ਦਵਾਈ ਲੱਭੇ ਨਾ ਲੱਭੇ, ਕੋਰੋਨਾ ਦੇ ਹੁੰਦਿਆਂ ਵੀ ਮਨੁੱਖ ਨੂੰ ਜਿਊਣ ਦਾ ਵੱਲ ਸਿੱਖਣਾ ਪੈ ਜਾਣੈ

0
128
ਜਤਿੰਦਰ ਪਨੂੰ

ਸਾਨੂੰ ਸਾਰਿਆਂ ਨੂੰ ਇੱਕੀਵੀਂ ਸਦੀ ਦੇ ਚੜ੍ਹਨ ਦੀ ਬੜੀ ਤੀਬਰਤਾ ਨਾਲ ਉਡੀਕ ਸੀ। ਕਈ ਲੋਕ ਓਦੋਂ ਏਨੇ ਕਾਹਲੇ ਦਿਖਾਈ ਦੇਂਦੇ ਸਨ ਕਿ ਵੱਸ ਦੀ ਗੱਲ ਹੁੰਦੀ ਤਾਂ ਅੱਗਲਵਾਂਢੀ ਇੱਕੀਵੀਂ ਸਦੀ ਨੂੰ ਮਿਲਣ ਲਈ ਉਹ ਜੁੱਤੀ ਚੁੱਕ ਕੇ ਦੌੜਨ ਲੱਗ ਜਾਂਦੇ ਜਾਂ ਕੈਲੰਡਰ ਦੇ ਵਰਕੇ ਪਲਟ ਕੇ ਨਵੀਂ ਸਦੀ ਛੇਤੀ ਸ਼ੁਰੂ ਕਰਨ ਦੀ ਸੋਚ ਲੈਦੇ। ਇਹ ਕੁਝ ਸੰਭਵ ਨਹੀਂ ਸੀ ਤੇ ਇਹ ਗੱਲ ਵੀ ਕਿਸੇ ਨੇ ਨਹੀਂ ਸੀ ਸੋਚੀ ਕਿ ਨਵੀਂ ਸਦੀਂ ਸਾਡੇ ਇਸ ਸੰਸਾਰ ਲਈ ਕਿਹੋ ਜਿਹਾ ਸਮਾਂ ਲਿਆਵੇਗੀ। ਜਿਹੜਾ ਕੋਰੋਨਾ ਵਾਇਰਸ ਪਿਛਲੀ ਸਦੀ ਦੇ ਅੱਧ ਦੇ ਅੱਗੇ-ਪਿੱਛੇ ਬਣਿਆ ਅਤੇ ਪਛਾਣਿਆ ਦੱਸਿਆ ਜਾਂਦਾ ਸੀ, ਨਵੀਂ ਸਦੀ ਵਿੱਚ ਉਹ ਪਹਿਲੇ ਵੀਹਾਂ ਸਾਲਾਂ ਵਿੱਚ ਤਿੰਨ ਵਾਰੀ ਆਪਣੇ ਡੰਗ ਦਾ ਅਹਿਸਾਸ ਕਰਵਾ ਚੁੱਕਾ ਹੈ। ਹਰ ਵਾਰੀ ਨਵੇਂ ਨਾਂਅ ਦੇ ਨਾਲ ਜਾਣਿਆ ਗਿਆ ਇਹ ਵਾਇਰਸ ਇਸ ਵਾਰੀ ਪਿਛਲੇ ਦਸੰਬਰ ਵਿੱਚ ਉੱਭਰਿਆ ਹੋਣ ਕਾਰਨ ਇਸ ਨੂੰ ‘ਕੋਵਿਡ-19’ ਦਾ ਨਵਾਂ ਨਾਂਅ ਦਿੱਤਾ ਗਿਆ ਹੈ। ਇਸ ਦੀ ਮਾਰ ਪਿਛਲੇ ਕਿਸੇ ਵੀ ਸਮੇਂ ਦੇ ਫਲੂ ਜਾਂ ਹੋਰ ਵਾਇਰਸ ਤੋਂ ਵੱਧ ਨਿਕਲੀ ਹੈ।
ਜਦੋਂ ਇਹ ਆਪਣੇ ਕਹਿਰ ਦਾ ਮੁੱਢਲਾ ਅਹਿਸਾਸ ਕਰਵਾਉਣ ਲੱਗਾ ਤਾਂ ਚੀਨ ਦੇ ਵੂਹਾਨ ਸ਼ਹਿਰ ਵਿੱਚ ਹਰ ਪਾਸੇ  ਤੋਂ ਹਰ ਤਰ੍ਹਾਂ ਦਾ ਆਉਣ-ਜਾਣ ਰੋਕ ਕੇ ਲਾਕਡਾਊਨ ਕਰਨ ਦੀ ਕਾਰਵਾਈ ਬਾਕੀ ਸੰਸਾਰ ਲਈ ਹੈਰਾਨੀ ਵਾਲੀ ਸੀ। ਉਸ ਦੇ ਬਾਅਦ ਜਦੋਂ ਇਹ ਬਾਕੀ ਦੇਸ਼ਾਂ ਵਿੱਚ ਵੀ ਉੱਭਰਨ ਲੱਗਾ ਤਾਂ ਓਥੋਂ ਦੇ ਲੋਕਾਂ ਨੂੰ ਲਾਕਡਾਊਨ ਦੀ ਸਮਝ ਪਈ ਤੇ ਅਗਲੇ ਪੜਾਅ ਵਿੱਚ ਬਹੁਤੇ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਕਰਫਿਊ ਜਾਂ ਲਾਕਡਾਊਨ ਦਾ ਐਲਾਨ ਇਸ ਤਰ੍ਹਾਂ ਕਾਹਲੀ ਵਿੱਚ ਕਰਨਾ ਸ਼ੁਰੂ ਕੀਤਾ ਕਿ ਲੋਕ ਬੌਂਦਲ ਜਿਹੇ ਗਏ। ਬਹੁਤੇ ਲੋਕਾਂ ਨੂੰ ਇਹ ਕਦਮ ਠੀਕ ਜਾਪਦਾ ਸੀ, ਪਰ ਕੁਝ ਵਿਰੋਧੀ ਸੁਰਾਂ ਵੀ ਕੱਢਦੇ ਰਹੇ। ਉਹ ਕਹਿੰਦੇ ਸਨ ਕਿ ਇਸ ਤੋਂ ਬਿਨਾਂ ਵੀ ਕੋਈ ਰਾਹ ਨਿਕਲ ਸਕਦਾ ਹੈ। ਪਾਸੇ ਬੈਠੇ ਲੋਕ ਏਦਾਂ ਦੇ ਫਾਰਮੂਲੇ ਬਹੁਤ ਦੱਸ ਸਕਦੇ ਹਨ, ਪਰ ਜ਼ਿਮੇਵਾਰੀ ਨਿਭਾਉਣ ਵਾਲੇ ਦੀ ਨੁਕਤਾਚੀਨੀ ਕਰਨ ਦਾ ਅਧਿਕਾਰ ਸਿਰਫ ਸਾਡੇ ਕੋਲ ਨਹੀਂ ਹੁੰਦਾ, ਕੁਝ ਹੋਰ ਲੋਕ ਸਾਡੇ ਤੋਂ ਵੱਖਰੀ ਸੋਚ ਵਾਲੇ ਵੀ ਹੁੰਦੇ ਹਨ। ਵੱਖਰੀ ਸੋਚ ਵਾਲੇ ਉਨ੍ਹਾਂ ਲੋਕਾਂ ਨੇ ਫਿਰ ਇਹ ਕਹਿਣਾ ਸੀ ਕਿ ਸਰਕਾਰ ਚਲਾਉਣ ਵਾਲਿਆਂ ਨੇ ਲਾਕਡਾਊਨ ਲਾਉਣ ਦੀ ਅਕਲ ਨਹੀਂ ਕੀਤੀ ਅਤੇ ਮੁਲਕ ਦੇ ਲੋਕ ਮਰਵਾ ਦਿੱਤੇ ਹਨ। ਜ਼ਿੰਮੇਵਾਰੀ ਦੀ ਪੰਡ ਚੁੱਕਣ ਵਾਲੇ ਨੂੰ ਦੋਵਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ।
ਪਿਛਲੇ ਦੋ ਮਹੀਨਿਆਂ ਦਾ ਤਜਰਬਾ ਸਾਡੀ ਨਜ਼ਰ ਵਿੱਚ ਇਹ ਕਹਿੰਦਾ ਹੈ ਕਿ ਉਸ ਵੇਲੇ ਅਚਾਨਕ ਪਈ ਔਕੜ ਦੇ ਬਾਰੇ ਲੋਕਾਂ ਨੂੰ ਸਮਝ ਵੀ ਨਹੀਂ ਸੀ ਤੇ ਜੇ ਓਦਾਂ ਇਹ ਕਿਹਾ ਜਾਂਦਾ ਕਿ ਆਹ ਸਾਵਧਾਨੀਆਂ ਵਰਤਣੀਆਂ ਹਨ ਤਾਂ ਲੋਕਾਂ ਨੇ ਉਹ ਛੇਤੀ ਮੰਨਣੀਆਂ ਵੀ ਨਹੀਂ ਸਨ। ਆਮ ਲੋਕ ਅਜੇ ਤੱਕ ਵੀ ਜ਼ਰਾ ਕੁ ਮੌਕਾ ਮਿਲੇ ਤਾਂ ਮਜਬੂਰੀ ਵਿੱਚ ਜਾਂ ਮਨ ਦੀ ਮੌਜ ਵਿੱਚ ਵੀ ਕਈ ਥਾਂ ਭੀੜਾਂ ਜੋੜਨ ਤੋਂ ਨਹੀਂ ਹਟਦੇ। ਸਰਕਾਰੀ ਡੰਡੇ ਦੇ ਡਰ ਨਾਲ ਵਿਆਹ ਜ਼ਰੂਰ ਥੋੜ੍ਹੇ ਬੰਦਿਆਂ ਨਾਲ ਹੋਣ ਲੱਗ ਪਏ ਹਨ, ਬਾਕੀ ਗੱਲਾਂ ਵਿੱਚ ਅਜੇ ਵੀ ਸਾਡੇ ਲੋਕ ਹਰ ਪਾਸੇ ਭੀੜ ਕਰੀ ਜਾਂਦੇ ਹਨ। ਉਂਜ ਕੁਝ ਹੱਦ ਤੱਕ ਇਹ ਗੱਲ ਆਮ ਲੋਕਾਂ ਦੀ ਸਮਝ ਦਾ ਹਿੱਸਾ ਬਣਨ ਲੱਗ ਪਈ ਹੈ ਕਿ ਇੱਕ ਦੂਸਰੇ ਤੋਂ ਫਾਸਲਾ ਰੱਖਣਾ ਸਾਡੇ ਸਾਰਿਆਂ ਦੇ ਆਪਣੇ ਹੀ ਭਲੇ ਵਿੱਚ ਹੈ। ਕਿਉਂਕਿ ਸਦਾ ਲਈ ਲਾਕਡਾਊਨ ਲਾ ਕੇ ਨਹੀਂ ਸਾਰਿਆ ਜਾ ਸਕਦਾ, ਇਸ ਲਈ ਅਗਲੇ ਦਿਨਾਂ ਵਿੱਚ ਲੋਕਾਂ ਦੀ ਇਹੋ ਜਿਹੀ ਸਮਝਦਾਰੀ ਹੀ ਸਮਾਜ ਨੂੰ ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਬਚਾ ਸਕਦੀ ਹੈ।
ਅਸੀਂ ਇਹ ਗੱਲ ਕੋਈ ਦੋ ਹਫਤੇ ਪਹਿਲਾਂ ਕਹਿ ਦਿੱਤੀ ਸੀ ਤੇ ਕਈ ਲੋਕਾਂ ਨੂੰ ਗਲਤ ਵੀ ਲੱਗੀ ਸੀ ਕਿ ਏਡਜ਼ ਦੀ ਬਿਮਾਰੀ ਉੱਠੀ ਤਾਂ ਕਿਹਾ ਗਿਆ ਸੀ ਕਿ ਇਹ ਮਨੁੱਖਤਾ ਨੂੰ ਮਾਰ ਦੇਵੇਗੀ, ਪਰ ਉਹ ਮਾਰ ਨਹੀਂ ਸੀ ਸਕੀ। ਇਸ ਦੀ ਥਾਂ ਬਹੁਤ ਸਾਰੇ ਲੋਕਾਂ ਨੇ ਐੱਚ ਆਈ ਵੀ ਪਾਜ਼ਿਟਿਵ ਹੁੰਦਿਆਂ ਵੀ ਜਿਊਣਾ ਸਿੱਖ ਲਿਆ ਸੀ। ਏਸੇ ਤਰ੍ਹਾਂ ਕੋਰੋਨਾ ਵਾਇਰਸ ਦੇ ਹੁੰਦਿਆਂ ਵੀ ਲੋਕਾਂ ਨੇ ਜਿਊਣ ਦਾ ਕੋਈ ਕੁਝ ਵੱਲ ਸਿੱਖ ਹੀ ਲੈਣਾ ਹੈ। ਅਸੀਂ ਇਸ ਮੌਕੇ ਇੱਕ ਵਿਅਕਤੀ ਬਾਰੇ ਦੱਸਣ ਦੀ ਲੋੜ ਸਮਝਦੇ ਹਾਂ, ਜਿਹੜਾ ਏਡਜ਼ ਰੋਗ ਨਾਲ ਅੱਜ ਤੱਕ ਸਭ ਤੋਂ ਵੱਧ ਸਮੇਂ ਤੋਂ ਜਿੰਦਾ ਹੈ। ਪੁਰਤਗਾਲ ਦੇ ਵਸਨੀਕ, ਜਿਸ ਦਾ ਅਸਲ ਨਾਂਅ ਦੱਸਣ ਦੀ ਮਨਾਹੀ ਹੈ ਅਤੇ ਉਸ ਨੂੰ ‘ਲਿਸਬਨ ਪੇਸ਼ੈਂਟ’ ਕਿਹਾ ਜਾਂਦਾ ਹੈ, ਨੂੰ ਸੋਲਾਂ ਕੁ ਸਾਲ ਪਹਿਲਾਂ ਕਿਸੇ ਕਾਰਨ ਹਸਪਤਾਲ ਜਾਣਾ ਪਿਆ ਤਾਂ ਓਥੇ ਜਾਣ ਤੱਕ ਉਹ ਠੀਕ ਸੀ, ਪਰ ਅਗਲੇ ਦਿਨ ਟੈੱਸਟ ਰਿਪੋਰਟਾਂ ਵਿੱਚ ਉਹ ਏਡਜ਼ ਦੀ ਇਨਫੈਕਸ਼ਨ ਵਾਲਾ ਮਰੀਜ਼ ਐੱਚ ਆਈ ਵੀ ਪਾਜ਼ਿਟਿਵ ਬਣ ਗਿਆ। ਓਦੋਂ ਉਹ ਚੁਰਾਸੀ ਸਾਲਾਂ ਦਾ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੂੰ ਸਿਹਤ ਸੰਭਾਲ ਲਈ ਹਰ ਕਿਸਮ ਦੀ ਸਲਾਹ ਦੇਣ ਤੱਕ ਦੀ ਡਾਕਟਰੀ ਮਦਦ ਵੀ ਮਿਲਦੀ ਰਹੀ। ਏਨੀ ਉਮਰ ਦੇ ਲੋਕ ਹੌਸਲਾ ਛੱਡ ਬੈਠਦੇ ਹਨ, ਪਰ ਇਸ ਕੇਸ ਵਾਲੇ ਚੁਰਾਸੀ ਸਾਲ ਉਮਰ ਦੇ ਵਿਅਕਤੀ ਨੇ ਹੌਸਲਾ ਨਹੀਂ ਛੱਡਿਆ ਅਤੇ ਨਤੀਜਾ ਇਹ ਹੋਇਆ ਕਿ ਪਿਛਲੇ ਸਾਲ ਸਤੰਬਰ ਦੀ ਉੱਨੀ ਤਰੀਕ ਨੂੰ ਉਸ ਨੇ ਆਪਣਾ ਸੌਵਾਂ ਸਾਲ ਪੂਰਾ ਕਰ ਲਿਆ ਹੈ। ਏਡਜ਼ ਦੇ ਵਿਸ਼ਾਣੂੰ ਐੱਚ ਆਈ ਵੀ ਤੋਂ ਪਾਜ਼ਿਟਿਵ ਸਾਬਤ ਹੋਣ ਮਗਰੋਂ ਸਭ ਤੋਂ ਵੱਧ ਸਮਾਂ ਜਿਊਣ ਦਾ ਰਿਕਾਰਡ ਅੱਜ ਉਸ ਬਜ਼ੁਰਗ ਦੇ ਨਾਂਅ ਹੈ। ਉਹ ਬਾਕੀ ਲੋਕਾਂ ਲਈ ਇੱਕ ਮਿਸਾਲ ਬਣ ਗਿਆ ਹੈ। ਏਡਜ਼ ਦੀ ਬਿਮਾਰੀ ਦੇ ਨਾਲ ਜੇ ਉਹ ਏਨਾ ਲੰਮਾ ਸਮਾਂ ਜਿੰਦਾ ਰਹਿ ਸਕਦਾ ਹੈ ਤਾਂ ਸਾਨੂੰ ਵੀ ਕੋਰੋਨਾ ਨਾਲ ਰਹਿਣ ਦਾ ਵੱਲ ਸਿੱਖਣਾ ਪਵੇਗਾ।
ਕੋਰੋਨਾ ਵਾਇਰਸ ਦੇ ਨਾਲ ਜਿਊਣ ਦਾ ਵੱਲ ਸਿੱਖਣ ਦੀ ਗੱਲ ਅਸੀਂ ਇਸ ਲਈ ਕਹੀ ਹੈ ਕਿ ਪਹਿਲਾਂ ਜਦੋਂ ਏਡਜ਼ ਦੇ ਹੁੰਦਿਆਂ ਜਿੰਦਾ ਰਹਿਣ ਵਾਲੀ ਗੱਲ ਅਸੀਂ ਦੱਸੀ ਤਾਂ ਕਈ ਲੋਕਾਂ ਨੂੰ ਗਲਤ ਲੱਗਾ ਸੀ। ਅੱਜ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਸੰਸਾਰ ਸਿਹਤ ਸੰਗਠਨ (ਡਬਲਿਊ ਐੱਚ ਓ) ਵਾਲੇ ਲੋਕ ਵੀ ਇਹੋ ਕਹਿ ਰਹੇ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੀਤੇ ਤੇਰਾਂ ਮਈ ਵਾਲੇ ਦਿਨ ਆਪਣੇ ਦੇਸ਼ ਵਿੱਚ ਲਾਕਡਾਊਨ ਵਿੱਚ ਢਿੱਲਾਂ ਦਾ ਐਲਾਨ ਕਰਦੇ ਸਮੇਂ ਕਿਹਾ ਹੈ ਕਿ ਆਸ ਹੈ ਕਿ ਕੋਰੋਨਾ ਵਾਇਰਸ ਦਾ ਇਲਾਜ ਲੱਭ ਪਵੇਗਾ, ਪਰ ਇਹ ਵੀ ਹੋ ਸਕਦਾ ਹੈ ਕਿ ਇਹ ਇਲਾਜ ਕਦੇ ਲੱਭੇ ਹੀ ਨਾ, ਫਿਰ ਵੀ ਜ਼ਿੰਦਗੀ ਨੇ ਚੱਲਦੇ ਰਹਿਣਾ ਹੈ। ਉਸ ਨੇ ਕਿਹਾ ਕਿ ਅਸੀਂ ਇਲਾਜ ਦਾ ਕੋਈ ਟੀਕਾ ਲੱਭਣ ਦੀ ਆਸ ਵਿੱਚ ਬੈਠੇ ਨਹੀਂ ਰਹਿ ਸਕਦੇ, ਲੋਕਾਂ ਨੂੰ ਕੁਝ ਢਿੱਲਾਂ ਦੇਣੀਆਂ ਪੈਣੀਆਂ ਹਨ। ਇਹ ਬਿਆਨ ਉਸ ਬੋਰਿਸ ਜਾਨਸਨ ਨੇ ਦਿੱਤਾ ਹੈ, ਜਿਹੜਾ ਖੁਦ ਕੋਵਿਡ-19 ਦਾ ਮਰੀਜ਼ ਬਣਿਆ ਅਤੇ ਆਖਰੀ ਹੱਦ ਤੱਕ ਜਾ ਕੇ ਜਾਨ ਬਚੀ ਹੈ। ਉਸ ਨੇ ਖੁਦ ਦੱਸਿਆ ਕਿ ਇੱਕ ਵੇਲੇ ਤਾਂ ਉਸ ਦੀ ਮੌਤ ਦਾ ਐਲਾਨ ਕਰਨ ਦੀ ਤਿਆਰੀ ਵੀ ਹੋ ਗਈ ਸੀ। ਇਹੋ ਜਿਹਾ ਕੌੜਾ ਸੱਚ ਭੁਗਤ ਚੁੱਕਾ ਆਗੂ ਜਦੋਂ ਇਹ ਗੱਲ ਕਹਿੰਦਾ ਹੈ ਤਾਂ ਹਵਾਈ ਸ਼ੋਸ਼ਾ ਨਹੀਂ ਛੱਡ ਰਿਹਾ, ਉਹ ਜੀਵਨ ਦੀ ਹਕੀਕਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲ ਰਿਹਾ ਹੈ। ਸੱਚਾਈ ਵੀ ਇਹੋ ਹੈ ਕਿ ਇਲਾਜ ਪਤਾ ਨਹੀਂ ਲੱਭੇਗਾ ਕਿ ਨਾ, ਪਰ ਜ਼ਿੰਦਗੀ ਧੜਕਦੇ ਰਹਿਣਾ ਮੰਗਦੀ ਹੈ। ਇਸ ਨੂੰ ਧੜਕਦੇ ਰੱਖਣ ਦੀ ਹਿੰਮਤ ਕਰਨੀ ਪੈਣੀ ਹੈ। ਸਾਰੀ ਦੁਨੀਆ ਇਸ ਵਾਇਰਸ ਦੇ ਨਾਲ-ਨਾਲ ਜਿਊਣ ਦੇ ਲਈ ਮਾਨਸਿਕ ਪੱਖੋਂ ਤਿਆਰ ਹੁੰਦੀ ਪਈ ਹੈ ਤਾਂ ਅਸੀਂ ਸਮਝਦੇ ਹਾਂ ਕਿ ਮਨੁੱਖੀ ਮਾਨਸਿਕਤਾ ਦੀ ਇਸ ਤਿਆਰੀ ਦੇ ਅਸਰ ਹੇਠ ਮਨੁੱਖੀ ਸਰੀਰ ਵੀ ਅੰਦਰੋ-ਅੰਦਰ ਇਸ ਵਾਇਰਸ ਨੂੰ ਆਪਣੇ ਕਿਸੇ ਖੂੰਜੇ ਵਿੱਚ ਟੰਗ ਕੇ ਆਪਣੇ ਅੰਦਰੋਂ ਹੀ ਇਸ ਨਾਲ ਲੜਨ ਦੀ ਸਮਰੱਥਾ ਦਾ ਨਵਾਂ ਰੂਪ ਵਿਕਸਤ ਕਰਨ ਲੱਗ ਜਾਣਗੇ। ਬਹੁਤ ਸਾਰੇ ਖਤਰਿਆਂ ਦੇ ਨਾਲ ਜੂਝਦੀ ਹੋਈ ਮਨੁੱਖਤਾ ਜੇ ਅੱਜ ਵਾਲੇ ਪੜਾਅ ਤੱਕ ਆਣ ਪਹੁੰਚੀ ਹੈ ਤਾਂ ਏਥੋਂ ਅੱਗੇ ਵੀ ਹਾਰ ਨਹੀਂ ਮੰਨਣ ਲੱਗੀ। ਜ਼ਿੰਦਗੀ ਹਾਰ ਨਹੀਂ ਮੰਨੇਗੀ।

ਜਤਿੰਦਰ ਪਨੂੰ