ਮੁੜ ਉਸਾਰੀ – ਗੁਰਮੇਲ ਬੀਰੋਕੇ

0
888

ਸਰਕਾਰਾਂ ਤੇ ਚਮਚੇ ਉਨ੍ਹਾਂ ਦੇ
ਗੈਰ ਉਪਜਾਊ ਜਾਪਣ ਸਰਕਾਰਾਂ ਨੂੰ
ਸੱਭਿਅਕ ਨਾ ਲੱਗਣ ਸਰਕਾਰਾਂ ਨੂੰ
ਉਨ੍ਹਾਂ ਦੀਆਂ ਮੱਛੀਆਂ ਭੱਦੀਆਂ ਭਾਸਣ,
ਲੱਖਾਂ ਡਾਲਰ ਹੋਏ ‘ਕੱਠੇ
ਥਾਈਲੈਂਡ, ਮਾਲਦੀਪ
ਸ੍ਰੀ ਲੰਕਾ, ਭਾਰਤ
ਹੋਰ ਦੇਸਾਂ ਦੇ
ਉਜੜੇ ਲੋਕਾਂ ਲਈ,
ਡਕਾਰ ਗਏ ਸਭ
ਉਜੜੇ ਲੋਕਾਂ ਦਾ,
ਉਜੜੇ ਸਮੁੰਦਰੀ ਕੰਢੇ
ਉਸਰੇ ਅਲੀਸ਼ਾਨ ਹੋਟਲ
ਕੁਲੀਨ ਵਰਗ ਦੇ ਗਾਹਕ
ਮਨਾਉਂਦੇ “ਹਨੀ ਮੂਨਜ”
ਚਿੱਟੀ ਰੇਤ ਉੱਤੇ
ਲੇਟਦੀ ਚਿੱਟੀ ਚਮੜੀ,
ਤਾਂਬੇ ਰੰਗੇ ਗਰੀਬ ਮਛੇਰੇ
ਮਾਲਕ ਚਿੱਟੀ ਰੇਤ ਦੇ
ਮੂਲਵਾਸੀ ਲੋਕ ਟਾਪੂਆਂ ਦੇ
ਉਨ੍ਹਾਂ ਦੇ ਜਾਲ਼
ਉਜੜੀ ਧਰਤ ਉੱਤੇ
ਅਮੀਰਾਂ ਦੇ
ਖੁੱਲਗੇ ਹੋਟਲ
ਅਮੀਰਾਂ ਦੇ
ਬਣੇ ਮੱਛੀ ਫਾਰਮ
ਅਮੀਰ ਮਛਲੀਆਂ
ਸੁੰਦਰ, ਚਿਕਨੀਆਂ
ਪਿੰਡਾ ਰੱਖਣ
ਬਹੁਤਾ ਨੰਗਾ,
ਮੂਲਵਾਸੀ ਮੱਛਲੀਆਂ
ਮੈਲੇ ਕੁਚੈਲੇ ਲੰਗਾਰਾਂ ਨਾਲ
ਪਿੰਡਾ ਢੱਕਣ
ਉਨ੍ਹਾਂ ਨੂੰ ਉਜਾੜ
ਮਛੇਰਿਆਂ ਨੂੰ ਉਜਾੜ
ਸਰਕਾਰਾਂ ਕੀਤੀ
“ਮੁੜ ਉਸਾਰੀ”