ਲੋਕਤੰਤਰ ਵਿੱਚ ਮਰਜ਼ੀ ਦਾ ਬੋਲਣ ਦੀ ਖੁੱਲ੍ਹ ਤਾਂ ਹੈ, ਪਰ ਭਾਰਤ ਦੇ ਰੰਗ ਵੱਖਰੇ ਹੀ ਨੇ

0
1281

ਇਹ ਧਾਰਨਾ ਬਹੁਤ ਪੁਰਾਣੀ ਸੁਣਨ ਨੂੰ ਮਿਲਦੀ ਰਹੀ ਹੈ ਕਿ ਲੋਕਤੰਤਰ ਵਿੱਚ ਖਾਣ-ਪੀਣ ਅਤੇ ਲੋੜਾਂ ਦੀ ਪੂਰਤੀ ਦੇ ਸਾਧਨ ਨਸੀਬ ਹੋਣ ਜਾਂ ਨਾ, ਬੋਲਣ ਦੀ ਪੂਰੀ ਖੁੱਲ੍ਹ ਮਿਲਦੀ ਹੈ ਤੇ ਹਰ ਕਿਸੇ ਨੂੰ ਮਿਲ ਸਕਦੀ ਹੈ। ਇਸ ਖੁੱਲ੍ਹ ਦੀ ਇੱਕ ਵੰਨਗੀ ਦਸ ਕੁ ਮਹੀਨੇ ਪਹਿਲਾਂ ਓਦੋਂ ਵੇਖਣ ਨੂੰ ਮਿਲੀ ਸੀ, ਜਦੋਂ ਇੱਕ ਨਿਊਜ਼ ਚੈਨਲ ਦੇ ਬਹੁ-ਚਰਚਿਤ ਐਂਕਰ ਨੇ ਇੱਕ ਕੌਮੀ ਪਾਰਟੀ ਦੇ ਮੂੰਹ-ਫਟ ਪ੍ਰਧਾਨ ਨੂੰ ਲਾਈਵ ਸ਼ੋਅ ਵਿੱਚ ਸੱਦਿਆ ਸੀ। ਸਵਾਲ-ਜਵਾਬ ਵੇਲੇ ਐਂਕਰ ਨੇ ਲੀਡਰ ਦੀ ਗੱਲ ਕੱਟਦੇ ਸਮੇਂ ਇਹ ਕਹਿ ਦਿੱਤਾ ਕਿ ਇਹ ਸਭ ਬਕਵਾਸ ਹੈ। ਫਿਰ ਕਈ ਗੱਲਾਂ ਹੋਰ ਵੀ ਕਹਿ ਦਿੱਤੀਆਂ। ਜਦੋਂ ਉਸ ਨੇ ਜ਼ਰਾ ਕੁ ਸਾਹ ਲਿਆ ਤਾਂ ਲੀਡਰ ਬੋਲਿਆ: ‘ਆਪ ਕੋ ਜੋ ਕੁਛ ਭੌਂਕਨਾ ਥਾ, ਭੌਂਕ ਲੀਆ ਤੋ ਮੈਂ ਭੌਂਕਨਾ ਸ਼ੁਰੁ ਕਰੂੰ।’ ਐਂਕਰ ਨੇ ਤ੍ਰਭਕ ਕੇ ਇਸ ਭਾਸ਼ਾ ਦਾ ਕਾਰਨ ਪੁੱਛਿਆ। ਆਗੂ ਨੇ ਕਿਹਾ: ‘ਤੁਮਹੇਂ ਮੇਰੀ ਬਾਤ ਬਕਵਾਸ ਲਗ ਰਹੀ ਹੈ, ਮੈਂ ਰੋਜ਼ ਤੁਮ ਕੋ ਭੌਂਕਤੇ ਸੁਨਤਾ ਹੂੰ, ਅਬ ਮੈਂ ਭੌਂਕ ਰਹਾ ਹੂੰ ਤੋ ਤੁਮ ਇਸ ਕੋ ਬਕਵਾਸ ਸਮਝ ਕਰ ਹੀ ਸੁਨ ਲੋ, ਬੋਲੋ ਨਹੀਂ।’ ਏਨੇ ਨਾਲ ਚਾਂਭਲੇ ਹੋਏ ਐਂਕਰ ਦਾ ਸਾਰਾ ਬੁਖਾਰ ਲੱਥ ਗਿਆ ਤੇ ਫਿਰ ਏਦਾਂ ਦੀ ਇੰਟਰਵਿਊ ਚੱਲਦੀ ਰਹੀ, ਜਿਸ ਨੂੰ ਬਕਵਾਸ ਭਾਵੇਂ ਨਾ ਵੀ ਕਹੀਏ, ਉਸ ਵਿੱਚ ਕਿਸੇ ਮੁੱਦੇ ਦੀ ਗੰਭੀਰ ਚਰਚਾ ਵਾਲੀ ਗੱਲ ਦੋਵਾਂ ਵਿੱਚੋਂ ਕਿਸੇ ਨੇ ਨਹੀਂ ਸੀ ਕੀਤੀ।
ਪਿਛਲੇ ਹਫਤੇ ਜੋ ਕੁਝ ਪੰਜਾਬ ਵਿੱਚ ਹੁੰਦਾ ਸੁਣਿਆ ਗਿਆ, ਉਸ ਨੂੰ ਬਕਵਾਸ ਜਾਂ ਭੌਂਕਣ ਵਾਲੀ ਸ਼ਬਦਾਵਲੀ ਤੱਕ ਮੈਂ ਨਹੀਂ ਲਿਜਾਂਦਾ, ਪਰ ਇਹ ਗੱਲ ਸਾਫ ਹੈ ਕਿ ਕੰਮ ਦੀ ਗੱਲ ਉਸ ਵਿੱਚ ਕੋਈ ਨਹੀਂ ਸੀ ਤੇ ਕਹਿਣ ਦੀ ਖਾਤਰ ਹੀ ਕਈ ਕੁਝ ਕਿਹਾ ਤੇ ਅੱਗੋਂ ਸੁਣਿਆ ਜਾ ਰਿਹਾ ਸੀ। ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਵੱਲ ਲਾਂਘਾ ਬਣਨ ਦੇ ਸਬੱਬ ਨੂੰ ਐਵੇਂ ਮਾਮੂਲੀ ਗੱਲਾਂ ਦੇ ਭੇੜ ਨਾਲ ਬੇਸੁਆਦਾ ਕੀਤਾ ਗਿਆ ਸੀ। ਇਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਇਹ ਗੱਲ ਅਰਥ ਭਰਪੂਰ ਹੈ ਕਿ ਇਹ ਲਾਂਘਾ ਸ਼ਰਧਾਲੂਆਂ ਦੀ ਉਸ ਗੁਰਦੁਆਰੇ ਤੱਕ ਜਾ ਕੇ ਮੱਥਾ ਟੇਕਣ ਦੀ ਸਿੱਕ ਤਾਂ ਪੂਰੀ ਕਰੇਗਾ, ਨਾਲ ਇਲਾਕੇ ਤੇ ਪੰਜਾਬ ਦੇ ਵਿਕਾਸ ਕਰਨ ਲਈ ਵੀ ਸਹਾਈ ਹੋਵੇਗਾ। ਪਾਕਿਸਤਾਨ ਸਰਕਾਰ ਆਪਣੇ ਪਾਸੇ ਕਰਤਾਰਪੁਰ ਵਿੱਚ ਫਾਈਵ ਸਟਾਰ ਹੋਟਲ ਖੋਲ੍ਹਣ ਦਾ ਐਲਾਨ ਕਰਦੀ ਹੈ ਤਾਂ ਏਧਰ ਡੇਰਾ ਬਾਬਾ ਨਾਨਕ ਵਿੱਚ ਕਈ ਯੋਜਨਾਵਾਂ ਦਾ ਰਾਹ ਖੁੱਲ੍ਹੇਗਾ। ਇਸੇ ਬਹਾਨੇ ਡੇਰਾ ਬਾਬਾ ਨਾਨਕ ਨੂੰ ਜਾਂਦੀਆਂ ਸੜਕਾਂ ਨੈਸ਼ਨਲ ਹਾਈਵੇਜ਼ ਵਾਲੇ ਪੈਟਰਨ ਦੀਆਂ ਬਣਨ ਨਾਲ ਉਸ ਕਸਬੇ ਵਿੱਚ ਕਈ ਕਿਸਮ ਦੇ ਸਰਕਾਰੀ ਤੇ ਗੈਰ ਸਰਕਾਰੀ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਪਛੜਿਆ ਸਰਹੱਦੀ ਇਲਾਕਾ ਵਿਕਸਤ ਹੋਣ ਲੱਗਾ ਹੈ ਤਾਂ ਸੰਭਾਵਨਾਵਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਏਥੇ ਵੀ ਖੇਹ ਉਡਾਈ ਜਾ ਰਹੀ ਹੈ।
ਮੈਂ ਸਾਫ ਕਹਾਂ ਤਾਂ ਜਦੋਂ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਨਵਜੋਤ ਸਿੰਘ ਸਿੱਧੂ ਓਧਰ ਨੂੰ ਤੁਰ ਪਿਆ ਸੀ, ਮੈਂ ਉਸ ਦਿਨ ਵੀ ਉਸ ਦੇ ਖਿਲਾਫ ਸਾਂ ਤੇ ਅੱਜ ਵੀ ਹਾਂ। ਉਹ ਮੌਕਾ ਠੀਕ ਨਹੀਂ ਸੀ। ਭਾਰਤ ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ ਹੋਇਆ ਸੀ, ਇਸ ਕਰ ਕੇ ਜਾਣਾ ਠੀਕ ਨਹੀਂ ਲੱਗਾ ਸੀ ਤੇ ਨਾਲ ਇਹ ਵੀ ਕਿ ਪਿਛਲੀ ਵਾਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਵਾਜ਼ ਸ਼ਰੀਫ ਨੂੰ ਸੱਦੇ ਜਾਣ ਨਾਲ ਜਿਵੇਂ ਕਈ ਲੋਕਾਂ ਨੂੰ ਗੱਲਾਂ ਕਰਨ ਦਾ ਮੌਕਾ ਮਿਲਿਆ ਸੀ, ਉਸ ਨੂੰ ਦੁਹਰਾਉਣਾ ਵੀ ਠੀਕ ਨਹੀਂ ਸੀ ਲੱਗਾ। ਫਿਰ ਵੀ ਜਦੋਂ ਉਹ ਚਲਾ ਗਿਆ ਤੇ ਉਸ ਦੇ ਗਏ ਤੋਂ ਲਾਂਘਾ ਖੋਲ੍ਹਣ ਵਾਸਤੇ ਹਾਂ ਹੋ ਗਈ ਤਾਂ ਦੁਹਾਈ ਪਾਉਣੀ ਠੀਕ ਨਹੀਂ ਸੀ। ਭਾਜਪਾ ਵਾਲਿਆਂ ਨੂੰ ਇਹੋ ਦੁੱਖ ਨਹੀਂ ਭੁੱਲ ਰਿਹਾ ਕਿ ਬਿਨਾਂ ਫੀਸ ਤੋਂ ਸਾਡੇ ਜਲਸਿਆਂ ਦੇ ਲਈ ਭੀੜਾਂ ਇਕੱਠੀਆਂ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਸਾਨੂੰ ਛੱਡ ਕੇ ਕਾਂਗਰਸ ਵਿੱਚ ਜਾ ਵੜਿਆ ਹੈ। ਉਨ੍ਹਾਂ ਨੇ ਉਸ ਦੇ ਪਾਕਿਸਤਾਨ ਜਾਣ ਦਾ ਵਿਰੋਧ ਕੀਤਾ ਤਾਂ ਏਥੋ ਤੱਕ ਕਹਿ ਦਿੱਤਾ ਕਿ ਉਸ ਨੂੰ ਪੱਕਾ ਪਾਕਿਸਤਾਨ ਭੇਜ ਦੇਣਾ ਚਾਹੀਦਾ ਹੈ। ਇਹ ਗੱਲ ਉਹ ਕਈ ਲੋਕਾਂ ਬਾਰੇ ਕਹਿੰਦੇ ਰਹਿੰਦੇ ਹਨ। ਫਿਰ ਜਦੋਂ ਡੇਰਾ ਬਾਬਾ ਨਾਨਕ ਵਿੱਚ ਲਾਂਘੇ ਦਾ ਨੀਂਹ ਪੱਥਰ ਰੱਖਣ ਪਿੱਛੋਂ ਪਾਕਿਸਤਾਨ ਵਿੱਚ ਏਦਾਂ ਦਾ ਨੀਂਹ ਪੱਥਰ ਰੱਖਣ ਮੌਕੇ ਸਿੱਧੂ ਨੂੰ ਦੋਬਾਰਾ ਸੱਦਾ ਆ ਗਿਆ ਤਾਂ ਇਹ ਲੋਕ ਦੁਹਾਈ ਪਾਉਣ ਲੱਗ ਪਏ। ਆਖਰ ਇਸ ਵਿੱਚ ਗਲਤ ਕੀ ਹੋਇਆ ਸੀ? ਉਸ ਦਾ ਓਥੇ ਜਾਣਾ ਗਲਤ ਸੀ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਤੇ ਹਰਦੀਪ ਸਿੰਘ ਪੁਰੀ ਦਾ ਜਾਣਾ ਕਿਵੇਂ ਜਾਇਜ਼ ਸੀ? ਓਥੇ ਬੜੀ ਸ਼ਰਾਰਤ ਨਾਲ ਗੋਪਾਲ ਸਿੰਘ ਚਾਵਲਾ ਨਾਂਅ ਦਾ ਬੰਦਾ ਸਿੱਧੂ ਨਾਲ ਫੋਟੋ ਖਿੱਚਵਾ ਗਿਆ। ਗੋਪਾਲ ਸਿੰਘ ਚਾਵਲਾ ਦਹਿਸ਼ਤਗਰਦਾਂ ਦੇ ਗੁਰੂ ਸਮਝੇ ਜਾਂਦੇ ਹਾਫਿਜ਼ ਸਈਦ ਦਾ ਨੇੜੂ ਹੈ। ਅਕਾਲੀ ਆਗੂਆਂ ਨੇ ਦੁਹਾਈ ਪਾ ਦਿੱਤੀ ਕਿ ਸਿੱਧੂ ਦੀ ਭਾਰਤ ਦੇ ਵਿਰੋਧੀਆਂ ਨਾਲ ਸਾਂਝ ਹੈ। ਇੱਕ ਘੰਟੇ ਬਾਅਦ ਦੋ ਨਵੀਂਆਂ ਫੋਟੋ ਆ ਗਈਆਂ। ਇੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਉਹੋ ਚਾਵਲਾ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਅਤੇ ਦੂਸਰੀ ਫੋਟੋ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਾਲੇ ਫਰੇਮ ਵਿੱਚ ਦਿਖਾਈ ਦੇਂਦਾ ਸੀ। ਅਕਾਲੀ ਚੁੱਪ ਹੋ ਗਏ। ਏਦਾਂ ਦੀ ਹਲਕੀ ਕਿਸਮ ਦੀ ਰਾਜਨੀਤੀ ਕਰਨ ਦਾ ਲਾਭ ਹੀ ਕੀ ਸੀ, ਜਿਸ ਨੇ ਬਾਅਦ ਵਿੱਚ ਖੁਦ ਨੂੰ ਫਸਾ ਦਿੱਤਾ?
ਅੱਜ ਕੱਲ੍ਹ ਫੋਟੋ ਕੋਈ ਖਾਸ ਗੱਲ ਨਹੀਂ ਰਹੀ। ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਮੌਕੇ, ਸਫਰ ਕਰਦਿਆਂ ਜਾਂ ਏਥੋਂ ਤੱਕ ਕਿ ਕਿਸੇ ਦੀ ਮੌਤ ਹੋਈ ਤੋਂ ਸ਼ਮਸ਼ਾਨ ਘਾਟ ਵਿੱਚ ਵੀ ਕੋਈ ਚਰਚਿਤ ਚਿਹਰਾ ਮਿਲ ਜਾਵੇ ਤਾਂ ਲੋਕ ਇੱਕ ਫੋਟੋ ਲੈਣ ਦੀ ਬੇਨਤੀ ਕਰਦੇ ਤੇ ਤਰਲਾ ਮਾਰ ਕੇ ਖਿੱਚਵਾ ਵੀ ਲੈਂਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਦੀਆਂ ਇਹੋ ਜਿਹੀਆਂ ਫੋਟੋ ਵੀ ਕਈ ਵਾਰ ਚਰਚਾ ਦਾ ਕੇਂਦਰ ਬਣ ਚੁੱਕੀਆਂ ਹਨ ਤੇ ਅੱਗੋਂ ਵੀ ਬਣ ਸਕਦੀਆਂ ਹਨ।
ਗੱਲ ਤਾਂ ਅਸੀਂ ਏਥੋਂ ਸ਼ੁਰੂ ਕੀਤੀ ਸੀ ਕਿ ਲੋਕਤੰਤਰ ਵਿੱਚ ਹਰ ਕੋਈ ਮਨ ਆਈ ਗੱਲ ਕਹਿਣ ਨੂੰ ਆਜ਼ਾਦ ਹੁੰਦਾ ਹੈ ਤੇ ਕੁਝ ਵੀ ਕਹਿ ਦੇਂਦਾ ਹੈ, ਫਿਰ ਵੀ ਕੁਝ ਹੱਦਾਂ ਚਾਹੀਦੀਆਂ ਹਨ। ਉੱਤਰ ਪ੍ਰਦੇਸ਼ ਵਿੱਚ ਮੱਠ ਦੇ ਮੁਖੀ ਤੋਂ ਮੁੱਖ ਮੰਤਰੀ ਬਣਿਆ ਯੋਗੀ ਆਦਿਤਿਆਨਾਥ ਕਹੀ ਜਾਂਦਾ ਹੈ ਕਿ ਹਨੂੰਮਾਨ ਦਲਿਤ ਜਾਤੀ ਵਿੱਚੋਂ ਸੀ। ਇਤਹਾਸ ਦੀ ਚੀਰ-ਪਾੜ ਕਰਨ ਵਾਲੇ ਮਾਹਰ ਅਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਸਨ ਕਹਿ ਸਕੇ, ਜਿਹੜੀ ਇਸ ਯੋਗੀ ਤੋਂ ਭੋਗੀ ਬਣੇ ਭਾਜਪਾ ਆਗੂ ਨੇ ਬੜੇ ਸਹਿਜ ਭਾਵ ਨਾਲ ਕਹਿ ਦਿੱਤੀ ਹੈ। ਇਸ ਤੋਂ ਹਿੰਦੂ ਧਰਮ ਵਿੱਚ ਵਿਵਾਦ ਖੜਾ ਹੋ ਗਿਆ ਹੈ। ਭਾਜਪਾ ਦੇ ਆਪਣੇ ਕਈ ਆਗੂ ਵੀ ਇਸ ਮੁੱਦੇ ਤੋਂ ਯੋਗੀ ਆਦਿਤਿਆਨਾਥ ਦੇ ਵਿਰੋਧ ਵਿੱਚ ਬੋਲਦੇ ਸੁਣੇ ਜਾ ਰਹੇ ਹਨ।
ਮਨ-ਆਈ ਗੱਲ ਕਹਿ ਦੇਣ ਵਾਲੇ ਮਾਮਲੇ ਵਿੱਚ ਇਸ ਵਕਤ ਤੀਸਰਾ ਨਾਂਅ ਭਾਰਤੀ ਫੌਜ ਦੇ ਅੱਜ ਵਾਲੇ ਕਮਾਂਡਰ ਬਿਪਿਨ ਰਾਵਤ ਦਾ ਲਿਆ ਜਾਂਦਾ ਹੈ। ਉਨ੍ਹਾ ਨੇ ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਕਿਸਮ ਦੀਆਂ ਟਿਪਣੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਪਿਆ ਹੈ। ਪਹਿਲਾਂ ਉਹ ਜੰਮੂ-ਕਸ਼ਮੀਰ ਬਾਰੇ ਬੋਲਦੇ ਸਨ ਤਾਂ ਗਲਤ ਨਹੀਂ ਸੀ, ਕਿਉਂਕਿ ਉਸ ਰਾਜ ਦੇ ਖਾਸ ਹਾਲਾਤ ਵਿੱਚ ਫੌਜ ਨੂੰ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਡਿਊਟੀ ਕਰਨੀ ਅਤੇ ਸਿਆਸੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਉਨ੍ਹਾਂ ਦਾ ਜਵਾਬ ਵੀ ਦੇਣਾ ਪੈਂਦਾ ਸੀ। ਫਿਰ ਉਹ ਬਿਨਾਂ ਵਜ੍ਹਾ ਪੰਜਾਬ ਬਾਰੇ ਏਦਾਂ ਦੀਆਂ ਟਿਪਣੀਆਂ ਕਰਨ ਲੱਗ ਪਏ, ਜਿਹੜੀਆਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਰ ਸਕਦੇ ਹਨ, ਪੰਜਾਬ ਦਾ ਮੁੱਖ ਮੰਤਰੀ ਜਾਂ ਪੁਲਸ ਦਾ ਮੁਖੀ ਵੀ ਕਰ ਸਕਦਾ ਹੈ, ਪਰ ਫੌਜ ਦੇ ਮੁਖੀ ਦਾ ਉਨ੍ਹਾਂ ਗੱਲਾਂ ਨਾਲ ਇਸ ਵਕਤ ਦੇ ਹਾਲਾਤ ਵਿੱਚ ਕੋਈ ਸੰਬੰਧ ਹੀ ਨਹੀਂ ਬਣਦਾ। ਉਨ੍ਹਾ ਨੂੰ ਫੌਜ ਦੇ ਮੁਖੀ ਵਜੋਂ ਗਵਾਂਢੀ ਦੇਸ਼ ਦੀ ਫੌਜ, ਉਸ ਦੇਸ਼ ਵਿੱਚੋਂ ਹੁੰਦੀ ਅੱਤਵਾਦੀ ਸਰਗਰਮੀ ਦੇ ਬਾਰੇ ਵੀ ਟਿਪਣੀਆਂ ਕਰਨ ਦਾ ਅਧਿਕਾਰ ਹੈ, ਪਰ ਉਹ ਹੋਰ ਅੱਗੇ ਵਧ ਕੇ ਉਸ ਦੇਸ਼ ਦੇ ਸਿਸਟਮ ਬਾਰੇ ਇਹ ਕਹਿਣ ਤੱਕ ਪਹੁੰਚ ਗਏ ਕਿ ਭਾਰਤ ਨਾਲ ਸੰਬੰਧ ਸੁਧਾਰਨੇ ਹਨ ਤਾਂ ਪਾਕਿਸਤਾਨ ਨੂੰ ਇਸਲਾਮੀ ਦੇਸ਼ ਦੀ ਬਜਾਏ ਧਰਮ ਨਿਰਪੱਖ ਦੇਸ਼ ਬਣਨਾ ਪਵੇਗਾ। ਉਸ ਦੇਸ਼ ਵਿੱਚ ਕਿੱਦਾਂ ਦਾ ਸਿਸਟਮ ਰੱਖਣਾ ਹੈ, ਇਹ ਉਨ੍ਹਾਂ ਦਾ ਮਾਮਲਾ ਹੈ। ਸਾਊਦੀ ਅਰਬ ਵਿੱਚ ਇਸਲਾਮੀ ਰਾਜ ਹੈ, ਉਸ ਨਾਲ ਭਾਰਤ ਦੇ ਸੰਬੰਧ ਹਨ। ਬੰਗਲਾ ਦੇਸ਼ ਵੀ ਇਸਲਾਮੀ ਦੇਸ਼ ਐਲਾਨਿਆ ਜਾ ਚੁੱਕਾ ਹੈ। ਸਾਡੇ ਉਸ ਦੇਸ਼ ਨਾਲ ਵੀ ਸੁਖਾਵੇਂ ਡਿਪਲੋਮੇਟਿਕ ਸੰਬੰਧ ਹਨ, ਕਈ ਹੋਰ ਇਹੋ ਜਿਹੇ ਦੇਸ਼ ਵੀ ਹਨ ਤਾਂ ਫੌਜ ਦੇ ਮੁਖੀ ਨੂੰ ਗਵਾਂਢ ਦੇ ਸਿਰਫ ਇੱਕ ਦੇਸ਼ ਉੱਤੇ ਇਹ ਸ਼ਰਤ ਲਾਉਣ ਦੀ ਲੋੜ ਨਹੀਂ ਕਿ ਧਰਮ ਨਿਰਪੱਖ ਹੋਵੇ ਤਾਂ ਸੰਬੰਧ ਸੁਧਰਨਗੇ।
ਅਸਲੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਕਈ ਸਾਬਕਾ ਫੌਜੀ ਜਰਨੈਲ ਸੇਵਾ-ਮੁਕਤੀ ਮਗਰੋਂ ਰਾਜਨੀਤੀ ਵਿੱਚ ਆਉਂਦੇ ਤੇ ਇੱਕ ਜਾਂ ਦੂਸਰੀ ਝਾਕ ਲਈ ਯਤਨ ਕਰਦੇ ਰਹੇ ਹਨ। ਇਹ ਕੰਮ ਰਿਟਾਇਰ ਹੋ ਕੇ ਨਹੀਂ ਕਰਦੇ, ਉਹ ਵਰਦੀ ਲਾਹੁਣ ਤੋਂ ਪਹਿਲਾਂ ਹੀ ਆਪਣੇ ਆਖਰੀ ਸਾਲਾਂ ਦੌਰਾਨ ਏਦਾਂ ਦੇ ਬਿਆਨਾਂ ਨਾਲ ਕਿਸੇ ਖਾਸ ਧਿਰ ਨੂੰ ਸੰਕੇਤ ਦੇਣੇ ਸ਼ੁਰੂ ਕਰ ਦੇਂਦੇ ਹਨ ਕਿ ਮੈਂ ਤੁਹਾਡੀ ਰਾਜਨੀਤਕ ਲਾਈਨ ਵਿੱਚ ਫਿੱਟ ਬੈਠਣ ਲਈ ਤਿਆਰ ਹਾਂ। ਇਸ ਵਕਤ ਕੇਂਦਰ ਸਰਕਾਰ ਵਿੱਚ ਇੱਕ ਇਹੋ ਜਿਹਾ ਭਾਰਤੀ ਫੌਜ ਦਾ ਜਰਨੈਲ ਮੰਤਰੀ ਬਣਿਆ ਬੈਠਾ ਹੈ, ਜਿਸ ਨੇ ਆਪਣੇ ਆਖਰੀ ਦੋ ਸਾਲਾਂ ਦੌਰਾਨ ਵਕਤ ਦੀ ਸਰਕਾਰ ਨਾਲ ਆਢਾ ਲਾ ਕੇ ਵਿਰੋਧੀ ਪਾਰਟੀਆਂ ਵਿੱਚੋਂ ਸਰਕਾਰ ਦਾ ਬਦਲ ਬਣ ਕੇ ਉੱਭਰ ਰਹੀ ਪਾਰਟੀ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਮੈਂ ਸੇਵਾ ਦਾ ਮੌਕਾ ਚਾਹੁੰਦਾ ਹਾਂ। ਇੱਕ ਹੋਰ ਜਰਨੈਲ ਨੇ ਵਰਦੀ ਲਾਹੁੰਦੇ ਸਾਰ ਸਾਡੇ ਪੰਜਾਬ ਦੀ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਕਿਸਮਤ ਅਜ਼ਮਾਈ ਸੀ ਤੇ ਇਹੋ ਜਿਹੀ ਝਾਕ ਇਸ ਵਕਤ ਦੇ ਫੌਜੀ ਕਮਾਂਡਰ ਨੂੰ ਵੀ ਹੋ ਸਕਦੀ ਹੈ। ਇਸ ਲਈ ਉਹ ਮਨ ਦੀ ਮੁਰਾਦ ਹਾਸਲ ਕਰਨ ਵਾਸਤੇ ਕੁਝ ਵੀ ਕਹੀ ਜਾਂਦਾ ਹੋ ਸਕਦਾ ਹੈ। ਲੋਕਤੰਤਰ ਹੈ ਤਾਂ ਇਸ ਵਿੱਚ ਜੋ ਮਰਜ਼ੀ ਬੋਲਣ ਦਾ ਹੱਕ ਸਾਰਿਆਂ ਨੂੰ ਹੈ, ਪਰ ਕੁਝ ਹੱਦ ਹੋਣੀ ਚਾਹੀਦੀ ਹੈ।