ਇੱਕ ਸਾਲ ਜਾ ਰਿਹਾ ਹੈ ਅਤੇ ਦੂਸਰਾ ਆ ਰਿਹਾ ਹੈ, ਪਰ ਲੋਕਾਂ ਦੇ ਪੱਲੇ ਕੀ ਪਾ ਰਿਹਾ ਹੈ

0
711

ਅਸੀਂ ਇੱਕ ਹੋਰ ਸਾਲ ਨੂੰ ਸਮੇਟਿਆ ਜਾਂਦਾ ਅਤੇ ਇੱਕ ਹੋਰ ਸਾਲ ਨੂੰ ਛਾਲਾਂ ਮਾਰ ਕੇ ਆਉਂਦਾ ਵੇਖਣ ਵਾਲੀ ਘੜੀ ਦੇ ਗਵਾਹ ਬਣਨ ਲੱਗੇ ਹਾਂ। ਲੋਕੀਂ ਇੱਕ ਵਾਰੀ ਫਿਰ ਇੱਕ ਦੂਸਰੇ ਨੂੰ ਨਵਾਂ ਸਾਲ ਮੁਬਾਰਕ ਕਹਿਣਗੇ। ਸ਼ਾਇਦ ਉਹ ਲੋਕ ਵੀ ਕਿਸੇ ਨਾ ਕਿਸੇ ਨੂੰ ਕਹਿਣਗੇ, ਜਿਨ੍ਹਾਂ ਨੇ ਪਿਛਲਾ ਸਾਲ ਮਾਣਿਆਂ ਜਾਂ ਹੰਢਾਇਆ ਨਹੀਂ, ਭੁਗਤਿਆ ਹੋਵੇਗਾ। ਇੱਕ ਆਮ ਕਹਾਵਤ ਹੈ ਕਿ ਘਰ-ਘਰ ਉਨ੍ਹਾਂ ਲੋਕਾਂ ਦੇ ਬੱਚੇ ਵੀ ਖੇਡਦੇ ਹਨ, ਜਿਨ੍ਹਾਂ ਕੋਲ ਘਰ ਨਹੀਂ ਹੁੰਦੇ। ਨਵਾਂ ਸਾਲ ਮਾਨਣ ਅਤੇ ਮਨਾਉਣ ਦਾ ਜਿਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲ ਸਕਿਆ, ਨਵੇਂ ਸਾਲ ਉੱਤੇ ਉਹ ਵੀ ਮੁਬਾਰਕ ਦੇ ਦੇਂਦੇ ਹਨ। ਬੜੇ ਲੋਕ ਇਸ ਕੰਮ ਲਈ ਕੁਝ ਦਿਨ ਪਹਿਲਾਂ ਤੋਂ ਤਿਆਰੀ ਸ਼ੁਰੂ ਕਰਨ ਲੱਗਦੇ ਹਨ, ਕੁਝ ਕਾਰਡ ਛਪਵਾ ਕੇ ਭੇਜਣ ਵਾਲੇ ਕੰਮ ਰੁੱਝ ਜਾਂਦੇ ਹਨ ਤੇ ਕੁਝ ਇੰਟਰਨੈੱਟ ਤੋਂ ਇਸ ਨਾਲ ਸੰਬੰਧ ਰੱਖਦੇ ਸੁਨੇਹੇ ਚੁਣਨ ਲੱਗਦੇ ਹਨ, ਜਿਹੜੇ ਨਵਾਂ ਸਾਲ ਚੜ੍ਹਦਾ ਵੇਖ ਕੇ ਮੁੱਕਦੇ ਸਾਲ ਦੀ ਸ਼ਾਮ ਨੂੰ ਭੇਜਣੇ ਹੁੰਦੇ ਹਨ। ਏਸੇ ਨਾਲ ਦੋ ਕੁ ਦਿਨ ਉਹ ਖੁਸ਼ ਰਹਿ ਲੈਂਦੇ ਹਨ।
ਨਵਾਂ ਸਾਲ ਮਨੁੱਖਤਾ ਨੂੰ ਵਕਤ ਦੇ ਇੱਕ ਹੋਰ ਅਗਲੇ ਦੌਰ ਵਿੱਚ ਦਾਖਲੇ ਦਾ ਸੱਦਾ ਦੇਂਦਾ ਹੈ, ਪਰ ਪਿਛਲੇ ਸਾਲਾਂ ਦੇ ਲੇਖੇ ਵਿੱਚ ਇਹੋ ਜਿਹਾ ਕੁਝ ਲੱਭਣਾ ਬਹੁਤ ਔਖਾ ਹੈ ਕਿ ਭਾਰਤ ਕਿਸੇ ‘ਅਗਲਾ’ ਕਹੇ ਜਾਣ ਵਾਲੇ ਦੌਰ ਵਿੱਚ ਕਦਮ ਰੱਖਣ ਵਾਲਾ ਵੀ ਹੋਇਆ ਹੈ। ਬਹੁਤ ਥੋੜ੍ਹੇ ਮੌਕੇ ਖੁਸ਼ੀ ਵਾਲੇ ਨਸੀਬ ਹੁੰਦੇ ਹਨ। ਜ਼ਿਆਦਾ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਹਨ ਕਿ ਸਾਨੂੰ ਭਾਰਤ ਅੱਗੇ ਵਧਦਾ ਵੇਖਣ ਦੀ ਥਾਂ ਕੁਝ ਮਾਮਲਿਆਂ ਵਿੱਚ ਪਿੱਛੇ ਨੂੰ ਗਿੜਦਾ ਜਾਪਣ ਲੱਗ ਪੈਂਦਾ ਹੈ। ਪਹਿਲਾਂ ਇਹ ਸੁਣਿਆ ਜਾਂਦਾ ਸੀ ਕਿ ਬੀਤੇ ਪੰਜ ਸਾਲਾਂ ਵਿੱਚ ਭਾਰਤ ਨੇ ਆਹ ਪ੍ਰਾਪਤੀਆਂ ਕੀਤੀਆਂ ਹਨ ਅਤੇ ਅੱਜ ਕੱਲ੍ਹ ਇਹ ਗੱਲ ਸੁਣਨੀ ਪੈ ਰਹੀ ਹੈ ਕਿ ਭਾਰਤ ਨੇ ਆਪਣੇ ਵੱਡਿਆਂ ਦੀ ਵਿਰਾਸਤ ਨੂੰ ਐਨਾ ਖੋਰਾ ਲਾ ਛੱਡਿਆ ਹੈ।
ਅਸੀਂ ਬਹੁਤ ਪੁਰਾਣੇ ਮਾਮਲਿਆਂ ਵੱਲ ਜਾਣ ਦੀ ਥਾਂ ਸਿਰਫ ਪੰਜਾਂ ਸਾਲਾਂ ਦਾ ਲੇਖਾ ਕਰੀਏ ਤਾਂ ਪਹਿਲੀ ਗੱਲ ਸੋਚਣ ਦੀ ਇਹ ਹੈ ਕਿ ਕੀ ਕਦੀ ਇਨਸਾਨ ਏਨਾ ਬੇਕਦਰਾ ਹੋਇਆ ਸੀ, ਜਿੰਨਾ ਇਸ ਵਕਤ ਹੋਇਆ ਪਿਆ ਹੈ? ਰਾਜਸਥਾਨ ਦੀ ਇੱਕੋ ਘਟਨਾ ਇਸ ਦਾ ਖੁਲਾਸਾ ਕਰਨ ਲਈ ਕਾਫੀ ਹੈ। ਇੱਕ ਥਾਂ ਗਊ ਲੈ ਕੇ ਜਾਂਦੇ ਕੁਝ ਬੰਦਿਆਂ ਨੂੰ ਭੀੜ ਨੇ ਕੁੱਟ ਦਿੱਤਾ ਤੇ ਫਿਰ ਪੁਲਸ ਆ ਗਈ। ਭੀੜ ਦੇ ਕੁੱਟੇ ਹੋਏ ਉਹ ਬੰਦੇ ਮਰਨਾਊ ਪਏ ਸਨ, ਪੁਲਸ ਨੇ ਨਹੀਂ ਸੀ ਚੁੱਕੇ ਤੇ ਗਾਂਵਾਂ ਨੂੰ ਇੱਕ ਟਰੱਕ ਵਿੱਚ ਲੱਦ ਕੇ ਕੁਝ ਕਿਲੋਮੀਟਰ ਦੂਰ ਗਊ-ਸ਼ਾਲਾ ਵਿੱਚ ਛੱਡਣ ਚਲੀ ਗਈ। ਵਾਪਸ ਆਣ ਕੇ ਬੰਦੇ ਚੁੱਕੇ ਅਤੇ ਉਨ੍ਹਾਂ ਨੂੰ ਹਸਪਤਾਲ ਛੱਡਣ ਗਈ ਤਾਂ ਸਿਰਫ ਤਿੰਨ ਕਿਲੋਮੀਟਰ ਦੂਰੀ ਤੈਅ ਕਰਨ ਵਿੱਚ ਪੁਲਸ ਵਾਲਿਆਂ ਨੂੰ ਏਨਾ ਸਾਹ ਚੜ੍ਹਿਆ ਕਿ ਉਹ ਰਾਹ ਵਿੱਚ ਚਾਹ ਪੀਣ ਲੱਗ ਪਏ। ਜਦੋਂ ਤੱਕ ਉਹ ਲੋਕ ਹਸਪਤਾਲ ਪਹੁੰਚੇ, ਇੱਕ ਬੰਦਾ ਮਰ ਚੁੱਕਾ ਸੀ। ਗਾਵਾਂ ਨੂੰ ਬਚਾਉਣਾ ਜ਼ਰੂਰੀ ਸੀ, ਕਿਉਂਕਿ ਉਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ ਸਾਰੇ ਦੇਸ਼ ਵਿੱਚ ‘ਕੁਝ ਦਾ ਕੁਝ’ ਹੋ ਜਾਂਦਾ।
ਦੂਸਰਾ ਸਵਾਲ ਹੈ ਭਰੋਸੇ ਯੋਗਤਾ ਦਾ। ਲੋਕਾਂ ਨੂੰ ਆਪਣੇ ਦੇਸ਼ ਦੇ ਸਿਸਟਮ ਵਿੱਚ ਯਕੀਨ ਨਹੀਂ ਰਿਹਾ। ਇਸ ਤਰ੍ਹਾਂ ਦੀ ਬੇਭਰੋਸਗੀ ਆਮ ਲੋਕਾਂ ਦੀ ਗੱਲਬਾਤ ਵਿੱਚੋਂ ਨੇੜਲੇ ਥਾਣੇ ਦੀ ਪੁਲਸ ਤੋਂ ਲੈ ਕੇ ਦੇਸ਼ ਦੇ ਸਿਖਰ ਉੱਤੇ ਬੈਠੇ ਆਗੂਆਂ ਦੇ ਬਾਰੇ ਹੁੰਦੀਆਂ ਟਿਪਣੀਆਂ ਤੋਂ ਪਤਾ ਲੱਗਦੀ ਹੈ। ਉੱਪਰ ਵਾਲੇ ਆਪਸ ਵਿੱਚ ਵੀ ਇਹੋ ਕੁਝ ਕਹਿੰਦੇ ਹਨ। ਸਰਕਾਰ ਨੇ ਦੇਸ਼ ਨੂੰ ਚਲਾਉਣਾ ਹੈ ਤਾਂ ਕਹਿੰਦੀ ਹੈ ਕਿ ਲੋਕ ਉਸ ਦਾ ਯਕੀਨ ਕਰਨ, ਪਰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਜਿੱਦਾਂ ਫੈਸਲਾ ਦਿੱਤਾ ਹੈ, ਉਸ ਨੇ ਯਕੀਨ ਪਤਲਾ ਕਰ ਦਿੱਤਾ ਹੈ। ਆਮ ਪ੍ਰਭਾਵ ਹੈ ਕਿ ਸਰਕਾਰ ਨੇ ਅਦਾਲਤ ਨੂੰ ਗੁੰਮਰਾਹ ਕਰਨ ਵਾਲਾ ਐਫੀਡੇਵਿਟ ਪੇਸ਼ ਕਰ ਕੇ ਆਪਣੇ ਪੱਖ ਦਾ ਫੈਸਲਾ ਕਰਨ ਦੇ ਹਾਲਾਤ ਪੈਦਾ ਕਰ ਲਏ ਸਨ। ਸਰਕਾਰ ਨੇ ਇਸ ਪਿੱਛੋਂ ਸੱਚੇ ਹੋਣ ਲਈ ਸੁਪਰੀਮ ਕੋਰਟ ਨੂੰ ਇਹ ਲਿਖ ਭੇਜਿਆ ਹੈ ਕਿ ਉਸ ਦੀ ਚਿੱਠੀ ਦੀ ਭਾਸ਼ਾ ਗਲਤ ਸਮਝੀ ਗਈ ਹੈ, ਚਿੱਠੀ ਤਾਂ ‘ਭੂਤ ਕਾਲ’ (ਪਾਸਟ ਟੈਂਸ) ਵਿੱਚ ਸੀ ਤੇ ਅਦਾਲਤ ਨੇ ‘ਵਰਤਮਾਨ’ (ਪਰੈਜ਼ੈਂਟ ਟੈਂਸ) ਵਿੱਚ ਸਮਝ ਲਈ ਸੀ। ਕਹਿਣ ਤੋਂ ਭਾਵ ਇਹ ਕਿ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵਿੱਚ ਬੈਠੇ ਹੋਏ ਜੱਜ ਸਾਹਿਬਾਨ ਨੂੰ ਚਿੱਠੀ ਪੜ੍ਹਨੀ ਨਹੀਂ ਆਈ ਤੇ ਇਸ ਲਈ ਫੈਸਲਾ ਭੁਲੇਖੇ ਵਾਲਾ ਹੋ ਗਿਆ ਹੈ। ਉਰਦੂ ਦਾ ਸ਼ੇਅਰ ਹੈ: ‘ਕੌਨ ਨਾ ਮਰ ਜਾਏ ਇਸ ਸਾਦਗੀ ਪੇ’। ਕੇਂਦਰ ਸਰਕਾਰ ਦੀ ਆਪਣੇ ਬਚਾਅ ਵਾਸਤੇ ਅਦਾਲਤ ਉੱਤੇ ਚਿੱਠੀ ਨਾ ਸਮਝ ਸਕਣ ਦੀ ਊਜ ਇਹੋ ਦੱਸਦੀ ਹੈ ਕਿ ਉਸ ਨੂੰ ਇਸ ਦੇਸ਼ ਦੇ ਲੋਕਾਂ ਦੀ ਅਕਲ ਏਨੀ ਸਿੱਧੜ ਜਾਪਦੀ ਹੈ ਕਿ ਉਸ ਸਰਕਾਰ ਦੀ ਦਿੱਤੀ ਇਹ ਸਮਝਾਉਣੀ ਵੀ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ ‘ਤਿੰਨ-ਤਿੰਨ’ ਲੱਖ ਰੁਪਏ ਪਾਉਣ ਦੇ ਜੁਮਲੇ ਵਾਂਗ ਸਮਝ ਕੇ ਲੋਕ ਹਜ਼ਮ ਕਰ ਜਾਣਗੇ। ਇਸ ਨਾਲ ਸਿਸਟਮ ਦੇ ਬਾਰੇ ਲੋਕਾਂ ਵਿੱਚ ਪੈਦਾ ਹੋਈ ਬੇਭਰੋਸਗੀ ਹੋਰ ਵੀ ਵਧਣ ਵੱਲ ਜਾ ਸਕਦੀ ਹੈ।
ਤੀਸਰਾ ਸਵਾਲ ਦੇਸ਼ ਦੀ ਫੌਜ ਦੇ ਕੁਝ ਜਰਨੈਲਾਂ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਦੀ ਝਾਕ ਵਿੱਚ ਸਰਕਾਰੀ ਧਿਰ ਦੇ ਪੱਖ ਵਿੱਚ ਬਿਆਨਬਾਜ਼ੀ ਤੋਂ ਪੈਦਾ ਹੁੰਦਾ ਹੈ। ਕਦੀ ਜਨਰਲ ਥਿਮੈਈਆ ਨੇ ਕੁਝ ਗੱਲਾਂ ਉੱਤੇ ਬੜਾ ਸਾਫ ਪੈਂਤੜਾ ਲਿਆ ਸੀ ਤੇ ਕੁਝ ਗੱਲਾਂ ਉੱਤੇ ਬੜੇ ਭੁਲੇਖੇ ਪੈਦਾ ਹੋਣ ਲੱਗੇ ਸਨ। ਓਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਦੀ ਬਦਤਮੀਜ਼ੀ ਦੇ ਖਿਲਾਫ ਫੌਜ ਵੱਲੋਂ ਸਿਨਮਾ ਘੇਰਨ ਦੀ ਕਾਰਵਾਈ ਨੂੰ ਉਸ ਨੇ ਜਾਇਜ਼ ਠਹਿਰਾਇਆ ਤਾਂ ਠੀਕ ਕੀਤਾ ਸੀ, ਪਰ ਬਾਕੀ ਗੱਲਾਂ ਵਿੱਚ ਠੀਕ ਨਹੀਂ ਸੀ। ਉਹ ਅੰਗਰੇਜ਼ੀ ਰਾਜ ਵੇਲੇ ਦਾ ਫੌਜੀ ਅਫਸਰ ਸੀ ਤੇ ਉਸ ਸਾਮਰਾਜੀ ਰਾਜ ਦੇ ਵਕਤ ਫੌਜ ਕੋਲ ਤਾਕਤਾਂ ਬਹੁਤ ਜ਼ਿਆਦਾ ਹੁੰਦੀਆਂ ਸਨ। ਉਹ ਆਜ਼ਾਦੀ ਪਿੱਛੋਂ ਵੀ ਉਹੋ ਜਿਹੀ ਹੈਸੀਅਤ ਆਪਣੇ ਹੱਥ ਚਾਹੁੰਦਾ ਸੀ, ਪਰ ਇਹ ਇਸ ਲਈ ਨਹੀਂ ਸੀ ਦਿੱਤੀ ਜਾ ਸਕਦੀ ਕਿ ਪਾਕਿਸਤਾਨ ਦਾ ਤਜਰਬਾ ਭਾਰਤ ਨੂੰ ਪਤਾ ਸੀ, ਇਸ ਲਈ ਲੋਕਤੰਤਰ ਦੇ ਭਵਿੱਖ ਵਾਸਤੇ ਇਸ ਅੱਗੇ ਸਪੀਡ ਬਰੇਕਰ ਲਾਉਣਾ ਠੀਕ ਸੀ। ਫਿਰ ਜਦੋਂ ਬੰਗਲਾ ਦੇਸ਼ ਬਣਿਆ ਤਾਂ ਫੌਜ ਦੀ ਇੱਕ ਵਾਰੀ ਦੋਬਾਰਾ ਸ਼ਾਨ ਹੋ ਗਈ, ਉਸ ਵੇਲੇ ਰਾਜਨੀਤੀ ਦੇ ਇੱਕ ਖਾਸ ਹਿੱਸੇ ਵੱਲੋਂ ‘ਵੀ ਵਾਂਟ ਮਾਨਿਕ ਸ਼ਾਅ’, ਅਰਥਾਤ ਸਾਨੂੰ ਫੌਜ ਦੇ ਮੁਖੀ ਜਨਰਲ ਮਾਣਕ ਸ਼ਾਹ ਦੀ ਅਗਵਾਈ ਚਾਹੀਦੀ ਹੈ, ਦੇ ਨਾਅਰੇ ਲੱਗੇ ਸਨ। ਭਾਰਤ ਦੇ ਲੋਕਾਂ ਨੇ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ ਤੇ ਜੇ ਉਸ ਵਕਤ ਇਹੋ ਜਿਹੀ ਗੱਲ ਅੱਗੇ ਵਧਦੀ ਤਾਂ ਲੋਕਤੰਤਰ ਲਈ ਬੜੀ ਖਤਰਨਾਕ ਹੋਣੀ ਸੀ। ਓਦੋਂ ਦੀ ਫੌਜੀ ਅਫਸਰਾਂ ਦੀ ਰਾਜਨੀਤੀ ਵਿੱਚ ਘਟੀ ਦਿਲਚਸਪੀ ਫਿਰ ਜਾਗਣ ਲੱਗੀ ਹੈ। ਉਹ ਰਾਫੇਲ ਜਹਾਜ਼ਾਂ ਅਤੇ ਹੋਰ ਸੌਦਿਆਂ ਬਾਰੇ ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਚੱਲਦੀ ਘਟੀਆ ਜਿਹੀ ਬਹਿਸ ਦੌਰਾਨ ਏਦਾਂ ਦੇ ਬਿਆਨ ਦੇਣ ਲੱਗ ਪਏ ਹਨ, ਜਿਹੜੇ ਭਾਰਤੀ ਫੌਜ ਦੇ ਕਿਰਦਾਰ ਨੂੰ ਢਾਹ ਲਾਉਣ ਵਾਲੇ ਹੋ ਸਕਦੇ ਹਨ। ਇਸ ਤੋਂ ਬਚਣ ਦੀ ਲੋੜ ਹੈ, ਪਰ ਜਦੋਂ ਸਰਕਾਰ ਵਿੱਚ ਬੈਠੇ ਹੋਏ ਕੁਝ ਲੋਕ ਖੁਦ ਫੌਜੀ ਅਫਸਰਾਂ ਨੂੰ ਏਦਾਂ ਕਰਨ ਲਈ ਉਕਸਾ ਰਹੇ ਹੋਣ ਤਾਂ ਰੋਕਣ ਵਾਲਾ ਕੋਈ ਨਹੀਂ ਹੁੰਦਾ। ਜਦੋਂ ਬੋਫੋਰਜ਼ ਤੋਪ ਸੌਦੇ ਦਾ ਰੌਲਾ ਪਿਆ ਸੀ, ਉਸ ਵਕਤ ਫੌਜੀ ਜਰਨੈਲਾਂ ਨੇ ਸਰਕਾਰ ਦੇ ਪੱਖ ਵਿੱਚ ਬੋਲਣ ਦੀ ਥਾਂ ਇਹ ਕਿਹਾ ਸੀ ਕਿ ਤੋਪ ਬੜੀ ਵਧੀਆ ਹੈ, ਪਰ ਜਿੰਨਾ ਇਸ ਬਾਰੇ ਰੌਲਾ ਪੈ ਗਿਆ ਹੈ, ਇਸ ਨੂੰ ਛੱਡ ਕੇ ਕੋਈ ਹੋਰ ਬਦਲ ਲੱਭਿਆ ਜਾ ਸਕਦਾ ਹੈ, ਤਾਂ ਕਿ ਵਿਵਾਦ ਨਾ ਰਹੇ। ਅੱਜ ਏਦਾਂ ਨਹੀਂ ਹੁੰਦਾ।
ਤੀਸਰਾ ਮਾਮਲਾ ਇਸ ਦੇਸ਼ ਵਿੱਚ ਉਨ੍ਹਾਂ ਲੋਕਾਂ ਵੱਲੋਂ ਧਰਮ ਖੇਤਰ ਨੂੰ ਨਵਾਂ ਮੋੜਾ ਦੇਣ ਵਾਲਾ ਹੈ, ਜਿਹੜੇ ਧਰਮ ਦੀ ਦੁਰਵਰਤੋਂ ਕਰ ਕੇ ਸੱਤਾ ਦੇ ਸਿਖਰ ਤੱਕ ਪਹੁੰਚਦੇ ਹਨ। ਤਿੰਨ ਕੁ ਸਾਲ ਪਹਿਲਾਂ ਇੱਕ ਬੁੱਧੀਜੀਵੀ ਨੇ ਇਹ ਗੱਲ ਉਭਾਰ ਕੇ ਪੇਸ਼ ਕੀਤੀ ਸੀ ਕਿ ਅੱਜ ਤੱਕ ਰਾਮ, ਸੀਤਾ, ਲਛਮਣ ਦੇ ਨਾਲ ਹਨੂੰਮਾਨ ਨੂੰ ਇੱਕ ਮੰਚ ਉੱਤੇ ਪੇਸ਼ ਕੀਤਾ ਜਾਂਦਾ ਰਿਹਾ ਸੀ, ਪਰ ਅਚਾਨਕ ਰਾਮ, ਸੀਤਾ ਤੇ ਲਛਮਣ ਦੇ ਨਾਲ ਹਨੂੰਮਾਨ ਦਿਖਾਈ ਦੇਣਾ ਘਟਾ ਦਿੱਤਾ ਗਿਆ ਹੈ। ਕੁਝ ਥਾਂਈਂ ਜਦੋਂ ਰਾਮ ਅਤੇ ਸੀਤਾ ਦੇ ਨਾਲ ਲਛਮਣ ਨੂੰ ਹੈਲੀਕਾਪਟਰ ਵਿੱਚ ਲਿਆਂਦਾ ਗਿਆ ਤੇ ਹਨੂੰਮਾਨ ਅੱਗੇ ਮੈਦਾਨ ਵਿੱਚ ਖੜਾ ਉਡੀਕਦਾ ਦਿਖਾਈ ਦਿੱਤਾ ਤਾਂ ਸਾਨੂੰ ਇਸ ਗੱਲ ਵਿੱਚ ਵਜ਼ਨ ਨਜ਼ਰ ਆ ਗਿਆ, ਪਰ ਕਾਰਨ ਸਮਝ ਨਹੀਂ ਸੀ ਆਇਆ। ਇਸ ਸਾਲ ਵਿੱਚ ਇਹ ਗੱਲ ਵੀ ਸਮਝ ਆ ਗਈ ਹੈ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ, ਜਿਹੜਾ ਇੱਕ ਧਾਰਮਿਕ ਮੱਠ ਦਾ ਮੁਖੀਆ ਹੈ, ਇਹ ਕਹਿੰਦਾ ਹੈ ਕਿ ਹਨੂੰਮਾਨ ਦਲਿਤ ਜਾਤੀ ਵਿੱਚੋਂ ਸੀ ਅਤੇ ਰਾਮ ਜੀ ਦੀ ਸੇਵਾ ਕਰਿਆ ਕਰਦਾ ਸੀ। ਇਸ ਦੇ ਨਾਲ ਹੀ ਸਾਨੂੰ ਇੱਕ ਮੰਨੇ ਹੋਏ ਇਤਹਾਸਕਾਰ ਦੀ ਇਹ ਟਿਪਣੀ ਯਾਦ ਆਈ ਕਿ ਆਰ ਐੱਸ ਐੱਸ ਵੱਲੋਂ ਸੱਤਾ ਲਈ ਜਿਸ ਤਰ੍ਹਾਂ ਦੇ ਹਿੰਦੂਤੱਵ ਦਾ ਝੰਡਾ ਚੁੱਕਿਆ ਜਾ ਰਿਹਾ ਹੈ, ਜੇ ਇਹ ਸਿਰੇ ਚੜ੍ਹ ਗਿਆ ਤਾਂ ਫਿਰ ਦਲਿਤਾਂ ਨੂੰ ‘ਸਵਰਨ ਜਾਤੀ’ ਹਿੰਦੂਆਂ ਦੇ ਸੇਵਕ ਮੰਨੇ ਜਾਣ ਵਾਲਾ ਸਮਾਂ ਪਰਤ ਸਕਦਾ ਹੈ। ਉਹ ਸਮਾਂ ਇਸ ਦੇਸ਼ ਲਈ ਪਿੱਛਲ-ਖੁਰੀ ਚੱਲਣ ਵਾਲਾ ਹੋਵੇਗਾ। ਅਜੋਕੇ ਦੌਰ ਵਿੱਚ ਜਦੋਂ ਰਾਮ ਜੀ ਦੇ ਨਾਲ ਵੀ ਦਲਿਤ ਰੱਖਣ ਦੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਭਾਰਤ ਵਿੱਚ ਜਾਤਾਂ ਦੀ ਵਿਵਸਥਾ ਰਾਮ ਜੀ ਤੋਂ ਢਾਈ ਹਜ਼ਾਰ ਸਾਲ ਬਾਅਦ ਸ਼ੁਰੂ ਹੋਈ ਸੀ, ਤਾਂ ਉਸ ਇਤਹਾਸਕਾਰ ਦੀ ਇਹ ਗੱਲ ਵੀ ਬਹੁਤ ਸਪੱਸ਼ਟ ਹੁੰਦੀ ਦਿਖਾਈ ਦੇ ਰਹੀ ਹੈ। ਇਹ ਉਸ ਦੌਰ ਵੱਲ ਮੋੜੇ ਦਾ ਸੰਕੇਤ ਹੈ, ਜਦੋਂ ਸ਼ੂਦਰ ਗਿਣੇ ਜਾਣ ਵਾਲੇ ਲੋਕਾਂ ਦੇ ਕੰਨਾਂ ਵਿੱਚ ਪਿਘਲਿਆ ਸਿੱਕਾ ਪਾਇਆ ਜਾਂਦਾ ਸੀ, ਤਾਂ ਕਿ ਉਹ ਕਿਤੇ ਭੁਲੇਖੇ ਨਾਲ ਵੀ ਰਾਮ ਦਾ ਨਾਂਅ ਸੁਣ ਕੇ ਅਮਰ ਨਾ ਹੋ ਜਾਂਦੇ ਹੋਣ। ਕਿਸੇ ਰਾਜ ਨੂੰ ਕਿਸੇ ਹਾਕਮ ਦਾ ਸਿੱਕਾ ਚੱਲਦਾ ਕਹਿਣਾ ਏਸੇ ਗੰਦੀ ਰੀਤ ਨਾਲ ਸ਼ੁਰੂ ਹੋਇਆ ਹੋਵੇਗਾ।
ਜਿੱਥੋਂ ਤੱਕ ਇਸ ਦੇਸ਼ ਦੇ ਆਮ ਲੋਕਾਂ ਦਾ ਸੰਬੰਧ ਹੈ, ਉਨ੍ਹਾਂ ਲਈ ਲੋਕਤੰਤਰ ਸਿਰਫ ਇਹੀ ਲੈ ਕੇ ਆਇਆ ਹੈ ਕਿ ਗੁੰਡਿਆਂ ਦੀਆਂ ਧਾੜਾਂ ਵਾਲੀ ਇੱਕ ਜਾਂ ਦੂਸਰੀ ਧਿਰ ਵਿੱਚੋਂ ਕਿਸੇ ਇੱਕ ਦੀ ਚੋਣ ਕਰਦੇ ਰਹਿਣ, ਆਪਣੇ ਨਸੀਬੇ ਨੂੰ ਘੜਨ ਦਾ ਨਾ ਉਨ੍ਹਾਂ ਨੂੰ ਸੁਖਾਵਾਂ ਮੌਕਾ ਦਿੱਤਾ ਜਾ ਰਿਹਾ ਹੈ ਤੇ ਨਾ ਇਹੋ ਜਿਹਾ ਵੱਲ ਸਿਖਾਇਆ ਜਾ ਰਿਹਾ ਹੈ। ਵਿਚਾਰਗੀ ਵਾਲੀ ਜੂਨ ਕੱਟਣ ਵਾਲੇ ਉਨ੍ਹਾਂ ਆਮ ਲੋਕਾਂ ਲਈ ਇਹ ਸਾਲ ਗਿਆ ਜਾਂ ਨਵਾਂ ਆਇਆ ਬਹੁਤੇ ਖਾਸ ਅਰਥ ਹੀ ਨਹੀਂ ਰੱਖਦਾ।

ਜਤਿੰਦਰ ਪੰਨੂ