ਭਾਰਤ ਦੇ ‘ਉੱਤਮ’ ਰਾਜ ਪ੍ਰਬੰਧ ਦਾ ਢੰਡੋਰਾ ਪਿੱਟਣ ਵਾਲੇ ਹੀ ਜੜ੍ਹੀਂ ਬਹਿੰਦੇ ਜਾਂਦੇ ਹਨ ਇਸ ਦੇਸ਼ ਦੇ

0
703

ਸ਼ਾਮ ਦੇ ਵਕਤ ਵੱਖੋ-ਵੱਖ ਟੀ ਵੀ ਚੈਨਲਾਂ ਉੱਤੇ ਹੁੰਦੀਆਂ ਬਹਿਸਾਂ ਨੂੰ ਸੁਣਨਾ ਬੰਦ ਭਾਵੇਂ ਨਹੀਂ ਕੀਤਾ ਜਾਂਦਾ, ਪਰ ਬਹੁਤ ਹੱਦ ਤੱਕ ਘੱਟ ਕਰ ਦੇਣਾ ਠੀਕ ਲੱਗਦਾ ਹੈ। ਉਹ ਕਈ ਵਾਰੀ ਏਦਾਂ ਦੀ ਭੜਕਾਊ ਭਾਸ਼ਾ ਵਿੱਚ ਬੋਲਦੇ ਹਨ ਕਿ ਗਲੀ ਵਿੱਚੋਂ ਲੰਘਦਾ ਕੋਈ ਮਿੱਤਰ ਇਹ ਸੋਚ ਕੇ ਘੰਟੀ ਵਜਾ ਸਕਦਾ ਹੈ ਕਿ ਜੇ ਮੀਆਂ-ਬੀਵੀ ਦਾ ਝਗੜਾ ਹੋ ਗਿਆ ਹੈ ਤਾਂ ਛੱਡ-ਛੁਡਾਅ ਕਰਾ ਆਈਏ। ਪਹਿਲਾਂ ਇਨ੍ਹਾਂ ਬਹਿਸਾਂ ਵਿੱਚ ਕੁਝ ਵੱਖੋ-ਵੱਖ ਵੰਨਗੀ ਦੇ ਲੋਕ ਬੈਠੇ ਹੁੰਦੇ ਸਨ ਤੇ ਹੁਣ ਲਗਭਗ ਹਰ ਬਹਿਸ ਵਿੱਚ ਦੋ ਕੁ ਜਣੇ ਹੋਰ ਵਿਚਾਰਧਾਰਾਵਾਂ ਦੇ ਬਿਠਾ ਕੇ ਇੱਕ ਭਾਜਪਾ ਦਾ ਬੁਲਾਰਾ, ਇੱਕ ਆਰ ਐੱਸ ਐੱਸ ਦਾ, ਇੱਕ ਉਨ੍ਹਾਂ ਨਾਲ ਜੁੜੀ ਕਿਸੇ ਅਖੌਤੀ ਸਮਾਜ ਸੇਵੀ ਸੰਸਥਾ ਦਾ ਤੇ ਇੱਕ ਕੋਈ ਸੰਤ ਰੂਪ ਹਿੰਦੂਤਵ ਦਾ ਪ੍ਰਚਾਰਕ ਸੱਦ ਕੇ ਦੋ ਦੇ ਮੁਕਾਬਲੇ ਪੰਜ ਨੂੰ ਭਾਰੂ ਹੋਣ ਦਾ ਮੌਕਾ ਪੇਸ਼ ਕੀਤਾ ਜਾਂਦਾ ਹੈ। ਕਦੇ-ਕਦੇ ਕੁਝ ਸਾਊ ਦਿੱਖ ਵਾਲੇ ਚੈਨਲ ਫਿਰ ਵੀ ਉਸਾਰੂ ਬਹਿਸ ਪੇਸ਼ ਕਰਨ ਤਾਂ ਵੇਖਣੀ ਅਤੇ ਸੁਣਨੀ ਪੈ ਜਾਂਦੀ ਹੈ। ਇਹੋ ਜਿਹੀ ਇੱਕ ਸ਼ਾਮ ਦੀ ਬਹਿਸ ਅਸੀਂ ਇਸ ਹਫਤੇ ਸੁਣੀ ਹੈ। ਇਹ ਬਹਿਸ ਵੱਖੋ-ਵੱਖ ਰਾਜਸੀ ਪ੍ਰਬੰਧਾਂ ਬਾਰੇ ਸੀ, ਜਿਸ ਵਿੱਚ ਬਹੁਤਾ ਕਰ ਕੇ ਇਸ ਗੱਲ ਬਾਰੇ ਸਭ ਦੀ ਸਹਿਮਤੀ ਸੀ ਕਿ ਨੁਕਸ ਹੁੰਦਿਆਂ ਵੀ ਭਾਰਤ ਦਾ ਰਾਜ ਪ੍ਰਬੰਧ ਸਭ ਤੋਂ ਵਧੀਆ ਹੈ।
ਮੈਂ ਭਾਰਤੀ ਹੋਣ ਕਰ ਕੇ ਇਸ ਨੂੰ ਕੱਟਣ ਦੀ ਲੋੜ ਨਹੀਂ ਸਮਝਦਾ, ਪਰ ਉਲਾਰ ਹੋ ਕੇ ਇਸ ਦਾ ਪੱਖ ਪੂਰਨਾ ਵੀ ਮੇਰੇ ਲਈ ਸੌਖਾ ਨਹੀਂ। ਬਹੁਤ ਹੈਰਾਨ ਕਰਨ ਵਾਲੀਆਂ ਦਲੀਲਾਂ ਪੇਸ਼ ਹੋ ਰਹੀਆਂ ਸਨ। ਇੱਕ ਸੱਜਣ ਨੇ ਤੈਸ਼ ਵਿੱਚ ਆ ਕੇ ਕਿਹਾ: ‘ਚੀਨ ਦਾ ਕੋਈ ਰਾਜ ਪ੍ਰਬੰਧ ਹੈ, ਜਿੱਥੇ ਇੱਕੋ ਪਾਰਟੀ ਤੋਂ ਲੀਡਰ ਚੁਣਨੇ ਪੈਂਦੇ ਹਨ?’ ਮੈਨੂੰ ਲੱਗਾ ਕਿ ਇਸ ਦੇ ਅੰਦਰਲਾ ਕਮਿਊਨਿਸਟ ਵਿਰੋਧੀ ਬੋਲਦਾ ਹੈ। ਫਿਰ ਉਸ ਨੇ ਕਿਹਾ ਕਿ ‘ਪਾਕਿਸਤਾਨ ਵੀ ਕੋਈ ਦੇਸ਼ ਹੈ, ਜਿਸ ਦੀ ਹੋਂਦ ਦਾ ਅੱਧਾ ਸਮਾਂ ਫੌਜੀ ਰਾਜ ਲੋਕਾਂ ਨੂੰ ਹੰਢਾਉਣਾ ਪਿਆ ਹੈ?’ ਮੈਨੂੰ ਲੱਗਾ ਕਿ ਇਸ ਦੇ ਅੰਦਰਲਾ ਜਮਹੂਰੀਅਤ ਪਸੰਦ ਬੋਲ ਰਿਹਾ ਹੈ, ਜਿਸ ਨੂੰ ਚੀਨ ਤੇ ਪਾਕਿਸਤਾਨ ਦੇ ਦੋਵੇਂ ਰਾਜ ਪ੍ਰਬੰਧ ਚੰਗੇ ਨਹੀਂ ਲੱਗ ਰਹੇ। ਫਿਰ ਉਸ ਨੇ ਇਹ ਗੱਲ ਕਹਿ ਦਿੱਤੀ ਕਿ ‘ਅਮਰੀਕਾ ਵੀ ਕੋਈ ਦੇਸ਼ ਹੈ, ਕਿਸੇ ਡੋਨਾਲਡ ਟਰੰਪ ਨੂੰ ਵੀ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ?’ ਇਸ ਦਾ ਮਤਲਬ ਇਹ ਕਿ ਸਾਰੇ ਗਲਤ ਹਨ ਤੇ ਸਿਰਫ ਭਾਰਤ ਹੀ ਉੱਤਮ ਨਮੂਨਾ ਹੈ।
ਵਾਰ-ਵਾਰ ਸੋਚਣ ਤੋਂ ਬਾਅਦ ਸਾਡੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਹੀ ਲੋਕ-ਰਾਜ ਲਈ ਇੱਕ ਉੱਤਮ ਨਮੂਨਾ ਹੈ, ਜਿਸ ਦੇ ਪ੍ਰਬੰਧ ਵਿੱਚ ਛਾਨਣੀ ਤੋਂ ਵੱਧ ਛੇਕ ਨਜ਼ਰ ਆਉਂਦੇ ਹਨ?
ਜੀ ਹਾਂ, ਭਾਰਤ ਉਹ ਰਾਜ ਪ੍ਰਬੰਧ ਹੈ, ਜਿਸ ਵਿੱਚ ਇੱਕ ਛੋਟੀ ਉਮਰ ਦਾ ਜਵਾਕ ਰਾਹੁਲ ਗਾਂਧੀ ਭਰੇ ਮੈਦਾਨ ਵਿੱਚ ਲੋਕਾਂ ਸਾਹਮਣੇ ਆਪਣੇ ਬਾਪ ਤੋਂ ਵੀ ਵੱਡੀ ਉਮਰ ਵਾਲੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਇਹ ਕਹਿ ਦੇਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਤਾਂ ਮੈਂ ਅੱਜ ਰਾਤ ਨੂੰ ਸੰਭਾਲ ਸਕਦਾ ਹਾਂ? ਇਸ ਦਾ ਦੂਸਰਾ ਅਰਥ ਹੈ ਕਿ ‘ਮਨਮੋਹਨ ਸਿੰਘ ਦਾ ਕੀ ਹੈ, ਉਸ ਨੂੰ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਨਿੱਘੀ ਰੱਖਣ ਲਈ ਬਿਠਾਇਆ ਹੈ, ਕੁਰਸੀ ਦਾ ਅਸਲੀ ਮਾਲਕ ਮੈਂ ਹਾਂ।’ ਉਸ ਦੀ ਆਪਣੀ ਪਾਰਟੀ ਵੱਲੋਂ ਬਣਾਏ ਹੋਏ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੇ ਮੰਤਰੀ ਮੰਡਲ ਦੀ ਮੀਟਿੰਗ ਲਾ ਕੇ ਇੱਕ ਬਿੱਲ ਪਾਸ ਕੀਤਾ ਸੀ ਤੇ ਉਸ ਨੇ ਉਹ ਪ੍ਰੈੱਸ ਕਾਨਫਰੰਸ ਵਿੱਚ ਪਾੜ ਕੇ ਕੂੜੇਦਾਨ ਦੇ ਵਿੱਚ ਸੁੱਟ ਕੇ ਇੱਕ ਤਰ੍ਹਾਂ ਉਸ ਵੇਲੇ ਦੀ ਸਰਕਾਰ ਨੂੰ ਕੂੜੇਦਾਨ ਵਿੱਚ ਸੁੱਟਣ ਜੋਗੀ ਕਿਹਾ ਸੀ। ਭਾਰਤ ਦਾ ਲੋਕ-ਰਾਜੀ ਪ੍ਰਬੰਧ ਇਸ ਬੇਹੂਦਗੀ ਨੂੰ ਵੀ ਇਸ ਲਈ ਬਰਦਾਸ਼ਤ ਕਰ ਗਿਆ ਕਿ ਕਾਂਗਰਸ ਪਾਰਟੀ ਵਿੱਚ ਉਹ ਲੋਕ ਬੜੀ ਵੱਡੀ ਗਿਣਤੀ ਵਿੱਚ ਹਨ, ਜਿਹੜੇ ਪ੍ਰਿਅੰਕਾ ਗਾਂਧੀ ਦੇ ਘਰ ਪੁੱਤਰ ਦੇ ਜਨਮ ਪਿੱਛੋਂ ਸੋਨੀਆ ਗਾਂਧੀ ਦੇ ਘਰ ਅੱਗੇ ਨੱਚਦੇ ਗਾ ਰਹੇ ਸਨ, ‘ਆਹਾ, ਮੈਂ ਤੋ ਮਾਮਾ ਬਨ ਗਇਆ’। ਸਚਮੁੱਚ ਭਾਰਤ ਕਮਾਲ ਦਾ ਲੋਕ-ਤੰਤਰ ਹੈ!
ਇਸ ਲੋਕ-ਤੰਤਰ ਵਿੱਚ ਇੱਕ ਵਾਰੀ ਇੱਕ ਕਾਂਗਰਸੀ ਆਗੂ ਨੇ ਇਹ ਕਿਹਾ ਸੀ ਕਿ ‘ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ’, ਯਾਨੀ ਕਿ ਇੰਦਰਾ ਹੀ ਭਾਰਤ ਹੈ ਤੇ ਭਾਰਤ ਹੀ ਇੰਦਰਾ ਹੈ। ਫਿਰ ਇੱਕ ਕਾਂਗਰਸੀ ਆਗੂ ਨੇ ਰਾਸ਼ਟਰਪਤੀ ਬਣਨ ਦੀ ਇੱਛਾ ਵਿੱਚ ਇਹ ਕਿਹਾ ਸੀ ਕਿ ‘ਇੰਦਰਾ ਗਾਂਧੀ ਭਾਰਤੀ ਲੋਕਾਂ ਨੂੰ ਰੱਬ ਵੱਲੋਂ ਦਿੱਤਾ ਗਿਆ ਤੋਹਫਾ ਹੈ, ਮੈਂ ਇਸ ਦੇ ਕਹਿਣ ਉੱਤੇ ਝਾੜੂ ਲਾ ਸਕਦਾ ਹਾਂ’। ਹੁਣ ਓਸੇ ਭਾਰਤ ਵਿੱਚ ਇੱਕ ਕੇਂਦਰ ਦਾ ਮੰਤਰੀ ਇਹ ਕਹਿੰਦਾ ਪਿਆ ਹੈ ਕਿ ‘ਨਰਿੰਦਰ ਮੋਦੀ ਭਾਰਤ ਦੇ ਲੋਕਾਂ ਨੂੰ ਭਗਵਾਨ ਦਾ ਦਿੱਤਾ ਤੋਹਫਾ ਹੈ’। ਲੀਡਰਾਂ ਦੀ ਨਸਲ ਬਦਲ ਗਈ ਹੈ, ਪਰ ਕਿਰਦਾਰ ਨਹੀਂ ਬਦਲਿਆ, ਚਾਪਲੂਸੀ ਵਿੱਚ ਹੱਦਾਂ ਟੱਪਣ ਦਾ ਰੁਝਾਨ ਕਾਇਮ ਹੈ।
ਭਾਰਤ ਦਾ ਲੋਕ-ਤੰਤਰ ਏਨਾ ਵਧੀਆ ਹੈ ਕਿ ਵਾਜਪਾਈ ਸਰਕਾਰ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਏਥੇ ਇਹੋ ਜਿਹੇ ਆਗੂ ਹਨ, ਜਿਨ੍ਹਾਂ ਦੇ ਧੀ ਨਾ ਵੀ ਹੋਵੇ ਤਾਂ ਜਵਾਈ ਸਾਹਮਣੇ ਆ ਜਾਂਦੇ ਹਨ। ਭਾਜਪਾ ਵਾਲੇ ਬੜੇ ਭੜਕੇ ਪਏ ਸਨ। ਕਾਂਗਰਸੀ ਰਾਜ ਦੌਰਾਨ ਦਿੱਲੀ ਨਾਲ ਜੁੜਵੇਂ ਸ਼ਹਿਰ ਗੁੜਗਾਉਂ ਨੂੰ ਲੋਕੀਂ ਮਜ਼ਾਕ ਨਾਲ ਗੁੜਗਾਊਂ ਦੀ ਥਾਂ ‘ਜਮਾਇਕਾ’ ਕਹਿ ਕੇ ਇਸ ਲਈ ਹੱਸ ਪੈਂਦੇ ਸਨ ਕਿ ਇੱਕ ਵੱਡੇ ਘਰਾਣੇ ਦੇ ਜਵਾਈ (ਹਿੰਦੀ ਵਿੱਚ ‘ਜਮਾਈ’) ਦੇ ਜ਼ਮੀਨੀ ਸੌਦਿਆਂ ਨੇ ਉਸ ਸ਼ਹਿਰ ਦਾ ਨਾਂਅ ਬਦਨਾਮ ਕਰ ਛੱਡਿਆ ਸੀ। ਸਾਡੀ ਵਿਦੇਸ਼ ਮੰਤਰੀ ਨੂੰ ਦੋ ਮਹੀਨੇ ਇਸ ਲਈ ਆਮ ਲੋਕਾਂ ਤੋਂ ਦੂਰ ਰਹਿਣਾ ਪਿਆ ਸੀ ਕਿ ਉਸ ਦੀ ਵਕੀਲ ਧੀ ਇੰਗਲੈਂਡ ਬੈਠੇ ਕ੍ਰਿਕਟ ਦੇ ਫਰਾਡੀਏ ਦਾ ਕੇਸ ਲੜਦੀ ਸੀ ਤੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਵੀ ਅੱਖ ਬਚਾ ਕੇ ਉਸ ਫਰਾਡੀਏ ਦੇ ਪੱਖ ਵਿੱਚ ਕੁਝ ਫੋਨ ਕੀਤੇ ਸਨ। ਗੁਜਰਾਤ ਦੀ ਮੁੱਖ ਮੰਤਰੀ ਦਾ ਨਾਂਅ ਬਹੁਤ ਇਮਾਨਦਾਰ ਲੋਕਾਂ ਵਿੱਚ ਸੀ, ਪਰ ਪਿੱਛੋਂ ਰੌਲਾ ਪਿਆ ਕਿ ਉਸ ਦੀ ਧੀ ਜਿਸ ਕੰਪਨੀ ਦੀ ਅਫਸਰ ਲੱਗੀ, ਉਸ ਕੰਪਨੀ ਦੇ ਵਾਸਤੇ ਜ਼ਮੀਨੀ ਪਲਾਟ ਅਲਾਟ ਕਰਨ ਵਿੱਚ ਨਿਯਮਾਂ ਨੂੰ ਤੋੜ ਕੇ ਖੁੱਲ੍ਹ ਵਿਖਾਈ ਗਈ ਹੈ। ‘ਵਧੀਆ’ ਰਾਜ ਪ੍ਰਬੰਧ ਸਾਡਾ ਹੀ ਹੈ।
‘ਵਧੀਆ’ ਰਾਜ ਪ੍ਰਬੰਧ ਸਿਰਫ ਸਾਡਾ ਹੈ, ਜਿਸ ਵਿੱਚ ਇੱਕ ਕੇਸ ਸੁਪਰੀਮ ਕੋਰਟ ਵਿੱਚ ਚੱਲਦਾ ਪਿਆ ਹੈ ਕਿ ਆਸਾਮ ਵਿੱਚ ਤਿੰਨ ਸੌ ਕਰੋੜ ਰੁਪਏ ਦੀ ਨਕਦੀ ਅਤੇ ਤਿੰਨ ਸੌ ਕਿੱਲੋ ਸੋਨਾ ਗਾਇਬ ਹੋ ਗਿਆ ਅਤੇ ਇਸ ਚੋਰੀ ਲਈ ਫੌਜੀ ਅਫਸਰ ਦੋਸ਼ੀ ਹਨ। ਇਹ ਫੌਜ ਦੇ ਉਹ ਅਫਸਰ ਨਹੀਂ, ਜਿਨ੍ਹਾਂ ਨੇ ਮਾਇਨਾਮਾਰ ਤੋਂ ਆਏ ਹੋਏ ਸਮਗਲਿੰਗ ਦੇ ਬਿਸਕੁਟਾਂ ਨੂੰ ਇੱਕ ਕਰਨਲ ਦੀ ਅਗਵਾਈ ਹੇਠ ਰਾਹ ਵਿੱਚ ਲੁੱਟ ਲਿਆ ਅਤੇ ਹੁਣ ਕਰਨਲ ਸਾਹਿਬ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਸੁਪਰੀਮ ਕੋਰਟ ਵਿੱਚ ਗਏ ਇਸ ਕੇਸ ਦਾ ਕਿੱਸਾ ਬੜਾ ਦਿਲਚਸਪ ਹੈ। ਆਸਾਮ ਦੇ ਬੋਡੋ ਅੱਤਵਾਦੀਆਂ ਨੇ ਇੱਕ ਵਾਰੀ ਓਥੇ ਚਾਹ ਦੇ ਬਾਗਾਂ ਵਾਲਿਆਂ ਨੂੰ ਦਬਕਾ ਮਾਰ ਕੇ ਤਿੰਨ ਸੌ ਕਰੋੜ ਦੀ ਫਿਰੌਤੀ ਮੰਗੀ ਸੀ। ਬਾਗਾਂ ਵਾਲੇ ਇਕੱਠੇ ਹੋਏ, ਸਲਾਹ ਕੀਤੀ ਅਤੇ ਫਿਰ ਪੈਸੇ ਤੇ ਸੋਨਾ ਇਕੱਠਾ ਕਰ ਕੇ ਆਪਣੇ ਸੂਬਾ ਪ੍ਰਧਾਨ ਦੇ ਬਾਗ ਵਿੱਚ ਦੱਬਣ ਦੇ ਬਾਅਦ ਅੱਤਵਾਦੀਆਂ ਦੇ ਆਉਣ ਦੀ ਉਡੀਕ ਕਰਨ ਲੱਗੇ। ਕੁਝ ਦਿਨ ਪਿੱਛੋਂ ਸੂਬਾ ਪ੍ਰਧਾਨ ਤੇ ਉਸ ਦੀ ਪਤਨੀ ਕਤਲ ਕਰ ਦਿੱਤੇ ਗਏ ਅਤੇ ਮਾਲ ਦੱਬਿਆ ਰਹਿ ਗਿਆ। ਇਸ ਦੀ ਜਦੋਂ ਫੌਜ ਦੀ ਖੁਫੀਆ ਸੇਵਾ ਨੂੰ ਸੂਚਨਾ ਮਿਲੀ, ਉਨ੍ਹਾਂ ਨੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਸਰਕਾਰ ਬਦਲ ਗਈ ਤਾਂ ਉਨ੍ਹਾਂ ਆਪਣੇ ਵੱਡੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਮਾਲ ਇੱਕ ਤਰ੍ਹਾਂ ਦੇਸ਼ ਦੇ ਲੋਕਾਂ ਦਾ ਹੈ, ਇਸ ਨੂੰ ਬਰਾਮਦ ਕਰਨਾ ਚਾਹੀਦਾ ਹੈ। ਫੌਜੀ ਅਧਿਕਾਰੀਆਂ ਨੇ ਸਾਰੀ ਸੂਚਨਾ ਤੋਂ ਬਾਅਦ ਮੀਟਿੰਗ ਕੀਤੀ ਅਤੇ ਤਿੰਨ ਦਿਨ ਬਾਅਦ ਕੱਢਣ ਦੀ ਯੋਜਨਾ ਬਣਾਈ ਗਈ, ਜਿਸ ਦੇ ਵਿਚਕਾਰਲੇ ਦਿਨ ਉਹ ਥਾਂ ਪੁੱਟ ਕੇ ਰਾਤੋ-ਰਾਤ ਓਥੋਂ ਮਾਲ ਕੱਢ ਲਿਆ। ਤਿੰਨ ਸੌ ਕਰੋੜ ਰੁਪਏ ਤੇ ਤਿੰਨ ਸੌ ਕਿੱਲੋ ਸੋਨਾ ਟਰੱਕਾਂ ਤੋਂ ਬਿਨਾਂ ਨਹੀਂ ਸੀ ਲਿਜਾਇਆ ਜਾ ਸਕਦਾ। ਫੌਜੀ ਅਫਸਰਾਂ ਨੇ ਉਸ ਨੂੰ ਕੱਢਣ ਦੀ ਯੋਜਨਾ ਭਾਵੇਂ ਤਿੰਨ ਦਿਨ ਪਿੱਛੋਂ ਦੀ ਬਣਾਈ ਸੀ, ਉਸ ਥਾਂ ਪਹਿਰਾ ਓਸੇ ਦਿਨ ਲਾਉਣਾ ਬਣਦਾ ਸੀ, ਪਰ ਲਾਇਆ ਨਹੀਂ ਸੀ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਮਨ ਖੋਟਾ ਹੋ ਗਿਆ ਸੀ। ਇਹ ਕੰਮ ਪ੍ਰਧਾਨ ਮੰਤਰੀ ਮੋਦੀ ਦੇ ਗੱਦੀ ਸਾਂਭਣ ਤੋਂ ਤਿੰਨ ਦਿਨ ਬਾਅਦ ਹੋਇਆ ਹੈ, ਉਸ ਮੋਦੀ ਦੇ ਗੱਦੀ ਸਾਂਭਣ ਤੋਂ ਤਿੰਨ ਦਿਨ ਬਾਅਦ, ਜਿਸ ਨੇ ਚੋਣਾਂ ਵਿੱਚ ਇਹ ਕਿਹਾ ਸੀ ਕਿ ‘ਮੈਂ ਨਾ ਆਪ ਖਾਊਂਗਾ, ਨਾ ਕਿਸੀ ਕੋ ਖਾਨੇ ਦੂੰਗਾ’। ਇਸ ਚੋਰੀ ਦਾ ਕੇਸ ਸੁਪਰੀਮ ਕੋਰਟ ਜਾਣ ਦੇ ਬਾਅਦ ਵੀ ਇਹ ਸਰਕਾਰ ਨਹੀਂ ਜਾਗੀ, ਉਂਜ ਰਾਜ ਪ੍ਰਬੰਧ ਸਾਡੇ ਵਾਲਾ ਹੀ ‘ਉੱਤਮ’ ਹੈ।
ਬੜੇ ਵਧੀਆ ਕਹੇ ਜਾਂਦੇ ਇਸ ਰਾਜ ਪ੍ਰਬੰਧ ਵਿੱਚ ਉਹ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਜਿਸ ਨੇ ਚੋਣਾਂ ਵਿੱਚ ਕਿਹਾ ਹੋਵੇ ਕਿ ਵਿਦੇਸ਼ ਵਿੱਚ ਪਏ ਕਾਲੇ ਧਨ ਦਾ ਅਸੀਂ ਪਤਾ ਕਰਵਾ ਲਿਆ ਹੈ ਤੇ ਉਹ ਜਦੋਂ ਵਾਪਸ ਆਇਆ ਤਾਂ ਸਿੱਧਾ ਹਰ ਨਾਗਰਿਕ ਦੇ ਖਾਤੇ ਵਿੱਚ ਤਿੰਨ-ਤਿੰਨ ਲੱਖ ਰੁਪਏ ਜਮ੍ਹਾਂ ਕਰਵਾ ਦਿਆਂਗਾ। ਹੁਣ ਉਹ ਇਹ ਗੱਲ ਕਹਿ ਰਿਹਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਵਿਦੇਸ਼ ਵਿੱਚ ਕਾਲਾ ਧਨਾ ਕਿੰਨਾ ਹੈ? ਜਦੋਂ ਪਤਾ ਹੀ ਨਹੀਂ ਕਿ ਵਿਦੇਸ਼ ਵਿੱਚ ਕਾਲਾ ਧਨ ਕਿੰਨਾ ਹੈ ਤਾਂ ਹਰ ਨਾਗਰਿਕ ਦੇ ਹਿੱਸੇ ਤਿੰਨ-ਤਿੰਨ ਲੱਖ ਅਤੇ ਪੰਜ ਜੀਆਂ ਦੇ ਪਰਵਾਰ ਲਈ ਪੰਦਰਾਂ ਲੱਖ ਰੁਪਏ ਦਾ ਹਿਸਾਬ ਕਿੱਥੋਂ ਲਾਇਆ ਸੀ? ਇਸ ਦਾ ਜਵਾਬ ਉਸ ਦੀ ਬਜਾਏ ਉਸ ਦੀ ਪਾਰਟੀ ਦਾ ਪ੍ਰਧਾਨ ਅਮਿਤ ਸ਼ਾਹ ਦੇਂਦਾ ਹੈ ਕਿ ਤਿੰਨ-ਤਿੰਨ ਲੱਖ ਵਾਲੀ ਗੱਲ ਇੱਕ ‘ਚੋਣ ਜੁਮਲਾ’ ਸੀ, ਕਹਿਣ ਤੋਂ ਭਾਵ ਕਿ ਸਾਡੇ ਆਗੂ ਮੋਦੀ ਵੱਲੋਂ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦੀ ਕਚਹਿਰੀ ਵਿੱਚ ਇਹ ਝੂਠਾ ਸ਼ੋਸ਼ਾ ਛੱਡਿਆ ਗਿਆ ਸੀ। ਮੋਦੀ ਦਾ ਕਹਿਣਾ ਸੀ ਕਿ ਪਾਰਲੀਮੈਂਟ ਵਿੱਚ ਬੈਠੇ ਅਪਰਾਧਕ ਕੇਸਾਂ ਵਾਲੇ ਮੈਂਬਰਾਂ ਦੇ ਕੇਸ ਇੱਕ ਸਾਲ ਵਿੱਚ ਸਿਰੇ ਲਾਵਾਂਗੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਸ਼ ਦੇ ਸਾਹਮਣੇ ਰੱਖ ਦਿਆਂਗੇ। ਉਹ ਸਾਰੇ ਕੇਸ ਅਜੇ ਓਦਾਂ ਹੀ ਹਨ। ਕਹਿਣ ਦਾ ਭਾਵ ਕਿ ਇਹ ਵੀ ਸ਼ਾਇਦ ਇੱਕ ‘ਚੋਣ ਜੁਮਲਾ’ ਹੀ ਹੋਵੇਗਾ, ਜਿਸ ਦਾ ਅਰਥ ਹੈ ਕਿ ਪ੍ਰਧਾਨ ਮੰਤਰੀ ਸਮੁੱਚੇ ਭਾਰਤੀ ਲੋਕਾਂ ਸਾਹਮਣੇ ਕੋਰੀ ਗੱਪ ਛੱਡ ਗਿਆ ਸੀ। ਇਸ ਦੇ ਬਾਵਜੂਦ ਸਾਡੇ ਦੇਸ਼ ਦਾ ਰਾਜ ਪ੍ਰਬੰਧ ‘ਉੱਤਮ’ ਹੈ।
ਹਾਂ, ਇਹ ਰਾਜ ਪ੍ਰਬੰਧ ਏਨਾ ‘ਉੱਤਮ’ ਹੈ ਕਿ ਪਾਰਲੀਮੈਂਟ ਸਾਹਮਣੇ ਇੱਕੋ ਦਿਨ ਵਿੱਚ ਦੋ ਗੱਲਾਂ ਪੇਸ਼ ਹੁੰਦੀਆਂ ਹਨ, ਜਿਨ੍ਹਾਂ ਤੋਂ ਦੇਸ਼ ਦੀ ਉੱਤਮਤਾ ਜ਼ਾਹਰ ਹੋ ਜਾਂਦੀ ਹੈ। ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਦੇ ਸਿਰ ਬਹੱਤਰ ਹਜ਼ਾਰ ਕਰੋੜ ਰੁਪਏ ਕਰਜ਼ਾ ਹੈ ਅਤੇ ਓਸੇ ਦਿਨ ਇੱਕ ਗੱਲ ਵਿਰੋਧੀ ਧਿਰ ਦਾ ਇੱਕ ਮੈਂਬਰ ਕਹਿਣ ਲਈ ਉੱਠ ਖੜਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜੂ ਗੌਤਮ ਅਡਾਨੀ ਦੇ ਵੱਲ ਵੀ ਭਾਰਤੀ ਬੈਂਕਾਂ ਦਾ ਕਰਜ਼ਾ ਬਹੱਤਰ ਹਜ਼ਾਰ ਕਰੋੜ ਹੀ ਹੈ। ਇੱਕ ਪਾਸੇ ਸਾਰੇ ਦੇਸ਼ ਦੇ ਕਿਸਾਨ, ਦੂਸਰੇ ਪਾਸੇ ਮੋਦੀ ਦਾ ਮਿੱਤਰ ਤੇ ਫਿਰ ਵੀ ‘ਸਾਡਾ ਭਾਰਤ ਮਹਾਨ’। ਇਹ ਉਹੋ ਗੌਤਮ ਅਡਾਨੀ ਹੈ, ਜਿਸ ਨੂੰ ਪਹਿਲਾਂ ਕਾਂਗਰਸੀਆਂ ਨੇ ਕੱਖ ਤੋਂ ਲੱਖਪਤੀ ਨਹੀਂ, ਕਰੋੜਪਤੀ ਤੇ ਫਿਰ ਅਰਬਪਤੀ ਬਣਾਇਆ ਸੀ ਤੇ ਜਦੋਂ ਗੁਜਰਾਤ ਦੇ ਦੰਗਿਆਂ ਪਿੱਛੋਂ ਅਟਲ ਬਿਹਾਰੀ ਵਾਜਪਾਈ ਦੇ ਇਸ਼ਾਰੇ ਉੱਤੇ ਭਾਰਤ ਦੇ ਸਾਰੇ ਸਨਅਤਕਾਰ ਨਰਿੰਦਰ ਮੋਦੀ ਦੇ ਖਿਲਾਫ ਬੋਲੇ ਸਨ, ਸਿਰਫ ਇਸ ਇਕੱਲੇ ਨੇ ਮੋਦੀ ਦੇ ਹੱਕ ਦੀ ਆਵਾਜ਼ ਉਠਾਈ ਸੀ। ਅਗਲੇ ਦਿਨ ਇਹ ਦੋਪਹਿਰ ਦੇ ਖਾਣੇ ਲਈ ਮੋਦੀ ਕੋਲ ਬੈਠਾ ਸੀ। ਹੁਣ ਆਸਟਰੇਲੀਆ ਤੱਕ ਉਸ ਦੀ ਧਾਂਕ ਹੈ, ਕਿਉਂਕਿ ਮੋਦੀ ਉਸ ਦੇ ਨਾਲ ਜੁ ਹੈ। ਭਾਰਤੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਮਾਰਨ ਵਾਲਾ ਵਿਜੇ ਮਾਲਿਆ ਦੇਸ਼ ਤੋਂ ਭੱਜ ਗਿਆ, ਨੌਂ ਹਜ਼ਾਰ ਕਰੋੜ ਤੋਂ ਅੱਠ ਗੁਣਾਂ ਵੱਧ ਵਾਲਾ ਗੌਤਮ ਅਡਾਨੀ ਇਸ ਦੇਸ਼ ਅੰਦਰ ਇੱਕ ਇੱਜ਼ਤਦਾਰ ਸਨਅਤਕਾਰ ਹੈ, ਕਿਉਂਕਿ ‘ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ’ ਵਾਲੀ ਮਿਸਾਲ ਵਾਂਗ ਨਰਿੰਦਰ ਮੋਦੀ ਦੀ ਉਸ ਨੂੰ ਓਟ ਹੈ। ਕਦੇ ਇਸ ਦੇਸ਼ ਵਿੱਚ ਬਿਰਲਾ, ਟਾਟਾ, ਡਾਲਮੀਆ, ਸਿੰਘਾਨੀਆ ਦਾ ਨਾਂਅ ਗਿਣਾ ਕੇ ਲੋਕ ਸਰਮਾਏਦਾਰੀ ਦੀ ਚਰਚਾ ਕਰਦੇ ਸਨ, ਹੁਣ ਅੰਬਾਨੀਆਂ ਤੋਂ ਅਡਾਨੀਆਂ ਤੱਕ ਬਾਰੇ ਚਰਚੇ ਸੁਣਦੇ ਹਨ ਤੇ ਫਿਰ ਇਹ ਸੁਣਨ ਦੀ ਲੋੜ ਨਹੀਂ ਰਹਿੰਦੀ ਕਿ ‘ਚੀਨ ਵੀ ਕੋਈ ਦੇਸ਼ ਹੈ, ਪਾਕਿ ਵੀ ਕੋਈ ਦੇਸ਼ ਹੈ ਤੇ ਅਮਰੀਕਾ ਵੀ ਕੋਈ ਦੇਸ਼ ਹੈ’, ਸਗੋਂ ਭਾਰਤ ਹੀ ਉਹ ‘ਮਹਾਨ’ ਦੇਸ਼ ਹੈ, ਜਿੱਥੇ ਇਹ ਸਭ ਕੁਝ ਹੁੰਦਾ ਹੈ, ਕਿਉਂਕਿ ਭਾਰਤ ਹੁਣ ਇਸ ਹੱਦ ਤੱਕ ਮਹਾਨ ਹੋ ਚੁੱਕਾ ਹੈ ਕਿ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ। ਏਸੇ ਲਈ ਇਹ ਰਾਜ ਪ੍ਰਬੰਧ ‘ਉੱਤਮ’ ਹੈ।
ਜਦੋਂ ਅਸੀਂ ਇਸ ਦੇਸ਼ ਦੇ ਰਾਜ ਪ੍ਰਬੰਧ ਦੇ ‘ਉੱਤਮ’ ਕਹੇ ਜਾਣ ਨੂੰ ਇੱਕ ਮਜ਼ਾਕ ਸਮਝਦੇ ਹਾਂ ਤਾਂ ਇਸ ਵਿੱਚ ਸਾਡੀ ਇਹ ਭਾਵਨਾ ਬਿਲਕੁਲ ਨਹੀਂ ਕਿ ਅਸੀਂ ਦੇਸ਼ ਨੂੰ ਉੱਤਮ ਨਹੀਂ ਮੰਨਦੇ। ਜਿਸ ਦੇਸ਼ ਨੂੰ ਅਸੀਂ ਬਚਪਨ ਤੋਂ ਲੈ ਕੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਕਿਹਾ ਹੈ, ਉਸ ਦੀ ਉੱਤਮਤਾ ਹੋਰ ਗੱਲ ਹੈ ਤੇ ਉਸ ਦੇਸ਼ ਦੇ ਰਾਜ-ਪ੍ਰਬੰਧ ਦੀ ‘ਉੱਤਮਤਾ’ ਹੋਰ ਗੱਲ, ਜਿਹੜੀ ਕੁਝ ਲੋਕ ਰਲਗੱਡ ਕਰੀ ਜਾ ਰਹੇ ਹਨ। ‘ਇੰਦਰਾ ਇਜ਼ ਇੰਡੀਆ’ ਅਤੇ ‘ਇੰਦਰਾ ਗਾਂਧੀ ਭਗਵਾਨ ਦਾ ਦਿੱਤਾ ਤੋਹਫਾ’ ਕਹਿਣ ਤੋਂ ‘ਨਰਿੰਦਰ ਮੋਦੀ ਭਗਵਾਨ ਦਾ ਦਿੱਤਾ ਤੋਹਫਾ’ ਕਹਿਣ ਵਾਲੇ ਬੰਦੇ ਤਾਂ ਵੱਖੋ-ਵੱਖ ਹੋ ਸਕਦੇ ਹਨ, ਭਾਵਨਾ ਇੱਕੋ ਹੀ ਹੈ। ਇਹੋ ਭਾਵਨਾ ਜੜ੍ਹੀਂ ਬਹਿੰਦੀ ਜਾਂਦੀ ਹੈ ਇਸ ਦੇਸ਼ ਦੇ।