ਪਿਆਰ ਅਤੇ ਵਿਆਹ

0
1066

ਜੇ ਮੰਨ ਲਿਆ ਜਾਵੇ ਕਿ ਕਿਸੇ ਨਾਲ ਪਿਆਰ ਆਪ-ਮੁਹਾਰੇ ਹੋ ਜਾਂਦਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਇਹ ਟੁੱਟ ਵੀ ਆਪ ਮੁਹਾਰੇ ਜਾਂਦਾ ਹੈ। ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਾਰਨ ਪਿਆਰ ਦਾ ਸੰਕਲਪ ਵੀ ਬਦਲ ਗਿਆ ਹੈ।

ਸਾਰੀਆਂ ਪ੍ਰਸਿੱਧ ਕਹਾਣੀਆਂ ਅਸਫਲ ਪਿਆਰ ਦੀਆਂ ਕਹਾਣੀਆਂ ਹਨ। ਜੋ ਹੀਰ ਦਾ ਰਾਂਝੇ ਨਾਲ ਜਾਂ ਸੱਸੀ ਦਾ ਪੁੰਨੂੰ ਨਾਲ ਜਾਂ ਸੋਹਣੀ ਦਾ ਮਹੀਂਵਾਲ ਨਾਲ ਵਿਆਹ ਹੋ ਜਾਂਦਾ ਜਾਂ ਉਹ ਪਿਆਰ ਵਿਚ ਸਫਲ ਹੋ ਜਾਂਦੇ ਤਾਂ ਅੱਜ ਕੋਈ ਵੀ ਉਨ੍ਹਾਂ ਦੇ ਨਾਂ ਤੋਂ ਵਾਕਫ ਨਾਂ ਹੁੰਦਾ। ਸਪਸ਼ਟ ਹੈ ਕਿ ਅਸਫਲਤਾ ਜਾਂ ਦੁਖਾਂਤ ਪਿਆਰ ਦੀ ਅੰਤਲੀ ਹੋਣੀ ਹੈ।

ਪਿਆਰ ਵਿਚ ਸਫਲ ਹੋਣਾ ਵੀ ਕਿਸੇ ਵੀ ਪੱਖ ਤੋਂ ਸੁਖਦਾਈ ਅਨੁਭਵ ਨਹੀਂ ਹੈ। ਪਿਆਰ ਨੂੰ ਸਦੀਵੀ ਬਣਾਉਣ ਲਈ ਪ੍ਰੇਮੀ ਵਿਆਹ ਲਈ ਤਾਂਘਦੇ ਹਨ, ਪਰ ਵਿਆਹ ਦੀ ਦਹਿਲੀਜ ਟੱਪਦਿਆਂ ਹੀ ਉਨ੍ਹਾਂ ਦਾ ਯਥਾਰਥ ਨਾਲ ਸਾਹਮਣਾ ਹੁੰਦਾ ਹੈ ਤੇ ਉਨ੍ਹਾਂ ਦਾ ਕਿਆਸਿਆ ਹੋਇਆ ਸੁਪਨ-ਦੇਸ-ਰੇਤ-ਛਲ ਬਣ ਕੇ ਰਹਿ ਜਾਂਦਾ ਹੈ।

ਪ੍ਰੇਮੀ ਅਜਨਬੀ ਹੁੰਦੇ ਹਨ ਤੇ ਅਜਨਬੀ ਸਦਾ ਦਿਲ ਲੁਭਾਂਉਣੇ ਹੁੰਦੇ ਹਨ ਪਰ ਇਹ ਅਜਨਬੀ ਜਦੋਂ ਪਤੀ-ਪਤਨੀ ਬਣ ਜਾਂਦੇ ਹਨ ਤਾਂ ਉਨ੍ਹਾਂ ਦੀ ਸਮਾਜ ਵਿਰੁੱਧ ਐਲਾਨੀ ਬਗਾਵਤ ਮੁੱਕ ਜਾਂਦੀ ਹੈ, ਅਰਥਾਤ ਸਮਾਜ ਉਨ੍ਹਾਂ ਨੂੰ ਆਪਣੇ ਬੰਧਨਾ ਵਿਚ ਜਕੜ ਲੈਂਦਾ ਹੈ। ਇਵੇਂ ਵਿਆਹ ਪਿਆਰ ਦਾ ਅੰਤ ਸਾਬਤ ਹੁੰਦਾ ਹੈ।

ਪਿਆਰ ਇਕ ਲੋਕਤੰਤਰਕ ਅਨੁਭਵ ਹੈ ਜਿਸ ਵਿ ਸਰਦਾਰੀ ਔਰਤ ਦੀ ਹੁੰਦੀ ਹੈ ਪਰ ਵਿਆਹ ਤਾਨਾਸ਼ਾਹੀ ਹੈ, ਜਿਸ ਵਿਚ ਸਰਦਾਰੀ ਪੁਰਸ਼ ਦੀ ਹੁੰਦੀ ਹੈ। ਇਵੇਂ ਪਿਆਰ ਅਤੇ ਵਿਆਹ ਦੋ ਵੱਖਰੇ ਸੰਸਾਰ ਹਨ ਅਤੇ ਇਕ ਦੂਜੇ ਦੇ ਬਿਲਕੁਲ ਉਲਟ। ਇਸੇ ਲਈ ਹੈਰਾਨੀ ਦੀ ਗੱਲ ਨਹੀਂ ਕਿ ਪ੍ਰੇਮ-ਵਿਆਹ ਬੜੀ ਛੇਤੀ ਬੋਰੀਅਤ ਅਤੇ ਥਕਾਵਟ ਦਾ ਸ਼ਿਕਾਰ ਹੋ ਜਾਂਦੇ ਹਨ। ਪਤੀ ਪਤਨੀ ਦੋਹਾਂ ਨੂੰ ਆਪਣੇ ਪਿਆਰ ਉਤੇ ਮਾਣ ਹੋਣ ਦੀ ਥਾਂ ਸ਼ਰਮ ਆਉਣ ਲਗ ਪੈਂਦੀ ਹੈ।

ਚੋਰੀ-ਛਿੱਪੇ ਕੀਤੇ ਜਾਣ ਵਾਲਾ ਪਿਆਰ ਪੈਂਦਿਆਂ ਵੀ ਪਤਾ ਨਹੀਂ ਲਗਦਾ ਤੇ ਟੁੱਟਦਿਆਂ ਵੀ ਪਤਾ ਨਹੀਂ ਲੱਗਦਾ। ਜਿਸ ਪਿਆਰ ਦੀ ਬੁਨਿਆਦ ਵਿਚ ਝੂਠ ਹੈ ਉਹ ਪਿਆਰ ਬਹੁਤਾ ਚਿਰ ਚਲ ਹੀ ਨਹੀਂ ਸਕਦਾ। ਨੇੜੇ ਦੀ ਰਿਸ਼ਤੇਦਾਰੀ ਵਿਚ ਪਿਆਰ, ਵਿਆਹੇ ਪੁਰਸ਼ ਅਤੇ ਕੁਆਰੀ ਕੁੜੀ ਦਾ ਪਿਆਰ ਜਾਂ ਵਿਆਹੀ ਔਰਤ ਤੇ ਅਣਵਿਆਹੇ ਮਰਦ ਦਾ ਪਿਆਰ ਜਾਂ ਵਿਆਹੇ ਪੁਰਸ਼ ਅਤੇ ਵਿਆਹੀ ਔਰਤ ਦਾ ਪਿਆਰ ਲੰਮੀ ਉਮਰ ਵਾਲੇ ਨਹੀਂ ਹੋ ਸਕਦੇ।

ਵਿਆਹ ਉਪਰੰਤ ਔਰਤ ਦਾ ਵਿਹਾਰ ਚੰਚਲਤਾ ਤੇ ਨਖਰੇ ਦੀ ਥਾਂ ਅਮਲੀ ਹੋ ਜਾਂਦਾ ਹੈ ਜਦ ਕਿ ਪੁਰਸ਼ ਨੂੰ ਉਸ ਦੀ ਚੰਚਲਤਾ ਨਾਲ ਪਿਆਰ ਹੁੰਦਾ ਹੈ। ਇਹ ਇਕ ਕਾਰਨ ਹੈ ਕਿ ਸੋਹਣੀਆਂ ਪਤਨੀਆਂ ਦੇ ਪਤੀ ਵੀ ਕਈ ਵਾਰ ਕੋਝੀਆਂ ਪਰ ਚੰਚਲ ਔਰਤਾਂ ਮਗਰ ਲੱਗ ਜਾਂਦੇ ਹਨ।

ਪਿਆਰ ਦੇ ਮੁੱਕ ਜਾਣ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਪਤੀ ਨੂੰ ਪਤਨੀ ਨਾਲ ਪਿਆਰ ਸਮੇਂ ਉਸ ਦੀ ਸ਼ਖਸੀਅਤ ਦੇ ਕਿਸੇ ਇਕ ਪੱਖ ਨਾਲ ਪਿਆਰ ਹੁੰਦਾ ਹੈ ਪਰ ਵਿਆਹ ਸਾਰੀ ਸ਼ਖਸੀਅਤ ਨਾਲ ਕਰਨਾ ਪੈਂਦਾ ਹੈ ਤੇ ਨਤੀਜਾ ਇਹ ਹੁੰਦਾ ਹੈ ਕਿ ਦੋਵੇਂ ਧਿਰਾਂ ਜਲਦੀ ਥੱਕ ਜਾਂਦੀਆਂ ਹਨ। ਇਸ ਥਕਾਵਟ ਵਿਚੋਂ ਅਕੇਵਾਂ ਜਨਮਦਾ ਹੈ ਜਿਸ ਕਾਰਨ ਬੜੇ ਖਿੜੇ ਹੋਏ ਚਿਹਰੇ ਵੀ ਥੋੜੇ ਜਿਹੇ ਸਮੇਂ ਵਿਚ ਹੀ ਚਪਟੇ ਲੱਗਣ ਲੱਗ ਪੈਂਦੇ ਹਨ।

ਮਨੋਵਿਗਿਆਨਕ ਤੌਰ ਉਤੇ ਪ੍ਰਾਪਤ ਚੀਜ ਪ੍ਰਤੀ ਅਸੀਂ ਜਲਦੀ ਹੀ ਬੇਮੁੱਖ ਹੋ ਜਾਂਦੇ ਹਾਂ। ਪਿਆਰ ਸਮੇਂ ਪੁਰਸ਼ ਅਤੇ ਔਰਤ ਦੋਵਾਂ ਨੇ ਆਪਣਾ ਆਦਰਸ਼ਕ ਉਸਾਰਿਆ ਹੁੰਦਾ ਹੈ ਜਿਸ ਦੇ ਰੰਗ ਵਿਆਹ ਦੇ ਪਹਿਲੇ ਹੀ ਨਿਚੋੜ ਨਾਲ ਖੁਰ ਜਾਂਦੇ ਹਨ।

ਸਾਰੀਆਂ ਪਿਆਰ ਕਹਾਣੀਆਂ ਵਿਚ ਇਕ ਗੱਲ ਸਾਂਝੀ ਹੈ ਕਿ ਉਹ ਸਾਰੇ ਪ੍ਰੇਮੀ ਪਹਿਲੀ ਵਾਰੀ ਪਿਆਰ ਦੇ ਅਨੁਭਵ ਖੇਤਰ ਵਿਚ ਦਾਖਲ ਹੋਏ ਸਨ। ਇਹ ਉਨ੍ਹਾਂ ਦਾ ਪਹਿਲਾ ਪਿਆਰ ਸੀ ਇਸੇ ਕਰਕੇ ਉਨ੍ਹਾਂ ਦੇ ਪਿਆਰ ਵਿਚ ਅੰਤਾਂ ਦੀ ਸ਼ਿੱਦਤ ਰਹੀ ਹੈ। ਪਰ ਅਜਕਲ ਜਿਹੜੇ ਪਿਆਰ ਪੈਂਦੇ ਹਨ ਉਨ੍ਹਾਂ ਵਿਚ ਆਮ ਕਰਕੇ ਇਕ ਧਿਰ ਨੂੰ ਪਹਿਲਾਂ ਪਿਆਰ ਦਾ ਅਨੁਭਵ ਹੋ ਚੁੱਕਾ ਹੁੰਦਾ ਹੈ ਤੇ ਇਹ ਅਨੁਭਵ ਅਸਫਲ ਹੋਇਆ ਹੁੰਦਾ ਹੈ। ਪਿਆਰ ਕਰਨਾ ਇਸ ਧਿਰ ਦੀ ਮਜਬੂਰੀ ਅਤੇ ਲੋੜ ਹੁੰਦਾ ਹੈ। ਇਸ ਤਜਰਬੇਕਾਰ ਪਰ ਅਸਫਲ ਧਿਰ ਲਈ ਦੂਜਾ ਪਿਆਰ ਆਪਣੀ ਪਹਿਲੀ ਅਸਫਲਤਾ ਉਪਰੰਤ ਮੁੜ-ਸਥਾਪਤੀ ਦਾ ਹੰਭਲਾ ਹੁੰਦਾ ਹੈ। ਸੋ ਪਿਆਰ ਦੀ ਬੁਨਿਆਦ ਵਿਚ ਹੀ ਸੁਆਰਥ ਹੈ। ਪਰ ਦੂਜੀ ਧਿਰ ਅਛੋਹ ਤੇ ਭੋਲੀ ਹੋਣ ਕਾਰਨ ਵਧੇਰੇ ਕੁਰਬਾਨੀਆਂ ਕਰਦੀ ਹੈ। ਸਥਿਤੀ ਵਿਧਵਾ ਦੇ ਕੁਆਰੇ ਪੁਰਸ਼ ਨਾਲ ਜਾਂ ਰੰਡੇ ਦੇ ਕੁਆਰੀ ਕੁੜੀ ਨਾਲ ਵਿਆਹ ਵਾਲੀ ਹੁੰਦੀ ਹੈ।

ਅਸਾਵਾਂਪਣ ਤੇ ਅਸੰਤੁਲਨ ਪਿਆਰ ਦੇ ਅਨੁਭਵ ਨੂੰ ਸੱਚਾ ਤੇ ਸੁੱਚਾ ਨਹੀਂ ਰਹਿਣ ਦਿੰਦੇ। ਇਹ ਰਿਸ਼ਤਾ ਜੋੜੀ ਵਾਲਾ ਨਹੀਂ ਨਰੜਾਂ ਵਾਲਾ ਹੈ। ਉਸ ਸਥਿਤੀ ਦਾ ਅਨੁਮਾਨ ਲਾਓ ਜਦੋਂ ਦੋਵੇਂ ਧਿਰਾਂ ਤਜਰਬਾਕਾਰ ਹੋਣ। ਅਜਿਹੀ ਸਥਿਤੀ ਵਿਚ ਪਿਆਰ ਦੀਆਂ ਗੱਲਾਂ ਘੱਟ ਹੁੰਦੀਆਂ ਹਨ ਤੇ ਸਾਰਾ ਜੋਰ ਸੰਭੋਗ ਉਤੇ ਹੁੰਦਾ ਹੈ। ਇਸ ਰਿਸ਼ਤੇ ਨੂੰ ਪਿਆਰ ਦਾ ਨਾਂ ਦੇਣਾ ਯੋਗ ਨਹੀਂ।

ਪਿਆਰ ਕਬਜਾ ਨਹੀਂ ਪਹਿਚਾਣ ਹੈ – ਇਕ ਬੜਾ ਚਾਲਾਕੀ ਭਰਿਆ ਸੰਕਲਪ ਹੈ। ਇਸ ਸੰਕਲਪ ਦਾ ਪ੍ਰਚਾਰਕ ਅਸਲ ਵਿਚ ਵਿਆਹ ਉਪਰੰਤ ਪਿਆਰ ਨੂੰ ਜਾਇਜ਼ ਠਹਿਰਾਉਣ ਦਾ ਯਤਨ ਕਰ ਰਿਹਾ ਹੈ ਅਤੇ ਆਪਣੀ ਪਤਨੀ ਤੋਂ ਇਲਾਵਾ ਦੂਜੀਆਂ ਔਰਤਾਂ ਨਾਲ ਪ੍ਰੇਮ ਸਬੰਧ ਉਸਾਰਨ ਦੀ ਪ੍ਰਵਾਨਗੀ ਮੰਗ ਰਿਹਾ ਹੈ। ਉਹ ਮਨ ਚਾਹਿਆ ਪ੍ਰੇਮ ਵੀ ਕਰਨਾ ਚਾਹੁੰਦਾ ਹੈ ਪਰ ਆਪਣੀ ਪਤਨੀ ਪ੍ਰਤੀ ਵਫਾਦਾਰ ਹੋਣ ਦਾ ਢੋਂਗ ਵੀ ਰਚਣਾ ਚਾਹੁੰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਹਰ ਵਿਅਕਤੀ ਆਪਣੇ ਪ੍ਰਸੰਗ ਅਨੁਸਾਰ ਹੀ ਆਪਣੇ ਪਿਆਰ-ਫਲਸਫੇ ਨੂੰ ਉਸਾਰਦਾ ਹੈ।

ਦੁਵੱਲੇ ਪਿਆਰ ਵਿਚ ਇਕ ਬੜਾ ਉਸਾਰੂ ਅਨੁਭਵ ਹੈ। ਉਹ ਸਥਿਤੀਆਂ ਬੜੀਆਂ ਘੱਟ ਹੁੰਦੀਆਂ ਹਨ ਜਿਥੇ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਕਰਦੀਆਂ ਹੋਣ। ਆਮ ਕਰਕੇ ਹੁੰਦਾ ਇਹ ਹੈ ਕਿ ਇਕ ਧਿਰ ਪਿਆਰ ਕਰਦੀ ਹੈ ਤੇ ਦੂਜੀ ਧਿਰ ਉਸ ਪਿਆਰ ਨੂੰ ਸਵੀਕਾਰ ਕਰਨ ਦਾ ਕਾਰਜ ਨਿਭਾਉਂਦੀ ਹੈ ਪਰ ਪਿਆਰ ਕਰਨ ਵਿਚ ਬਹੁਤੀ ਤਤਪਰ ਨਹੀਂ ਹੁੰਦੀ।

ਸੋਹਣੀਆਂ ਇਸਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਹਰ ਪੁਰਸ਼ ਉਨ੍ਹਾਂ ਨੂੰ ਪਿਆਰ ਕਰਨ ਲਈ ਤਿਆਰ ਹੁੰਦਾ ਹੈ। ਅਜਿਹੀ ਸਥਿਤੀ ਵਿਚ ਚੋਣ ਇਸਤਰੀ ਦੇ ਹੱਥ ਹੁੰਦੀ ਹੈ। ਉਹ ਆਪ ਘੱਟ ਹੀ ਪਿਆਰ ਕਰਦੀ ਹੈ, ਉਹ ਪੁਰਸ਼ ਨੂੰ ਪਿਆਰ ਕਰਨ ਦੀ ਆਗਿਆ ਦਿੰਦੀ ਹੈ ਅਰਥਾਤ ਦੇਵੀ ਆਪਣੇ ਪੁਜਾਰੀ ਨੂੰ ਚੁਣਦੀ ਹੈ।

ਪ੍ਰਵਾਨਗੀ ਪ੍ਰਾਪਤ ਕਰਦੇ ਰਹਿਣ ਲਈ ਪੁਰਸ਼ ਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਫੈਸਲਾ ਇਸ ਗੱਲ ਤੇ ਹੁੰਦਾ ਹੈ ਕਿ ਪੁਰਸ਼ ਇਸਤਰੀ ਦੀ ਭਾਵਕ ਤੇ ਮਾਨਸਿਕ ਤਸੱਲੀ ਕਿੰਨੀ ਕੁ ਕਰਵਾ ਸਕਦਾ ਹੈ। ਭਾਵੇਂ ਇਹ ਹੈਰਾਨੀ ਭਰੀ ਗੱਲ ਜਾਪੇ ਪਰ ਇਹ ਇਕ ਸੱਚਾਈ ਹੈ ਕਿ ਪਿਆਰ ਦੌਰਾਨ ਇਸਤਰੀ ਸੰਭੋਗ ਦੀ ਇਛਕ ਨਹੀਂ ਹੁੰਦੀ। ਸੰਭੋਗ ਦੀ ਸਹਿਮਤੀ ਜਾਂ ਮਨਜੂਰੀ ਉਹ ਪੁਰਸ਼ ਦੀ ਮੰਗ ਉਪਰੰਤ ਹੀ ਦਿੰਦੀ ਹੈ। ਜਦੋਂ ਸੰਭੋਗ ਦੀ ਕਿਰਿਆ ਸ਼ੁਰੂ ਹੋ ਜਾਵੇ ਤਾਂ ਪਿਆਰ ਫਿੱਕਾ ਪੈਣ ਲੱਗ ਜਾਂਦਾ ਹੈ। ਜੇ ਇਸਤਰੀ ਦਾ ਦੂਜਾ ਪਿਆਰ ਹੋਵੇ ਤਾਂ ਉਹ ਸੰਭੋਗ ਲਈ ਇਸ ਲਈ ਰਜਾਮੰਦ ਹੋ ਜਾਂਦੀ ਹੈ, ਕਿਉਂਕਿ ਪੁਰਸ਼ ਵਲੋਂ ਪ੍ਰਵਾਨ ਕੀਤੇ ਜਾਣ ਦਾ ਇਬ ਇੱਕ ਸੌਖਾ ਅਤੇ ਪੱਕਾ ਰਾਹ ਹੁੰਦਾ ਹੈ। ਕਾਰਨ ਕੋਈ ਵੀ ਹੋਵੇ ਸੰਭੋਗ ਦਾ ਰਿਸ਼ਤਾ ਉਸਰਨ ਉਪਰੰਤ ਪਿਆਰ ਬਹੁਤਾ ਚਿਰ ਜੀਵਤ ਨਹੀਂ ਰਹਿ ਸਕਦਾ। ਪ੍ਰੇਮੀਆਂ ਦਾ ਇਕ ਦੂਜੇ ਸਾਹਮਣੇ ਨਿਰਬਸਤਰ ਹੋ ਜਾਣਾ, ਉਨ੍ਹਾਂ ਦੇ ਆਦਰਸ਼ ਰੂਪ ਨੂੰ ਸਾਧਾਰਣਤਾ ਵਿਚ ਬਦਲ ਦਿੰਦਾ ਹੈ।

ਜਦੋਂ ਬੁਝਾਰਤ ਬੁੱਝ ਲਈ ਜਾਵੇ ਤਾਂ ਉਸ ਦੀ ਰੌਚਕਤਾ ਮੁੱਕ ਜਾਂਦੀ ਹੈ। ਕਿਸੇ ਵਸਤੂ ਦਾ ਅਪਹੁੰਚ ਹੋਣਾ ਉਸ ਲਈ ਲੰਮੀ ਜੁਸਤਜੂ ਦਾ ਆਧਾਰ ਹੁੰਦਾ ਹੈ। ਪਿਆਰ ਵਿਚ ਆਨੰਦ ਦਾ ਆਧਾਰ ਮਨਇੱਛਤ ਵਿਅਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਉਸ ਲਈ ਤਾਂਘ ਹੈ। ਪ੍ਰਾਪਤੀ ਦੇ ਨਾਲ ਹੀ ਤਾਂਘ ਮੁੱਕ ਜਾਂਦੀ ਹੈ ਤੇ ਇਸ ਦੇ ਨਾਲ ਹੀ ਪਿਆਰ ਨੂੰ ਸਿਉਂਕ ਲੱਗ ਜਾਂਦੀ ਹੈ। ਪ੍ਰੇਮੀ ਲਈ ਬ੍ਰਿਹੀ ਹੋਣਾ ਜਰੂਰੀ ਹੈ। ਆਪਣੀ ਚਾਹਿਆ ਪ੍ਰਾਪਤ ਕਰਕੇ ਪ੍ਰੇਮੀ ਭੋਗੀ ਬਣ ਜਾਂਦਾ ਹੈ।

ਪ੍ਰੇਮੀ ਉਦੋਂ ਤੱਕ ਹੀ ਇਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ, ਜਦੋਂ ਤੱਕ ਉਨ੍ਹਾਂ ਦਾ ਨਵੀਨੀਕਰਣ ਹੁੰਦਾ ਰਹੇ। ਦੋਹਾਂ ਵਿਅਕਤੀਆਂ ਵਿਚੋਂ ਜਿਸ ਵਿਚ ਵੀ ਖੜੌਤ ਆ ਗਈ, ਉਸ ਦੇ ਖਾਰਜ ਹੋਣ ਦੀ ਪ੍ਰਕ੍ਰਿਆ ਆਰੰਭ ਹੋ ਜਾਂਦੀ ਹੈ। ਲਿਖਾਰੀ, ਕਵੀਸ ਕਲਾਕਾਰ ਆਦਿ ਆਪਣੇ ਨਿਰੰਤਰ ਵਿਕਾਸ ਸਦਕਾ ਪਿਆਰ ਦੇ ਖੇਤਰ ਵਿਚ ਵਧੇਰੇ ਸਫਲ ਹੁੰਦੇ ਹਨ। ਪ੍ਰੇਮੀਆਂ ਨੂੰ ਨਵੇਂ ਬਣਨ ਲਈ ਬਹੁਤ ਮਿਹਨਤ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਬੇਹੇ ਹੋ ਕੋ ਇਕ ਦੂਜੇ ਤੋਂ ਅੱਕ ਜਾਣਗੇ।

ਪਿਆਰ ਕਰ ਹੀ ਉਹ ਸਕਦੇ ਹਨ, ਜਿਨ੍ਹਾਂ ਵਿਚ ਅੰਤਾਂ ਦੀ ਮਿਹਨਤ ਕਰਨ ਦੀ ਆਦਤ ਹੋਵੇ ਪਰ ਦੁਰਭਾਗਵਸ ਪਿਆਰ ਉਹ ਕਰਦੇ ਹਨ, ਜਿਹੜੇ ਮਿਹਨਤ ਦੇ ਵੈਰੀ ਹਨ ਅਤੇ ਆਪਣੀ ਇਸ ਅਯੋਗਤਾ ਨੂੰ ਉਹ ਜਮਾਨੇ ਉਤੇ ਦੋਸ਼ ਲਾ ਕੇ ਛੁਪਾਉਂਦੇ ਹਨ। ਕਲਾਕਾਰ ਪਿਆਰ ਦੇ ਇਵਜਾਨੇ ਵਿਚ ਵਡਮੁੱਲੀਆਂ ਰਚਨਾਵਾਂ ਦਿੰਦੇ ਹਨ ਪਰ ਵਿਹਲੜ ਤੇ ਸੁਸਤ ਵਿਭਚਾਰ ਹੀ ਫੈਲਾਉਂਦੇ ਹਨ ਤੇ ਨਿਰਾਸ਼ਾਜਨਕ ਉਦਾਹਰਣਾਂ ਉਸਰਦੇ ਹਨ।

ਜੇ ਦੋਵੇਂ ਧਿਰਾਂ ਦਾ ਨਵੀਨੀਕਰਣ ਹੁੰਦੇ ਰਹੇ ਤਾਂ ਬੇਵਫਾਈ ਸੰਭਵ ਨਹੀਂ। ਨਵੀਨੀਕਰਣ ਦੀਆਂ ਸੰਭਾਵਨਾਵਾਂ ਹੰਢਾ ਚੁੱਕੀ ਧਿਰ ਸਹਿਜੇ ਸਹਿਜੇ ਖਾਰਜ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਕੋਸਣ ਦੀ ਬਜਾਏ ਦੂਜੀ ਧਿਰ ਨੂੰ ਬੇਵਫਾ ਕਹਿ ਕੇ ਨਫਰਤ ਕਰਨ ਲਗ ਪੈਂਦੀ ਹੈ।

ਨਫਰਤ ਅਸਲ ਵਿਚ ਨਾ ਖਤਮ ਹੋਣ ਵਾਲਾ ਗੁੱਸਾ ਹੈ ਤੇ ਇਹ ਪਿਆਰ ਦਾ ਪੁੱਠਾ ਪਾਸਾ ਹੈ। ਜੁਰਮਾਂ, ਅਪਰਾਧਾਂ, ਡਾਕਿਆਂ, ਕਤਲਾਂ ਦਾ ਕਾਰਨ ਉਪਰੋਕਤ ਨਫਰਤ ਹੀ ਹੈ। ਪਿਆਰ ਮੰਦਰ ਉਸਾਰਦਾ ਹੈ, ਨਫਰਤ ਮੰਦਰ ਢਾਹੁੰਦੀ ਹੈ, ਗੁੱਸਾ ਮੂਰਤੀਆਂ ਚੋਰੀ ਕਰਦਾ ਹੈ।

ਕਈ ਇਸ ਭੁਲੇਖੇ ਦਾ ਸ਼ਿਕਾਰ ਹਨ ਕਿ ਪਿਆਰ ਨਾਲ ਸਾਰੇ ਝਗੜੇ ਮਿਟਾਏ ਜਾ ਸਕਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਸਾਰੇ ਝਗੜੇ ਪੈਦਾ ਹੀ ਪਿਆਰ ਦੀ ਅਸਫਲਤਾ ਵਿਚੋਂ ਹੁੰਦੇ ਹਨ। ਪਿਆਰ ਨੂੰ ਜੀਵਤ ਰੱਖਣ ਲਈ ਅੰਤਾਂ ਦੀ ਮਿਹਨਤ ਦੀ ਲੋੜ ਹੈ। ਹਰ ਪ੍ਰੇਮੀ ਇਕੱਲਿਆਂ ਹੀ ਦਸ ਆਦਮੀਆਂ ਦੇ ਕੰਮ ਕਰਨ ਦੀਆਂ ਡੀਂਗਾਂ ਮਾਰਦਾ ਹੈ ਪਰ ਸਮਰਥਾ ਇਕ ਆਦਮੀ ਦੇ ਕੰਮ ਦਾ ਦਸਵਾਂ ਹਿੱਸਾ ਕਰਨ ਦੀ ਵੀ ਨਹੀਂ ਹੁੰਦੀ।

ਪ੍ਰਕ੍ਰਿਤੀ ਵਿਚ ਸਾਡੀ ਦਿਲਚਸਪੀ ਦਾ ਆਧਾਰ ਇਹ ਹੈ ਕਿ ਚੰਨ, ਤਾਰੇ, ਸੂਰਜ, ਸਮੰਦਰ ਸਭ ਨਿਰੰਤਰ ਕਾਰਜ ਵਿਚ ਰੁੱਝੇ ਹੋਏ ਹਨ। ਜੇ ਪ੍ਰਕ੍ਰਿਤੀ ਵਿਚ ਖੜੌਤ ਆ ਜਾਵੇ, ਲੋਕ ਰੱਬ ਨੂੰ ਗਾਲ੍ਹਾਂ ਕੱਢਣ ਲੱਗ ਜਾਣ।

ਸਪਸ਼ਟ ਹੈ ਕਿ ਪਿਆਰ ਕਰਨਾ ਸੌਖਾ ਨਹੀਂ। ਇਹ ਅੰਗਾਰਾਂ ਉੱਤੇ ਨੱਚਣ ਦੀ ਕਿਰਿਆ ਹੈ। ਜਿਹੜੇ ਮਿਹਨਤ ਕਰਦੇ ਹਨ ਉਨ੍ਹਾਂ ਲਈ ਮਹਿਬੂਬ ਦੀਆਂ ਅੱਖਾਂ ਸੁਪਨਿਆਂ ਦੇ ਸਰੋਵਰ ਹੁੰਦੀਆਂ ਹਨ ਪਰ ਕੰਮ-ਚੋਰਾਂ ਲਈ ਇਹ ਖੁਦਕੁਸ਼ੀ ਦੇ ਖੂਹ ਬਣ ਜਾਂਦੀਆਂ ਹਨ। ਪਿਆਰ ਵਿਚ ਅਸਫਲਤਾ ਲਈ ਅਸਲ ਵਿਚ ਅਸਫਲ ਧਿਰ ਜਿੰਮੇਵਾਰ ਹੁੰਦੀ ਹੈ। ਜਿਹੜੇ ਹੰਝੂਆਂ ਨਾਲ ਔੜਾਂ ਨੂੰ ਬਹਾਰਾਂ ਵਿਚ ਬਦਲਣ ਦਾ ਯਤਨ ਕਰਦੇ ਹਨ ਉਨ੍ਹਾਂ ਦੀਆਂ ਰੀਝਾਂ ਦੇ ਬਾਗ ਝੁਲਸੇ ਜਾੰਦੇ ਹਨ।

ਪਿਆਰ ਉਹੀ ਕਰ ਸਕਦੇ ਹਨ, ਜਿਹੜੇ ਤਲੀ ਤੇ ਸਿਰ ਟਿਕਾ ਸਕਣ, ਇਕੱਲੇ ਹੀ ਪਹਾੜਾਂ ਦੇ ਸੀਨੇ ਵਿਚ ਨਹਿਰ ਪੁੱਟ ਸਕਣ, ਆਪਣਾ ਪੱਟ ਚੀਰ ਸਕਣ ਤੇ ਕੱਚੇ ਘੜੇ ਉਤੇ ਦਰਿਆ ਵਿਚ ਠਿਲ੍ਹ ਸਕਣ। ਅਜੌਕੇ ਯੁਗ ਵਿਚ ਪਿਆਰ ਦਿੱਤਾ ਨਹੀਂ ਜਾਂਦਾ ਲਿਆ ਨਹੀਂ ਜਾਂਦਾ, ਇਹ ਤਾਂ ਖੋਹਿਆ ਜਾਂਦਾ ਹੈ। ਪਿਆਰ ਇਕ ਦੂਜੇ ਦੀ ਪ੍ਰਸ਼ੰਸਾ ਵਿਚੋਂ ਸ਼ੁਰੂ ਹੋ ਕੇ ਇਕ ਦੂਜੇ ਉਤੇ ਤੋਹਮਤਾਂ ਲਾਉਣ ਤਕ ਨਿਘਰ ਜਾਂਦਾ ਹੈ। ਜਿਹੜੇ ਲੰਮੀ ਦੌੜ ਨਹੀਂ ਦੌੜ ਸਕਦੇ ਉਹ ਜਲਦੀ ਵਿਆਰ ਕਰਨ ਲਈ ਤਾਂਘਦੇ ਹਨ ਪਰ ਵਿਆਹ ਹੁੰਦਿਆਂ ਹੀ ਉਨ੍ਹਾਂ ਦੇ ਪਿਆਰ ਦੀ ਹਾਲਤ ਉਵੇਂ ਹੀ ਹੋ ਜਾਂਦੀ ਹੈ ਜਿਵੇਂ ਭਾਂਡੇ ਤੋਂ ਕਲੀ ਉਤਰ ਗਈ ਹੋਵੇ।