ਰਾਜਨੀਤੀ ਨਿਤਾਣੀ ਨਹੀਂ ਹੋਈ, ਅਗਲੀ ਤਿਆਰੀ ਛੋਹ ਲਵੇਗੀ

0
318

ਭਾਰਤ ਦੇ ਲੋਕਾਂ ਨੂੰ ਤੇਈ ਮਈ ਦੇ ਦਿਨ ਦੀ ਇਸ ਲਈ ਉਡੀਕ ਸੀ ਕਿ ਉਸ ਦਿਨ ਅਗਲੇ ਪੰਜ ਸਾਲਾਂ ਲਈ ਜਿਸ ਆਗੂ ਨੇ ਦੇਸ਼ ਦੀ ਕਮਾਨ ਸਾਂਭਣੀ ਹੈ, ਉਸ ਦਾ ਫੈਸਲਾ ਸਾਹਮਣੇ ਆਉਣਾ ਸੀ। ਉਹ ਘੜੀ ਆ ਗਈ ਹੈ। ਭਾਜਪਾ ਦੇ ਆਗੂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਦੇਸ਼ ਦੇ ਲੋਕਾਂ ਦਾ ਏਡਾ ਵੱਡਾ ਹੁੰਗਾਰਾ ਮਿਲਿਆ ਕਿ ਚੋਣ ਕਿਆਫੇ ਲਾਉਣ ਵਾਲੇ ਵੱਡੇ ਧਨੰਤਰ ਵੀ ਹੈਰਾਨੀ ਪ੍ਰਗਟ ਕਰਦੇ ਦਿਖਾਈ ਦਿੱਤੇ ਹਨ। ਜਿਹੜੇ ਲੋਕ ਮੰਨਦੇ ਸਨ ਕਿ ਦੋਵਾਂ ਵੱਲ ਆਮ ਲੋਕਾਂ ਦਾ ਮੁਹਾਣ ਚੋਖਾ ਹੈ, ਉਹ ਵੀ ਇਸ ਤਰ੍ਹਾਂ ਦੀ ਵੱਡੀ ਜਿੱਤ ਦੀ ਗੱਲ ਕਦੇ ਨਹੀਂ ਸਨ ਕਹਿੰਦੇ। ਭਾਜਪਾ ਇੱਕ ਪਾਰਟੀ ਵਜੋਂ ਤਿੰਨ ਸੌ ਸੀਟਾਂ ਤੋਂ ਉੱਪਰ ਚਲੀ ਗਈ ਹੈ ਤੇ ਆਪਣੇ ਗੱਠਜੋੜ ਸਮੇਤ ਸਾਢੇ ਤਿੰਨ ਸੌ ਨੂੰ ਟੱਪਦੇ ਹੋਏ ਉਹ ਇਸ ਤਰ੍ਹਾਂ ਦਾ ਰਿਕਾਰਡ ਬਣਾਉਣ ਨੂੰ ਪਹੁੰਚ ਗਈ, ਜਿਹੜਾ ਛੇਤੀ ਕੀਤੇ ਟੁੱਟਣ ਵਾਲਾ ਨਹੀਂ ਜਾਪਦਾ। ਖੁਦ ਭਾਜਪਾ ਦੇ ਕਈ ਆਗੂ ਏਡੀ ਵੱਡੀ ਜਿੱਤ ਤੋਂ ਹੈਰਾਨ ਹਨ ਤੇ ਖਾਸ ਕੇ ਭਾਜਪਾ ਵਿਚਲੇ ਮੋਦੀ-ਵਿਰੋਧੀ ਕੁਝ ਆਗੂ ਤਾਂ ਪਰੇਸ਼ਾਨ ਵੀ ਹੋਣਗੇ।
ਪੰਜ ਸਾਲ ਪਹਿਲਾਂ ਹੋਈ ਜਿੱਤ ਦੇ ਬਾਅਦ ਅਸੀਂ ਇਹ ਲਿਖਿਆ ਸੀ ਕਿ ਨਰਿੰਦਰ ਮੋਦੀ ਆਗੂ ਹੀ ਨਹੀਂ, ਸ਼ੋਅਮੈਨ ਵਜੋਂ ਵੀ ਏਨਾ ਪ੍ਰਭਾਵ ਪਾਊ ਹੈ ਕਿ ਉਸ ਦੀ ਟੱਕਰ ਦਾ ਦੂਸਰਾ ਪੇਸ਼ਕਾਰ ਭਾਰਤ ਦੇ ਸਿਆਸੀ ਅਖਾੜੇ ਤੋਂ ਲੱਭਣਾ ਔਖਾ ਹੋ ਜਾਂਦਾ ਹੈ। ਉਹ ਤੱਥਾਂ ਤੋਂ ਕੋਰੇ ਭਾਸ਼ਣ ਵੀ ਕਰੀ ਜਾਵੇ ਤਾਂ ਲੋਕ ਉਸ ਦਾ ਹੁੰਗਾਰਾ ਦੇਣ ਲੱਗੇ ਰਹਿੰਦੇ ਹਨ। ਏਦਾਂ ਦੀ ਨੌਬਤ ਕਈ ਵਾਰ ਆ ਚੁੱਕੀ ਹੈ ਕਿ ਉਸ ਦਾ ਕੀਤਾ ਭਾਸ਼ਣ ਹਕੀਕਤਾਂ ਨਾਲੋਂ ਉਲਟ ਜਾਂ ਹਕੀਕਤਾਂ ਦੀ ਭੰਨ-ਤੋੜ ਵਾਲਾ ਹੋਣ ਦੀ ਗੱਲ ਸ਼ਾਮ ਪੈਣ ਤੱਕ ਸਾਹਮਣੇ ਆ ਜਾਂਦੀ ਸੀ, ਪਰ ਅਗਲੇ ਦਿਨ ਉਸ ਦੇ ਜਲਸੇ ਵਿੱਚ ਭੀੜ ਪਹਿਲਾਂ ਤੋਂ ਵੀ ਵੱਧ ਦਿਖਾਈ ਦੇਂਦੀ ਸੀ। ਕਈ ਵਾਰੀ ਇਸ ਤਰ੍ਹਾਂ ਜਾਪਦਾ ਹੁੰਦਾ ਸੀ, ਜਿਵੇਂ ਲੋਕ ਸਿਆਸੀ ਆਗੂ ਦਾ ਭਾਸ਼ਣ ਸੁਣਨ ਤੋਂ ਵੱਧ ਦਿਲਚਸਪ ਕਿੱਸੇ ਸੁਣ ਕੇ ਮਨੋਰੰਜਨ ਕਰਨ ਦੀ ਭਾਵਨਾ ਨਾਲ ਓਥੇ ਗਏ ਹੁੰਦੇ ਸਨ। ਸਿੱਟੇ ਵਜੋਂ ਉਹ ਏਦਾਂ ਦਾ ਆਗੂ ਬਣ ਕੇ ਸਾਹਮਣੇ ਆਇਆ ਸੀ, ਜਿਸ ਦੇ ਬਰਾਬਰ ਦੀ ਪ੍ਰਭਾਵ ਪਾਉਣ ਵਾਲੀ ਸ਼ਖਸੀਅਤ ਵਿਰੋਧ ਦੀ ਮੁੱਖ ਧਿਰ ਕਾਂਗਰਸ ਪਾਰਟੀ ਕੋਲ ਤਾਂ ਕੀ, ਹੋਰਨਾਂ ਵਿੱਚੋਂ ਵੀ ਕਿਸੇ ਪਾਰਟੀ ਕੋਲ ਨਹੀਂ ਸੀ ਲੱਭਦੀ। ਨਤੀਜਾ ਇਸ ਦਾ ਜੋ ਨਿਕਲਿਆ, ਉਹ ਇਸ ਅਖਾਣ ਵਰਗਾ ਸੀ ਕਿ ‘ਲੋਕਾਂ ਦਾ ਨਹੀਂ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ।’ ਨਰਿੰਦਰ ਮੋਦੀ ਨੇ ਇਹੋ ਕੀਤਾ ਹੈ।
ਕਾਂਗਰਸ ਪਾਰਟੀ ਦਾ ਦੁਖਾਂਤ ਇਹ ਹੈ ਕਿ ਉਹ ਨਹਿਰੂ-ਗਾਂਧੀ ਪਰਵਾਰ ਤੋਂ ਬਾਹਰ ਕਿਸੇ ਵੀ ਮਾਂ ਦੀ ਕੁੱਖੋਂ ਜੰਮਣ ਵਾਲੇ ਬੱਚੇ ਨੂੰ ਅਕਲਮੰਦ ਮੰਨਣ ਨੂੰ ਤਿਆਰ ਨਹੀਂ। ਰਾਜੀਵ ਗਾਂਧੀ ਨੂੰ ਜਿਹੜੇ ਹਾਲਾਤ ਵਿੱਚ ਕੁਰਸੀ ਮਿਲੀ ਸੀ, ਦੇਸ਼ ਦੇ ਲੋਕਾਂ ਨੂੰ ਪਤਾ ਸੀ ਤੇ ਏਸੇ ਲਈ ਜਦੋਂ ਉਸ ਨੇ ਬੜੇ ਸਿਆਣੇ ਮੰਨੇ ਜਾਂਦੇ ਪ੍ਰਣਬ ਮੁਕਰਜੀ ਨੂੰ ਖੂੰਜੇ ਲਾ ਦਿੱਤਾ ਤਾਂ ਲੋਕ ਚੁੱਪ ਕੀਤੇ ਰਹੇ ਸਨ, ਪਰ ਜਦੋਂ ਸੋਨੀਆ ਗਾਂਧੀ ਨੂੰ ਕੁਰਸੀ ਛੱਡਣ ਦਾ ਫੈਸਲਾ ਲੈਣਾ ਪਿਆ, ਪ੍ਰਣਬ ਮੁਕਰਜੀ ਉਸ ਵਕਤ ਤੱਕ ਫਿਰ ਕਾਂਗਰਸ ਵਿੱਚ ਵਾਪਸ ਆ ਚੁੱਕਾ ਸੀ ਤੇ ਉਸ ਦੀ ਪਾਰਟੀ ਵਿੱਚ ਚੋਖੀ ਇੱਜ਼ਤ ਸੀ। ਉਹ ਸ਼ਰਦ ਪਵਾਰ ਅਤੇ ਹੋਰਨਾਂ ਨਾਲ ਓਦੋਂ ਪਾਰਟੀ ਛੱਡ ਕੇ ਨਹੀਂ ਸੀ ਗਿਆ, ਜਦੋਂ ਸੋਨੀਆ ਗਾਂਧੀ ਨੂੰ ਵਿਦੇਸ਼ਣ ਕਹਿ ਕੇ ਉਸ ਨੂੰ ਪਾਰਟੀ ਆਗੂ ਬਣਾਉਣ ਦਾ ਵਿਰੋਧ ਹੋਇਆ ਸੀ। ਪਾਰਟੀ ਨਾਲ ਰਹਿ ਕੇ ਉਹ ਵਫਾਦਾਰੀ ਸਾਬਤ ਕਰ ਚੁੱਕਾ ਸੀ। ਸੋਨੀਆ ਗਾਂਧੀ ਨੇ ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਥਾਂ ਡਾਕਟਰ ਮਨਮੋਹਨ ਸਿੰਘ ਵਰਗੇ ਗੈਰ ਸਿਆਸੀ ਬੰਦੇ ਨੂੰ ਅੱਗੇ ਇਸ ਲਈ ਕੀਤਾ ਸੀ ਕਿ ਪ੍ਰਣਬ ਮੁਕਰਜੀ ਦੇ ਅੱਗੇ ਆਉਣ ਦੇ ਬਾਅਦ ਨਹਿਰੂ-ਗਾਂਧੀ ਪਰਵਾਰ ਦੇ ਜਵਾਕ ਰਾਹੁਲ ਗਾਂਧੀ ਲਈ ਫਿਰ ਕੋਈ ਚਾਂਸ ਬਾਕੀ ਨਾ ਰਹਿਣ ਦਾ ਡਰ ਸੀ। ਮਨਮੋਹਨ ਸਿੰਘ ਨੂੰ ਉਹ ਮਾਂ-ਪੁੱਤਰ ਕੀ ਸਮਝਦੇ ਸਨ, ਇਹ ਗੱਲ ਓਦੋਂ ਪਤਾ ਲੱਗੀ ਸੀ, ਜਦੋਂ ਇੱਕ ਵਾਰ ਦਿੱਲੀ ਦੇ ਇੱਕ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਸਾਹਮਣੇ ਤਕਰੀਰ ਕਰਦੇ ਹੋਏ ਰਾਹੁਲ ਗਾਂਧੀ ਨੇ ਇਹ ਆਖਿਆ ਸੀ ਕਿ ਕਈ ਲੋਕ ਪੁੱਛਦੇ ਹਨ ਕਿ ਤੁਸੀਂ ਪ੍ਰਧਾਨ ਮੰਤਰੀ ਕਦੋਂ ਬਣੋਗੇ, ਪਰ ਮੈਂ ਕਹਿੰਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਤਾਂ ਮੈਂ ਅੱਜ ਸ਼ਾਮ ਨੂੰ ਬਣ ਸਕਦਾ ਹਾਂ। ਇਹ ਗੱਲ ਕਹਿਣਾ ਦਾ ਦੂਸਰਾ ਭਾਵ ਇਹ ਸੀ ਕਿ ਮਨਮੋਹਨ ਸਿੰਘ ਦਾ ਕੀ ਹੈ, ਉਸ ਨੂੰ ਤਾਂ ਮੈਂ ਅੱਜ ਸ਼ਾਮ ਨੂੰ ਉਠਾ ਕੇ ਉਹਦੇ ਵਾਲੀ ਥਾਂ ਕੁਰਸੀ ਉੱਤੇ ਬਹਿ ਸਕਦਾ ਹਾਂ ਤੇ ਇਸ ਤਕਰੀਰ ਨੇ ਮਨਮੋਹਨ ਸਿੰਘ ਇਕੱਲੇ ਦੇ ਅਕਸ ਦਾ ਨਹੀਂ, ਕਾਂਗਰਸ ਪਾਰਟੀ ਦਾ ਵੀ ਨੁਕਸਾਨ ਕੀਤਾ ਸੀ। ਇਸ ਦੇ ਬਾਵਜੂਦ ਪਾਰਟੀ ਵਿੱਚ ਕਿਸੇ ਦੀ ਇਹ ਮੰਨਣ ਦੀ ਹਿੰਮਤ ਨਹੀਂ ਸੀ ਪਈ ਕਿ ਮੁੰਡਾ ਠੀਕ ਨਹੀਂ ਕਰ ਰਿਹਾ।
ਰਹਿੰਦੀ ਕਸਰ ਕਾਂਗਰਸ ਨਾਲ ਜੁੜੇ ਜਾਂ ਇਸ ਤੋਂ ਵੱਖਰਾ ਪਿੰਡ ਬੰਨ੍ਹਦੇ ਫਿਰਦੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਹਊਮੈ ਨੇ ਕੱਢ ਦਿੱਤੀ। ਆਖਰੀ ਗੇੜ ਦੀਆਂ ਵੋਟਾਂ ਪੈਣ ਅਤੇ ਐਗਜ਼ਿਟ ਪੋਲ ਵਿੱਚ ਕੁਝ ਹੱਦ ਤੱਕ ਨਤੀਜੇ ਦੀ ਝਲਕ ਮਿਲ ਚੁੱਕਣ ਪਿੱਛੋਂ ਵੀ ਉਨ੍ਹਾਂ ਦੀ ਹਊਮੈ ਨਹੀਂ ਘਟੀ। ਵਿਰੋਧੀ ਧਿਰਾਂ ਦੀ ਇੱਕ ਮੀਟਿੰਗ ਸੱਦਣੀ ਸੀ ਤਾਂ ਬੀਬੀ ਮਾਇਆਵਤੀ ਨੇ ਇਹ ਗੱਲ ਕਹਿ ਦਿੱਤੀ ਕਿ ਓਥੇ ਤਦੇ ਆਵਾਂਗੀ, ਜੇ ਮੈਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਮੰਨੇ ਜਾਣ ਦਾ ਇਰਾਦਾ ਬਾਕੀ ਲੀਡਰ ਬਣਾ ਸਕਦੇ ਹੋਣਗੇ। ਤੇਲਗੂ ਦੇਸਮ ਵਾਲਾ ਚੰਦਰ ਬਾਬੂ ਨਾਇਡੂ ਕਿਸੇ ਵਕਤ ਪ੍ਰਧਾਨ ਮੰਤਰੀ ਵਾਲੇ ਅਹੁਦੇ ਲਈ ਪੇਸ਼ਕਸ਼ ਹੋਈ ਤੋਂ ਇਹ ਕਹਿ ਕੇ ਛੱਡ ਆਇਆ ਸੀ ਕਿ ਉਹ ਦਿੱਲੀ ਆ ਕੇ ਆਂਧਰਾ ਵਿੱਚ ਆਪਣਾ ਆਧਾਰ ਕਿਸੇ ਤਰ੍ਹਾਂ ਦੇ ਖਤਰੇ ਵਿੱਚ ਨਹੀਂ ਪਾ ਸਕਦਾ, ਪਰ ਇਸ ਵਾਰੀ ਉਸ ਰਾਜ ਵਿੱਚ ਪਾਰਲੀਮੈਂਟ ਦੇ ਨਾਲ ਵਿਧਾਨ ਸਭਾ ਚੋਣਾਂ ਹੁੰਦੀਆਂ ਹੋਣ ਦੇ ਬਾਵਜੂਦ ਆਪਣੇ ਰਾਜ ਵਿੱਚ ਕੁਝ ਕੰਮ ਕਰਨ ਦੀ ਥਾਂ ਸਾਰੇ ਦੇਸ਼ ਦੇ ਗੇੜੇ ਲਾਉਂਦਾ ਰਿਹਾ। ਉਸ ਦੇ ਮਨ ਵਿੱਚ ਇਹ ਗੱਲ ਭਾਰੂ ਹੋਈ ਪਈ ਸੀ ਕਿ ਆਂਧਰਾ ਮੇਰੇ ਕੋਲ ਰਹਿਣਾ ਨਹੀਂ ਤੇ ਇਸ ਮੌਕੇ ਭਾਰਤ ਦੀ ਸਭ ਤੋਂ ਵੱਡੀ ਕੁਰਸੀ ਦਾ ਦਾਅ ਖੇਡ ਲਿਆ ਜਾਵੇ ਤਾਂ ਸ਼ਾਇਦ ਓਥੇ ਹੀ ਗੱਲ ਬਣ ਜਾਂਦੀ ਹੋਵੇ। ਇਹ ਦੌੜ ਕਈਆਂ ਨੂੰ ਲੈ ਬੈਠੀ ਹੈ। ਉੜੀਸਾ ਵਿੱਚ ਜਿਹੜਾ ਨਵੀਨ ਪਟਨਾਇਕ ਪੰਜਵੀਂ ਵਾਰੀ ਆਪਣੇ ਲੋਕਾਂ ਦਾ ਚਹੇਤਾ ਬਣ ਕੇ ਉੱਭਰਿਆ ਤੇ ਸਰਕਾਰ ਬਣਾਉਣ ਲਈ ਤਿਆਰ ਹੈ, ਉਸ ਨੂੰ ਚੰਦਰ ਬਾਬੂ ਨਾਇਡੂ ਦੇ ਕਾਂਗਰਸ ਤੇ ਭਾਜਪਾ ਦੋਵਾਂ ਤੋਂ ਬਰਾਬਰ ਫਾਸਲੇ ਉੱਤੇ ਚੱਲਣ ਤੇ ਬਿਹਾਰ ਵਾਲੇ ਨਿਤੀਸ਼ ਕੁਮਾਰ ਦੇ ਮੁੜ-ਮੁੜ ਸਿਆਸੀ ਚੋਲੇ ਬਦਲਣ ਦੇ ਸ਼ੁਗਲ ਤੋਂ ਕੁਝ ਸਬਕ ਸਿੱਖਣਾ ਪੈਣਾ ਹੈ। ਇਹੀ ਗੱਲ ਕੁਝ ਲੋਕ ਮਮਤਾ ਬੈਨਰਜੀ ਨੂੰ ਕਹਿਣਾ ਚਾਹੁੰਦੇ ਹਨ, ਪਰ ਉਹ ਖੁਦ ਏਨੀ ਸਿਆਣੀ ਬਣਦੀ ਹੈ ਕਿ ਸਮਝਾਉਣ ਦੀ ਲੋੜ ਨਹੀਂ।
ਇੱਕ ਹੋਰ ਧਿਰ ਖੱਬੇ ਪੱਖੀਆਂ ਦੀ ਹੈ, ਜਿਨ੍ਹਾਂ ਨੂੰ ਬਹੁਤ ਵੱਡੀ ਸੱਟ ਪੈਣ ਪਿੱਛੋਂ ਵੀ ਕੁਝ ਚਿਰ ਬਾਅਦ ਗੱਲ ਕਰਨੀ ਪੈਣੀ ਹੈ, ਪਰ ਹਾਲ ਦੀ ਘੜੀ ਇਹ ਕਹਿਣ ਵਿੱਚ ਹਰਜ ਨਹੀਂ ਕਿ ਪਹਿਲੀ ਪਾਰਲੀਮੈਂਟ ਵਿੱਚ ਭਾਰਤ ਦੀ ਰਾਜਨੀਤੀ ਦਾ ਮੁਹਾਂਦਰਾ ਬਦਲਣ ਦੇ ਸੰਕੇਤ ਦੇਣ ਵਾਲੀ ਇਹ ਧਿਰ ਅੱਜ ਆਪਣੀ ਹੋਂਦ ਕਾਇਮ ਰੱਖਣ ਦੀ ਲੜਾਈ ਲੜ ਰਹੀ ਹੈ। ਇਸ ਦੇ ਏਨਾ ਪਛੜਦੇ ਜਾਣ ਦਾ ਓਨਾ ਨੁਕਸਾਨ ਕਮਿਊਨਿਸਟਾਂ ਨੂੰ ਨਹੀਂ, ਜਿੰਨਾ ਦੇਸ਼ ਨੂੰ ਹੋਵੇਗਾ, ਪਰ ਇਸ ਵਿੱਚ ਕਿਸੇ ਹੋਰ ਦਾ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ। ਉਨ੍ਹਾਂ ਨੂੰ ਇਸ ਹਾਲਤ ਬਾਰੇ ਖੁਦ ਸੋਚਣ ਤੇ ਲੋਕਾਂ ਅੱਗੇ ਹਕੀਕਤ ਨੂੰ ਪ੍ਰਵਾਨ ਕਰਨ ਦੀ ਲੋੜ ਪੈ ਸਕਦੀ ਹੈ। ਬਾਕੀ ਗੱਲਾਂ ਦਾ ਨਿਬੇੜਾ ਮੋਦੀ ਰਾਜ ਦੇ ਅਗਲੇ ਪੰਜ ਸਾਲ ਆਪੇ ਕਰ ਦੇਣਗੇ। ਕੁੰਭ ਮੇਲਾ ਬਾਰਾਂ ਸਾਲਾਂ ਪਿੱਛੋਂ ਅਤੇ ਅਰਧ ਕੁੰਭ ਛੇ ਸਾਲਾਂ ਬਾਅਦ ਆਉਂਦਾ ਹੈ। ਭਾਰਤੀ ਲੋਕਤੰਤਰ ਦਾ ਪਾਰਲੀਮੈਂਟ ਵਾਲਾ ਕੁੰਭ ਪੰਜ ਸਾਲਾਂ ਬਾਅਦ ਤੇ ਵਿਧਾਨ ਸਭਾਵਾਂ ਵਾਲਾ ਮੱਧ-ਕੁੰਭ ਥੋੜ੍ਹੇ-ਥੋੜ੍ਹੇ ਚਿਰ ਦੇ ਬਾਅਦ ਕਿਸੇ ਨਾ ਕਿਸੇ ਰਾਜ ਚੱਲਦਾ ਰਹਿੰਦਾ ਹੈ। ਸਾਰੀ ਲੜਾਈ ਖਤਮ ਨਹੀਂ ਹੋ ਗਈ, ਪੈਰ-ਪੈਰ ਉੱਤੇ ਹੁੰਦੀ ਰਹਿਣੀ ਹੈ। ਇਹ ਮਿੱਥ ਕੇ ਚੱਲਣਾ ਪੈਣਾ ਹੈ ਕਿ ਰਾਜਨੀਤੀ ਨਿਤਾਣੀ ਨਹੀਂ ਹੋ ਗਈ, ਇਹ ਅਗਲੇ ਚੋਣ ਦੰਗਲਾਂ ਦੀ ਤਿਆਰੀ ਵਿੱਚ ਖੜੇ ਪੈਰ ਜੁੱਟ ਸਕਦੀ ਹੈ।

ਜਤਿੰਦਰ ਪਨੂੰ