ਫੈਜ਼ ਦੇ ਪਿੱਛੇ ਪੈ ਗਏ ਹਨ ਅਕਲ ਤੋਂ ਮੱਝ ਨੂੰ ਵੱਡੀ ਸਮਝਣ ਵਾਲੇ

0
70
ਜਤਿੰਦਰ ਪਨੂੰ

ਇਸ ਵਾਰੀ ਨਵੇਂ ਸਾਲ ਦੀ ਆਮਦ ਨੇ ਇੱਕ ਵਾਰ ਫਿਰ ਇਹ ਸਾਫ ਕਰ ਦਿੱਤਾ ਹੈ ਕਿ ਸੁੱਖ ਮੰਗਣੀ ਹੋਰ ਗੱਲ ਤੇ ਹਕੀਕਤਾਂ ਹੋਰ ਹੁੰਦੀਆਂ ਹਨ। ਸਾਡੇ ਸਭਨਾਂ ਦੀ ਕਾਮਨਾ ਸੀ ਕਿ ਨਵਾਂ ਸਾਲ ਖੁਸ਼ੀਆਂ ਵਾਲਾ ਚੜ੍ਹੇ। ਇਸ ਦਿਨ ਦੇ ਸਵਾਗਤ ਲਈ ਕਿਸੇ ਵਿਰਲੇ ਨੂੰ ਛੱਡ ਕੇ ਅਸੀਂ ਲਗਭਗ ਸਾਰਿਆਂ ਨੇ ਆਪਣੇ ਦੋਸਤਾਂ ਤੇ ਸਨੇਹੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣ ਮੌਕੇ ਸੁਖਾਵੇਂ ਦਿਨਾਂ ਦੀ ਕਾਮਨਾ ਕੀਤੀ ਸੀ। ਪਹਿਲਾ ਹੀ ਹਫਤਾ ਸੁੱਖ ਦੇ ਸੰਕੇਤ ਦੇਣ ਵਾਲਾ ਸਾਬਤ ਨਹੀਂ ਹੋਇਆ। ਭਾਰਤ ਵਿੱਚ ਵੀ ਨਵੇਂ ਰੱਟੇ ਪੈਣ ਲੱਗ ਪਏ ਅਤੇ ਵਿਦੇਸ਼ ਵਿੱਚ ਵੀ। ਆਸਟਰੇਲੀਆ ਦੇ ਲੋਕਾਂ ਨੂੰ ਜੰਗਲ ਦੀ ਅੱਗ ਨੇ ਭਾਜੜ ਪਾਈ ਹੋਈ ਹੈ, ਬੰਗਲਾ ਦੇਸ਼ ਦੇ ਬਾਰਡਰ ਗਾਰਡਜ਼ ਇਹ ਦਾਅਵਾ ਕਰਦੇ ਹਨ ਕਿ ਭਾਰਤ ਵੱਲੋਂ ਆਏ ਕਰੀਬ ਚਾਰ ਸੌ ਲੋਕ ਗੈਰ ਕਾਨੂੰਨੀ ਤੌਰ ਉੱਤੇ ਬਾਰਡਰ ਟੱਪਦੇ ਹੋਏ ਅਸਾਂ ਫੜ ਲਏ ਹਨ ਅਤੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅਮਰੀਕਾ ਦੇ ਤਾਜ਼ਾ ਹਵਾਈ ਹਮਲੇ ਨੇ ਸਾਰੀ ਦੁਨੀਆ ਨੂੰ ਚਿੰਤਾ ਲਾ ਦਿੱਤੀ ਹੈ। ਇਸ ਦਾ ਅਸਰ ਤੇਲ ਦੀਆਂ ਕੀਮਤਾਂ ਉੱਤੇ ਪਵੇਗਾ ਅਤੇ ਜਦੋਂ ਤੇਲ ਦੀਆਂ ਕੀਮਤਾਂ ਚੜ੍ਹੀਆਂ ਤਾਂ ਚੜ੍ਹਦੇ ਸੂਰਜ ਦੀ ਧਰਤੀ ਜਾਪਾਨ ਤੋਂ ਧਰਤੀ ਦੇ ਦੂਸਰੇ ਸਿਰੇ ਉੱਪਰਲੇ ਅਮਰੀਕਾ ਤੱਕ ਦੇ ਸਧਾਰਨ ਨਾਗਰਿਕਾਂ ਨੂੰ ਡੋਨਾਲਡ ਟਰੰਪ ਦੀ ਕੁਚੱਜੀ ਅਗਵਾਈ ਦਾ ਬੋਝ ਝੱਲਣਾ ਪੈ ਜਾਵੇਗਾ।
ਫਿਰ ਵੀ ਸਾਡਾ ਧਿਆਨ ਬਹੁਤਾ ਕਰ ਕੇ ਭਾਰਤ ਅਤੇ ਪਾਕਿਸਤਾਨ ਦੀਆਂ ਉਨ੍ਹਾਂ ਘਟਨਾਵਾਂ ਨੇ ਖਿੱਚ ਰੱਖਿਆ ਹੈ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਚਿੰਤਾ ਲਾ ਰੱਖੀ ਹੈ।
ਪਾਕਿਸਤਾਨ ਵਿੱਚ ਤਿੰਨ ਜਨਵਰੀ ਦੇ ਦਿਨ ਨਨਕਾਣਾ ਸਾਹਿਬ ਵਿਖੇ ਜੋ ਹੋਇਆ, ਉਹ ਬੇਹੱਦ ਨਿੰਦਣ ਯੋਗ ਕਾਰਾ ਹੈ, ਜਿਸ ਦੀ ਹਰ ਕਿਸੇ ਨੂੰ ਪੀੜ ਹੋਣੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਧੀ ਨੂੰ ਅਗਵਾ ਕਰਨ ਪਿੱਛੋਂ ਜਿਵੇਂ ਆਮ ਹੁੰਦਾ ਹੈ, ਉਸ ਦੇ ਧਰਮ ਪ੍ਰੀਵਰਤਨ ਦੀ ਇੱਕ ਵੀਡੀਓ ਉਸ ਕੋਲੋਂ ਧੱਕੇ ਨਾਲ ਜਾਰੀ ਕਰਵਾਈ ਗਈ ਤੇ ਫਿਰ ਇਹ ਕਿਹਾ ਗਿਆ ਕਿ ਕੁੜੀ ਨੇ ਫਲਾਣੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਵਾ ਲਿਆ ਹੈ। ਇਹੋ ਜਿਹੇ ਵਿਆਹਾਂ ਦੀ ਕਹਾਣੀ ਬਹੁਤ ਚਿਰਾਂ ਤੋਂ ਪੇਸ਼ ਕੀਤੀ ਜਾਂਦੀ ਰਹੀ ਹੈ ਅਤੇ ਇਸ ਵਾਰੀ ਫਿਰ ਇਹੋ ਕਿਹਾ ਗਿਆ ਹੈ, ਜਿਸ ਦਾ ਯਕੀਨ ਕਰਨਾ ਔਖਾ ਹੈ। ਇਸ ਸਿੱਧੀ ਧੱਕੇਸ਼ਾਹੀ ਤੋਂ ਬਾਅਦ ਜਦੋਂ ਸਿੱਖ ਭਾਈਚਾਰੇ ਨੇ ਰੋਸ ਪ੍ਰਗਟ ਕਰਨ ਲਈ ਰਾਜ ਸਰਕਾਰ ਨੂੰ ਪਹੁੰਚ ਕੀਤੀ ਤਾਂ ਅਗਵਾਕਾਰ ਮੁੰਡੇ ਦੇ ਸਮੱਰਥਨ ਵਾਲੀ ਜਨੂੰਨੀ ਭੀੜ ਨੇ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਪੱਥਰਬਾਜ਼ੀ ਕਰ ਦਿੱਤੀ ਤੇ ਸੜਕ ਰੋਕ ਕੇ ਧਰਨਾ ਦੇਂਦਿਆਂ ਇਹ ਮੰਗ ਵੀ ਚੁੱਕ ਦਿੱਤੀ ਕਿ ਨਨਕਾਣਾ ਸਾਹਿਬ ਦਾ ਨਾਂਅ ਬਦਲ ਕੇ ਇਸ ਦਾ ਨਵਾਂ ਨਾਂਅ ਗੁਲਾਮ-ਇ-ਮੁਸਤਫਾ ਰੱਖਿਆ ਜਾਣਾ ਚਾਹੀਦਾ ਹੈ। ਐਨਾ ਕੁਝ ਹੋ ਚੁੱਕਣ ਮਗਰੋਂ ਪੁਲਸ ਨੇ ਆ ਕੇ ਕਾਰਵਾਈ ਜਿਹੀ ਪਾਉਣ ਵਾਲੇ ਢੰਗ ਨਾਲ ਕੁਝ ਲੋਕਾਂ ਨੂੰ ਫੜਿਆ ਅਤੇ ਇਹ ਦਿਖਾ ਦਿੱਤਾ ਕਿ ਸਰਕਾਰ ਨੂੰ ਚਿੰਤਾ ਬਹੁਤ ਹੈ।
ਜਿੰਨੀ ਚਿੰਤਾ ਸਾਨੂੰ ਇਸ ਗੱਲ ਦੀ ਹੈ ਕਿ ਪਾਕਿਸਤਾਨ ਵਿੱਚ ਗੁੰਡਾ ਧਾੜ ਅਤੇ ਜਨੂੰਨੀ ਤੱਤ ਮਿਲ ਕੇ ਬੇਹੂਦਗੀਆਂ ਕਰਦੇ ਹਨ, ਉਸੇ ਤਰ੍ਹਾਂ ਦੀ ਤੇ ਉਸ ਤੋਂ ਵੱਧ ਚਿੰਤਾ ਸਾਨੂੰ ਇਸ ਵੇਲੇ ਭਾਰਤ ਦੇ ਅੰਦਰੂਨੀ ਹਾਲਾਤ ਬਾਰੇ ਹੈ, ਜਿੱਥੇ ਬਹੁ-ਗਿਣਤੀ ਭਾਈਚਾਰੇ ਵਿਚਲੇ ਫਿਰਕੂ ਤੱਤਾਂ ਨੇ ਸਰਕਾਰਾਂ ਦੀ ਸ਼ਹਿ ਉੱਪਰ ਹਰ ਹੱਦ ਟੱਪਣੀ ਆਰੰਭ ਦਿੱਤੀ ਹੈ। ਇਸ ਹਫਤੇ ਉਨ੍ਹਾਂ ਵਾਲੀ ਸੋਚ ਅਤੇ ਸਰਕਾਰ ਦੀ ਸ਼ਹਿ ਹੇਠਲੇ ਇੱਕ ਪੁਲਸ ਅਫਸਰ ਨੇ ਸਰਕਾਰ ਵਿਰੁੱਧ ਰੋਸ ਕਰਦੇ ਲੋਕਾਂ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਪਾਕਿਸਤਾਨ ਚਲੇ ਜਾਓ। ਅੱਜ ਤੱਕ ਇਹੋ ਜਿਹੀ ਗੱਲ ਭਾਜਪਾ ਦੇ ਕਈ ਆਗੂ ਕਹਿੰਦੇ ਸਨ ਤੇ ਸਰਕਾਰ ਇਸ ਨੂੰ ਉਨ੍ਹਾਂ ਦੀ ਨਿੱਜੀ ਸੋਚ ਆਖਦੀ ਅਤੇ ਗੱਲ ਟਾਲਦੀ ਰਹੀ ਸੀ। ਇਸ ਵਾਰੀ ਪੁਲਸ ਦੇ ਇੱਕ ਅਫਸਰ ਵੱਲੋਂ ਏਦਾਂ ਦੀ ਗੱਲ ਕਹਿਣਾ ਦੱਸਦਾ ਹੈ ਕਿ ਜਨੂੰਨ ਦੀ ਪੁੱਠ ਚਾੜ੍ਹਨ ਦਾ ਅਮਲ ਅਮਨ-ਕਾਨੂੰਨ ਕਾਇਮ ਰੱਖਣ ਵਾਲੀਆਂ ਫੋਰਸਾਂ ਦੇ ਅੰਦਰ ਵੀ ਪਹੁੰਚ ਚੁੱਕਾ ਹੈ। ਇਹ ਅਮਲ ਹੋਰ ਅੱਗੇ ਵਧਣ ਦਾ ਡਰ ਹੈ, ਘਟਦਾ ਬਿਲਕੁਲ ਨਹੀਂ ਜਾਪਦਾ।
ਅਗਲੀ ਗੱਲ ਇਹ ਹੋ ਗਈ ਕਿ ਇਸ ਚੱਕਰ ਵਿੱਚ ਇਨਕਲਾਬੀ ਦਿੱਖ ਵਾਲੇ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਭੀ ਦੇਖੇਂਗੇ’ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਫੈਜ਼ ਇਸ ਵਕਤ ਦੁਨੀਆ ਵਿੱਚ ਨਹੀਂ, ਜੇ ਹੁੰਦੇ ਤਾਂ ਸ਼ਾਇਦ ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਵਿੱਚ ਬੈਠੇ ਹੋਏ ਇਸ ਸ਼ਾਇਰ ਨੇ ਭਾਰਤ ਦੇ ਖਿਲਾਫ ਸਾਜ਼ਿਸ਼ ਦੇ ਅਧੀਨ ਸ਼ਾਇਰੀ ਦਾ ਇਹ ਨਮੂਨਾ ਪੇਸ਼ ਕੀਤਾ ਹੈ। ਕਿਸੇ ਵਕਤ ਜਦੋਂ ਪਾਕਿਸਤਾਨ ਵਿੱਚ ਫੌਜੀ ਜਰਨੈਲ ਜ਼ਿਆ ਉਲ ਹੱਕ ਓਥੋਂ ਦੀ ਕਮਾਨ ਸਾਂਭੀ ਬੈਠਾ ਸੀ, ਉਸ ਨੇ ਆਪਣੇ ਦੇਸ਼ ਵਿੱਚ ਸਾੜ੍ਹੀ ਉੱਤੇ ਪਾਬੰਦੀ ਲਾ ਦਿੱਤੀ ਸੀ ਤੇ ਫੈਜ਼ ਅਹਿਮਦ ਫੈਜ਼ ਨੇ ਉਸ ਵਕਤ ਪਾਕਿਸਤਾਨੀ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਇਹ ਨਜ਼ਮ ਲਿਖੀ ਸੀ, ਜਿਸ ਨੂੰ ਪਹਿਲੀ ਵਾਰ ਗਾਇਕਾ ਇਕਬਾਲ ਬਾਨੋ ਨੇ ਜਦੋਂ ਗਾਇਆ ਤਾਂ ਵਿਰੋਧ ਕਰਨ ਲਈ ਉਹ ਵੀ ਸਾੜ੍ਹੀ ਪਹਿਨ ਕੇ ਆਈ ਸੀ। ਇਸ ਨਜ਼ਮ ਨੂੰ ਉਸ ਵੇਲੇ ਤੋਂ ਸਰਕਾਰੀ ਜ਼ੁਲਮ ਦੇ ਵਿਰੁੱਧ ਹਰ ਥਾਂ ਜ਼ੁਲਮ ਦੇ ਸ਼ਿਕਾਰ ਲੋਕਾਂ ਦੀ ਅਵਾਜ਼ ਵਜੋਂ ਦੇਖਿਆ ਅਤੇ ਗਾਇਆ ਜਾ ਰਿਹਾ ਹੈ, ਪਰ ਜ਼ਿਆ ਉਲ ਹੱਕ ਤੋਂ ਬਾਅਦ ਕਿਸੇ ਸਰਕਾਰ ਨੇ ਇਸ ਉੱਤੇ ਪਾਬੰਦੀ ਦੀ ਗੱਲ ਨਹੀਂ ਸੀ ਕੀਤੀ। ਭਾਰਤ ਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਤੇ ਉਸ ਤੋਂ ਪਹਿਲਾਂ ਚੁੱਕੇ ਗਏ ਕੁਝ ਹੋਰ ਬੇਦਲੀਲੇ ਕਦਮਾਂ ਦੇ ਖਿਲਾਫ ਲੋਕਾਂ ਦੇ ਰੋਸ ਮੁਜ਼ਾਹਰਿਆਂ ਵਿੱਚ ਇਹ ਕਵਿਤਾ ਗਾਈ ਜਾਣ ਨਾਲ ਦੇਸ਼ ਦੀ ਸਰਕਾਰ ਦੇ ਬਹੁਤੇ ਜਨੂੰਨੀ ਸਮੱਰਥਕਾਂ ਨੂੰ ਅਚਾਨਕ ਏਨੀ ਚਿੱਪ ਚੜ੍ਹ ਗਈ ਕਿ ਉਨ੍ਹਾਂ ਨੇ ਇਸ ਉੱਤੇ ਪਾਬੰਦੀ ਦੀ ਮੰਗ ਪੇਸ਼ ਕਰ ਦਿੱਤੀ ਹੈ। ਇੱਕ ਸਤਿਕਾਰ ਵਾਲੀ ਸੰਸਥਾ ਦੇ ਮੈਨੇਜਮੈਂਟ ਨੇ ਇਸ ਮੰਗ ਦੀ ਹਮਾਇਤ ਦਾ ਇਸ਼ਾਰਾ ਦੇ ਦਿੱਤਾ ਤੇ ਸੰਤਗਿਰੀ ਦੇ ਚੋਲੇ ਹੇਠ ਰਾਜਨੀਤੀ ਕਰਦੇ ਮੁੱਖ ਮੰਤਰੀ ਦੀ ਸਰਕਾਰ ਇਸ ਉੱਤੇ ਕਾਰਵਾਈ ਲਈ ਕਾਨੂੰਨੀ ਮਸ਼ਵਰੇ ਕਰਨ ਦੇ ਰਾਹ ਪੈ ਗਈ ਹੈ।
ਭਾਜਪਾ ਦੇ ਅਜੋਕੇ ਆਗੂਆਂ ਤੇ ਜਨੂੰਨੀ ਧਾੜਾਂ ਦੇ ਮੋਹਰੀਆਂ ਕੋਲ ਫੈਜ਼ ਦੇ ਖਿਲਾਫ ਦੋ ਦਲੀਲਾਂ ਹਨ। ਪਹਿਲੀ ਇਹ ਕਿ ਉਹ ਸੈਕੂਲਰ ਸੀ ਤਾਂ ਪਾਕਿਸਤਾਨ ਕਿਉਂ ਗਿਆ, ਭਾਰਤ ਵਿੱਚ ਕਿਉਂ ਨਾ ਰਿਹਾ ਤੇ ਦੂਸਰੀ ਇਹ ਕਿ ਉਹ ਇਨਕਲਾਬ ਦੇ ਰਾਹ ਦਾ ਧਾਰਨੀ ਅਤੇ ਕਮਿਊਨਿਸਟ ਸੀ। ਕਮਿਊਨਿਸਟਾਂ ਨੂੰ ਸੰਸਾਰ ਦੀ ਹਰ ਪਿਛਾਖੜੀ ਸੋਚ ਵਾਲੀ ਲਹਿਰ ਅਤੇ ਉਸ ਪਿਛਾਖੜੀ ਉਭਾਰ ਨਾਲ ਬਣਦੀ ਹਰ ਸਰਕਾਰ ਵੱਲੋਂ ਏਦਾਂ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਫੈਜ਼ ਦੇ ਖਿਲਾਫ ਵੀ ਭਾਰਤ ਵਿੱਚ ਜਿੱਦਾਂ ਦੀ ਲਹਿਰ ਅੱਜ ਦਿੱਸਦੀ ਹੈ, ਓਦੋਂ ਵੱਧ ਕਿਸੇ ਵੇਲੇ ਪਾਕਿਸਤਾਨ ਵਿੱਚ ਵੀ ਸਰਕਾਰ ਤੌਰ ਉੱਤੇ ਚਲਾਈ ਜਾ ਚੁੱਕੀ ਹੈ। ਫਿਰ ਵੀ ਉਸ ਦਾ ਇੱਕ ਸਨਮਾਨਤ ਥਾਂ ਸੀ ਅਤੇ ਉਹ ਥਾਂ ਅੱਜ ਵੀ ਹੈ। ਜਿਹੜੇ ਭਾਜਪਾ ਆਗੂ ਅਜੋਕੇ ਜਨੂੰਨ ਦੀ ਮਾਰ ਹੇਠ ਅੱਜ ਫੈਜ਼ ਦੇ ਖਿਲਾਫ ਹੁੜਦੰਗ ਮਚਾਈ ਫਿਰਦੇ ਹਨ, ਉਹ ਇਹ ਵੀ ਨਹੀਂ ਜਾਣਦੇ ਹੋਣਗੇ ਕਿ ਉਨ੍ਹਾਂ ਦਾ ਆਗੂ ਅਟਲ ਬਿਹਾਰੀ ਵਾਜਪਾਈ ਵੀ ਫੈਜ਼ ਦਾ ਮੁਰੀਦ ਸੀ। ਮੋਰਾਰਜੀ ਡਿਸਾਈ ਸਰਕਾਰ ਦੇ ਵਿਦੇਸ਼ ਮੰਤਰੀ ਵਜੋਂ ਵਾਜਪਾਈ ਨੇ ਜਦੋਂ ਪਾਕਿਸਤਾਨ ਦਾ ਦੌਰਾ ਕੀਤਾ ਤਾਂ ਓਦੋਂ ਪਰੋਟੋਕੋਲ ਵਾਲੇ ਪ੍ਰੋਗਰਾਮਾਂ ਤੋਂ ਬਾਹਰ ਜਾ ਕੇ ਵਾਜਪਾਈ ਨੇ ਅਚਾਨਕ ਕਹਿ ਦਿੱਤਾ ਸੀ ਕਿ ਫੈਜ਼ ਅੱਜਕੱਲ੍ਹ ਏਥੇ ਹੋਵੇ ਤਾਂ ਮੈਂ ਮਿਲਣਾ ਹੈ। ਫੈਜ਼ ਓਦੋਂ ਪਾਕਿਸਤਾਨ ਵਿੱਚ ਸੀ। ਵਾਜਪਾਈ ਉਸ ਦੇ ਘਰ ਗਿਆ ਅਤੇ ਜਾਂਦੇ ਸਾਰ ਉਸ ਦੀ ਇੱਕ ਨਜ਼ਮ ਦਾ ਸ਼ੇਅਰ ਖੁਦ ਬੋਲਿਆ ਸੀ: ”ਮਕਾਮ ‘ਫੈਜ਼’ ਕੋਈ ਰਾਹ ਮੇਂ ਜੰਚਾ ਹੀ ਨਹੀਂ, ਜੋ ਕੂ-ਇ-ਯਾਰ ਸੇ ਨਿਕਲੇ ਤੋ ਸੂ-ਇ-ਦਾਰ ਚਲੇ”। ਵਾਜਪਾਈ ਵੱਲੋਂ ਪੜ੍ਹੇ ਗਏ ਫੈਜ਼ ਦੇ ਇਸ ਸ਼ੇਅਰ ਦਾ ਅਰਥ ਇਹ ਸੀ ਕਿ ਏਦਾਂ ਦਾ ਕੋਈ ਜਚਿਆ ਹੀ ਨਹੀਂ, ਜਿਹੜਾ ਯਾਰ ਦੀ ਗਲੀ ਤੋਂ ਨਿਕਲੇ ਤੇ ਮੌਤ ਦੀ ਗਲੀ ਵੱਲ ਨੂੰ ਤੁਰ ਪਵੇ। ਇਸ ਇੱਕੋ ਸ਼ੇਅਰ ਨੇ ਵਾਜਪਾਈ ਵਰਗੇ ਆਗੂ ਨੂੰ ਫੈਜ਼ ਦੇ ਘਰ ਤੱਕ ਪੁਚਾ ਦਿੱਤਾ ਸੀ ਅਤੇ ਵਾਜਪਾਈ ਉਨ੍ਹਾਂ ਲੋਕਾਂ ਦਾ ਹੀ ਆਗੂ ਸੀ, ਜਿਹੜੇ ਅੱਜ ਫੈਜ਼ ਅਹਿਮਦ ਫੈਜ਼ ਦੇ ਖਿਲਾਫ ਡਾਂਗਾਂ ਚੁੱਕੀ ਫਿਰਦੇ ਹਨ। ਇਸ ਤਰ੍ਹਾਂ ਦੀਆਂ ਡਾਂਗਾਂ ਚੁੱਕਣ ਵਾਲੇ ਆਗੂ ਇਸ ਦੇਸ਼ ਵਿੱਚ ਭੀੜਾਂ ਦੀ ਰਾਜਨੀਤੀ ਕਰਦੇ ਅਤੇ ਦੇਸ਼ ਦੇ ਜੜ੍ਹੀਂ ਤੇਲ ਦੇ ਰਹੇ ਹਨ।
ਭਾਰਤ ਦੇ ਵਿਚਾਰਵਾਨ ਓਸ਼ੋ ਰਜਨੀਸ਼ ਨੇ ਅਕਲ ਨਾਲੋਂ ਮੱਝ ਨੂੰ ‘ਵੱਡੀ’ ਆਖ ਕੇ ਏਦਾਂ ਦੇ ਲੋਕਾਂ ਨੂੰ ਕੁਝ ਅਕਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਲਿਖਿਆ ਹੈ ਕਿ ਉਸ ਦੇ ਪਿਤਾ ਜੀ ਹਰ ਕਿਸੇ ਨੂੰ ਇਹੋ ਪੁੱਛਦੇ ਹੁੰਦੇ ਸਨ ਕਿ ਅਕਲ ਵੱਡੀ ਕਿ ਮੱਝ! ਅਗਲੇ ਲੋਕ ਇਹੋ ਕਹਿ ਦਿੱਤਾ ਕਰਦੇ ਸਨ ਕਿ ਅਕਲ ਵੱਡੀ ਹੁੰਦੀ ਹੈ। ਇੱਕ ਦਿਨ ਰਜਨੀਸ਼ ਨੂੰ ਪਿਤਾ ਨੇ ਇਹੋ ਗੱਲ ਪੁੱਛ ਲਈ ਤਾਂ ਰਜਨੀਸ਼ ਨੇ ਕਿਹਾ ਸੀ: ਮੱਝ। ਪਿਤਾ ਨੇ ਕਿਹਾ ਕਿ ਅਕਲ ਵੱਡੀ ਹੁੰਦੀ ਹੈ। ਰਜਨੀਸ਼ ਜ਼ਿਦ ਉੱਤੇ ਅੜ ਗਏ ਕਿ ਮੱਝ ਵੱਡੀ ਹੈ। ਪਿਤਾ ਨੇ ਕਾਰਨ ਪੁੱਛਿਆ। ਰਜਨੀਸ਼ ਨੇ ਕਿਹਾ ਸੀ ਕਿ ਸਿੱਧੀ ਦਲੀਲ ਹੈ ਕਿ ਮੱਝ ਕਦੇ ਇਹ ਨਹੀਂ ਪੁੱਛਦੀ ਕਿ ਮੈਂ ਵੱਡੀ ਹਾਂ ਕਿ ਅਕਲ, ਕਿਉਂਕਿ ਉਸ ਨੂੰ ਆਪਣੇ ਉੱਤੇ ਭਰੋਸਾ ਹੈ ਤੇ ਸਾਡੇ ਲੋਕ ਚੰਦ ਉੱਤੇ ਪਹੁੰਚ ਕੇ ਵੀ ਅਜੇ ਤੱਕ ਆਪਣੀ ਤੁਲਨਾ ਮੱਝਾਂ ਨਾਲ ਕਰੀ ਜਾਂਦੇ ਹਨ। ਮੱਝਾਂ ਹੋਣ ਜਾਂ ਗਾਂਵਾਂ, ਜਿਨ੍ਹਾਂ ਲੋਕਾਂ ਕੋਲ ਹੋਰ ਕੋਈ ਦਲੀਲ ਨਹੀਂ ਹੁੰਦੀ, ਉਹ ਏਦਾਂ ਦੇ ਮੁੱਦੇ ਉਠਾਉਂਦੇ ਹਨ ਅਤੇ ਵਰਤਦੇ ਹਨ, ਜਿਨ੍ਹਾਂ ਤੋਂ ਦੇਸ਼ ਲਈ ਖਤਰੇ ਉਪਜਦੇ ਹਨ।

ਜਤਿੰਦਰ ਪਨੂੰ