ਖ਼ਾਲਦ ਹੁਸੈਨ ਦਾ ਕਥਾ ਸੰਸਾਰ : ਬਿਆਨੀਆ ਤਕਨੀਕ ਤੇ ਨਜ਼ਰੀਆ

0
1798

ਖ਼ਾਲਿਦ ਹੁਸੈਨ ਜੰਮੂ-ਕਸ਼ਮੀਰ ਦੇ ਉਨ੍ਹਾਂ ਨਾਮਵਰ ਪੰਜਾਬੀ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਆਪਣੀ ਕਥਾ-ਸਿਰਜਣਾ ਰਾਹੀਂ ਅਜੋਕੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੇਕਲੀ ਪਛਾਣ ਬਣਾਉਣ ਦਾ ਉਪਰਾਲਾ ਕੀਤਾ ਹੈ। ਜੰਮੂ-ਕਸ਼ਮੀਰ ਦੇ ਪ੍ਰਸਿੱਧ ਉਰਦੂ ਸ਼ਾਇਰ ਤੇ ਪੰਜਾਬੀ ਖੋਜਕਾਰ ਪ੍ਰਿਤਪਾਲ ਸਿੰਘ ਬੇਤਾਬ ਦੇ ਸ਼ਬਦਾਂ ਵਿਚ “ਜੰਮੂ ਕਸ਼ਮੀਰ ਵਿਚ ਜਦੀਦ ਪੰਜਾਬੀ ਕਹਾਣੀ ਦਾ ਇਤਿਹਾਸ ਲਗਭਗ ਓਨਾ ਹੀ ਪੁਰਾਣਾ ਹੈ ਜਿੰਨਾ ਇਹ ਪੂਰਬੀ ਪੰਜਾਬ ਵਿਚਲੀ ਨਵੀਂ ਪੰਜਾਬੀ ਕਹਾਣੀ ਦਾ ਹੈ। 1947 ਦੇ ਏੜ ਗੇੜ ਤੋਂ ਹੀ ਪ੍ਰੋਫੈਸਰ ਪ੍ਰੇਮ ਸਿੰਘ ਤੇ ਪ੍ਰੋਫੈਸਰ ਸੇਵਾ ਸਿੰਘ ਆਦਿ ਨੇ ਨਿੱਕੀ ਕਹਾਣੀ ਪੰਜਾਬੀ ਵਿਚ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿਚ ਦੂਜੀ ਪੌਦ ਦੇ ਰੂਪ ਵਿਚ ਕੰਵਲ ਕਸ਼ਮੀਰੀ, ਗੁਰਚਰਨ ਸਿੰਘ ਗੁਲਸ਼ਨ, ਖ਼ਾਲਿਦ ਹੁਸੈਨ, ਹਰਭਜਨ ਸਿੰਘ ਸਾਗਰ, ਸਰਨ ਸਿੰਘ ਅਤੇ ਭੁਪਿੰਦਰ ਸਿੰਘ ਸੂਦਨ ਆਦਿ ਸਿਰਕੱਢ ਕਹਾਣੀਕਾਰ ਹੋ ਕੇ ਉੱਭਰੇ ਹਨ। ਇਨ੍ਹਾਂ ਵਿਚੋਂ ਖ਼ਾਲਿਦ ਹੁਸੈਨ ਅਤੇ ਹਰਭਜਨ ਸਿੰਘ ਸਾਗਰ ਨੇ ਖ਼ਾਸ ਤੌਰ ਤੇ ਆਪਣੇ ਮਖ਼ਸੂਸ ਕਲਾ ਕੌਸ਼ਲ ਦੀ ਵਜ੍ਹਾ ਨਾਲ ਖ਼ਾਸੀ ਸ਼ੁਹਰਤ ਹਾਸਿਲ ਕੀਤੀ।”

ਜੰਮੂ ਕਸ਼ਮੀਰ ਦੇ ਇਨ੍ਹਾਂ ਪ੍ਰਮੁੱਖ ਕਹਾਣੀਕਾਰਾਂ ਨੇ ਸੁਭਾਵਕ ਹੀ ਆਪਣੇ ਆਲੇ ਦੁਆਲੇ ਦੇ ਜੀਵਨ ਅਤੇ ਯਥਾਰਥ ਨਾਲ ਸਿਰਜਣਾ ਦਾ ਸਰੋਕਾਰ ਜੋੜਿਆ ਜਿਸਦੇ ਸਿੱਟੇ ਵਜੋਂ ਇਕ ਵਿਸ਼ੇਸ਼ ਭਾਂਤ ਦੀ ਆਂਚਲਿਕ ਰੰਗਤ ਵਾਲੀ ਪੰਜਾਬੀ ਕਹਾਣੀ ਹੋਂਦ ਵਿਚ ਆਈ। ਇਹ ਕਹਾਣੀ ਅਜੋਕੇ ਦੌਰ ਵਿਚ ਵਿਕਸਿਤ ਹੋ ਰਹੀ ਵਿਸ਼ਵ ਪੰਜਾਬੀ ਕਹਾਣੀ ਦਾ ਗੌਰਵਮਈ ਤੇ ਅਨਿੱਖੜ ਅੰਗ ਹੈ। ਇੱਥੇ ਵਿਸ਼ਵ ਪੰਜਾਬੀ ਕਹਾਣੀ ਤੋਂ ਸਾਡੀ ਮੁਰਾਦ ਉਸ ਸਮੁੱਚੀ ਪੰਜਾਬੀ ਕਹਾਣੀ ਤੋਂ ਹੈ ਜੋ ਭਾਰਤ-ਪਾਕ ਸਰਹੱਦ ਦੇ ਆਰ-ਪਾਰ ਵਸਦੇ ਪੰਜਾਬੀ ਲੇਖਕਾਂ ਅਤੇ ਦੁਨੀਆਂ ਦੇ ਕੋਨੇ ਕੋਨੇ ਉੱਤੇ ਬਿਖਰੇ ਹੋਏ ਪ੍ਰਵਾਸੀ ਪੰਜਾਬੀਆਂ (ਪੰਜਾਬੀ ਡਾਇਸਪੋਰਾ) ਵਲੋਂ ਸਿਰਜੀ ਜਾ ਰਹੀ ਹੈ।

ਕਿਸੇ ਵੀ ਸਾਹਿਤਕ ਜਾਂ ਸਭਿਆਚਾਰਕ ਪਰੰਪਰਾ ਨੂੰ ਵਿਸ਼ਵੀ (ਜਾਂ ਗਲੋਬਲ) ਪਰਿਪੇਖ ਵਿਚ ਰੱਖ ਕੇ ਵਾਚਣ ਦੀ ਇਹ ਨਵੀਂ ਚੇਤਨਾ ਅਸਲ ਵਿਚ ਗਲੋਬਲਾਈਜ਼ੇਸ਼ਨ ਦੀ ਉਸ ਪ੍ਰਕਿਰਿਆ ਦਾ ਸਿੱਟਾ ਹੈ ਜਿਸਨੇ ਕੌਮਾਂ ਅਤੇ ਮੁਲਕਾਂ ਦੀਆਂ ਰਵਾਇਤੀ ਹੱਦਬੰਦੀਆਂ ਨੂੰ ਇਕ ਤਰ੍ਹਾਂ ਨਾਲ ਬੇ-ਮਾਅਨੀ ਬਣਾ ਦਿੱਤਾ ਹੈ। ਵਿਗਿਆਨ ਅਤੇ ਟੈਕਨਾਲੋਜੀ ਦੇ ਭਰਪੂਰ ਵਿਕਾਸ ਕਾਰਣ ਸੂਚਨਾ, ਸੰਚਾਰ ਅਤੇ ਆਵਾਜਾਈ ਦੇ ਖੇਤਰ ਵਿਚ ਸਾਮ੍ਹਣੇ ਆਈ ਕ੍ਰਾਂਤੀ ਅਤੇ ਸਰਮਾਏ ਦੇ ਬੇਰੋਕ ਫੈਲਾਉ ਨੇ ਜਿਸ ਨਵੀਂ ਵਿਸ਼ਵ ਵਿਵਸਥਾ ਨੂੰ ਜਨਮ ਦਿੱਤਾ ਹੈ ਉਸ ਦੇ ਅੰਤਰਗਤ ਮਨੁੱਖੀ ਭਾਈਚਾਰਿਆਂ ਦੀ ਇਕ ਦੂਸਰੇ ਉੱਪਰ ਆਰਥਕ ਅਤੇ ਰਾਜਨੀਤਕ ਨਿਰਭਰਤਾ ਦਿਨੋ ਦਿਨ ਵਧ ਰਹੀ ਹੈ।

ਇਸਦੇ ਨਾਲ ਹੀ ਸਮੁੱਚੀ ਦੁਨੀਆਂ ਨੂੰ ਸਭਿਆਚਾਰਕ ਵੰਨ-ਸੁਵੰਨਤਾ ਰੱਖਣ ਵਾਲੇ ਇਕ ਗਲੋਬਲ ਵਿਲੇਜ ਦੇ ਰੂਪ ਵਿਚ ਦੇਖਣ ਦੀ ਚੇਤਨਾ ਵੀ ਪੈਦਾ ਹੋ ਰਹੀ ਹੈ।  ਪਰ ਗਲੋਬਲਾਈਜ਼ੇਸ਼ਨ ਦੀ ਇਸ ਪ੍ਰਕਿਰਿਆ ਨੇ ਵਿਸ਼ਵੀ (global) ਦੇ ਮੁਕਾਬਲੇ ਤੇ ਸਥਾਨਕ (local) ਦੇ ਮਹੱਤਵ ਨੂੰ ਘਟਾਇਆ ਨਹੀਂ ਸਗੋਂ ਇਸ ਬਾਰੇ ਨਵੀਂ ਸਮਝ ਅਤੇ ਸੂਝ ਉਸਾਰਨ ਦਾ ਉਪਰਾਲਾ ਕੀਤਾ ਹੈ। ਇਸ ਗੱਲ ਦਾ ਸਰਬੋਤਮ ਪ੍ਰਗਟਾਵਾ ਬਹੁ-ਕੌਮੀ ਕਾਰਪੋਰੇਸ਼ਨਾਂ ਵਲੋਂ ਸਿਰਜੇ ਗਏ ਨਾਅਰੇ ‘ਸੋਚ ਗਲੋਬਲ, ਅਮਲ ਸਥਾਨਕ’ – think global act local – ਦੇ ਰੂਪ ਵਿਚ ਸਾਮ੍ਹਣੇ ਆਉਂਦਾ ਹੈ। ਇਹ ਨਾਅਰਾ ਆਰਥਕ ਖੇਤਰ ਵਿਚ ਹੀ ਨਹੀਂ ਸਗੋਂ ਸਾਹਿਤਕ ਅਤੇ ਸਭਿਆਚਾਰਕ ਖੇਤਰ ਵਿਚ ਵੀ ਕੋਈ ਘੱਟ ਅਹਿਮੀਅਤ ਨਹੀਂ ਰੱਖਦਾ।

ਇਸ ਤਰ੍ਹਾਂ ਜਦੋਂ ਅਸੀਂ ਵਿਸ਼ਵ ਪੰਜਾਬੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਮ੍ਹਣੇ ਸਮੁੱਚੀ ਦੁਨੀਆਂ ਦੇ ਕੋਨੇ ਕੋਨੇ ਉੱਤੇ ਫੈਲੇ ਹੋਏ ਉਨ੍ਹਾਂ ਸਮੂਹ ਪੰਜਾਬੀ ਕਹਾਣੀਕਾਰਾਂ ਦੀ ਰਚਨਾ ਆ ਜਾਂਦੀ ਹੈ ਜਿਹੜੇ ਭੂਗੋਲਿਕ ਅਤੇ ਰਾਜਨੀਤਕ ਆਧਾਰ ਤੇ ਵੰਡੇ ਹੋਏ ਵੱਖ ਵੱਖ ਦੇਸ਼ਾਂ, ਪ੍ਰਦੇਸ਼ਾਂ ਅਤੇ ਸਾਮਾਜਿਕ-ਆਰਥਕ ਬਣਤਰਾਂ ਵਿਚ ਵਸਦੇ ਹੋਏ ਵੀ ਮੂਲ ਰੂਪ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ (ਸਕਲ਼ਾਫ਼ਤ) ਨਾਲ ਜੁੜੇ ਹੋਏ ਹਨ। ਵੰਨ-ਸੁਵੰਨੀਆਂ ਆਰਥਕ, ਰਾਜਨੀਤਕ ਅਤੇ ਸਥਾਨਕ ਸਥਿਤੀਆਂ ਵਿਚ ਵਿਚਰਨ ਵਾਲੇ ਇਨ੍ਹਾਂ ਲੇਖਕਾਂ ਦਾ ਜੀਵਨ-ਅਨੁਭਵ ਹੀ ਵੱਖੋ-ਵੱਖਰਾ ਨਹੀਂ ਸਗੋਂ ਹੋਂਦ-ਮੁਖੀ ਸਰੋਕਾਰ ਵੀ ਵੱਖਰੇ ਹੋ ਨਿਬੜਦੇ ਹਨ। ਵਿਸ਼ਵ ਪੰਜਾਬੀ ਕਹਾਣੀ ਦਾ ਇਹ ਸੰਕਲਪ ਕਿਸੇ ਇਕ ਇਲਾਕੇ, ਦੇਸ਼ ਜਾਂ ਪ੍ਰਦੇਸ਼ ਦੀ ਕਹਾਣੀ ਨੂੰ ਉਸਦੀ ਮੁੱਖਧਾਰਾ ਮੰਨਣ (ਅਤੇ ਹੋਰਨਾਂ ਨੂੰ ਉਸਦੇ ਅਧੀਨ ਮੰਨਣ) ਦੇ ਵਿਚਾਰ ਨੂੰ ਹੱਕਲ਼ੀ ਤੌਰ ਤੇ ਰੱਦ ਕਰਦਾ ਹੈ। ਇਸ ਲਿਹਾਜ਼ ਨਾਲ ਹਰ ਇਲਾਕੇ ਦੀ ਸਿਰਜਣਧਾਰਾ ਦਾ ਆਪੋ ਆਪਣਾ ਮਹੱਤਵ ਅਤੇ ਆਪੋ ਆਪਣਾ ਜਲੌ ਹੈ ਜਿਸਨੂੰ ਕਿਸੇ ਤਰ੍ਹਾਂ ਵੀ ਨਕਾਰਿਆ ਨਹੀਂ ਜਾ ਸਕਦਾ। ਅਸਲ ਵਿਚ ਅਨੁਭਵ ਅਤੇ ਬੋਧ ਦੀ ਇਸ ਅਨੇਕਤਾ ਅਤੇ ਵੰਨ-ਸੁਵੰਨਤਾ ਵਿਚ ਹੀ ਪੰਜਾਬੀ ਕਹਾਣੀ ਦੀ ਸ਼ਕਤੀ ਅਤੇ ਸਮਰੱਥਾ ਛੁਪੀ ਹੋਈ ਹੈ।

ਹਥਲੇ ਪਰਚੇ ਵਿਚ ਸਾਡਾ ਸਰੋਕਾਰ ਖ਼ਾਲਿਦ ਹੁਸੈਨ ਦੇ ਕਥਾ-ਸੰਸਾਰ ਦੇ ਅਧਿਐਨ ਤੇ ਵਿਸ਼ਲੇਸ਼ਣ ਨਾਲ ਹੈ। ਇਸ ਲੇਖਕ ਦੇ ਪੰਜਾਬੀ ਵਿਚ ਹੁਣ ਤਕ ਚਾਰ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ – ‘ਤੇ ਜਿਹਲਮ ਵਗਦਾ ਰਿਹਾ’, ‘ਗੋਰੀ ਫਸਲ ਦੇ ਸੌਦਾਗਰ’, ‘ਡੂੰਘੇ ਪਾਣੀਆਂ ਦਾ ਦੁੱਖ’ ਅਤੇ ‘ਬਲਦੀ ਬਰਫ਼ ਦਾ ਸੇਕ’। ਜਦੋਂ ਅਸੀਂ ਖ਼ਾਲਿਦ ਹੁਸੈਨ ਦੀਆਂ ਕਹਾਣੀਆਂ ਨੂੰ ਵਿਸ਼ਵ ਪੰਜਾਬੀ ਕਹਾਣੀ ਦੇ ਪਰਿਪੇਖ ਵਿਚ ਰੱਖ ਕੇ ਵਾਚਦੇ ਹਾਂ ਤਾਂ ਸੱਭ ਤੋਂ ਪਹਿਲਾਂ ਇਨ੍ਹਾਂ ਕਹਾਣੀਆਂ ਦੀ ਸਥਾਨਕ ਰੰਗਤ ਸਾਡਾ ਧਿਆਨ ਆਕਰਸ਼ਿਤ ਕਰਦੀ ਹੈ। ਇਸ ਮੰਤਵ ਲਈ ਅਸੀਂ ਉਸਦੇ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ਬਲਦੀ ਬਰਫ਼ ਦਾ ਸੇਕ ਨੂੰ ਸਾਮ੍ਹਣੇ ਰੱਖਣਾ ਉਚਿਤ ਸਮਝਿਆ ਹੈ। ਇਹ ਉਸਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਲੇਖਕ ਦੀਆਂ 40 ਕਹਾਣੀਆਂ ਸ਼ਾਮਿਲ ਹਨ ਜੋ ਕਥਾ-ਤਕਨੀਕ ਅਤੇ ਵਿਚਾਰਧਾਰਾ, ਦੋਹਾਂ ਪੱਖਾਂ, ਤੋਂ ਖ਼ਾਸ ਅਹਿਮੀਅਤ ਰੱਖਦੀਆਂ ਹਨ।

ਇਨ੍ਹਾਂ ਕਹਾਣੀਆਂ ਦੀ ਵਿਲੱਖਣਤਾ ਇਹ ਹੈ ਕਿ ਇਨ੍ਹਾਂ ਵਿਚ ਜੰਮੂ-ਕਸ਼ਮੀਰ ਦਾ ਕੁਦਰਤੀ ਵਾਤਾਵਰਣ, ਇਸਦਾ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਮਾਹੌਲ, ਇਸਦੀ ਸਾਮਾਜਿਕ ਆਰਥਕ ਬਣਤਰ, ਇਸਦੀਆਂ ਸਰਬ-ਸਾਂਝੀਆਂ ਲੋਕਧਾਰਾਈ ਰਵਾਇਤਾਂ ਅਤੇ ਇਸਦੀ ਸੰਕਟ ਵਿਚ ਘਿਰੀ ਹੋਈ ਅਜੋਕੀ ਸਥਿਤੀ ਉੱਘੜਵੇਂ ਰੂਪ ਵਿਚ ਮੂਰਤੀਮਾਨ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕਹਾਣੀਆਂ ਵਿਚ ਸਥਾਨਕ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਰਹੁ-ਰੀਤਾਂ ਅਤੇ ਵਿਸ਼ਵਾਸ਼-ਪਰੰਪਰਾਵਾਂ ਨੂੰ ਵੀ ਪਿਛੋਕੜ ਵਿਚ ਰੱਖਿਆ ਗਿਆ ਹੈ ਜੋ ਇਨ੍ਹਾਂ ਦੇ ਆਂਚਲਿਕ ਕਿਰਦਾਰ (regional charater) ਨੂੰ ਉਘਾੜਨ ਦਾ ਵਸੀਲਾ ਬਣਦੀਆਂ ਹਨ। ਖ਼ੁਦ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੋਣ ਸਦਕਾ ਖ਼ਾਲਿਦ ਹੁਸੈਨ ਇਸ ਪੱਖ ਨੂੰ ਵਧੇਰੇ ਨੀਝ ਅਤੇ ਪ੍ਰਾਮਾਣਿਕਤਾ ਨਾਲ ਚਿਤਰਦਾ ਹੈ।

ਖ਼ਾਲਿਦ ਹੁਸੈਨ ਦੀ ਖ਼ੂਬੀ ਇਹ ਹੈ ਕਿ ਉਹ ਸਿਰਫ਼ ਕਹਾਣੀ-ਰਸ ਲਈ ਕਹਾਣੀ ਦੀ ਰਚਨਾ ਨਹੀਂ ਕਰਦਾ ਸਗੋਂ ਜੀਵਨ ਅਤੇ ਯਥਾਰਥ ਦਾ ਵਿਸ਼ਲੇਸ਼ਣ ਕਰਨ ਵਾਲੇ ਸਾਰਥਕ ਬਿਰਤਾਂਤ ਦੀ ਉਸਾਰੀ ਕਰਦਾ ਹੈ। ਉਸਦਾ ਮੂਲ ਪ੍ਰੇਰਣਾ ਸਰੋਤ ਉਸਦੀ ਆਪਣੀ ਹੱਡ-ਵਰਤੀ ਜਾਂ ਉਸਦਾ ਆਪਣਾ ਅਨੁਭਵ ਅਤੇ ਗਿਆਨ ਹੈ ਜੋ ਉਸਨੇ ਜੀਵਨ ਦੀਆਂ ਦੁਸ਼ਵਾਰੀਆਂ ਵਿਚੋਂ ਲੰਘਦਿਆਂ ਹੋਇਆਂ ਹਾਸਿਲ ਕੀਤਾ ਹੈ। ਇਹ ਹੱਡ-ਵਰਤੀ ਉਸਦੇ ਮਨ ਅੰਦਰ ਇਨਸਾਨ-ਦੋਸਤੀ ਦੀ ਅਜਿਹੀ ਜੋਤ ਜਗਾ ਦਿੰਦੀ ਹੈ। ਉਸਦੇ ਆਪਣੇ ਸ਼ਬਦਾਂ ਵਿਚ –

“1947 ਦੇ ਰੌਲਿਆਂ ਮਗਰੋਂ ਸੱਤ ਸਾਲ ਰਿਫੂਜ਼ੀ ਕੈਂਪਾਂ ਵਿਚ ਰੁਲਦੇ ਰਹੇ। ਮਾਂ ਨੇ ਬੜੀਆਂ ਮੁਸੀਬਤਾਂ ਨਾਲ ਪਾਲਿਆ . . . ਪੜ੍ਹਾਇਆ, ਲਿਖਾਇਆ ਤੇ ਰੋਜ਼ਗਾਰ ਦੇ ਕਾਬਿਲ ਬਣਾਇਆ, ਪਰ ਬਚਪਨ ਵਿਚ ਯਤੀਮੀ ਦੀ ਜਿਹੜੀ ਮਾਰ ਮੈਂ ਸਹੀ, ਓਸ ਨੇ ਮੈਨੂੰ ਬੇਹੱਦ ਜਜ਼ਬਾਤੀ ਬਣਾ ਦਿੱਤਾ। ਥੁੜ ਤੇ ਮਹਿਰੂਮੀ ਦੇ ਅਹਿਸਾਸ ’ਚ ਪਲਿਆ ਖ਼ਾਲਿਦ ਹੁਸੈਨ ਆਪਣੇ ਲਾਸ਼ਊਰ (ਅਵਚੇਤਨ) ਵਿਚ ਜ਼ਿੰਦਗੀ ਦੀ ਕੁੜਿਤਨ ਨੂੰ ਪਾਲਦਾ ਰਿਹਾ। ਸਮਾਜ ਦੇ ਨਾਸੂਰ ਚੁਣਦਾ ਰਿਹਾ। ਆਲ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਵੇਖਦਾ ਰਿਹਾ। ਉਨ੍ਹਾਂ ਘਟਨਾਵਾਂ ’ਚੋਂ ਜੋ ਕੁਝ ਵੀ ਪੁੰਗਰਿਆ, ਉਹ ਕਹਾਣੀਆਂ ਰਾਹੀਂ ਤੁਹਾਡੇ ਸਾਮ੍ਹਣੇ ਲਿਆਣ ਦੀ ਕੋਸ਼ਿਸ਼ ਕਰਦਾ ਰਿਹਾ।” (‘ਕਹੇ ਹੁਸੈਨ ਫ਼ਕੀਰ ਸਾਈਂ ਦਾ’ ਬਲਦੀ ਬਰਫ਼ ਦਾ ਸੇਕ, ਪੰਨਾ-32)

ਖ਼ਾਲਿਦ ਹੁਸੈਨ ਇਕ ਸੁਚੇਤ ਕਲਾਕਾਰ ਹੈ। ਉਸਦਾ ਆਪਣਾ ਕਲਾ-ਸਿੱਧਾਂਤ ਅਤੇ ਜੀਵਨ ਫਲਸਫਾ ਹੈ ਜੋ ਉਸਦੇ ਬਿਆਨੀਆ ਕਲਾਮ (narrative discourse) ਨੂੰ ਨਿਸ਼ਚਿਤ ਦਿਸ਼ਾ ਪ੍ਰਦਾਨ ਕਰਦਾ ਹੈ। ਉਹ ਆਪਣੀ ਕਥਾਕਾਰੀ ਦੇ ਪ੍ਰੇਰਣਾ-ਮਾੱਡਲਾਂ ਵਿਚ ਸ਼ੋਲੋਖ਼ੋਫ਼, ਜੇਮਜ਼ ਲਿਨ, ਲਾਰੰਸ, ਮੋਪਸਾਂ, ਸਾਰਤਰ, ਚੇਖ਼ੋਫ਼, ਸੋਮਰਸਟ ਮਾਅਮ, ਪੁਸ਼ਕਿਨ, ਪ੍ਰੇਮ ਚੰਦ, ਟੈਗੋਰ, ਸ਼ਰਤ ਚੰਦਰ, ਕ੍ਰਿਸ਼ਨ ਚੰਦਰ ਅਤੇ ਮੰਟੋ ਵਰਗੇ ਨਾਮਵਰ ਗਲਪਕਾਰਾਂ ਨੂੰ ਗਿਣਦਾ ਹੈ। ਇਨ੍ਹਾਂ ਦੇ ਨਾਲ ਹੀ ਉਹ ਫ਼ਰਾਇਡ ਅਤੇ ਮਾਰਕਸ ਵਰਗੇ ਚਿੰਤਕਾਂ ਦੀ ਗੱਲ ਵੀ ਕਰਦਾ ਹੈ। ਇਨ੍ਹਾਂ ਗਲਪਕਾਰਾਂ ਅਤੇ ਚਿੰਤਕਾਂ ਪਾਸੋਂ ਪ੍ਰਾਪਤ ਕੀਤੀਆਂ ਅੰਤਰ-ਦ੍ਰਿਸ਼ਟੀਆਂ ਬਾਰੇ ਚਰਚਾ ਕਰਦਿਆਂ ਉਹ ਆਖਦਾ ਹੈ –

“ਜੇਮਜ਼ ਲਿਨ ਨੇ ਕਿਹਾ ਪਈ ਕਹਾਣੀ . . . ਕਿਸੇ ਇਕ ਵਾਅਕੇ, ਕਿਸੇ ਇਕ ਕਿਰਦਾਰ ਜਾਂ ਕਿਸੇ ਇਕ ਜਜ਼ਬੇ ਨੂੰ ਪੇਸ਼ ਕਰਨ ਦਾ ਨਾਂ ਏ . . . ਲਾਰੰਸ ਨੇ ਦੱਸਿਆ ਪਈ ਅਜਿਹੀਆਂ ਕਹਾਣੀਆਂ ਲਿਖੋ ਜਿਸ ਨਾਲ ਇਨਸਾਨ ਦੇ ਜਿਨਸੀ ਜਜ਼ਬੇ ਨੂੰ ਸਕੂਨ ਮਿਲੇ . . . ਫ਼ਰਾਇਡ ਭਰਾ ਨੇ ਕਿਹਾ ਕਿ ਅਫ਼ਸਾਨੇ ’ਚ ਜਿਨਸ, ਇਨਸਾਨੀ ਵਜੂਦ ਤੇ ਨਫ਼ਸਿਆਤ ਦੀ ਗੱਲ ਕਰੋ। . . . ਮਾਰਕਸ ਨੇ ਇਕਤਸਾਦੀ ਜ਼ਰੂਰਤਾਂ ਤੇ ਕਾਬੂ ਪਾਣ ਦੇ ਨੁਸਖ਼ੇ ਦੱਸੇ . . .” (ਪੰਨਾ – 35) ਇਸ ਤੋਂ ਇਲਾਵਾ ਉਹ ਪੰਜਾਬੀ ਦੇ ਸਿਰਮੌਰ ਸੂਫ਼ੀ ਦਰਵੇਸ਼ ਬਾਬਾ ਬੁੱਲ੍ਹੇ ਸ਼ਾਹ ਨੂੰ ਆਪਣਾ ਰੂਹਾਨੀ ਮੁਰਸ਼ਦ ਮੰਨਦਾ ਹੈ –

“ਜੰਮਦਿਆਂ ਹੀ ਮੈਨੂੰ ਮੇਰੇ ਮੁਰਸ਼ਦ ਬਾਬਾ ਬੁਲ੍ਹੇ ਸ਼ਾਹ ਨੇ ਪੜ੍ਹਾਇਆ –

        ਇਲਮੋਂ ਬੱਸ ਕਰੀਂ ਓ ਯਾਰ,

        ਇਕੋ ਅਲਫ਼ ਤੇਰੇ ਦਰਕਾਰ।

ਮੇਰਾ ਅਲਫ਼ ਕਹਾਣੀ ਲਿਖਦਿਆਂ ਮੈਨੂੰ ਮਜਬੂਰ ਕਰਦਾ ਏ ਪਈ ਮੈਂ ਅਖੋਂ ਵੇਖੀ ਤੇ ਆਪ ਵਰਤੀ ਕਹਾਣੀ ਲਿਖਾਂ। ਕਿਉਂ ਜੇ ਮੇਰੀ ਤਖ਼ਲੀਕ ਦਾ ਖ਼ਮੀਰ ਸਮਾਜ ਦੇ ਆਟੇ ਨਾਲ ਹੀ ਗੁਝਿਆ ਹੁੰਦਾ ਏ . . . ਮੈਂ ਅਦਬ ਬਰਾਏ ਜ਼ਿੰਦਗੀ ਦਾ ਕਾਇਲ ਹਾਂ, ਗਲੋਬਲ ਸਮਾਜ ’ਚ ਵਾਪਰ ਰਹੀਆਂ ਘਟਨਾਵਾਂ ਤੋਂ ਮੁਤਾਸਰ ਹੋ ਕੇ ਲਿਖਨਾ ਵਾਂ . . . ਅਦਬ ਆਪਣੇ ਜ਼ਮਾਨੇ ਦੇ ਸਿਆਸੀ, ਸਮਾਜੀ ਤੇ ਸਾਇੰਸੀ ਅਸਰਾਤ ਦਾ ਜਾਇਜ਼ਾ ਲੈਣ ਦਾ ਨਾਂ ਏ। ਮੈਂ ਵੀ ਆਪਣੀਆਂ ਕਹਾਣੀਆਂ ਰਾਹੀਂ ਅਜੋਕੇ ਵੇਲੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਏ। ਆਪਣੇ ਮਾਹੌਲ ਦੇ ਅੰਦਰ ਝਾਕਣ ਦਾ ਜਤਨ ਕੀਤਾ ਏ . . .” (ਪੰਨਾ – 36-37)

ਗਹਿਰਈ ਨਾਲ ਦੇਖਿਆ ਜਾਵੇ ਤਾਂ ਲੇਖਕ ਦੇ ਇਹ ਸਵੈ-ਕਥਨ ਕਿਸੇ ਕਿਸਮ ਦੇ ਖ਼ੁਦ-ਨੁਮਾਈ ਦੇ ਜਜ਼ਬੇ ਤੋਂ ਪ੍ਰੇਰਿਤ ਨਹੀਂ ਜਾਪਦੇ। ਇਹ ਸਿਰਫ਼ ਉਸਦੇ ਕਥਾਕਾਰੀ ਦੀ ਤਕਨੀਕ ਤੇ ਨਜ਼ਰੀਏ ਬਾਰੇ ਸੁਚੇਤ ਹੋਣ ਦੀ ਦੱਸ ਪਾਉਂਦੇ ਹਨ। ਇਨ੍ਹਾਂ ਕਥਨਾਂ ਨੂੰ ਉਸਦੀ ਕਲਾਤਮਕ ਪ੍ਰਾਪਤੀ ਦਾ ਵਾਹਦ ਸਬੂਤ ਤਾਂ ਭਾਵੇਂ ਨਹੀਂ ਮੰਨਿਆਂ ਜਾ ਸਕਦਾ ਪਰ ਇਨ੍ਹਾਂ ਤੋਂ ਲੋੜੀਂਦੀ ਸਹਾਇਤਾ ਜ਼ਰੂਰ ਲਈ ਜਾ ਸਕਦੀ ਹੈ। ਜਿਹਾ ਕਿ ਅਸੀਂ ਜਾਣਦੇ ਹਾਂ, ਕਲਾਕਾਰੀ ਦਾ ਤਖ਼ਲੀਕੀ ਅਮਲ ਸਿਰਫ਼ ਸੁਚੇਤ ਉਦੇਸ਼ਾਂ ਦੀ ਕਾਰਗੁਜ਼ਾਰੀ ਉੱਤੇ ਨਿਰਭਰ ਨਹੀਂ ਕਰਦਾ। ਇਸ ਵਿਚ ਕਦਮ ਕਦਮ ਉੱਤੇ ਅਵਚੇਤਨ (ਲਾਸ਼ਊਰ) ਦੀ ਦਖ਼ਲ-ਅੰਦਾਜ਼ੀ ਵੀ ਸ਼ਾਮਿਲ ਹੁੰਦੀ ਹੈ। ਏਸ ਹਾਲਤ ਵਿਚ ਕਿਸੇ ਵੀ ਕਲਾ-ਕਿਰਤ ਦਾ ਸਹੀ ਮੁੱਲ ਪਾਉਣ ਲਈ ਉਸਦੇ ਸੁਚੇਤ ਉਦੇਸ਼ਾਂ ਦੇ ਨਾਲ ਨਾਲ ਉਸਦੇ ਅਵਚੇਤਨ ਪ੍ਰੇਰਣਾ ਸਰੋਤਾਂ ਦਾ ਵਿਸ਼ਲੇਸ਼ਣ ਵੀ ਜ਼ਰੂਰੀ ਹੁੰਦਾ ਹੈ। ਤਾਂ ਵੀ ਲੇਖਕ ਦੇ ਇਹ ਸਵੈ-ਕਥਨ ਸਾਨੂੰ ਉਸਦੇ ਕਥਾ-ਸੰਸਾਰ ਵਿਚ ਝਾਤੀ ਮਾਰਨ ਲਈ ਇਕ ਝਰੋਖਾ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਕਹਾਣੀਆਂ ਦੀ ਹਕੀਕੀ ਪਰਖ ਪੜਤਾਲ ਦਾ ਸੱਦਾ ਦਿੰਦੇ ਹਨ।

ਬਲਦੀ ਬਰਫ਼ ਦਾ ਸੇਕ ਦੇ ਕਥਾ-ਸੰਸਾਰ ਵਿਚ ਪ੍ਰਵੇਸ਼ ਕਰਦਿਆਂ ਜਿਹੜੀ ਗੱਲ ਸਾਡਾ ਸੱਭ ਤੋਂ ਵੱਧ ਧਿਆਨ ਖਿੱਚਦੀ ਹੈ ਉਹ ਹੈ ਇਸਦੀ ਆਂਚਲਿਕ ਰੰਗਤ। ਇਨ੍ਹਾਂ ਕਹਾਣੀਆਂ ਦੀ ਬਿਆਨੀਆ ਭਾਸ਼ਾ, ਇਸਦਾ ਲੋਕਧਾਰਾਈ ਮੁਹਾਵਰਾ ਅਤੇ ਇਸ ਵਿਚ ਵਰਤੀਆਂ ਗਈਆਂ ਸੈਨਤਾਂ ਅਤੇ ਅਲਾਮਤਾਂ ਜੰਮੂ ਕਸ਼ਮੀਰ ਦੀ ਦੇ ਕੁਦਰਤੀ ਅਤੇ ਇਨਸਾਨੀ ਮਾਹੌਲ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਇਨ੍ਹਾਂ ਦੀ ਇਲਾਕਾਈ ਰੰਗਤ ਨੂੰ ਉਭਾਰਦੀਆਂ ਹਨ। ਮਿਸਾਲ ਵਜੋਂ ਇਸ ਸੰਗ੍ਰਹਿ ਵਿਚਲੀ ਪਹਿਲੀ ਕਹਾਣੀ ‘ਕੁਆਰ ਗੰਦਲ’ ਦੀਆਂ ਮੁੱਢਲੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ –

“ਕਲ੍ਹ ਰਾਤ ਜਿਹੜੀ ਹਨੇਰੀ ਝੁੱਲੀ, ਜਿਹੜਾ ਝਖੜ ਚੱਲਿਆ . . . ਜਿਹੜੀ ਬਿਜਲੀ ਡਿਗੀ . . . ਓਸ ਦਾ ਤੁਹਾਨੂੰ ਪਤਾ ਏ ਪਈ ਕਿਸ ਕਿਸ ਦਾ ਘਰ ਉਜੜ ਗਿਆ। ਨਹੀਂ ਪਤਾ? ਭਲਾ ਤੁਹਾਨੂੰ ਕਿੰਝ ਪਤਾ ਹੋਵੇਗਾ ਏਥੇ ਕੌਣ ਕਿਸੇ ਦੀ ਸਾਰ ਰੱਖਦਾ ਏ। ਇੱਥੇ ਤਾਂ ਸਾਰੇ ਆਪਣੇ ਆਪਣੇ ਰੰਗ ਮਹਿਲੀਂ ਮਸਤ ਰਹਿੰਦੇ ਨੇ। ਖ਼ੈਰ! ਆਓ ਮੈਂ ਤੁਹਾਨੂੰ ਦੱਸਾਂ ਕਿ ਕਲ੍ਹ ਰਾਤ ਦੇ ਤੂਫ਼ਾਨ ਵਿਚ ਜੁਲਾਹਿਆਂ ਦੀ ਠੱਠੀ ਦੇ ਕਿਸ ਕਿਸ ਘਰ ਉੱਤੇ ਬਿਜਲੀ ਡਿਗੀ . . . ਸਾਈਂ ਮੰਗਲਾ! ਆਹੋ, ਜਿਹੜਾ ਤਾਵੀਜ਼ ਧਾਗਾ ਦੇਣ ਦਾ ਧੰਦਾ ਕਰਦਾ ਸੀ ਤੇ ਅੱਲਾ ਹੂ ਦੀਆਂ ਫੂਕਾਂ ਮਾਰਦਾ ਸੀ। ਉਹਦਾ ਤਕੀਆ ਸੜ ਗਿਆ ਤੇ ਉਹ ਚੰਡੂ ਦੇ ਸੂਟੇ ਵਿਚ ਈ ਹਮੇਸ਼ਾ ਲਈ ਅੱਲਾ ਨੂੰ ਪਿਆਰਾ ਹੋ ਗਿਆ। ਆਸ਼ਾਂ ਨੈਣ ਦਾ ਕੋਠਾ, ਸ਼ੀਦੇ ਠਠਿਆਰ ਦੀ ਕੁੱਲੀ, ਮਿਲਖੀ ਰਾਮ ਦੀ ਦੁਕਾਨ, ਗ਼ੁਲਾਮ ਪਾਂਡੀ ਦਾ ਖੋਖਾ . . ਸੱਭ ਸਵਾਹ ਢੇਰੀ ਹੋ ਗਿਆ . . . ਅਤੇ ਬਿਜਲੀ ਜਾਮੀ ਤਰਖਾਣ ਦੇ ਦੇ ਮਕਾਨ ਤੇ ਵੀ ਡਿਗੀ। ਜਿਸਦੇ ਇਕ ਕਮਰੇ ਵਿਚ ਗੁਲਾਂ ਸੁੱਤੀ ਪਈ ਸੀ। ਗੁੱਲਾਂ . . . ਜਾਮੀ ਤਰਖਾਣ ਦੀ ਨਿੱਕੀ ਨੂੰਹ . . . ਪਰ ਬਿਜਲੀ ਡਿਗਣ ਨਾਲ ਜਾਮੀ ਤਰਖਾਣ ਦਾ ਮਕਾਨ ਸੜਿਆ ਨਹੀਂ, ਢੱਠਾ ਵੀ ਨਹੀਂ . . . ਸਿਰਫ਼ ੲਹੋ ਕਮਰਾ ਕੰਬਿਆ, ਜਿਸ ਵਿਚ ਵਿਛੀ ਇਕ ਮੰਜੀ ਤੇ ਗੁੱਲਾਂ ਮਸਤ ਨੀਂਦਰੇ ਸੁੱਤੀ ਪਈ ਸੀ। ਕਿਉਂਜੇ ਬਿਜਲੀ ਸਿੱਧੀ ਗੁੱਲਾਂ ਉੱਤੇ ਹੀ ਡਿਗੀ ਸੀ . . .” (ਪੰਨਾ-39-40)

ਇਨ੍ਹਾਂ ਸਤਰਾਂ ਵਿਚਲੀ ਬਿਆਨੀਆ ਭਾਸ਼ਾ ਨਿੱਕੀਆਂ ਨਿੱਕੀਆਂ ਛੁਹਾਂ ਰਾਹੀਂ ਜੰਮੂ ਕਸ਼ਮੀਰ ਦੀ ਸਾਂਝੀ ਰਹਿਤਲ ਦਾ ਨੁਮਾਇਆਂ ਅਕਸ ਉਲੀਕਦੀ ਹੈ। ਅਹਿਮੀਅਤ ਵਾਲੀ ਗੱਲ ਇਹ ਹੈ ਕਿ ਇੱਥੇ ਲੇਖਕ ਸੈਨਤਾਂ ਅਤੇ ਅਲਾਮਤਾਂ ਦੀ ਜ਼ੁਬਾਨ ਵਿਚ ਗੱਲ ਕਰ ਰਿਹਾ ਹੈ। ਉਹ ਹਨੇਰੀ, ਝੱਖੜ ਅਤੇ ਬਿਜਲੀ ਵਰਗੇ ਕੁਦਰਤੀ ਵਰਤਾਰੇ ਨੂੰ ਸਾਮਾਜਿਕ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਵਿਗਠਨ ਦੀ ਅਲਾਮਤ ਬਣਾ ਦਿੰਦਾ ਹੈ। ਬਾਹਰ ਝੁੱਲਣ ਵਾਲਾ ਇਹ ਝੱਖੜ ਇਕ ਤਰ੍ਹਾਂ ਨਾਲ ਕਿਰਦਾਰਾਂ ਦੇ ਮਨਾਂ ਵਿਚ ਵੀ ਝੁੱਲਦਾ ਹੈ। ਇਸ ਵਿਚਲੇ ਕਿਰਦਾਰ, ਕਾਮਨਾ ਦੇ ਪ੍ਰਚੰਡ ਵੇਗ ਅਤੇ ਜ਼ਿਆਦਤੀ ਦਾ ਬਦਲਾ ਲੈਣ ਦੇ ਜਜ਼ਬੇ ਅਧੀਨ, ਰਹਿਤਲ ਦੀਆਂ ਅਖ਼ਲਾਕੀ ਰਵਾਇਤਾਂ ਨੂੰ ਭੁੱਲ ਕੇ ਰਿਸ਼ਤਿਆਂ ਦੀ ਸਿਆਸਤ ਨੂੰ ਤਰਜੀਹ ਦਿੰਦੇ ਹਨ।

ਬਦਲਾਖੋਰੀ ਸਿਆਸਤ ਦੀ ਇਹ ਵਿਨਾਸ਼ਕਾਰੀ ਖੇਡ ਉਨ੍ਹਾਂ ਦੇ ਵਜੂਦ ਨੂੰ ਹੀ ਤਹਿਸ-ਨਹਿਸ ਕਰ ਦਿੰਦੀ ਹੈ। ਇਸ ਤਰ੍ਹਾਂ ਖ਼ਾਲਿਦ ਹੁਸੈਨ ਜਜ਼ਬਿਆਂ ਦੇ ਮੂੰਹਜ਼ੋਰ ਵੇਗ ਵਿਚ ਵਿਚਰਦੇ ਜਿਉਂਦੇ ਜਾਗਦੇ ਕਿਰਦਾਰਾਂ ਦੀ ਰਚਨਾ ਕਰਦਾ ਹੈ ਅਤੇ ਆਪਣੇ ਕਹਿਣ ਮੂਜਬ, ਆਲ-ਦੁਆਲੇ ਦੇ ਜੀਵਨ ਅਤੇ ਯਥਾਰਥ ਨਾਲ ਸਿਰਜਣਾ ਦਾ ਸਰੋਕਾਰ ਜੋੜਦਾ ਹੈ। ਬਿਆਨੀਆ ਭਾਸ਼ਾ ਦਾ ਇਸੇ ਕਿਸਮ ਦਾ ਪ੍ਰਭਾਵਸ਼ਾਲੀ (ਪੁਰ-ਅਸਰ) ਇਸਤੇਮਾਲ ਇਸ ਸੰਗ੍ਰਹਿ ਦੀਆਂ ਕਈ ਹੋਰ ਕਹਾਣੀਆਂ – ਜਿਵੇਂ ‘ਇਸ਼ਤਹਾਰਾਂ ਵਾਲੀ ਹਵੇਲੀ’, ‘ਹਲਾਲਾ’, ‘ਕੰਧਾਂ ’ਚ ਲੁਕੀ ਵਾਸ਼ਨਾ’, ‘ਉਡਾਰੂ ਸੱਪ ਦਾ ਡੰਗ’, ‘ਠੰਢੀ ਕਾਂਗੜੀ’, ‘ਅਬਾਬੀਲ ਦਾ ਖ਼ੁਆਬ’ ‘ਜੁਆਰ ਭਾਟਾ’, ‘ਗੋਰੀ ਫਸਲ ਦੇ ਸੌਦਾਗਰ’ – ਵਿਚ ਵੀ ਸਾਮ੍ਹਣੇ ਆਉਂਦਾ ਹੈ।

ਮਿਸਾਲ ਵਜੋਂ ‘ਹਲਾਲਾ’ ਕਹਾਣੀ ਦੀ ਬਿਆਨੀਆ ਭਾਸ਼ਾ ਸਥਾਨਕ ਲੋਕਧਾਰਾ ਦੇ ਪ੍ਰਚੱਲਤ ਅਖਾਣ-ਮੁਹਾਵਰਿਆਂ ਨੂੰ ਅਸਰਦਾਰ ਢੰਗ ਨਾਲ ਵਰਤਦੀ ਹੋਈ ਕਹਾਣੀ ਦੇ ਸਿਰਜਿਤ ਸੰਸਾਰ ਨੂੰ ਵੀ ਜੰਮੂ ਕਸ਼ਮੀਰ ਦੇ ਆਂਚਲਿਕ ਰੰਗ ਵਿਚ ਰੰਗ ਦਿੰਦੀ ਹੈ। ਮਿਸਾਲ ਵਜੋਂ ਕੁਝ ਸਤਰਾਂ ਦੇਖੀਆਂ ਜਾ ਸਕਦੀਆਂ ਹਨ –

“ਰਾਜਾਂ ਕੋਈ ਰੁੜ੍ਹਦੀ ਸ਼ਤੀਰੀ ਨਹੀਂ ਸੀ, ਜਿਹਨੂੰ ਨਵਾਬ ਦਰਿਆਓਂ ਫੜ ਲਿਆਇਆ ਹੋਵੇ। ਉਹ ਤਾਂ ਭਰਵੇਂ ਰੁਖਾਂ ਦੀ ਘਣੀ ਛਾਂ ਵਿਚ ਪਲੀ, ਹਸਦੇ ਵਸਦੇ ਘਰ ਦੀ ਜਾਈ ਸੀ ਤੇ ਮਾਪਿਆਂ ਨੇ ਗੱਜ ਵੱਜ ਕੇ ਨਵਾਬ ਨਾਲ ਵਿਆਹੀ ਸੀ . . . ਸਵੇਰੇ ਜਦ ਰਾਜਾਂ ਨੇ ਨਵਾਬ ਨੂੰ ਚੀਰਵੀਂ ਅੱਖ ਨਾਲ ਵੇਖਿਆ ਤਾਂ ਓਹਦਾ ਤਨ ਮਨ ਬੋਲ ਪਿਆ ਸੀ ਪਈ ਏਸ ਮਿੱਟੀ ਦੇ ਭਲਵਾਨ ਦੀਆਂ ਲੱਤਾਂ ਰੇਤ ਦੀਆਂ ਨੇ। ਉਹਨੇ ਨਵਾਬ ਨੂੰ ਮਨ ਈ ਮਨ ਵਿਚ ਤਾਅਨਾ ਮਾਰਿਆ . .. ‘ਭਰੀ ਜਵਾਨੀ ਮਾਂਝਾ ਢਿੱਲਾ’। ਪਰ ਨਵਾਬ ਵੀ ਕੀ ਕਰਦਾ। ਉਹ ਸੱਜਰਾ ਬਿਹਾ ਇਕੋ ਜਿਹਾ ਸੀ। . . .” (ਪੰਨਾ – 55-56)

ਇਸੇ ਕਿਸਮ ਦੀ ਮਹਾਵਰੇਦਾਰ ਬੋਲੀ ਦੀਆਂ ਕੁਝ ਦਿਲਸਪ ਮਿਸਾਲਾਂ ਹੋਰ –

  • ਜਿਹੜਾ ਰਨ ਪਤਿਆਉਂਦਾ ਸੋਈਓ ਉੱਤਰੇ ਪਾਰ
  • ਮੀਆਂ ਤਾਂ ਮਰ ਗਿਆ ਆਈ ਨਾਲ ਪਰ ਬੀਵੀ ਕਿਉਂ ਮਰੇ ਰਜ਼ਾਈ ਨਾਲ
  • ਜਿਹਦੀ ਬੁਕਲ ਵਿਚ ਗਹਿਣਾ ਓਹਨੇ ਭੁੱਖਿਆਂ ਕਿਉਂ ਰਹਿਣਾ

ਇਸ ਕਹਾਣੀ ਦੀ ਖ਼ੂਬੀ ਇਹ ਹੈ ਕਿ ਇਹ ਜਿਨਸੀ ਰਿਸ਼ਤਿਆ ਦੀ ਨੰਗੀ ਮਨੋਵਿਗਿਆਨਕ ਹਕੀਕਤ ਨੂੰ ਬਿਆਨ ਕਰਨ ਲਈ ਅਖਾਣ-ਮੁਹਾਵਰਿਆਂ ਨੂੰ ਉਹਲੇ ਵਜੋਂ ਇਸਤੇਮਾਲ ਕਰਦੀ ਹੈ। ਇਜ਼ਹਾਰ ਦੀ ਇਹ ਸੰਜਮ-ਭਰਪੂਰ ਜੁਗਤ ਕਹਾਣੀ ਦੇ ਵਿਸ਼ੈਗਤ ਪ੍ਰਭਾਵ ਨੂੰ ਵੀ ਤਿਖੇਰਾ ਕਰਦੀ ਹੈ। ਇਸ ਤੋਂ ਇਲਾਵਾ ਇਸ ਕਹਾਣੀ ਦੇ ਸਿਰਜਿਤ ਸੰਸਾਰ ਵਿਚ ਇਸਲਾਮੀ ਸ਼ਰ੍ਹਾ ਦੇ ਅੰਤਰਗਤ ਮਰਦ-ਔਰਤ ਰਿਸ਼ਤਿਆਂ ਦਾ ਸੰਚਾਲਨ ਕਰਨ ਵਾਲੀ ਨਿਕਾਹ ਅਤੇ ਤਲਾਕ ਦੀ ਪ੍ਰਥਾ ਬਾਰੇ ਵੀ ਜਾਣਕਾਰੀ ਮਿਲਦੀ ਹੈ।

ਸਿਰਫ਼ ਜਾਣਕਾਰੀ ਹੀ ਨਹੀਂ, ਸਗੋਂ ਇਸਦੇ ਸਾਮਾਜਿਕ ਅਤੇ ਨੈਤਿਕ ਪੱਖ ਨਾਲ ਜੁੜੇ ਮਸਲਿਆਂ ਦੀ ਸੋਝੀ ਵੀ ਪ੍ਰਾਪਤ ਹੁੰਦੀ ਹੈ। ਤਿੰਨ ਵਾਰੀ ਤਲਾਕ, ਤਲਾਕ, ਤਲਾਕ ਆਖਣ ਨਾਲ ਨਿਕਾਹ ਤਾਂ ਟੁੱਟ ਜਾਂਦਾ ਹੈ ਪਰ ਦੁਬਾਰਾ ਨਿਕਾਹ ਕਰਾਉਣਾ ਇੰਨਾ ਸੌਖਾ ਨਹੀਂ। ਸ਼ਰ੍ਹਾ ਦੇ ਨੇਮ ਅਨੁਸਾਰ ਉਸ ਤਲਾਕਸ਼ੁਦਾ ਔਰਤ ਨਾਲ ਉਸਦਾ ਓਹੀ ਖ਼ਾਵੰਦ ਦੁਬਾਰਾ ਨਿਕਾਹ ਨਹੀਂ ਕਰਾ ਸਕਦਾ। ਇਸਤੋਂ ਪਹਿਲਾਂ ਹਲਾਲਾ ਦੀ ਰਸਮ ਕਰਨੀ ਜ਼ਰੂਰੀ ਹੈ। ਇਸਦਾ ਅਰਥ ਇਹ ਹੈ ਕਿ ਉਹ ਔਰਤ ਪਹਿਲਾਂ ਕਿਸੇ ਹੋਰ ਨਾਲ ਨਿਕਾਹ ਕਰਾਏ ਅਤੇ ਫੇਰ ਉਸ ਦੂਸਰੇ ਖ਼ਾਵੰਦ ਪਾਸੋਂ ਤਲਾਕ ਲੈ ਕੇ ਆਪਣੇ ਪਹਿਲੇ ਖ਼ਾਵੰਦ ਨਾਲ ਨਿਕਾਹ ਕਰਾਏ।

ਖ਼ਾਲਿਦ ਹੁਸੈਨ ਦੀਆਂ ਇਨ੍ਹਾਂ ਕਹਾਣੀਆਂ ਦੀ ਇਕ ਹੋਰ ਵਿਸ਼ੇਸ਼ਤਾ ਵਿਸ਼ੈਗਤ ਸਰੋਕਾਰਾਂ ਦੀ ਵੰਨ-ਸੁਵੰਨਤਾ ਹੈ। ਉਹ ਆਪਣੀ ਕਥਾਕਾਰੀ ਰਾਹੀਂ ਇਨਸਾਨੀ ਵਜੂਦ ਦੇ ਅਨੇਕਾਂ ਪੱਖਾਂ ਅਤੇ ਪਹਿਲੂਆਂ ਨੂੰ ਸੰਬੋਧਿਤ ਹੁੰਦਾ ਹੈ। ਇਨ੍ਹਾਂ ਵਿਚ ਵਿਅਕਤੀਗਤ ਪੀੜਾ ਵੀ ਹੈ ਅਤੇ ਲੋਕਾਈ ਦਾ ਦੁੱਖ-ਦਰਦ ਵੀ। ਸੱਭ ਤੋਂ ਪਹਿਲਾਂ ਇਸ ਪੁਸਤਕ ਦਾ ਸਿਰਲੇਖ – ‘ਬਲਦੀ ਬਰਫ਼ ਦਾ ਸੇਕ’ – ਸਾਡਾ ਧਿਆਨ ਆਕਰਸ਼ਿਤ ਕਰਦਾ ਹੈ। ਅਸਲ ਵਿਚ ਇਹ ਇਸ ਸੰਗ੍ਰਹਿ ਦੀ ਸੱਭ ਤੋਂ ਅਹਿਮ ਕਹਾਣੀ ਵੀ ਹੈ ਅਤੇ ਇਸਦੇ ਕਥਾ-ਸੰਸਾਰ ਵਿਚਲੀ ਇਕ ਮਾਅਨੀਖ਼ੇਜ਼ ਅਲਾਮਤ (ਪ੍ਰਤੀਕ) ਵੀ। ਇਹ ਅਲਾਮਤ ਇਸ ਵਿਚਲੇ ਕਿਰਦਾਰਾਂ ਅਤੇ ਉਨ੍ਹਾਂ ਦੀ ਹਯਾਤੀ ਦੇ ਲੁਕਵੇਂ ਪ੍ਰੇਰਣਾ ਸਰੋਤਾਂ ਦੀ ਤਰਜਮਾਨੀ ਕਰਦੀ ਹੈ।

ਇਸ ਵਿਚਲੇ ਇਹ ਕਿਰਦਾਰ ਕਿਧਰੇ ਮੁਆਸ਼ਰੇ ਦੀਆਂ ਦਮਨਕਾਰੀ ਰੀਤਾਂ ਅਤੇ ਨਜ਼ਾਮ ਦੀਆਂ ਵਧੀਕੀਆਂ ਦੇ ਸ਼ਿਕਾਰ ਹੁੰਦੇ ਹਨ ਅਤੇ ਕਿਧਰੇ ਗਲੋਬਲ ਸਿਆਸਤ ਦੀਆਂ ਸ਼ਤਰੰਜੀ ਚਾਲਾਂ ਅਤੇ ਮਿਲੀਟੈਂਸੀ ਦੀ ਦਹਿਸ਼ਤ ਦਾ ਸੰਤਾਪ ਭੋਗਦੇ ਹਨ। ਉਨ੍ਹਾਂ ਦੀ ਸਥਿਤੀ ਬਲਦੀ ਬਰਫ਼ ਵਰਗੀ ਹੈ ਜੋ ਉਪਰੋਂ ਤਾਂ ਠੰਢੀ ਯੱਖ਼ ਦਿਖਾਈ ਦਿੰਦੀ ਹੈ ਪਰ ਉਸਦੇ ਧੁਰ-ਅੰਦਰ ਕਿਧਰੇ ਅੱਗ ਦਾ ਸੇਕ ਛੁਪਿਆ ਹੋਇਆ ਹੈ। ਖ਼ਾਲਿਦ ਹੁਸੈਨ ਇਸ ਅਲਾਮਤ ਦੇ ਮਾਧਿਅਮ ਰਾਹੀਂ ਜੰਮੂ ਕਸ਼ਮੀਰ ਦੀ ਆਮ ਲੋਕਾਈ ਦੇ ਸੰਕਟ ਅਤੇ ਸੰਤਾਪ ਨੂੰ ਜ਼ੁਬਾਨ ਦਿੰਦਾ ਹੈ। ਉਹ ਦਹਿਸ਼ਤ ਅਤੇ ਦਮਨ ਦੀ ਅੱਗ ਸੇਕਣ ਵਾਲੇ ਅਵਾਮ ਦੇ ਅਵਚੇਤਨ ਵਿਚ ਲੁਕੇ ਇਨਸਾਨ-ਦੋਸਤੀ ਅਤੇ ਅਮਨ ਦੇ ਸਦੀਵੀ ਸੁਪਨੇ ਦੀ ਬਾਤ ਪਾਉਂਦਾ ਹੈ।

‘ਬਰਫ਼ ਦੀ ਅੱਗ’ ਕਹਾਣੀ ਕਸ਼ਮੀਰ ਨੂੰ ਰੂਹਾਨੀ ਸੇਧ ਦੇਣ ਵਾਲੀਆਂ ਅਜਿਹੀਆਂ ਹਸਤੀਆਂ ਦੁਆਲੇ ਘੁੰਮਦੀ ਹੈ ਜੋ ਇੱਥੋਂ ਦੇ ਸਮੂਹ ਭਾਈਚਾਰਿਆਂ – ਹਿੰਦੂਆਂ ਮੁਸਲਮਾਨਾਂ ਅਤੇ ਸਿੱਖਾਂ – ਲਈ ਇਕੋ ਜਿਹੀ ਇਜ਼ੱਤ ਅਤੇ ਅਹਿਤਰਾਮ ਦੇ ਕਲ਼ਡਬਿਲ ਹਨ। ਇਸ ਕਹਾਣੀ ਦਾ ਮੁੱਖ-ਪਾਤਰ 14ਵੀਂ ਸਦੀ ਦਾ ਪ੍ਰਸਿੱਧ ਸੂਫ਼ੀ ਸ਼ਾਇਰ ਤੇ ਫ਼ਕੀਰ ਸ਼ੇਖ਼ ਨੂਰ–ੳ-ਦੀਨ ਵਲੀ ਹੈ ਜਿਸਨੂੰ ਨੁੰਦ ਰਿਸ਼ੀ ਵੀ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸ ਵਿਚ ਇੱਥੋਂ ਦੀ ਇਕ ਹੋਰ ਮਸ਼ਹੂਰ ਸੂਫ਼ੀ ਸ਼ਾਇਰਾ ਲੱਲ ਦੈੱਦ ਜਾਂ ਲਲੇਸ਼ਵਰੀ ਦੇਵੀ ਦਾ ਹਵਾਲਾ ਵੀ ਮਿਲਕਦਾ ਹੈ।

ਲੇਖਕ ਨੇ ਕਸ਼ਮੀਰ ਨਾਲ ਸੰਬੰਧਿਤ ਇਨ੍ਹਾਂ ਇਤਿਹਾਸਕ ਅਤੇ ਮਿਥਿਹਾਸਕ ਬਿੰਬਾਂ ਨੂੰ ਵਰਤਮਾਨ ਵਿਚ ਪੁਨਰ-ਸਿਰਜਿਤ ਕਰਦਿਆਂ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਦਾ ਉਪਰਾਲਾ ਕੀਤਾ ਹੈ। ਇਸ ਕਹਾਣੀ ਦਾ ਸਿਰਜਿਤ ਪ੍ਰਵਚਨ (ਬਿਆਨੀਆ ਕਲਾਮ) ਜੰਮੂ ਅਤੇ ਕਸ਼ਮੀਰ ਪੁਰ-ਅਮਨ ਮਾਹੌਲ ਵਿਚ ਫ਼ਿਰਕੂ ਨਫ਼ਰਤ ਦੀ ਜ਼ਹਿਰ ਘੋਲਣ ਵਾਲੀਆਂ ਦਾਨਵੀ ਤਾਕਤਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਦਹਿਸ਼ਤ ਅਤੇ ਦਮਨ ਦੇ ਪਿਛੋਕੜ ਵਿਚ ਕੰਮ ਕਰ ਰਹੀ ਸੌੜੀ ਸਿਆਸਤ ਨੂੰ ਵੀ ਉਘਾੜਦਾ ਹੈ। ਉਹ ਮਿੱਥ ਅਤੇ ਇਤਿਹਾਸ ਦੇ ਹਵਾਲੇ ਨਾਲ ਕਸ਼ਮੀਰੀ ਅਵਾਮ ਦੇ ਲਾਸ਼ਊਰ ਵਿਚ ਵਸੇ ਹੋਏ ਸਾਂਝ ਅਤੇ ਰਵਾਦਾਰੀ ਦੇ ਇਨ੍ਹਾਂ ਬਿੰਬਾਂ ਨੂੰ ਨਵੇਂ ਸਿਰਿਓਂ ਜਗਾਉਣਾ ਲੋਚਦਾ ਹੈ। ਮਿਸਾਲ ਵਜੋਂ ਇਸ ਕਹਾਣੀ ਦੀਆਂ ਕੁਝ ਸਤਰਾਂ ਪੇਸ਼ ਹਨ –

“ਸਤੀਸਰ ਦਾ ਤਾਜਦਾਰ ਨੁੰਦ ਰਿਸ਼ੀ ਰੂਹਾਨੀਅਤ ਦਾ ਪਰਚਮ ਚੁੱਕੀ ਲੋਕਾਂ ਨੂੰ ਮੁਖ਼ਾਤਬ ਸੀ। ‘ਤੁਸੀਂ ਆਪਣੀ ਰਹਿਤਲ ਨੂੰ ਭੁੱਲ ਚੁੱਕੇ ਸੌ। ਤੁਸਾਂ ਨਫ਼ਰਤ ਅਤੇ ਹਸਦ ਦਾ ਚੋਲਾ ਪਾ ਲਿਆ ਸੀ। ਤੁਹਾਡੀਆਂ ਰੂਹਾਂ ਨੂੰ ਲਾਲਚ, ਤਮ੍ਹਾਂ, ਤਕੱਬਰ ਤੇ ਹੰਕਾਰ ਦਾ ਰੋਗ ਲੱਗ ਗਿਆ ਸੀ। . . . ਤੁਸੀਂ ਕਿਵੇਂ ਤਾਕਤ ਤੇ ਦਹਿਸ਼ਤ ਦੀ ਕੁੜਿੱਕੀ ਵਿਚ ਕੈਦ ਹੋ ਗੲ। ਤੁਸੀਂ ਕਿਉਂ ਜ਼ੁਲਮ ਅੱਗੇ ਸਿਜਦੇ ਕਰ ਦਿੱਤੇ। ਪਰ ਹੁਣ ਤੁਹਾਡੇ ਦਿਲਾਂ ਤੇ ਦਿਮਾਗਾਂ ਤੋਂ ਅਧਰਮੀ ਪਾਖੰਡੀਆਂ ਦੇ ਜਾਦੂ ਦਾ ਨਸ਼ਾ ਉੱਤਰ ਚੁਕਿਆ ਏ। ਤੁਸਾਂ ਚੋਖੀਆਂ ਮੁਸੀਬਤਾਂ ਵੇਖ ਲਈਆਂ ਨੇ। ਮੌਤ ਦਾ ਤਾਂਡਵ ਵੇਖ ਲਿਆ ਏ। . . . ਤੁਸਾਂ ਤਾਕਤ ਅਤੇ ਦਹਿਸ਼ਤ ਦੇ ਦੇ ਸਾਮਰਾਜ ਨੂੰ ਰੱਦ ਕਰ ਦਿੱਤਾ ਏ। ਇਸ ਲਈ ਚੱਲੋ ਅੱਗੇ ਵਧੋ। . . .”

ਕਹਾਣੀ ਦੇ ਗਲਪ-ਸੰਸਾਰ ਵਿਚ ਇਸ ਪਾਤਰ ਦੇ ਮੂਹੋਂ ਅਖਵਾਏ ਗਏ ਇਹ ਬੋਲ ਕਸ਼ਮੀਰੀ ਅਵਾਮ ਦੀ ਤਰਜਮਾਨੀ ਕਰਦੇ ਹਨ ਜੋ ਦਹਿਸ਼ਤ ਅਤੇ ਦਮਨ ਦੇ ਕਾਲੇ ਦੌਰ ਦੇ ਅੰਤ ਦੀ ਉਡੀਕ ਵਿਚ ਹੈ। ਇਸੇ ਤਰ੍ਹਾਂ ਹੀ ਇਸ ਸੰਗ੍ਰਹਿ ਦੀਆਂ ਕੁਝ ਹੋਰ ਕਹਾਣੀਆਂ – ‘ਦਿਲ ਦੀਆਂ ਗੱਲਾਂ’, ‘ਵੈਰੀ’, ‘ਦਰਦ ਵਿਛੋੜੇ ਦਾ ਹਾਲ’ ਅਤੇ ‘ਪਾਣੀ ਦੀਆਂ ਲੀਕਾਂ’ – ਆਪੋ ਆਪਣੇ ਅੰਦਾਜ਼ ਨਾਲ ਕਸ਼ਮੀਰ ਦੀ ਸਮਕਾਲੀ ਸੰਕਟ-ਸਥਿਤੀ ਨੂੰ ਸੰਬੋਧਿਤ ਹੁੰਦੀਆ ਹਨ। ਇਨ੍ਹਾਂ ਵਿਚ ਵੀ ਲੇਖਕ ਨੇ ਕਸ਼ਮੀਰ ਦੀ ਸਦੀਆਂ ਪੁਰਾਣੀ ਸਰਬ-ਸਾਂਝੀ ਵਿਰਾਸਤ ਨੂੰ ਹੀ ਪਿਛੋਕੜ ਵਿਚ ਰੱਖਿਆ ਹੈ।

ਅਜੋਕੇ ਦੌਰ ਵਿਚ ਸਾਧਾਰਣ ਮਨੁੱਖਾਂ ਦੀਆਂ ਲੋੜਾਂ-ਥੋੜਾਂ ਅਤੇ ਤੰਗੀਆਂ ਤੁਰਸ਼ੀਆਂ ਨੂੰ ਚਿਤਰਨਾ ਅਤੇ ਉਨ੍ਹਾਂ ਦੀ ਹਯਾਤੀ ਨੂੰ ਹਲੂਣਾ ਦੇਣ ਵਾਲੇ ਜਜ਼ਬਿਆਂ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਨਾ ਇਸ ਲੇਖਕ ਦੇ ਵਿਸ਼ੈਗਤ ਸਰੋਕਾਰਾਂ ਦਾ ਇਕ ਹੋਰ ਅਹਿਮ ਪਹਿਲੂ ਹੈ। ਉਹ ਇਨ੍ਹਾਂ ਸਥਿਤੀਆਂ ਅਤੇ ਜਜ਼ਬਿਆਂ ਨੂੰ ਵੱਖ-ਵੱਖ ਕਿਰਦਾਰਾਂ ਦੇ ਮਾਧਿਅਮ ਰਾਹੀਂ ਪੇਸ਼ ਕਰਦਾ ਹੈ। ਕਿਧਰੇ ਕੋਈ ਦਰਦਮੰਦ ਕਿਰਦਾਰ ਅਤ੍ਰਿਪਤ ਕਾਮਨਾਵਾਂ ਦੇ ਡੂੰਘੇ ਪਾਣੀਆਂ ਦਾ ਦੁੱਖ ਜਰਨ ਵਾਲੀ ਕਿਸੇ ਉਦਾਸ ਔਰਤ ਨੂੰ ਸੁਪਨਿਆਂ ਦਾ ਹਲੂਣਾ ਦੇਣ ਲਈ ਬੇਤਾਬ ਹੁੰਦਾ ਹੈ।

ਇਸ ਸੰਗ੍ਰਹਿ ਵਿਚਲੀ ਕਹਾਣੀ  ‘ਡੂੰਘੇ ਪਾਣੀਆਂ ਦਾ ਦੁੱਖ’ ਇਸੇ ਕਿਸਮ ਦੀ ਔਰਤ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਫਰੋਲਦੀ ਹੈ। ਜਜ਼ਬਾਤੀ ਸਖਣੇਪਨ ਅਤੇ ਨਿੱਜੀ ਦੁੱਖਾਂਤ ਦੀ ਸਥਿਤੀ ਵਿਚੋਂ ਲੰਘਣ ਵਾਲੀ ਇਹ ਔਰਤ ਸਿਲ-ਪੱਥਰ ਹੋਈ ਘੋਰ ਉਦਾਸੀ ਵਿਚ ਗ਼ਰਕ ਹੋ ਜਾਂਦੀ ਹੈ। ਉਸਦਾ ਮਿੱਤਰ ਸਾਥੀ ਉਦਾਸੀ ਦੇ ਡੂੰਘੇ ਪਾਣੀਆਂ ਵਿਚ ਡੁੱਬੀ ਹੋਈ ਇਸ ਪੱਥਰ ਦੀ ਮੂਰਤੀ ਨੂੰ ਜਿਉਂਦੀ ਜਾਗਦੀ ਔਰਤ ਬਣਾਉਣਾ ਲੋਚਦਾ ਹੈ। ਉਹ ਉਸਦੇ ਤਨ ਮਨ ਅੰਦਰ ਕਾਮਨਾ ਅਤੇ ਮੁਹੱਬਤ ਦੀ ਜੋਤ ਜਗਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ ਅਤੇ ਥੱਕ ਹਾਰ ਕੇ ਬੈਠ ਜਾਂਦਾ ਹੈ।

ਕਿਧਰੇ ਕੋਈ ਬਾਜ਼ਮੀਰ ਕਿਰਦਾਰ ਮਾਸੂਮ ਔਰਤਾਂ ਦਾ ਬਲਾਤਕਾਰ ਕਰਨ ਵਾਲੇ ਜ਼ੋਰਾਵਰਾਂ ਦੀਆਂ ਵਧੀਕੀਆਂ ਦੇ ਖ਼ਿਲਾਫ਼ ਇਨਸਾਫ਼ ਦੀ ਆਵਾਜ਼ ਬੁਲੰਦ ਕਰਦਾ ਹੈ। ‘ਖੂੰਜੇ ਰੁਲਦਾ ਸੱਚ’ ਕਹਾਣੀ ਇਸੇ ਸਥਿਤੀ ਨੂੰ ਮੂਰਤੀਮਾਨ ਕਰਦੀ ਹੈ। ਅਨੋਖੀ ਤਕਨੀਕ ਅਨੁਸਾਰ ਲਿਖੀ ਹੋਈ ਇਹ ਕਹਾਣੀ ਆਪਣੇ ਬਿਰਤਾਂਤ ਨੂੰ ਟੋਟਿਆਂ ਵਿਚ ਪੇਸ਼ ਕਰਦੀ ਹੈ। ਪਹਿਲਾ ਅਤੇ ਦੂਜਾ ਟੋਟਾ ਹਵੇਲੀ ਵਾਲੇ ਮੁੰਡੇ – ਆਫ਼ਤਾਬ – ਵਲੋਂ ਦਿਨ ਦਿਹਾੜੇ ਇਕ ਅਲ੍ਹੜ ਮੁਟਿਆਰ – ਮਰਿਅਮ – ਦੀ ਪੱਤ ਲੁਟਣ ਦੀ ਘਟਨਾ ਬਿਆਨ ਕਰਦਾ ਹੈ। ਇਸ ਤੋਂ ਮਗਰੋਂ ਬਸਤੀ ਵਾਲਿਆਂ ਦੇ ਹਵੇਲੀ ਵਾਲਿਆਂ ਦੇ ਖ਼ਿਲਾਫ਼ ਲਾਮਬੰਦ ਹੋਣ ਅਤੇ ਥਾਣੇ ਰਪਟ ਲਿਖਵਾਉਣ ਅਤੇ ਪੁਲਿਸ ਵਾਲਿਆਂ ਦੀ ਤਫ਼ਤੀਸ਼ ਨਾਲ ਸੰਬੰਧ ਰੱਖਦਾ ਹੈ। ਫੇਰ ਤੀਜਾ ਟੋਟਾ ਸੈਸ਼ਨ – ਜੱਜ ਫ਼ਾਰੂਕ – ਦੀ ਕਚਹਿਰੀ ਦਾ ਦ੍ਰਿਸ਼ ਸਿਰਜਦਾ ਹੈ। ਕਾਨੂੰਨੀ ਦਾਅ-ਪੇਚਾਂ ਅਤੇ ਅਖੌਤੀ ਮੁਹਤਬਰ ਬੰਦਿਆਂ ਦੀ ਦਖ਼ਲੰਦਾਜ਼ੀ ਕਾਰਣ ਮੁਲਜ਼ਮ ਬਰੀ ਹੋ ਜਾਂਦਾ ਹੈ ਪਰ ਬਲਾਤਕਾਰ ਦੀ ਸ਼ਿਕਾਰ ਮਾਸੂਮ ਕੁੜੀ ਦਾ ਸੱਚ ਜੱਜ ਦੀ ਜ਼ਮੀਰ ਨੂੰ ਝੰਜੋੜਾ ਦੇ ਜਾਂਦਾ ਹੈ।

ਬਹੁਤ ਵਾਰੀ ਇਨ੍ਹਾਂ ਕਹਾਣੀਆਂ ਦੇ ਕਿਰਦਾਰ ਮਸਨੂਈ ਜ਼ਬਤ ਅਤੇ ਜ਼ੁਬਾਨ-ਬੰਦੀ ਦਾ ਘੇਰਾ ਤੋੜ ਕੇ ਬਲਦੀ ਬਰਫ਼ ਦੇ ਸੇਕ ਵਾਂਗ ਲਾਵਾ ਬਣ ਫੁੱਟ ਪੈਂਦੇ ਹਨ। ਪਰ ਮੁਆਸ਼ਰੇ ਤੋਂ ਬਗ਼ਾਵਤ ਕਰਨ ਵਾਲੀ ਇਹ ਬਗ਼ਾਵਤ ਹਮੇਸ਼ਾ ਉਸਾਰੂ ਨਹੀਂ ਹੁੰਦੀ। ‘ਇਸ਼ਤਹਾਰਾਂ ਵਾਲੀ ਹਵੇਲੀ’ ਅਤੇ ‘ਬੇਡੇ ਦੀ ਲੰਕਾ’ ਵਿਚਲੇ ਕਿਰਦਾਰਾਂ ਵਾਂਗ ਇਹ ਬਗ਼ਾਵਤ ਭਾਂਜ ਦਾ ਰਸਤਾ ਵੀ ਅਖ਼ਤਿਆਰ ਕਰ ਲੈਂਦੀ ਹੈ ਅਤੇ ਬਦਨਾਮੀ ਦੀ ਦਲਦਲ ਵਿਚ ਫਸ ਜਾਂਦੀ ਹੈ। ਖ਼ਾਲਿਦ ਹੁਸੈਨ ਇਨ੍ਹਾਂ ਕਿਰਦਾਰਾਂ ਦੇ ਸੱਚ ਦਾ ਵੀ ਪੁਰ-ਅਸਰ ਢੰਗ ਨਾਲ ਇਜ਼ਹਾਰ ਕਰਦਾ ਹੈ। ਉਹ ਇਨ੍ਹਾਂ ਮਨਫ਼ੀ ਕਿਰਦਾਰਾਂ ਦੇ ਆਰਥਕ ਮਨੋਵਿਗਿਆਨਕ ਕਾਰਣਾਂ ਨੂੰ ਫਰੋਲਦਾ ਹੋਇਆ ਇਨ੍ਹਾਂ ਦੇ ਪਤਨ ਦਾ ਜਾਇਜ਼ਾ ਲੈਂਦਾ ਹੈ।

ਮਿਸਾਲ ਵਜੋਂ ‘ਇਸ਼ਤਹਾਰਾਂ ਵਾਲੀ ਹਵੇਲੀ’ ਮਿਸਤਰੀ ਅਕਰਾਮ ਖੋਖਰ ਅਤੇ ਉਸਦੇ ਧੀਆਂ-ਪੁੱਤਰਾਂ ਦਾ ਪਰਿਵਾਰਕ ਬਿਰਤਾਂਤ ਸਿਰਜਦੀ ਹੈ। ਜਵਾਨੀ ਦੀ ਮੁਹਾਠ ਟੱਪਦਿਆਂ ਹੀ ਮਿਸਤਰੀ ਅਕਰਾਮ ਖੋਖਰ ਦੇ ਦੋਵੇਂ ਪੁੱਤਰ – ਇਕਰਾਮ ਖੋਖਰ ਤੇ ਇਨਾਮ ਖੋਖਰ ‘ਪੰਜੋ ਐਬੀ ਸੁਲੱਖਣੇ ਨਿਕਲੇ’ ਅਤੇ ਹਵੇਲੀ ਉੱਤੇ ਬਦਨਾਮੀ ਦੇ ਇਸ਼ਤਿਹਾਰ ਲਗਣੇ ਸ਼ੁਰੂ ਹੋ ਜਾਂਦੇ ਹਨ। ਸਿੱਟਾ – ਪਰਿਵਾਰਕ ਜੀਵਨ ਦਾ ਵਿਗੱਠਨ। ਇਸ ਤਰ੍ਹਾਂ ਇਹ ਕਹਾਣੀ ਵਿਭਿੰਨ ਕਿਰਦਾਰਾਂ ਦੇ ਪਤਨ ਦੀ ਦਾਸਤਾਨ ਬਿਆਨ ਕਰਦੀ ਹੈ। ਇਹੀ ਹਾਲ ਮੰਦਹਾਲੀ ਵਿਚ ਘਿਰੇ ਹੋਏ ਇਸ ਪਰਿਵਾਰ ਦੀਆਂ ਧੀਆਂ ਦਾ ਹੁੰਦਾ ਹੈ। ਇਸੇ ਤਰ੍ਹਾਂ ‘ਬੇਡੇ ਦੀ ਲੰਕਾ’ ਇਕ ਬਸਤੀ ਵਿਚ ਰਹਿਣ ਵਾਲੇ ਉਨ੍ਹਾਂ ਕਿਰਦਾਰਾਂ ਦਾ ਬਿਰਤਾਂਤ ਉਸਾਰਦੀ ਹੈ ਜਿਹੜੇ ਆਰਥਕ ਥੁੜਾਂ ਦੇ ਝੰਬੇ ਹੋਏ ਸ਼ਰਾਬੀ, ਕਬਾਬੀ ਅਤੇ ਜੁਆਰੀਏ ਬਣ ਜਾਂਦੇ ਹਨ ਅਤੇ ਜਾਂ ਫੇਰ ਜਿਸਮ-ਫ਼ਰੋਸ਼ੀ ਦੇ ਧੰਦੇ ਵਿਚ ਫਸ ਜਾਂਦੇ ਹਨ। ਇਨ੍ਹਾਂ ਕਹਾਣੀਆਂ ਵਿਚ ਤਨਜ਼ ਦੀ ਜੁਗਤ ਨੂੰ ਵੀ ਬਹੁਤ ਖ਼ੁਸ਼-ਅਸਲੂਬੀ ਨਾਲ ਨਿਭਾਇਆ ਗਿਆ ਹੈ।

ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਖ਼ਾਲਿਦ ਹੁਸੈਨ ਜੰਮੂ ਕਸ਼ਮੀਰ ਦੇ ਉਨ੍ਹਾਂ ਉੱਘੇ ਪੰਜਾਬੀ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਆਪਣੀ ਦਾਸਤਾਨਗੋਈ ਰਾਹੀਂ ਇੱਥੋਂ ਦੇ ਜੀਵਨ ਅਤੇ ਯਥਾਰਥ ਨਾਲ ਸਿਰਜਣਾ ਦਾ ਸਰੋਕਾਰ ਜੋੜਿਆ ਹੈ। ਉਹ ਆਪਣੀ ਨਵੇਕਲੀ ਕਥਾ-ਸ਼ੈਲੀ ਅਤੇ ਬਿਆਨੀਆ ਕਲਾਮ ਰਾਹੀਂ ਜੰਮੂ ਕਸ਼ਮੀਰ ਦੇ ਬਹੁ-ਭਾਸ਼ਾਈ ਕਿਰਦਾਰ ਅਤੇ ਬਹੁ-ਸਭਿਆਚਾਰਕ ਮਾਹੌਲ ਦਾ ਪ੍ਰਾਮਾਣਿਕ ਬਿੰਬ (Aks) ਉਸਾਰਨ ਵਲ ਰੁਚਿਤ ਹੁੰਦਾ ਹੈ। ਸੈਨਤਾਂ ਅਤੇ ਅਲਾਮਤਾਂ ਦੀ ਜ਼ੁਬਾਨ ਵਿਚ ਗੱਲ ਕਰਦਿਆਂ ਉਹ ਆਪਣੇ ਕਿਰਦਾਰਾਂ ਦੇ ਅੰਤਰ-ਮਨ ਵਿਚ ਝਾਕਣ ਦਾ ਉਪਰਾਲਾ ਕਰਦਾ ਹੈ ਅਤੇ ਮਨੁੱਖੀ ਜਜ਼ਬਿਆਂ ਅਤੇ ਰਿਸ਼ਤਿਆਂ ਦੀ ਲੁਕਵੀਂ ਸਿਆਸਤ ਨੂੰ ਉਜਾਗਰ ਕਰਦਾ ਹੈ। ਇਸ ਤੋਂ ਇਲਾਵਾ ਉਹ ਮੁਆਸ਼ਰੇ, ਨਜ਼ਾਮ ਅਤੇ ਗਲੋਬਲ ਸਿਆਸਤ ਹੱਥੋਂ ਪੀੜਤ ਲੋਕਾਈ ਦੇ ਦੁੱਖ-ਦਰਦ ਨੂੰ ਵੀ ਜ਼ੁਬਾਨ ਦਿੰਦਾ ਹੈ। ਉਸਦਾ ਅਦਬੀ-ਨਜ਼ਰੀਆ ਕਲਾ ਬਰਾਏ ਜ਼ਿੰਦਗੀ ਅਤੇ ਜੀਵਨ-ਫਲਸਫਾ ਇਨਸਾਨ-ਦੋਸਤੀ ਤੇ ਅਮਨ ਦਾ ਪੱਖ ਪੂਰਦਾ ਹੈ। ਇਸ ਤਰ੍ਹਾਂ ਬਲਦੀ ਬਰਫ਼ ਦਾ ਸੇਕ ਕਹਾਣੀ-ਸੰਗ੍ਰਹਿ ਨਿਸ਼ਚੇ ਹੀ ਖ਼ਾਲਿਦ ਹੁਸੈਨ ਦੀ ਇਕ ਚਰਚਾਯੋਗ ਪ੍ਰਾਪਤੀ ਮੰਨੀ ਜਾ ਸਕਦੀ ਹੈ, ਜਿਸਦਾ ਸਵਾਗਤ ਕਰਨਾ ਬਣਦਾ ਹੈ।