰਹੇ ਹਨ ਕਿ ਪਹਿਲਾਂ ਇਸ ਬੀਮਾਰੀ ਨੇ ਬਹੁਤ ਬੁਰੀ ਤਰ੍ਹਾਂ ਝੰਜੋੜ ਦੇਣਾ ਹੈ ਤੇ ਫਿਰ ਇਸ ਦਾ ਕਾਰੋਬਾਰ ਤੇ ਰੁਜ਼ਗਾਰ ਨੂੰ ਏਦਾਂ ਦਾ ਝਟਕਾ ਲੱਗਣ ਵਾਲਾ ਹੈ ਕਿ ਸੋਚ ਕੇ ਤ੍ਰਾਹ ਨਿਕਲ ਜਾਂਦਾ ਹੈ। ਛੋਟੇ ਪੱਧਰ ਦਾ ਕਾਰੋਬਾਰ ਕਰਨ ਵਾਲੇ ਬਹੁਤ ਸਾਰੇ ਲੋਕਾਂ ਲਈ ਏਨੇ ਦਿਨਾਂ ਦਾ ਲਾਕਡਾਊਨ ਜਾਂ ਕਰਫਿਊ ਏਨਾ ਮਾਰੂ ਸਾਬਤ ਹੋਣ ਵਾਲਾ ਹੈ ਕਿ ਇਸ ਦੇ ਬਾਅਦ ਉਨ੍ਹਾਂ ਕੋਲੋਂ ਆਪਣਾ ਕੰਮ ਫਿਰ ਚਲਾਇਆ ਨਹੀਂ ਜਾ ਸਕਣਾ। ਭਾਰਤ ਦੀ ਮਾਰੂਤੀ ਕਾਰ ਕੰਪਨੀ ਇਹ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਸੀ ਕਿ ਉਨ੍ਹਾਂ ਨੂੰ ਕੰਮ ਚਲਾਉਣ ਦੀ ਆਗਿਆ ਦਿੱਤੀ ਜਾਵੇ, ਪਰ ਜਦੋਂ ਆਗਿਆ ਮਿਲੀ ਤਾਂ ਕੰਮ ਸ਼ੁਰੂ ਨਹੀਂ ਕਰ ਸਕੀ। ਪੈਸੇ ਦੀ ਉਸ ਕੋਲ ਕਮੀ ਨਹੀਂ, ਸਗੋਂ ਇਸ ਦਾ ਕਾਰਨ ਇਹ ਹੈ ਕਿ ਉਸ ਨਾਲ ਜੁੜਦੇ ਕਈ ਕੰਮ ਨਾਲ ਦੀਆਂ ਛੋਟੀਆਂ ਪ੍ਰਾਈਵੇਟ ਕੰਪਨੀਆਂ ਤੋਂ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਦੇ ਬਣਾਏ ਪੁਰਜ਼ੇ ਮਾਰੂਤੀ ਕਾਰਾਂ ਵਿੱਚ ਫਿੱਟ ਕੀਤੇ ਜਾਂਦੇ ਹਨ। ਉਹ ਛੋਟੀਆਂ ਕੰਪਨੀਆਂ ਏਨੇ ਲੰਮੇ ਬੰਦ ਪਿੱਛੋਂ ਕਾਰੋਬਾਰ ਚਲਾਉਣ ਜੋਗੀਆਂ ਹਾਲੇ ਨਹੀਂ ਹੋਈਆਂ ਅਤੇ ਨਤੀਜੇ ਵਜੋਂ ਮਾਰੂਤੀ ਦਾ ਕੰਮ ਵੀ ਠੱਪ ਵਰਗਾ ਹੈ। ਏਦਾਂ ਦੇ ਸਾਰੇ ਕਾਰੋਬਾਰਾਂ ਦੀ ਇੱਕ ਚੇਨ ਜਿਹੀ ਹੁੰਦੀ ਹੈ, ਉਸ ਲੜੀ ਦਾ ਇੱਕ ਕੁੰਡਾ ਵੀ ਜਦੋਂ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਤਾਂ ਬਾਕੀ ਸਾਰੀ ਚੇਨ ਉਤੇ ਏਹੋ ਜਿਹਾ ਅਸਰ ਪੈਂਦਾ ਹੈ ਕਿ ਉਹ ਅੱਗੇ ਨਹੀਂ ਤੁਰ ਸਕਦੀ। ਜਿਹੜੀ ਹਾਲਤ ਮਾਰੂਤੀ ਕੰਪਨੀ ਦੀ ਮੀਡੀਏ ਵਿੱਚ ਦੱਸੀ ਜਾ ਰਹੀ ਹੈ, ਦੁਨੀਆ ਦੇ ਕਈ ਦੇਸ਼ਾਂ ਵਿੱਚੋਂ ਏਸੇ ਤਰ੍ਹਾਂ ਦੀਆਂ ਰਿਪੋਰਟਾਂ ਕਈ ਵੱਡੀਆਂ-ਵੱਡੀਆਂ ਕਾਰਪੋਰੇਸ਼ਨਾਂ ਬਾਰੇ ਪੜ੍ਹਨ ਨੂੰ ਮਿਲ ਰਹੀਆਂ ਹਨ।
ਨੱਬੇ ਕੁ ਸਾਲ ਪਹਿਲਾਂ ਜਦੋਂ ਸੰਸਾਰ ਪੱਧਰ ਦਾ ਮੰਦਾ ਆਇਆ ਸੀ ਤਾਂ ਉਸ ਦੀ ਇੱਕ ਕਹਾਣੀ ਚਰਚਿਤ ਹੋਣ ਪਿੱਛੋਂ ਅੱਜ ਤੱਕ ਸੂਝਵਾਨ ਲੋਕਾਂ ਵੱਲੋਂ ਯਾਦ ਕੀਤੀ ਜਾਂਦੀ ਹੈ। ਇੱਕ ਬੱਚਾ ਕੜਾਕੇ ਦੀ ਠੰਢ ਵਿੱਚ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਅੰਗੀਠੀ ਬਾਲ ਲਈਏ, ਪਰ ਮਾਂ ਕਹਿੰਦੀ ਹੈ ਕਿ ਸਾਡੇ ਘਰ ਕੋਲਾ ਨਹੀਂ ਹੈ। ਬੱਚਾ ਕੋਲਾ ਨਾ ਹੋਣ ਦਾ ਕਾਰਨ ਪੁੱਛਦਾ ਹੈ ਤਾਂ ਮਾਂ ਕਹਿੰਦੀ ਹੈ ਕਿ ਇਸ ਲਈ ਕਿ ਕੋਲਾ ਬਹੁਤਾ ਹੋ ਗਿਆ ਹੈ। ਬੱਚਾ ਸਮਝ ਨਹੀਂ ਸੀ ਸਕਿਆ। ਫਿਰ ਮਾਂ ਨੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਤੇਰਾ ਬਾਪ ਇੱਕ ਕੋਲੇ ਦੀ ਖਾਣ ਦਾ ਮਜ਼ਦੂਰ ਹੈ, ਉਸ ਖਾਣ ਵਿੱਚੋਂ ਕੋਲਾ ਬਹੁਤ ਜ਼ਿਆਦਾ ਕੱਢ ਲਿਆ ਜਾਣ ਪਿੱਛੋਂ ਵਿਕ ਨਹੀਂ ਰਿਹਾ ਅਤੇ ਇਸ ਲਈ ਤੇਰੇ ਬਾਪ ਨੂੰ ਕੰਮ ਨਹੀਂ ਮਿਲ ਰਿਹਾ। ਕਿਉਂਕਿ ਕੋਲਾ ਬਹੁਤਾ ਹੋਣ ਕਾਰਨ ਤੇਰੇ ਬਾਪ ਨੂੰ ਕੰਮ ਨਹੀਂ ਮਿਲਦਾ, ਇਸ ਲਈ ਘਰ ਵਿੱਚ ਪੈਸੇ ਨਹੀਂ ਤੇ ਜ਼ਿਆਦਾ ਕੋਲਾ ਕੱਢਣ ਵਾਲੇ ਸਾਡੇ ਵਰਗੇ ਮਜ਼ਦੂਰਾਂ ਦੇ ਪਰਵਾਰ ਆਪਣੀ ਅੰਗੀਠੀ ਭਖਾਉਣ ਜੋਗਾ ਕੋਲਾ ਵੀ ਨਹੀਂ ਖਰੀਦ ਸਕਦੇ। ਓਦੋਂ ਸਥਿਤੀ ਵਧੇਰੇ ਮਾਲ ਬਣਨ ਦੇ ਬਾਅਦ ਵਿਕਰੀ ਦੇ ਮੰਦੇ ਦੀ ਸੀ, ਅੱਜ ਇਹ ਹੋ ਗਈ ਹੈ ਕਿ ਕਿਸੇ ਫੈਕਟਰੀ ਕੋਲ ਮਾਲ ਬਣਾਉਣ ਲਈ ਪਹਿਲਾਂ ਕੱਚਾ ਮਾਲ ਲੱਭਣਾ ਔਖਾ ਹੋ ਜਾਣਾ ਹੈ, ਕੱਚਾ ਮਾਲ ਮਿਲ ਗਿਆ ਤਾਂ ਅੱਗੇ ਆਮ ਆਦਮੀ ਦੀ ਖਰੀਦ ਸ਼ਕਤੀ ਏਨੀ ਨਹੀਂ ਰਹਿਣੀ ਕਿ ਉਸ ਮਾਲ ਨੂੰ ਧੜਾਧੜ ਖਰੀਦਣ ਵਾਲੇ ਗ੍ਰਾਹਕ ਭੱਜੇ ਆਉਣ। ਜਦੋਂ ਫੈਕਟਰੀਆਂ ਦਾ ਇਹ ਹਾਲ ਹੋਇਆ ਕਿ ਨਾ ਕੱਚਾ ਮਾਲ ਮਿਲਿਆ ਤੇ ਨਾ ਬਣਿਆ ਮਾਲ ਵੇਚਣ ਲਈ ਗ੍ਰਾਹਕ ਮਿਲੇ ਤਾਂ ਇਹ ਉਸ ਮੰਦੀ ਨਾਲੋਂ ਵੀ ਵੱਡੀ ਮੰਦੀ ਲਿਆਵੇਗਾ।
ਅਸੀਂ ਬਚਪਨ ਵਿੱਚ ਬਜ਼ੁਰਗਾਂ ਕੋਲੋਂ ‘ਉੱਤਮ ਖੇਤੀ, ਮੱਧਮ ਵਪਾਰ, ਨਖਿਧ ਚਾਕਰੀ, ਭੀਖ ਦੁਆਰ’ ਦਾ ਮੁਹਾਵਰਾ ਸੁਣਦੇ ਹੁੰਦੇ ਸਾਂ। ਫਿਰ ਹਾਲਾਤ ਬਦਲਦੇ ਗਏ। ਸਦੀਆਂ ਤੋਂ ਉੱਤਮ ਗਿਣੀ ਜਾਂਦੀ ਖੇਤੀ ਨਾਲੋਂ ਦੂਸਰੇ ਧੰਦਿਆਂ ਦਾ ਦਰਜ਼ਾ ਉੱਪਰ ਹੁੰਦਾ ਗਿਆ। ਪਹਿਲ ਸਰਕਾਰੀ ਨੌਕਰੀ ਨੂੰ ਦਿੱਤੀ ਜਾਣ ਲੱਗ ਪਈ ਤੇ ਜਿਨ੍ਹਾਂ ਦਾ ਆਪਣਾ ਕਾਰੋਬਾਰ ਸੀ, ਉਨ੍ਹਾਂ ਦੀ ਤਰੱਕੀ ਵੇਖ ਕੇ ਲੋਕ ਈਰਖਾ ਕਰਨ ਲੱਗ ਪਏ। ਹੈਸੀਅਤ ਵਿਖਾਉਣ ਦੀ ਮੁਕਾਬਲੇਬਾਜ਼ੀ ਵਿੱਚ ਕਿਸਾਨਾਂ ਦੇ ਪੁੱਤ ਵੀ ਉਨ੍ਹਾਂ ਚੀਜ਼ਾਂ ਦੀ ਖਰੀਦਾ-ਖਰਾਦੀ ਦੇ ਰਾਹ ਪੈ ਗਏ, ਜਿਨ੍ਹਾਂ ਦੇ ਬਿਨਾਂ ਸਰ ਸਕਦਾ ਸੀ ਤੇ ਇਸ ਖਿੱਚ ਦੇ ਖਿੱਚੇ ਕਿਸਾਨਾਂ ਨੂੰ ਬੈਂਕਾਂ ਵਾਲਿਆਂ ਨੇ ਇੱਕ-ਇੱਕ ਖੇਤ ਉੱਤੇ ਦੋ-ਤਿੰਨ ਥਾਂਈਂ ਕਰਜ਼ਾ ਦਿਵਾ ਕੇ ਹੋਰ ਨੀਵਾਣਾਂ ਦੇ ਰਾਹ ਪਾ ਦਿੱਤਾ। ਭਾਈਚਾਰੇ ਨਾਲ ਮਿਲ ਕੇ ਧੀਆਂ-ਭੈਣਾਂ ਦੇ ਵਿਆਹ ਕਰਨ ਦੀ ਥਾਂ ਮੈਰਿਜ ਪੈਲਿਸਾਂ ਵੱਲ ਤੁਰ ਪਏ ਅਤੇ ਮਾੜੇ ਤੋਂ ਮਾੜਾ ਕਿਸਾਨ ਵੀ ਆਪਣੇ ਨਾਲ ਪਰਵਾਸੀ ਕਾਮਾ ਰੱਖਣ ਲੱਗ ਪਿਆ। ਖੁਦਕੁਸ਼ੀਆਂ ਦੀ ਚਰਚਾ ਹੁੰਦੀ ਸੀ, ਪਰ ਕਿਸੇ ਕਿਸਾਨ ਜਥੇਬੰਦੀ ਨੇ ਇਹ ਹੋਕਾ ਨਹੀਂ ਸੀ ਦਿੱਤਾ ਕਿ ਚਾਦਰ ਵੇਖ ਕੇ ਪੈਰ ਪਸਾਰੀਏ ਤੇ ਭਾਈਚਾਰਕ ਸਾਂਝ ਦੀ ਪਿਰਤ ਫਿਰ ਆਪਣੇ ਸੱਭਿਆਚਾਰ ਦਾ ਅੰਗ ਬਣਾ ਲਈਏ ਤਾਂ ਸਾਡਾ ਬਚਾਅ ਹੋ ਸਕਦਾ ਹੈ। ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਹੀ ਨਹੀਂ ਹੁੰਦੀ, ਹਾਕਮ ਤਾਂ ਸਿਰਫ ਰਾਜ ਕਰਨ ਲਈ ਅੱਗੇ ਆਉਂਦੇ ਹਨ ਤੇ ਆਪਣੇ ਨੇੜਲਿਆਂ ਤੇ ਚਹੇਤਿਆਂ ਨੂੰ ਮਲਾਈਦਾਰ ਅਹੁਦਿਆਂ ਦਾ ਗੱਫਾ ਵੰਡਣ ਤੋਂ ਅੱਗੇ ਵਧਣ ਦੀ ਲੋੜ ਹੀ ਘੱਟ ਸਮਝਦੇ ਹਨ। ਆਮ ਆਦਮੀ ਦਾ ਚੇਤਾ ਪੰਜ ਸਾਲਾਂ ਪਿੱਛੋਂ ਕੀਤਾ ਜਾਂਦਾ ਹੈ।
ਅਜੋਕਾ ਸਮਾਂ ਬਿਨਾਂ ਸ਼ੱਕ ਸਾਨੂੰ ਸਭ ਨੂੰ ਕੋਰੋਨਾ ਦੀ ਮਹਾਮਾਰੀ ਦਾ ਦੌਰ ਦਿੱਸਦਾ ਹੈ ਤੇ ਇਹ ਹੈ ਵੀ, ਪਰ ਇਸ ਦੇ ਨਾਲ ਜਿਹੜਾ ਅਗਲੇ ਦਿਨਾਂ ਵਿੱਚ ਆਰਥਿਕ ਮੰਦਵਾੜੇ ਤੇ ਬੇਰੁਜ਼ਗਾਰੀ ਦਾ ਦੈਂਤ ਰਾਹ ਰੋਕੀ ਖੜਾ ਦਿਖਾਈ ਦੇਂਦਾ ਹੈ, ਉਸ ਬਾਰੇ ਸੋਚਣ ਦਾ ਵੇਲਾ ਵੀ ਇਹੋ ਹੈ। ਦੁਨੀਆ ਦਾ ਤਜਰਬਾ ਦੱਸਦਾ ਹੈ ਕਿ ਜਦੋਂ ਸਾਰੇ ਰਾਹ ਬੰਦ ਹੁੰਦੇ ਦਿੱਸਦੇ ਹਨ, ਓਦੋਂ ਵੀ ਖੇਤੀ ਦਾ ਖੇਤਰ ਹਜ਼ਾਰ ਸੱਟਾਂ ਖਾਣ ਦੇ ਬਾਵਜੂਦ ਢਿੱਡ ਭਰਨ ਜੋਗਾ ਟਿਕਿਆ ਰਹਿੰਦਾ ਹੈ। ਅਸੀਂ ਅਫਗਾਨਿਸਤਾਨ ਦੀ ਵੀਹ ਤੋਂ ਵੱਧ ਸਾਲ ਰਾਤ-ਦਿਨ ਚੱਲਦੀ ਜੰਗ ਦਾ ਹਾਲ ਵੇਖਿਆ ਹੈ, ਕੋਈ ਫੈਕਟਰੀਆਂ ਚੱਲਣ ਦੀ ਖਬਰ ਨਹੀਂ ਆਉਂਦੀ, ਸਕੂਲ ਵੀ ਬੰਦ ਕੀਤੇ ਪਏ ਹਨ, ਪਰ ਏਨਾ ਲੰਮਾ ਸਮਾਂ ਓਥੋਂ ਦੇ ਪੇਂਡੂ ਲੋਕ ਆਪਣੇ ਖੇਤਾਂ ਵਿੱਚੋਂ ਲੋੜ ਜੋਗਾ ਅੰਨ ਪੈਦਾ ਕਰ ਕੇ ਜਿਊਣ ਦਾ ਜੁਗਾੜ ਕਰਦੇ ਰਹੇ ਹਨ। ਵੱਡੀਆਂ ਮਹਾਂਮਾਰੀਆਂ ਦੇ ਦੌਰ ਵਿੱਚ ਵੀ ਪਿੰਡਾਂ ਦੀ ਆਰਥਿਕਤਾ ਇਸ ਕਰ ਕੇ ਇੱਕ ਹੱਦ ਤੱਕ ਟਿਕੀ ਰਹਿੰਦੀ ਸੀ ਕਿ ਉਸ ਨੂੰ ਸ਼ਹਿਰੀ ਅਲਾਮਤਾਂ ਦੀ ਮਾਰ ਛੇਤੀ ਵਲ੍ਹੇਟੇ ਵਿੱਚ ਨਹੀਂ ਲੈ ਸਕਦੀ। ਜੰਗਲ ਨਾਲ ਜੁੜੀ ਆਦੀ ਵਾਸੀ ਆਬਾਦੀ ਦੀ ਬਹੁਤਾਤ ਵਾਲੇ ਝਾਰਖੰਡ, ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਕੋਰੋਨਾ ਦੀ ਮਾਰ ਘੱਟ ਪੈ ਰਹੀ ਹੈ, ਖੁਸ਼ਹਾਲ ਗਿਣੇ ਜਾਂਦੇ ਮਹਾਰਾਸ਼ਟਰ ਅਤੇ ਗੁਜਰਾਤ ਵਰਗੇ ਰਾਜਾਂ ਦੀਆਂ ਸ਼ਹਿਰੀ ਬਸਤੀਆਂ ਵਿੱਚੋਂ ਮੌਤਾਂ ਅਤੇ ਚੀਕਾਂ ਦੀਆਂ ਕਹਾਣੀਆਂ ਦੀ ਗਿਣਤੀ ਕਰਨੀ ਵੀ ਔਖੀ ਹੋ ਜਾਂਦੀ ਹੈ। ਸਿਰਫ ਕੇਰਲਾ ਰਾਜ ਖੁਸ਼ਹਾਲੀ ਦੇ ਬਾਵਜੂਦ ਹਾਲੇ ਤੱਕ ਬਚਿਆ ਹੋਇਆ ਹੈ ਤਾਂ ਇਸ ਲਈ ਕਿ ਓਥੇ ਵਾਰੀ-ਵਾਰੀ ਰਾਜ ਕਰਦੀਆਂ ਦੋਵਾਂ ਮੁੱਖ ਸਿਆਸੀ ਧਿਰਾਂ ਨੇ ਵੱਖਰੀ ਕਿਸਮ ਦਾ ਮਾਹੌਲ ਬਣਾ ਰੱਖਿਆ ਹੈ, ਜਿਸ ਵਿੱਚ ਆਮ ਲੋਕ ਅਤੇ ਸਿਆਸੀ ਧਿਰਾਂ ਵਾਲੇ ਵੀ ਮੁਸ਼ਕਲਾਂ ਦੇ ਵਕਤ ਇਕੱਠੇ ਹੋ ਜਾਂਦੇ ਹਨ ਤੇ ਲੀਡਰਾਂ ਵਿੱਚ ਵੀ ਭਾਰਤ ਦੇ ਭ੍ਰਿਸ਼ਟਾਚਾਰ ਦੀ ਸੜ੍ਹਿਆਂਦ ਹਾਲੇ ਦੇਸ਼ ਦੇ ਪੱਧਰ ਤੱਕ ਨਹੀਂ ਪਹੁੰਚੀ।
ਕੋਰੋਨਾ ਦਾ ਕਹਿਰ ਕਦੋਂ ਮੁੱਕੇਗਾ, ਇਸ ਬਾਰੇ ਅਜੇ ਤੱਕ ਦੁਨੀਆ ਦਾ ਕੋਈ ਮਾਹਰ ਹਿੱਕ ਠੋਕ ਕੇ ਦਾਅਵਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਫਿਰ ਵੀ ਆਸ ਹੈ ਕਿ ਕਦੇ ਨਾ ਕਦੇ ਤਾਂ ਇਹ ਦੌਰ ਮੁੱਕੇਗਾ ਹੀ। ਆਸ਼ਾਵਾਦੀ ਲੋਕਾਂ ਦੇ ਕੋਲ ਇੱਕੋ ਜ਼ੋਰਦਾਰ ਦਲੀਲ ਹੁੰਦੀ ਹੈ ਕਿ ਸਮੇਂ ਦਾ ਚੱਕਾ ਕਦੀ ਖੜੋਂਦਾ ਨਹੀਂ, ਇਹ ਚੱਲਦਾ ਰਹਿੰਦਾ ਹੈ, ਇਸ ਲਈ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣ ਲੱਗੇ। ਅਸੀਂ ਵੀ ਇਹ ਆਸ ਰੱਖਦੇ ਹਾਂ ਕਿ ਇਹ ਦੌਰ ਖਤਮ ਹੋ ਜਾਵੇਗਾ, ਪਰ ਕਦੋਂ ਕੁ ਤੱਕ ਹੋਵੇਗਾ, ਇਹ ਕਹਿਣਾ ਔਖਾ ਹੈ। ਜਦੋਂ ਵੀ ਇਸ ਦੌਰ ਤੋਂ ਖਹਿੜਾ ਛੁੱਟੇਗਾ, ਉਸ ਦੇ ਬਾਅਦ ਸਾਡੇ ਜੀਵਨ ਦਾ ਹਰ ਖੇਤਰ ਇਸ ਤੋਂ ਵਲੂੰਧਰਿਆ ਜਾਣ ਕਾਰਨ ਪੈਰਾਂ ਸਿਰ ਖੜੋਣ ਨੂੰ ਲੰਮਾ ਸਮਾਂ ਲਵੇਗਾ, ਪਰ ਇੱਕੋ ਕਿਸਾਨੀ ਖੇਤਰ ਹੈ, ਜਿਸ ਨਾਲ ਜੁੜੇ ਲੋਕ ਪੁਰਾਣੀ ਲੀਹ ਉੱਤੇ ਛੇਤੀ ਆ ਸਕਦੇ ਹਨ। ਇੱਕ ਵਾਰ ਫਿਰ ਸਮੇਂ ਨੇ ‘ਉੱਤਮ ਖੇਤੀ’ ਦੇ ਅਖਾਣ ਨੂੰ ਸੱਚਾ ਸਾਬਤ ਕਰਨ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਇਹੀ ਵਕਤ ਹੈ ਕਿ ਸਰਕਾਰਾਂ ਨੂੰ ਅਤੇ ਸਮਾਜੀ ਜਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਨੂੰ ਇਸ ਖੇਤਰ ਵੱਲ ਧਿਆਨ ਦੇਣਾ ਚਾਹੀਦਾ ਹੈ। ਖੇਤੀ ਬਚਾਉਣ ਦੇ ਨਾਲ ਕਈ ਕੁਝ ਬਚ ਜਾਵੇਗਾ। ਸਾਨੂੰ ਇਸ ਦਾ ਯਕੀਨ ਹੈ ਕਿ ਅਚੇਤ ਜਾਂ ਸੁਚੇਤ ਤੌਰ ਉੱਤੇ ਇਸ ਵੇਲੇ ਇਹੋ ਸੈਕਟਰ ਮਨੁੱਖਤਾ ਦੀ ਢਾਰਸ ਬਣ ਸਕਦਾ ਹੈ।