ਸੁੰਦਰਤਾ

0
1433

ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕੁਰਾਹਟ ਹੈ।

ਖੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁਲ੍ਹਾਂ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ ਖੂਬਸੂਰਤ ਹੈ, ਤਾਰੇ ਰਾਤ ਕਾਰਨ ਸੋਹਣੇ ਲਗਦੇ ਹਨ, ਇਵੇਂ ਹੀ ਕਿਸੇ ਸੁੰਦਰੀ ਦੇ ਚਿਹਰੇ ਉਤੇ ਬਿੰਦੀ ਇਸ ਕਰਕੇ ਸੁੰਦਰ ਲਗਦੀ ਹੈ ਕਿਉਂਕਿ ਬਿੰਦੀ ਦੇ ਪਿੱਛੇ ਮੱਥਾ ਸੋਹਣਾ ਹੁੰਦਾ ਹੈ। ਸੁੰਦਰਤਾ ਦਾ ਪ੍ਰਭਾਵ ਅੰਸ਼ਾਂ ਵਿਚ ਨਹੀਂ, ਸਮੁੱਚਤਾ ਵਿਚ ਹੁੰਦਾ ਹੈ। ਇਵੇਂ ਅਨੁਪਾਤ-ਸ਼ੀਲਤਾ ਨੂੰ ਸੁੰਦਰਤਾ ਅਤੇ ਅਨੁਪਾਤਹੀਣਤਾ ਨੂੰ ਕੋਹਜਾਪਣ ਕਹਿੰਦੇ ਹਨ।

ਕਿਸੇ ਵਸਤੂ ਦਾ ਖੂਬਸੂਰਤ ਹੋਣਾ ਸਾਡੀਆਂ ਅੱਖਾਂ ਉਤੇ ਨਿਰਭਰ ਕਰਦਾ ਹੈ। ਸਾਡੀਆਂ ਅੱਖਾਂ ਕਿਸੇ ਦੀ ਖੂਬਸੂਰਤੀ ਦਾ ਪਹਿਲਾ ਅਤੇ ਅੰਤਮ ਫੈਸਲਾ ਦਿੰਦੀਆਂ ਹਨ। ਜਿਹਡ਼ਾ ਸਾਡੀਆਂ ਅੱਖਾਂ ਨੂੰ ਨਹੀਂ ਜਚਦਾ, ਉਸ ਨਾਲ ਪਿਆਰ ਕਰਨ ਦੀ ਸੰਭਾਵਨਾ ਨਹੀਂ ਹੁੰਦੀ। ਅੱਖਾਂ ਉਪਰੰਤ ਸੁੰਦਰ ਵਸਤਾਂ ਸਾਡੇ ਕੰਨਾਂ ਨੂੰ ਭਾਉਂਦੀ ਹੈ। ਸਰੀਰਿਕ ਸੁੰਦਰਤਾ ਅਤੇ ਆਵਾਜ਼ ਕਿਸੇ ਦੀ ਸੁੰਦਰਤਾ ਦੇ ਪਹਿਲੇ ਦੋ ਪਡ਼ਾਅ ਹਨ। ਇਹ ਦੋਵੇਂ ਪੱਖ ਇਕ ਦੂਜੇ ਦੀ ਘਾਟ ਨੂੰ ਕੱਜ ਲੈਂਦੇ ਹਨ ਪਰ ਜਿੱਥੇ ਦੋਵੇਂ ਆਪਣੇ ਜੋਬਨ ਉਤੇ ਹੋਣ ਉਥੇ ਪਾਣੀਆਂ ਨੂੰ ਅੱਗ ਲਗ ਜਾਂਦੀ ਹੈ, ਉਥੇ ਸੱਖਣੇ ਭਰੇ ਜਾਂਦੇ ਹਨ, ਉਥੇ ਸਭ ਭੁੱਖਾਂ ਮਿਟ ਜਾਂਦੀਆਂ ਹਨ, ਉਥੇ ਰੂਹ ਰੱਜ ਜਾਂਦੀ ਹੈ, ਉਥੇ ਬੁੱਢੇ ਜਵਾਨ ਹੋ ਜਾਂਦੇ ਹਨ, ਉਥੇ ਸਾਰਾ ਸੰਸਾਰ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ ਹੈ।

ਖੂਬਸੂਰਤੀ ਉਹ ਨਹੀਂ ਜਿਸ ਦੇ ਸਾਹਮਣੇ ਅਸੀਂ ਹੀਣੇ ਅਨੁਭਵ ਕਰੀਏ ਸਗੋਂ ਖੂਬਸੂਰਤੀ ਉਹ ਹੈ ਜਿਸ ਦੀ ਹਾਜ਼ਰੀ ਵਿਚ ਸਾਨੂੰ ਆਪਣਾ ਆਪ ਚੰਗਾ ਲੱਗੇ।

ਸੁੰਦਰਤਾ ਜਾਂ ਖੂਬਸੂਰਤੀ ਉਹ ਹੈ ਕਿ ਜਿਸ ਦੀ ਸੇਵਾ ਵਿਚ ਮਨੁੱਖ ਤਨ, ਮਨ, ਧਨ ਲਗਾ ਦੇਵੇ। ਜਿੰਦਗੀ ਦੇ ਬਹੁਤੇ ਫੈਸਲੇ ਅਸੀਂ ਸੋਚ ਵਿਚਾਰ ਉਪਰੰਤ ਕਰਦੇ ਹਾਂ, ਪਰ ਖੂਬਸੂਰਤੀ ਦੇ ਪ੍ਰਭਾਵ ਅਧੀਨ ਕੀਤਾ ਫੈਸਲਾ ਸੋਚ ਵਿਚਾਰ ਉਤੇ ਨਹੀਂ, ਸਾਡੇ ਮਹਿਸੂਸ ਕਰਨ ਦੀ ਯੋਗਤਾ ਉਤੇ ਨਿਰਭਰ ਕਰਦਾ ਹੈ।

ਖੂਬਸੂਰਤੀ ਆਪਣੇ ਆਪ ਵਿਚ ਇਕ ਸਿਫਾਰਸ਼ ਹੈ, ਇਸ ਨੂੰ ਕੋਈ ਵੀ ਕੰਮ ਕਰਵਾਉਣ ਲਈ ਕਿਸੇ ਵੀ ਸਹਿਯੋਗ ਦੀ ਲੋਡ਼ ਨਹੀਂ।

ਖੂਬਸੂਰਤੀ ਉਹ ਹੈ ਜਿਸ ਦੀ ਇਕ ਨਜ਼ਰ ਦੀ ਪ੍ਰਾਪਤੀ ਲਈ ਪੁਰਸ਼ਾਂ ਵਿਚ ਚੁਪ-ਚੁਪੀਤਾ ਸੰਘਰਸ਼ ਛਿਡ਼ ਪਵੇ ਤੇ ਮੁਸਕੁਰਾਹਟ ਦੀ ਪ੍ਰਾਪਤੀ ਲਈ ਵਿਅਕਤੀ ਬੁੱਤ ਬਣ ਜਾਵੇ।

ਕਹਿੰਦੇ ਹਨ ਸੁੰਦਰ ਲੋਕਾਂ ਨੂੰ ਪੈਸੇ ਜਾਂ ਪਰਸ ਰੱਖਣ ਦੀ ਲੋਡ਼ ਨਹੀਂ, ਕਿਉਂਕਿ ਉਹ ਜਿਥੇ ਵੀ ਜਾਣਗੇ, ਪੈਸੇ ਦੇਣ ਵਾਸਤੇ ਕੋਈ ਨਾ ਕੋਈ ਤਿਆਰ ਹੋਵੇਗਾ।

ਸੁੰਦਰਤਾ ਦਾ ਕੋਈ ਕਾਰਨ ਨਹੀਂ ਹੁੰਦਾ। ਸੁੰਦਰਤਾ ਹਰ ਹਾਲਤ ਵਿਚ ਪ੍ਰਭਾਵਤ ਕਰਦੀ ਹੈ। ਸੁੰਦਰਤਾ ਉਹ ਹੈ ਜਿਹਡ਼ੀ ਸਾਨੂੰ ਚੰਗੇਰੇ ਜੀਵਨ ਦੀ ਲਟਕ ਲਾਵੇ ਤੇ ਸਾਡੇ ਲਈ ਚੰਗੇ ਬਣਨਾ ਸੌਖਾ ਕਰ ਦੇਵੇ। ਸੁੰਦਰਤਾ ਇਕ ਅਜਿਹੀ ਖੁਸ਼ਬੂ ਹੈ ਜਿਸ ਦਾ ਕੋਈ ਨਾਂ ਨਹੀਂ। ਸੁੰਦਰ ਚਿਹਰਾ ਉਹ ਹੈ ਜਿਸ ਦੇ ਪ੍ਰਗਟ ਹੋਣ ਨਾਲ ਪੈ ਰਿਹਾ ਸ਼ੋਰ ਬੰਦ ਹੋ ਜਾਵੇ। ਇਵੇਂ ਸੁੰਦਰਤਾ ਵਿਚ ਹਡ਼੍ਹ ਦੇ ਪਾਣੀਆਂ ਨੂੰ ਦਰਿਆ ਦੇ ਕਿਨਾਰਿਆਂ ਵਿਚ ਲਿਆਉਣ ਦੀ ਸਮਰਥਾ ਹੁੰਦੀ ਹੈ। ਸੁੰਦਰਤਾ ਵਿਚ ਸਥਿਤੀ ਨੂੰ ਬਦਲਣ ਦੀ ਅਥਾਹ ਸ਼ਕਤੀ ਹੁੰਦੀ ਹੈ।

ਸੁੰਦਰਤਾ ਨਾਲ ਸ਼ਾਂਤ ਲੋਕ ਜਜ਼ਬੇ ਭਰੇ ਕੰਮਾਂ ਵਿਚ ਉਛਲਣ ਲਗਦੇ ਹਨ ਤੇ ਭਡ਼ਕੀ ਹੋਈ ਭੀਡ਼ ਸ਼ਾਂਤ ਹੋ ਜਾਂਦੀ ਹੈ। ਸੁੰਦਰਤਾ ਵਿਚ ਮੂਰਖ ਨੂੰ ਸਿਆਣਾ ਤੇ ਸਿਆਣੇ ਨੂੰ ਦੀਵਾਨਾ ਬਣਾਉਣ ਦੀ ਸ਼ਕਤੀ ਹੁੰਦੀ ਹੈ। ਖੂਬਸੂਰਤੀ ਨੂੰ ਵੇਖਕੇ ਨਿਰਜੋਤ ਅੱਖਾਂ ਵੀ ਜਗਮਗਾਉਣ ਲੱਗਦੀਆਂ ਹਨ, ਕੰਨ ਉਹ ਆਵਾਜ਼ਾਂ ਸੁਣਨ ਲੱਗਦੇ ਹਨ, ਜਿਨ੍ਹਾਂ ਦੀ ਹੋਂਦ ਬਾਰੇ ਵੀ ਅਸੀਂ ਪਹਿਲਾਂ ਸੁਚੇਤ ਨਹੀਂ ਹੁੰਦੇ।

ਸੁੰਦਰਤਾ ਉਹ ਹੈ ਜਿਸ ਵਿਚ ਬਾਂਕੇ ਸਾਧ ਬਣ ਜਾਣ ਤੇ ਜਿਸ ਦੇ ਚਰਖੇ ਦੀ ਘੂਕ ਸੁਣ ਕੇ ਜੋਗੀ ਪਹਾਡ਼ੋਂ ਉਤਰ ਆਉਣ।

ਜ਼ਿੰਦਗੀ ਨੂੰ ਜਿਉਣ ਯੋਗ ਬਣਾਉਣ ਲਈ ਸੁੰਦਰਤਾ ਬਡ਼ੀ ਜ਼ਰੂਰੀ ਹੈ। ਖੂਬਸੂਰਤੀ ਦਾ ਉਹੀ ਲਾਭ ਹੈ ਜੋ ਕਿਸੇ ਵੀ ਲਾਭਦਾਇਕ ਵਸਤ ਦਾ ਹੋ ਸਕਦਾ ਹੈ।

ਜ਼ਿੰਦਗੀ ਦਾ ਜਜ਼ਬਾ, ਜੀਵਨ ਦੀ ਲਟਕ ਅਤੇ ਜਿਉਣ ਦਾ ਚਾਅ ਸੁੰਦਰਤਾ ਦੇ ਪ੍ਰਮੁੱਖ ਸੋਮੇ ਹਨ। ਖੁਦਕੁਸ਼ੀ ਕਰਨ ਵਾਲੇ ਲੋਕ ਕਦੀ ਖੂਬਸੂਰਤ ਨਹੀਂ ਹੁੰਦੇ। ਲੋਕਾਂ ਦੀ ਬਹੁ-ਗਿਣਤੀ ਉਚੇਚ ਨਾਲ ਆਪਣੇ ਨੱਕ, ਮੂੰਹ, ਕੰਨ ਆਦਿ ਦੀਆਂ ਤਸਵੀਰਾਂ ਖਿਚਵਾਉਣ ਵਿਚ ਮਗਨ ਹੈ।

ਖੂਬਸੂਰਤੀ ਵਿਚ ਉਚੇਚ ਨਹੀਂ ਹੁੰਦਾ, ਇਸ ਵਿਚ ਕਾਹਲ ਨਹੀਂ ਹੁੰਦੀ, ਇਸ ਨੂੰ ਕਿਸੇ ਸਜਾਵਟ ਦੀ ਲੋਡ਼ ਨਹੀਂ ਹੁੰਦੀ, ਇਸ ਵਿਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਨਹੀਂ ਹੁੰਦੀ, ਇਸ ਵਿਚ ਸਾਡ਼ਾ ਜਾਂ ਈਰਖਾ ਨਹੀਂ ਹੁੰਦੀ। ਖੂਬਸੂਰਤੀ ਉਹ ਹੈ ਜਿਸ ਦੀ ਮਹਿਕ ਅਗਰਬੱਤੀ ਜਿਹੀ ਹੋਵੇ, ਜਿਸ ਦੀ ਇਕ ਝਲਕ ਨਾਲ ਸਾਡੀ ਧੁਰ ਆਤਮਾ ਤਕ ਸ਼ਾਂਤੀ ਪਸਰ ਜਾਵੇ ਕਿਉਂਕਿ ਖੂਬਸੂਰਤੀ ਨੂੰ ਅਸੀਂ ਮੱਥੇ ਦੀਆਂ ਅੱਖਾਂ ਨਾਲ ਨਹੀਂ, ਰੂਹ ਦੀਆਂ ਅੱਖਾਂ ਨਾਲ ਨਿਹਾਰਦੇ ਹਾਂ।

ਆਪਣੇ ਆਪ ਨੂੰ ਪੁੱਛ ਕੇ ਵੇਖੋ, ਤੁਹਾਡੇ ਵਿਚਾਰ ਵਿਚ ਕਿਹਡ਼ੀ ਚੀਜ਼ ਖੂਬਸੂਰਤ ਹੈ? ਸ਼ਾਇਦ ਤੁਸੀਂ ਨਾ ਦੱਸ ਸਕੋ। ਦੱਸਣ ਵਾਲੀਆਂ ਗੱਲਾਂ ਦਿਮਾਗ ਨਾਲ ਸੋਚ ਕੇ ਦੱਸੀਆਂ ਜਾਂਦੀਆਂ ਹਨ, ਪਰ ਖੂਬਸੂਰਤੀ ਦਾ ਦ੍ਰਿਸ਼ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਦੱਸਿਆ ਨਹੀਂ ਜਾ ਸਕਦਾ। ਪ੍ਰਕ੍ਰਿਤੀ ਵਿਚ ਸਭ ਕੁਝ ਖੂਬਸੂਰਤ ਹੈ, ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਜਿਉਣਾ ਖੂਬਸੂਰਤ ਮਨ ਦੀ ਨਿਸ਼ਾਨੀ ਹੈ। ਲੋਕਾਂ ਦੇ ਚਿਹਰੇ ਜਾਂ ਸਰੀਰ ਖੂਬਸੂਰਤ ਹੁੰਦੇ ਹਨ ਪਰ ਇਸ ਨਾਲੋਂ ਵੀ ਉਚੇਰੀ ਖੂਬਸੂਰਤੀ ਮਨ ਦੀ ਖੂਬਸੂਰਤੀ ਹੈ। ਮਨ ਦੀ ਖੂਬਸੂਰਤੀ ਵਿਚ ਕੁਦਰਤ ਦੀ ਖੂਬਸੂਰਤੀ ਦਾ ਵਿਸ਼ੇਸ਼ ਰੋਲ ਹੈ। ਦਰਿਆ ਖੂਬਸੂਰਤ ਹੁੰਦੇ ਹਨ, ਪਹਾਡ਼ ਖੂਬਸੂਰਤ ਹੁੰਦੇ ਹਨ। ਸੂਰਜ ਜਾ ਨਿਕਲਣਾ ਤੇ ਡੁੱਬਣਾ ਖੂਬਸੂਰਤ ਹੁੰਦਾ ਹੈ। ਆਲੇ-ਦੁਆਲੇ ਖੂਬਸੂਰਤੀ ਹੀ ਖੂਬਸੂਰਤੀ ਹੈ, ਪਰ ਸਾਡੇ ਕੋਲ ਉਹ ਅੱਖਾਂ ਨਹੀਂ ਜਿਨ੍ਹਾਂ ਨਾਲ ਖੂਬਸੂਰਤੀ ਮਾਣ ਸਕੀਏ। ਖੂਬਸੂਰਤੀ ਵਿਚ ਆਤਮਕ ਸ਼ਾਂਤੀ ਦੀ ਸਾਦਗੀ ਹੁੰਦੀ ਹੈ।

ਜਿਹਡ਼ੇ ਖੂਬਸੂਰਤ ਹਨ, ਉਹ ਭਾਵੇਂ ਬੋਰੀ ਪਹਿਨ ਲੈਣ, ਸੁੰਦਰ ਲੱਗਣਗੇ, ਪਰ ਜਿਨ੍ਹਾਂ ਦੇ ਇਰਾਦੇ ਕਰੂਪ ਤੇ ਭ੍ਰਿਸ਼ਟ ਹੋਏ ਹਨ, ਉਹ ਭਾਵੇਂ ਦੁਸ਼ਾਲੇ ਪਾ ਲੈਣ ਜਾਂ ਇਕ ਇਕ ਹੱਥ ਵਿਚ ਚਾਰ ਚਾਰ ਛਾਪਾਂ ਪਾ ਲੈਣ, ਉਹ ਕੋਝੇ ਚਲਿਤਰ ਕਰਦੇ ਪ੍ਰਤੀਤ ਹੋਣਗੇ ਅਤੇ ਹੋਛੇ ਲੱਗਣਗੇ।

ਜਿਵੇਂ ਪਹਾਡ਼ਾਂ ਵਿਚ ਕੁਦਰਤ ਦੀ ਸ਼ਾਂਤੀ ਸਾਡੇ ਆਰ ਪਾਰ ਹੋ ਜਾਂਦੀ ਹੈ, ਜਿਵੇਂ ਸਮੁੰਦਰ ਦੇ ਕਿਨਾਰੇ ਸਾਗਰ ਦੀ ਵਿਸ਼ਾਲਤਾ ਜੀਵਨ ਦੀਆਂ ਛੋਟੀਆਂ ਗਿਣਤੀ ਮਿਣਤੀਆਂ ਤੋਂ ਉਪਰ ਉਠਣ ਲਈ ਪ੍ਰੇਰਦੀ ਹੈ, ਉਵੇਂ ਖੂਬਸੂਰਤੀ ਦੇ ਸਨਮੁੱਖ ਹੋਣ ਨਾਲ ਜੀਵਨ ਦੀਆਂ ਚਿੰਤਾਵਾਂ ਇੰਜ ਝਡ਼ ਜਾਂਦੀਆਂ ਹਨ ਜਿਵੇਂ ਪਤਝਡ਼ ਵਿਚ ਪੀਲੇ ਪਏ ਪੱਤੇ।

ਖੂਬਸੂਰਤ ਹੋਣਾ ਅਤੇ ਖੂਬਸੂਰਤ ਲੱਗਣਾ ਦੋ ਵੱਖਰੀਆਂ ਸਥਿਤੀਆਂ ਹਨ। ਪੂੰਜੀਵਾਦ ਖੂਬਸੂਰਤ ਬਣਨ ਦੇ ਸਾਧਨ ਤਾਂ ਪ੍ਰਦਾਨ ਕਰਦਾ ਹੈ ਪਰ ਖੂਬਸੂਰਤੀ ਸਿਰਜਦਾ ਨਹੀਂ। ਮਿਲਵਰਤਣ, ਸਨੇਹ, ਹਮਦਰਦੀ, ਤਿਆਗ ਅਤੇ ਰਲ ਕੇ ਜਿਉਣ ਦੀ ਭਾਵਨਾ ਵਿਚੋਂ ਜਿਹਡ਼ੇ ਨੈਣ ਨਕਸ਼ ਉਭਰਨਗੇ ਉਹ ਸੱਚੇ ਅਰਥਾਂ ਵਿਚ ਖੂਬਸੂਰਤ ਹੋਣਗੇ। ਸਮਾਜਵਾਦੀ ਸੁੰਦਰਤਾ, ਪੂੰਜੀਵਾਦੀ ਸੁੰਦਰਤਾ ਦੇ ਮੁਕਾਬਲੇ ਵਧੇਰੇ ਡੂੰਘੀ ਵਿਸ਼ਾਲ ਅਤੇ ਹੰਡਣਸਾਰ ਹੋਵੇਗੀ।

ਸਭ ਪ੍ਰਕਾਰ ਦੇ ਭੇਦਭਾਵ ਮਿਟਣ ਦੇ ਬਾਵਜੂਦ ਖੂਬਸੂਰਤੀ ਦੇ ਆਧਾਰ ਉਤ ਵਖਰੇਵਾਂ ਬਣਿਆ ਰਹੇਗਾ। ਖੂਬਸੂਰਤੀ ਮਨ ਦੀ ਅਵਸਥਾ ਹੈ, ਇਹ ਰੂਹ ਦੀ ਟਰੇਨਿੰਗ ਹੈ।

ਕਿਸੇ ਚੀਜ਼ ਦੀ ਪਸੰਦ ਉਚੀ ਕਰ ਲਵੋ ਤੁਹਾਨੂੰ ਆਪਣੀ ਪਸੰਦ ਤੇ ਪੱਧਰ ਅਨੁਸਾਰ ਚੀਜ਼ਾਂ ਮਿਲਦੀਆਂ ਰਹਿਣਗੀਆਂ। ਲੋਡ਼ ਪੈਸੇ ਦੀ ਨਹੀਂ, ਆਪਣੀ ਪੱਧਰ ਉਚੀ ਕਰਨ ਦੀ ਹੈ। ਪੱਧਰ ਉਚੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਕਿਸੇ ਸ਼ੌਕ ਨੂੰ ਪਾਲੀਏ। ਹਰ ਸ਼ੌਕ ਸਾਡੇ ਮਨ ਨੂੰ ਸਿਧਾਉਂਦਾ ਹੈ ਅਤੇ ਅਨੁਪਾਤ, ਇਕਸੁਰਤਾ ਤੇ ਇਕਸਾਰਤਾ ਦਾ ਗਿਆਨ ਕਰਵਾਉਂਦਾ ਹੈ। ਕਿਸੇ ਵੀ ਸ਼ੌਕ ਦੇ ਪਾਲਣ ਨਾਲ ਸਾਡੀ ਸ਼ਖਸੀਅਤ ਵਿਚ ਟਿਕਾਓ ਆਉਂਦਾ ਹੈ, ਰੂਹ ਵਿਚ ਸ਼ਾਂਤੀ ਪਸਰਦੀ ਹੈ, ਭਟਕਣ ਘਟਦੀ ਹੈ, ਮਿਹਨਤ ਕਰਨ ਦਾ ਉਤਸਾਹ ਮਿਲਦਾ ਹੈ। ਸ਼ੌਕ ਪਾਲਣ ਵਾਲੇ ਲੋਕ ਖੂਬਸੂਰਤ ਨਹੀਂ ਹੁੰਦੇ, ਸ਼ੌਕ ਪਾਲਦੇ ਹੀ ਖੂਬਸੂਰਤ ਲੋਕ ਹਨ।

ਲੋਕਾਂ ਦੀ ਬਹੁਗਿਣਤੀ ਖਡ਼ਕਦੀ ਹੈ ਜਦੋਂ ਕਿ ਸੱਚੇ ਅਰਥਾਂ ਵਿਚ ਸੋਹਣੇ ਲੋਕਾਂ ਦੀ ਸ਼ਖਸੀਅਤ ਸ਼ਹਿਨਾਈ ਵਾਂਗ ਹੁੰਦੀ ਹੈ।

ਜ਼ਿੰਦਗੀ ਦੇ ਸੁਹਜ ਨਾਲ ਅਮੀਰੀ ਆਉਂਦੀ ਹੈ ਨਾ ਕਿ ਅਮੀਰੀ ਨਾਲ ਸੁਹਜ ਆਉਂਦਾ ਹੈ। ਜਦ ਤਕ ਸਾਡੇ ਦਿਮਾਗਾਂ ਵਿਚ ਰੌਸ਼ਨੀ ਨਹੀਂ ਹੁੰਦੀ ਬਾਹਰ ਦਿਨ ਦਿਹਾਡ਼ੇ ਵੀ ਹਨੇਰਾ ਲੱਗੇਗਾ।

ਸੁੰਦਰ ਵਿਅਕਤੀ ਆਪਣੀ ਰੂਹ ਦੀ ਅਮੀਰੀ ਦੇ ਜ਼ੋਰ ਨਾਲ ਸੁੰਦਰ ਪ੍ਰਤੀਤ ਹੁੰਦਾ ਹੈ ਤੇ ਉਸ ਦੀ ਸੁੰਦਰਤਾ ਉਸ ਦੇ ਠੀਕ ਹੋਣ ਦਾ ਪ੍ਰਮਾਣ ਹੁੰਦੀ ਹੈ। ਖੂਬਸੂਰਤ ਭਾਵੇਂ ਮਹਾਨ ਨਾ ਹੋਣ ਪਰ ਮਹਾਨ ਜ਼ਰੂਰ ਖੂਬਸੂਰਤ ਹੁੰਦੇ ਹਨ।

ਹਰ ਮਨੁੱਖ ਨੂੰ ਸਦਾ ਹੀ ਖੂਬਸੂਰਤੀ ਦੀ ਤਲਾਸ਼ ਰਹਿੰਦੀ ਹੈ।

ਸੋਹਣੇ ਮਹਿਮਾਨ ਉਹ ਹੁੰਦੇ ਹਨ ਜਿਨ੍ਹਾਂ ਦੀ ਸੇਵਾ ਲਈ ਅਸੀ ਉਹ ਕੁਝ ਅੱਗੇ ਧਰੀਏ ਜੋ ਵਰਤਣ ਲਈ ਅਸੀਂ ਆਪਣੇ ਆਪ ਨੂੰ ਕਦੀ ਯੋਗ ਨਾ ਸਮਝਿਆ ਹੋਵੇ।

ਭਡ਼ਕੀਲੀ ਖੂਬਸੂਰਤੀ ਦੇ ਪ੍ਰੇਮੀ ਤਾਂ ਸਾਰੇ ਬਣਨਾ ਚਾਹੁੰਦੇ ਹਨ ਪਰ ਪਤੀ ਕੋਈ ਨਹੀਂ। ਇਵੇਂ ਹੀ ਖੋਟੇ ਖੂਬਸੂਰਤਾਂ ਸਬੰਧੀ ਅਫਵਾਹਾਂ ਫੈਲਦੀਆਂ ਹਨ ਪਰ ਸੱਚ ਕੋਈ ਨਹੀਂ ਹੁੰਦੀ।

ਸੱਚੇ ਅਰਥਾਂ ਵਿਚ ਖੂਬਸੂਰਤੀ ਆਪਣੇ ਆਪ ਵਿਚ ਮਗਨ ਹੁੰਦੀ ਹੈ ਅਤੇ ਉਸ ਨੂ ਇਹ ਗਿਆਨ ਨਹੀਂ ਹੁੰਦਾ ਕਿ ਉਹ ਖੂਬਸੂਰਤ ਹੈ। ਔਰਤਾਂ ਨੂੰ ਆਪਣੀ ਖੂਬਸੂਰਤੀ ਨਾਲ ਹੀ ਪਿਆਰ ਹੁੰਦਾ ਹੈ, ਉਹ ਕਿਸੇ ਹੋਰ ਨੂੰ ਨਹੀਂ ਪਛਾਣਦੀਆਂ। ਹਰ ਇਕ ਦੀ ਜ਼ਿੰਦਗੀ ਵਿਚ ਖੂਬਸੂਰਤੀ ਦਾ ਮੌਸਮ ਜ਼ਰੂਰ ਆਉਂਦਾ ਹੈ। ਜਿਹਡ਼ੇ ਇਸ ਮੌਸਮ ਵਿਚ ਆਪਣੇ ਆਦਰਸ਼ਾਂ, ਪਸੰਦਗੀਆਂ ਤੇ ਪੱਧਰਾਂ ਨੂੰ ਉਚਿਆ ਲੈਂਦੇ ਹਨ, ਉਹ ਖੂਬਸੂਰਤੀ ਭਰਿਆ ਜੀਵਨ ਗੁਜ਼ਾਰਦੇ ਹਨ ਪਰ ਜਿਹਡ਼ੇ ਭਡ਼ਕਦੇ, ਭਡ਼ਕਦੇ ਤੇ ਬੁਡ਼੍ਹਕਦੇ ਹਨ, ਉਹ ਆਪਣੇ ਲਈ ਪਛਤਾਵੇ ਬੀਜਦੇ ਹਨ। ਆਪ ਨਿਰਣਾ ਕਰਕੇ ਵੇਖੋ ਤੁਸੀਂ ਸੰਸਾਰ ਦੀ ਸੁੰਦਰਤਾ ਜਾਂ ਖੂਬਸੂਰਤੀ ਵਿਚ ਵਾਧਾ ਕੀਤਾ ਹੈ ਜਾਂ ਇਸ ਨੂੰ ਘਟਾਇਆ ਹੈ। ਤੁਹਾਡੀ ਤਸੱਲੀ ਅਤੇ ਜੀਵਨ ਦੀ ਖੁਸ਼ੀ ਇਸੇ ਅਨੁਪਾਤ ਵਿਚ ਹੋਵੇਗੀ।