‘ਰਾਜਾ ਮਰ ਗਿਆ, ਰਾਜਾ ਜ਼ਿੰਦਾਬਾਦ’ ਵਾਲੀ ਹਾਲਤ ਬਣੀ ਜਾਂਦੀ ਹੈ ਭਾਰਤੀ ਲੋਕਤੰਤਰ ਦੀ

0
38
ਜਤਿੰਦਰ ਪਨੂੰ

ਇਹ ਗੱਲ ਅਸੀਂ ਸੁਣੀ ਹੋਈ ਹੈ ਕਿ 1422 ਵਿੱਚ ਜਦੋਂ ਫਰਾਂਸ ਵਿੱਚ ਬਾਦਸ਼ਾਹ ਚਾਰਲਸ-5ਵਾਂ ਮਰਿਆ ਤਾਂ ਇਸ ਦਾ ਐਲਾਨ ਕਰਨ ਵਾਲੇ ਬੰਦੇ ਨੇ ਦੋ ਗੱਲਾਂ ਏਦਾਂ ਕਹੀਆਂ ਸਨ, ‘ਰਾਜਾ ਮਰ ਗਿਆ, ਰਾਜਾ ਜ਼ਿੰਦਾਬਾਦ’। ਇਹ ਗੱਲ ਕਹਿਣ ਦਾ ਭਾਵ ਸੀ ਕਿ ਕੱਲ੍ਹ ਤੱਕ ਜਿਹੜਾ ਰਾਜਾ ਰਾਜ ਕਰਦਾ ਸੀ, ਉਹ ਤਾਂ ਮਰ ਗਿਆ, ਪਰ ਨਵਾਂ ਰਾਜਾ ਬਣ ਗਿਆ ਹੈ, ਉਸ ਦੀ ਜ਼ਿੰਦਾਬਾਦ ਕਰਨ ਨੂੰ ਤਿਆਰ ਹੋ ਜਾਓ। ਬਾਅਦ ਵਿੱਚ ਇਹ ਨਾਅਰਾ ਕਈ ਰਾਜਿਆਂ ਦੇ ਵਕਤ ਲੱਗਦਾ ਰਿਹਾ ਤੇ ਫਿਰ ਦੂਸਰੀ ਸੰਸਾਰ ਜੰਗ ਦਾ ਅੰਤਲਾ ਪੜਾਅ ਆ ਗਿਆ। ਪਹਿਲੀ ਸੰਸਾਰ ਜੰਗ ਪਿੱਛੋਂ ਲੀਗ ਆਫ ਨੇਸ਼ਨਜ਼ ਨਾਂਅ ਦੀ ਜਥੇਬੰਦੀ ਬਣਾਈ ਗਈ ਸੀ, ਜਿਹੜੀ ਕਿਸੇ ਹੋਰ ਵੱਡੀ ਜੰਗ ਨੂੰ ਲੱਗਣ ਤੋਂ ਰੋਕਣ ਦਾ ਫਰਜ਼ ਨਿਭਾਉਣ ਵਿੱਚ ਅਸਫਲ ਰਹੀ ਸੀ ਤੇ ਜਦੋਂ ਦੂਸਰੀ ਸੰਸਾਰ ਜੰਗ ਮੁੱਕੀ ਤਾਂ ਲੀਗ ਆਫ ਨੇਸ਼ਨਜ਼ ਤੋੜ ਕੇ ਇਸ ਦੀ ਥਾਂ ਯੁਨਾਈਟਿਡ ਨੇਸ਼ਨਜ਼ ਆਰਗੇਨਾਈਜ਼ੇਸ਼ਨ (ਯੂ ਐੱਨ ਓ) ਕਾਇਮ ਕੀਤੀ ਗਈ ਸੀ। ਇਸ ਦੇ ਬਾਅਦ ਲੀਗ ਆਫ ਨੇਸ਼ਨਜ਼ ਬਣਾਉਣ ਵਾਲਿਆਂ ਵਿੱਚੋਂ ਇੱਕ ਵਿਦਵਾਨ ਰਾਬਰਟ ਸੇਸਿਲ ਨੂੰ ਜਦੋਂ ਇਸ ਤਬਦੀਲੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਹੋ ਗੱਲ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹੀ ਸੀ: ‘ਲੀਗ ਆਫ ਨੇਸ਼ਨਜ਼ ਇਜ਼ ਡੈੱਡ, ਲੌਂਗ ਲਿਵ ਯੁਨਾਈਟਿਡ ਨੇਸ਼ਨਜ਼’, ਜਿਸ ਦਾ ਮਤਲਬ ਇਹ ਸੀ ਕਿ ਲੀਗ ਆਫ ਨੇਸ਼ਨਜ਼ ਤਾਂ ਮਰ ਗਈ, ਅੱਗੋਂ ਲਈ ਯੁਨਾਈਟਿਡ ਨੇਸ਼ਨਜ਼ ਜ਼ਿੰਦਾਬਾਦ। ਇਹੋ ਜਿਹੀ ਗੱਲ ਅੱਜ ਭਾਰਤੀ ਲੋਕਤੰਤਰ ਦੇ ਬਾਰੇ ਵੀ ਕਹਿਣ ਨੂੰ ਕਿਸੇ ਦਾ ਜੀਅ ਕਰ ਸਕਦਾ ਹੈ ਤੇ ਇਸ ਵਿੱਚ ਕਿਸੇ ਹੋਰ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ।
ਅਸੀਂ ਪਿਛਲੇ ਮਹੀਨੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਂਦੀਆਂ ਤੇ ਨਤੀਜੇ ਨਿਕਲਦੇ ਵੇਖੇ ਤਾਂ ਉਸ ਦੇ ਬਾਅਦ ਸਰਕਾਰ ਬਣਾਉਣ ਲਈ ਚੋਣ-ਗੱਠਜੋੜ ਦੀਆਂ ਦੋ ਧਿਰਾਂ ਭਾਜਪਾ ਤੇ ਸ਼ਿਵ ਸੈਨਾ ਵਾਲਿਆਂ ਨੂੰ ਲੜਦੇ ਵੀ ਵੇਖਿਆ ਸੀ। ਦੋਵਾਂ ਵਿਚਾਲੇ ਲੜਾਈ ਰਾਜਨੀਤਕ ਮੁੱਦਿਆਂ ਜਾਂ ਸਿਧਾਂਤਕ ਸਵਾਲਾਂ ਬਾਰੇ ਨਹੀਂ, ਸਗੋਂ ਇਸ ਗੱਲ ਬਾਰੇ ਸੀ ਕਿ ਮੁੱਖ ਮੰਤਰੀ ਕਿਸ ਦਾ ਹੋਵੇ ਅਤੇ ਅੰਤ ਵਿੱਚ ਗੱਲ ਟੁੱਟਣ ਨਾਲ ਵੱਖੋ-ਵੱਖ ਰਾਹੇ ਪੈ ਗਏ ਸਨ। ਜਦੋਂ ਇਨ੍ਹਾਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾ ਹੋ ਸਕੀ ਤਾਂ ਸ਼ਿਵ ਸੈਨਾ ਨੇ ਕਾਂਗਰਸ ਅਤੇ ਐੱਨ ਸੀ ਪੀ ਦੇ ਮੁਖੀ ਸ਼ਰਦ ਪਵਾਰ ਨਾਲ ਗੱਠਜੋੜ ਕਰ ਕੇ ਸਾਂਝੀ ਸਰਕਾਰ ਬਣਾਉਣ ਦੀ ਕੋਸ਼ਿਸ਼ ਆਰੰਭ ਕੀਤੀ। ਕਈ ਦਿਨ ਇਸ ਬਾਰੇ ਗੱਲਬਾਤ ਹੁੰਦੀ ਰਹੀ ਤੇ ਸ਼ੁੱਕਰਵਾਰ ਸ਼ਾਮ ਜਦੋਂ ਸਾਰਾ ਕੁਝ ਤੈਅ ਹੋ ਗਿਆ ਕਿ ਸਰਕਾਰ ਦੀ ਅਗਵਾਈ ਸ਼ਿਵ ਸੈਨਾ ਦਾ ਪ੍ਰਧਾਨ ਊਧਵ ਠਾਕਰੇ ਕਰੇਗਾ ਤੇ ਉਸ ਦੇ ਨਾਲ ਸਹਿਯੋਗੀ ਧਿਰਾਂ ਵਜੋਂ ਕਾਂਗਰਸ ਅਤੇ ਸ਼ਿਵ ਸੈਨਾ ਵਾਲੇ ਮੰਤਰੀ ਜੋੜੇ ਜਾਣਗੇ ਤਾਂ ਰਾਤੋ-ਰਾਤ ਸਾਰੀ ਬਾਜ਼ੀ ਪਲਟ ਕੇ ਭਾਜਪਾ ਨੇ ਆਪਣੀ ਸਰਕਾਰ ਦੋਬਾਰਾ ਬਣਾ ਲਈ। ਬਹੁਤ ਸਾਰੇ ਲੋਕ ਇਸ ਨਾਲ ਹੈਰਾਨ ਹੋ ਗਏ ਕਿ ਏਦਾਂ ਰਾਜ-ਪਲਟੇ ਵਰਗੀ ਚਾਲਾਕੀ ਭਾਜਪਾ ਵਾਲਿਆਂ ਨੇ ਕਿਵੇਂ ਕੀਤੀ, ਪਰ ਅਸੀਂ ਇਸ ਨਾਲ ਹੈਰਾਨ ਨਹੀਂ ਹੋਏ। ਇੱਕ ਦਿਨ ਪਹਿਲਾਂ ਜਦੋਂ ਸਾਰੇ ਮੀਡੀਏ ਨੇ ਇਹ ਖਬਰ ਦਿੱਤੀ ਕਿ ਸਾਂਝੇ ਮੋਰਚੇ ਦੀ ਸਰਕਾਰ ਬਣ ਜਾਣੀ ਹੈ, ਅਸੀਂ ਇਕੱਲੇ ਇਹ ਕਹਿਣ ਵਾਲੇ ਸਾਂ ਕਿ ਇਸ ਖੇਡ ਨੂੰ ਪਲਟ ਕੇ ਭਾਜਪਾ ਆਪਣੀ ਸਰਕਾਰ ਬਣਾ ਸਕਦੀ ਹੈ ਤੇ ਤਰੀਕਾ ਇਹੋ ਹੋਵੇਗਾ ਕਿ ਮੋਰਚੇ ਦੀਆਂ ਧਿਰਾਂ: ਸ਼ਿਵ ਸੈਨਾ, ਕਾਂਗਰਸ ਅਤੇ ਐੱਨ ਸੀ ਪੀ ਦੇ ਵਿਧਾਇਕ ਟੁੱਟ ਕੇ ਭਾਜਪਾ ਨਾਲ ਜਾ ਜੁੜਨਗੇ। ਹੋਇਆ ਵੀ ਇਹੋ ਹੈ। ਸ਼ਰਦ ਪਵਾਰ ਦਾ ਸਕਾ ਭਤੀਜਾ ਅਤੇ ਮਹਾਰਾਸ਼ਟਰ ਵਿੱਚ ਕਾਂਗਰਸ ਨਾਲ ਸਾਂਝੀ ਸਰਕਾਰ ਵੇਲੇ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਅਜੀਤ ਪਵਾਰ ਰਾਤੋ-ਰਾਤ ਆਪਣੇ ਨਾਲ ਬਾਈ ਵਿਧਾਇਕ ਲੈ ਕੇ ਭਾਜਪਾ ਨਾਲ ਜਾ ਜੁੜਿਆ ਅਤੇ ਸ਼ਨੀਵਾਰ ਸਵੇਰਾ ਹੋਣ ਤੱਕ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਡਿਪਟੀ ਮੁੱਖ ਮੰਤਰੀ ਜਾ ਬਣਿਆ ਹੈ।
ਸਾਡੇ ਕਿਆਫੇ ਦੇ ਪਿੱਛੇ ਕੁਝ ਕਾਰਨ ਸਨ। ਪਹਿਲਾ ਤਾਂ ਮਹਾਰਾਸ਼ਟਰ ਦੀਆਂ ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵਾਪਰਿਆ ਘਟਨਾ ਕਰਮ ਸੀ। ਤੇਈ ਅਕਤੂਬਰ ਨੂੰ ਵੋਟਾਂ ਪੈਣੀਆਂ ਸਨ, ਉੱਨੀ ਨੂੰ ਚੋਣ ਪ੍ਰਚਾਰ ਬੰਦ ਕਰਨਾ ਸੀ, ਪਰ ਉਸ ਤੋਂ ਦੋ ਦਿਨ ਪਹਿਲਾਂ ਐੱਨ ਸੀ ਪੀ ਵਿੱਚ ਸ਼ਰਦ ਪਵਾਰ ਤੋਂ ਦੂਸਰੇ ਨੰਬਰ ਦਾ ਆਗੂ ਗਿਣਿਆ ਜਾਂਦਾ ਪ੍ਰਫੁੱਲ ਪਟੇਲ ਅਚਾਨਕ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੇ ਸੱਦ ਕੇ ਪੁੱਛਗਿੱਛ ਆਰੰਭ ਕਰ ਦਿੱਤੀ ਸੀ। ਇਸ ਦਾ ਅਰਥ ਇਹ ਸੀ ਕਿ ਉਸ ਨੂੰ ਸਭ ਤੋਂ ਵੱਧ ਅਹਿਮ ਆਖਰੀ ਦੋ ਦਿਨ ਚੋਣ ਪ੍ਰਚਾਰ ਨਹੀਂ ਕਰਨ ਦੇਣਾ। ਭਾਜਪਾ ਦੀ ਚਾਲ ਇਸ ਤੋਂ ਦਿੱਸ ਪਈ ਸੀ ਕਿ ਉਹ ਕਰਨਾਟਕਾ ਵਾਂਗ ਖਿਲਾਰਾ ਪੈਣ ਤੋਂ ਪਹਿਲਾਂ ਹਰ ਹਾਲਤ ਮਹਾਰਾਸ਼ਟਰ ਵਿੱਚ ਸਰਕਾਰ ਦੀ ਕਮਾਨ ਸਾਂਭਣ ਲਈ ਹਰ ਹੱਦ ਤੱਕ ਜਾ ਸਕਦੀ ਹੈ। ਉਹ ਹੱਦ ਏਥੋਂ ਤੱਕ ਵੀ ਜਾ ਸਕਦੀ ਸੀ, ਜਿੱਥੋਂ ਤੱਕ ਪਹੁੰਚ ਗਈ ਹੈ। ਦੂਸਰਾ ਮਾਮਲਾ ਸ਼ਰਦ ਪਵਾਰ ਦੇ ਆਪਣੇ ਭਤੀਜੇ ਅਜੀਤ ਪਵਾਰ ਦਾ ਸੀ। ਉਹ ਪਹਿਲਾਂ ਕਾਂਗਰਸੀ ਮੁੱਖ ਮੰਤਰੀ ਦੇ ਨਾਲ ਡਿਪਟੀ ਮੁੱਖ ਮੰਤਰੀ ਰਹਿ ਚੁੱਕਾ ਸੀ ਤੇ ਓਦੋਂ ਕੀਤੇ ਇੱਕ ਵੱਡੇ ਸਿੰਜਾਈ ਘੋਟਾਲੇ ਦਾ ਦਾਗੀ ਸੀ। ਬਹੁਤੇ ਲੋਕ ਨਹੀਂ ਸੀ ਜਾਣਦੇ ਕਿ ਉਸੇ ਰਾਜ ਵਿੱਚ ਇੱਕ ਕੋਆਪਰੇਟਿਵ ਬੈਂਕ ਦਾ ਘੋਟਾਲਾ ਵੀ ਹੋਇਆ ਸੀ ਅਤੇ ਪੰਝੀ ਹਜ਼ਾਰ ਕਰੋੜ ਦੇ ਉਸ ਘੋਟਾਲੇ ਵਿੱਚ ਅਜੀਤ ਪਵਾਰ ਦੇ ਨਾਲ ਸ਼ਰਦ ਪਵਾਰ ਦਾ ਨਾਂਅ ਵੀ ਆਉਂਦਾ ਸੀ। ਚੱਲਦੀ ਚੋਣ ਮੁਹਿੰਮ ਦੇ ਦੌਰਾਨ ਇੱਕ ਦਿਨ ਅਚਾਨਕ ਇਨਫੋਰਸਮੈਂਟ ਵਾਲਿਆਂ ਨੇ ਜਾਂਚ ਕਰਨ ਦੇ ਨਾਂਅ ਉੱਤੇ ਅਜੀਤ ਪਵਾਰ ਨੂੰ ਘੇਰ ਲਿਆ ਤੇ ਘੇਰਿਆ ਇਸ ਤਰ੍ਹਾਂ ਕਿ ਉਹ ਪ੍ਰੈੱਸ ਵਾਲਿਆਂ ਸਾਹਮਣੇ ਰੋਂਦਾ ਹੋਇਆ ਇਹ ਕਹਿਣ ਲੱਗ ਪਿਆ ਸੀ ਕਿ ਮੈਨੂੰ ਸਿਆਸਤ ਦੇ ਕਾਰਨ ਤੰਗ ਕੀਤਾ ਜਾ ਰਿਹਾ ਹੈ, ਮੈਂ ਸਿਆਸਤ ਤੋਂ ਸੰਨਿਆਸ ਹੀ ਲੈ ਲੈਣਾ ਹੈ। ਫਿਰ ਉਹ ਚੋਣਾਂ ਲਈ ਕਿਸੇ ਪਾਸੇ ਪ੍ਰਚਾਰ ਵੀ ਕਰਨ ਨਹੀਂ ਸੀ ਜਾਂਦਾ, ਪਰ ਚੋਣਾਂ ਪਿੱਛੋਂ ਜਦੋਂ ਕਾਂਗਰਸ ਅਤੇ ਐੱਨ ਸੀ ਪੀ ਵੱਲੋਂ ਸ਼ਿਵ ਸੈਨਾ ਨਾਲ ਸਾਂਝੀ ਸਰਕਾਰ ਦੀ ਗੱਲ ਚੱਲੀ ਤਾਂ ਹਰ ਬੈਠਕ ਵਿੱਚ ਵੇਖਿਆ ਜਾਣ ਲੱਗਾ ਸੀ। ਇਹੋ ਨਹੀਂ, ਉਹ ਹਰ ਬੈਠਕ ਦੇ ਬਾਅਦ ਇਸ ਤਰ੍ਹਾਂ ਦੇ ਹਾਸੇ-ਠੱਠੇ ਦੇ ਰੌਂਅ ਵਿੱਚ ਬੋਲਦਾ ਹੁੰਦਾ ਸੀ ਕਿ ਉਸ ਵਿੱਚੋਂ ਕਿਸੇ ਗੁੱਝੀ ਚਾਲ ਦੀ ਬੋਅ ਆਉਂਦੀ ਸੀ। ਉਸ ਬੋਅ ਵਿਚਲੀ ਰਮਜ਼ ਭਾਜਪਾ ਲੀਡਰਾਂ ਦੇ ਇਸ ਦਾਅਵੇ ਤੋਂ ਸਮਝ ਆਉਂਦੀ ਸੀ ਕਿ ਜਿਸ ਨੇ ਬੈਠਕਾਂ ਕਰਨੀਆਂ ਹਨ, ਕਰਦੇ ਰਹਿਣ, ਸਰਕਾਰ ਅਸੀਂ ਹੀ ਬਣਾਉਣੀ ਹੈ। ਅਸਲ ਵਿੱਚ ਉਹ ਪਹਿਲਾਂ ਹੀ ਸ਼ਰਦ ਪਵਾਰ ਦੇ ਇਸ ਭ੍ਰਿਸ਼ਟਾਚਾਰੀ ਭਤੀਜੇ ਨੂੰ ਆਪਣੇ ਹੱਥਾਂ ਵਿੱਚ ਲੈ ਚੁੱਕੇ ਸਨ।
ਆਪਾਂ ਫਿਰ ਇੱਕ ਵਾਰ ਓਸੇ ਨਾਅਰੇ ‘ਰਾਜਾ ਮਰ ਗਿਆ, ਰਾਜਾ ਜ਼ਿੰਦਾਬਾਦ’ ਵੱਲ ਆਈਏ। ਇੱਕ ਵਾਰੀ ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਸਾਂਝ ਪਾਈ ਸੀ ਤੇ ਜਦੋਂ ਨਿਭ ਨਾ ਸਕੀ ਤਾਂ ਮਾਇਆਵਤੀ ਸਰਕਾਰ ਦਾ ਤਖਤ ਪਲਟ ਕੇ ਆਪਣੀ ਸਰਕਾਰ ਬਣਾਈ ਸੀ। ਓਦੋਂ ਭਾਜਪਾ ਕੋਲ ਬਹੁ-ਸੰਮਤੀ ਜੋਗੇ ਵਿਧਾਇਕ ਨਹੀਂ ਸਨ। ਭਾਜਪਾ ਨੇ ਓਦੋਂ ਦੂਸਰੀਆਂ ਪਾਰਟੀਆਂ ਵਿੱਚ ਕੁੰਡੀ ਪਾ ਕੇ ਉਨ੍ਹਾਂ ਦੇ ਬੰਦੇ ਆਪਣੇ ਵੱਲ ਖਿੱਚੇ ਤੇ ਫਿਰ ਬਸਪਾ ਤੋਂ ਖਿੱਚੇ ਵਿਧਾਇਕਾਂ ਦੀ ਇੱਕ ‘ਲੋਕਤਾਂਤਰਿਕ ਬਸਪਾ’ ਅਤੇ ਕਾਂਗਰਸ ਵਿੱਚੋਂ ਕੁੰਡੀ ਨਾਲ ਖਿੱਚੇ ਵਿਧਾਇਕਾਂ ਦੀ ‘ਲੋਕਤੰਤਰਿਕ ਕਾਂਗਰਸ’ ਅਤੇ ਕੁਝ ਹੋਰ ਏਦਾਂ ਦੇ ਡੰਗ-ਟਪਾਊ ‘ਲੋਕਤਾਂਤਰਿਕ’ ਧੜੇ ਬਣਾ ਕੇ ਵਕਤ ਸਾਰ ਲਿਆ ਸੀ। ਏਦਾਂ ਦੇ ਮਦਾਰੀ ਵਾਲੇ ਕਰਤੱਵ ਵਿਖਾਉਣ ਵਿੱਚ ਭਾਜਪਾ ਦੇ ਆਗੂ ਬਹੁਤ ਮਾਹਰ ਹਨ। ਉਹ ਇੱਕ ਪਾਸੇ ਕਿਸੇ ਰਾਜ ਦੇ ਲੋਕਤੰਤਰ ਦਾ ਬਸਤਾ ਸਮੇਟਦੇ ਤੇ ਦੂਸਰੇ ਪਾਸੇ ਓਸੇ ਰਾਜ ਵਿੱਚ ਇੱਕ ਨਵੀਂ ‘ਲੋਕਤਾਂਤਰਿਕ’ ਧਿਰ ਖੜੀ ਕਰਨ ਪਿੱਛੋਂ ਨਾਅਰਾ ਲਾ ਦੇਂਦੇ ਹਨ ਕਿ ਲੋਕਤੰਤਰ ਜ਼ਿੰਦਾ ਹੈ। ਇਸ ਵਾਰੀ ਇਹੋ ਖੇਡ ਮਹਾਂਰਾਸ਼ਟਰ ਵਿੱਚ ਖੇਡੀ ਜਾ ਰਹੀ ਹੈ। ਜਿਵੇਂ ਰਾਜਾ ਮਰ ਗਿਆ ਅਤੇ ਰਾਜਾ ਜ਼ਿੰਦਾਬਾਦ ਦਾ ਮਤਲਬ ਹੈ ਕਿ ਰਾਜਾ ਹੀ ਮਰਿਆ ਹੈ, ਨਵੀਂ ਸ਼ਕਲ-ਸੂਰਤ ਵਾਲਾ ਰਾਜਾ ਮਿਲ ਗਿਆ ਹੈ ਅਤੇ ਜਿਵੇਂ ਕਦੀ ਲੀਗ ਆਫ ਨੇਸ਼ਨਜ਼ ਮਰ ਗਈ ਅਤੇ ਲੀਗ ਦੇ ਨਵੇਂ ਰੂਪ ਵਿੱਚ ਯੂ ਐੱਨ ਓ ਪੈਦਾ ਹੋਈ ਸੀ, ਏਦਾਂ ਹੀ ਭਾਰਤੀ ਲੋਕਾਂ ਨੂੰ ਵੀ ਲੋਕਤੰਤਰ ਮਰ ਗਿਆ ਮੰਨਣ ਦੀ ਥਾਂ ਨਵੀਂ ਕਿਸਮ ਦਾ ਲੋਕਤੰਤਰ ਉੱਭਰਦਾ ਮਹਿਸੂਸ ਕਰਨਾ ਚਾਹੀਦਾ ਹੈ। ਕਦੇ ਇਹ ਮਹਿਸੂਸ ਹੋ ਸਕਦਾ ਹੈ ਅਤੇ ਕੁਝ ਲੋਕਾਂ ਦੇ ਮਨ ਨੂੰ ਦੁਖੀ ਕਰ ਸਕਦਾ ਹੈ ਕਿ ਭਾਰਤ ਵਿੱਚ ਆਹ ਵੀ ਕੁਝ ਹੋਣਾ ਸੀ, ਪਰ ਸੱਚਾਈ ਤਾਂ ਸੱਚਾਈ ਹੈ ਤੇ ਸੱਚਾਈ ਇਹੋ ਹੈ ਕਿ ‘ਨਵਾਂ ਲੋਕਤੰਤਰ’ ਵਾਰੀ-ਵਾਰੀ ਹਰ ਰਾਜ ਵਿੱਚ ਪੈਦਾ ਹੋਈ ਜਾ ਰਿਹਾ ਹੈ।

ਜਤਿੰਦਰ ਪਨੂੰ