ਬਣਾਂਦਾ ਕਿਉਂ ਨਹੀਂ ?

0
1447

ਪਿੰਜਰੇ ਵਿਚ ਪਏ ਹੋਏ ਪੰਛੀ,

ਰੱਬ ਦਾ ਸ਼ੁਕਰ ਮਨਾਂਦਾ ਕਿਉਂ ਨਹੀਂ?

ਖੁਲ੍ਹੀ ਖਿਡ਼ਕੀ ਤਕ ਕੇ ਭੀ,

ਗਰਦਨ ਉਤਾਂਹ ਉਠਾਂਦਾ ਕਿਉਂ ਨਹੀਂ?

ਮੁੱਦਤ ਦਾ ਤਰਸੇਵਾਂ ਤੇਰਾ,

ਖੁਲ੍ਹੀ ਹਵਾ ਵਿਚ ਉਤਾਂਹ ਚਡ਼੍ਹਨ ਦਾ।

ਹੁਣ ਤੇ ਤੇਰਾ ਵੱਸ ਚਲਦਾ ਹੈ,

ਭਰ ਕੇ ਪਰ ਫੈਲਾਂਦਾ ਕਿਉਂ ਨਹੀਂ?

ਉਂਗਲੀ ਨਾਲ ਇਸ਼ਾਰੇ ਪਾ ਪਾ,

ਨਾਚ ਬੁਤੇਰੇ ਨਚ ਲਏ ਨੀ।

ਆਪਣੇ ਹੱਥੀਂ ਲੀਹਾਂ ਪਾ ਕੇ,

ਕਿਸਮਤ ਨਵੀਂ ਬਣਾਂਦਾ ਕਿਉਂ ਨਹੀਂ?

ਸੰਗਲ ਦੇ ਖਿਲਰੇ ਹੋਏ ਟੋਟੇ,

ਮੁਡ਼ ਕੇ ਜੇ ਕੋਈ ਜੋਡ਼ਨ ਲੱਗੇ।

ਹਿਮੰਤ ਦਾ ਫੁੰਕਾਰਾ ਭਰ ਕੇ,

ਮੂਜ਼ੀ ਪਰੇ ਹਟਾਂਦਾ ਕਿਉਂ ਨਹੀਂ?

ਮੀਸਣਿਆਂ ਮਸ਼ੂਕਾਂ ਦਾ ਮੂੰਹ,

ਚੰਦ ਚਡ਼੍ਹੇ ਮੁਸਕਾ ਉਠਿਆ ਹੈ।

ਛੂਹ ਕੇ ਨਾਚ ਮਲੰਗਾਂ ਵਾਲਾ,

ਮਹਿਫ਼ਲ ਨੂੰ ਗਰਮਾਂਦਾ ਕਿਉਂ ਨਹੀਂ?

ਮੈਖ਼ਾਨੇ ਵਿਚ ਸਾਕੀ ਆਇਆ,

ਨਾਲ ਬਹਾ ਲੈ ਘੁੰਡ ਉਠਾ ਕੇ।

ਇਕਸੇ ਬੇਡ਼ੀ ਦੇ ਵਿਚ ਬਹਿ ਕੇ,

ਪੀਂਦਾ ਅਤੇ ਪਿਆਂਦਾ ਕਿਉਂ ਨਹੀਂ?

ਮੱਥੇ ਟਿਕਦੇ ਸਨ ਨਿਤ ਜਿਸ ਥਾਂ,

ਢਾਹ ਸੁੱਟਿਆ ਉਹ ਥਡ਼ਾ ਸਮੇਂ ਨੇ।

ਨਵੇਂ ਜ਼ਮਾਨੇ ਦਾ ਫਡ਼ ਪੱਲਾ,

ਨਵਾਂ ਜਹਾਨ ਵਸਾਂਦਾ ਕਿਉਂ ਨਹੀਂ?

ਤੇਰੇ ਈ ਕਸ਼ਟ ਸਹੇਡ਼ੇ ਹੋਏ,

ਬਣ ਗਏ ਨੇ ਨਾਸੂਰ ਪੁਰਾਣੇ,

ਦੇਵਤਿਆਂ ਦਾ ਮੂੰਹ ਕੀ ਤਕਨਾ ਏ,

ਆਪੂੰ ਹੱਥ ਹਿਲਾਂਦਾ ਕਿਉਂ ਨਹੀਂ?