ਬੇਮੌਤ ਮਾਰਿਆ ਗਿਆ ਕਾਲਾ

0
995

4 ਮਾਰਚ ਦੀ ਸਵੇਰੇ ਕੰਮ ਤੇ ਜਾਣ ਦੇ ਲਈ ਜਿਵੇਂ ਹੀ ਮੱਖਣ ਸਿੰਘ ਘਰ ਤੋਂ ਨਿਕਲਿਆ, ਸਾਹਮਣੇ ਤੋਂ ਜੰਗਾ ਆਉਂਦਾ ਦਿਖਾਈ ਦਿੱਤਾ। ਉਹ ਉਸੇ ਵੱਲ ਆ ਰਿਹਾ ਸੀ, ਇਸਦਾ ਮਤਲਬ ਸੀਕਿ ਉਹ ਉਸੇ ਨੂੰ ਮਿਲਣ ਆ ਰਿਹਾ ਸੀ। ਉਸ ਨੇ ਜੰਗਾ ਨਾਲ ਹੱਥ ਮਿਲਾਉਂਦਆਂ ਪੁੱਛਿਆ, ਸਵੇਰੇ-ਸਵੇਰੇ ਹੀ ਇੱਧਰ, ਕੋਈ ਖਾਸ ਗੱਲ?
ਮੈਂ ਤੇਰੇ ਕੋਲ ਇਸ ਕਰਕੇ ਆਇਆ ਸੀ ਕਿ ਤੈਨੂੰ ਕਾਲੇ ਦੇ ਬਾਰੇ ਕੁਝ ਪਤਾ ਹੈ?
ਨਹੀਂ, ਮੈਨੂੰ ਤਾਂ ਨਹੀਂ ਪਤਾ। ਉਸ ਨਾਲ ਤਾਂ ਮੈਨੂੰ ਇੱਕ ਕੰਮ ਸੀ ਪਰ ਉਹ ਮਿਲ ਹੀ ਨਹੀਂ ਰਿਹਾ। ਮੱਖਣ ਸਿੰਘ ਨੇ ਪਛਤਾਵਾ ਜਿਹਾ ਕਰਦੇ ਕਿਹਾ। ਮੈਂ ਤਾਂ ਉਸਨੂੰ ਕਈ ਵਾਰ ਫ਼ੋਨ ਕੀਤਾ, ਪਰ ਗੱਲ ਹੀ ਨਹੀਂ ਬਣ ਸਕੀ।
ਮੈਂ ਤਾਂ ਉਸਨੂੰ ਲਗਾਤਾਰ 3 ਦਿਨਾਂ ਤੋਂ ਫ਼ੋਨ ਕਰ ਰਿਹਾ ਹਾਂ, ਹਰ ਵਾਰ ਇੱਕ ਹੀ ਜਵਾਬ ਮਿਲ ਰਿਹਾ ਹੈ ਕਿ ਉਸ ਦਾ ਫ਼ੋਨ ਬੰਦ ਹੈ। ਯਾਰ ਇੱਕ ਬਹੁਤ ਵੱਡਾ ਠੇਕਾ ਮਿਲ ਰਿਹਾ ਹੈ, ਪਾਰਟੀ ਪੈਸੇ ਲੈ ਕੇ ਮੇਰੇ ਪਿੱਛੇ ਘੁੰਮ ਰਹੀ ਹੈ, ਪਰ ਕਾਲੇ ਤੋਂ ਬਿਨਾਂ ਗੱਲਬਾਤ ਰੁਕੀ ਪਈ ਹੈ। ਮੱਖਣ ਸਿੰਘ ਨੇ ਕਿਹਾ।
ਇੱਕ ਕੰਮ ਮੇਰੇ ਕੋਲ ਵੀ ਹੈ, ਰੇਟ ਵੀ ਠੀਕ-ਠਾਕ ਹੈ ਪਰ ਕਾਲੇ ਤੋਂ ਬਿਨਾਂ ਗੱਲ ਨਹੀਂ ਬਣ ਰਹੀ। ਪਤਾ ਨਹੀਂ ਉਹ ਕਿੱਥੇ ਗਾਇਬ ਹੋ ਗਿਆ ਹੈ?
ਜੰਗਾ ਅਤੇ ਮੱਖਣ ਕਾਫ਼ੀ ਦੇਰ ਤੱਕ ਕਾਲੇ ਦੇ ਬਾਰੇ ਹੀ ਗੱਲਾਂ ਕਰਦੇ ਰਹੇ। ਅੰਤ ਵਿੱਚ ਕੁਝ ਸੋਚਦੇ ਹੋਏ ਜੰਗਾ ਨੇ ਕਿਹਾ, ਮੱਖਣ, ਕਿਉਂ ਨਾ ਅਸੀਂ ਇੱਕ ਕੰਮ ਕਰੀਏ। ਸਾਡੀ ਇੱਕ ਦਿਨ ਦੀ ਮਜ਼ਦੂਰੀ ਦਾ ਨੁਕਸਾਨ ਤਾਂ ਹੋਵੇਗਾ ਪਰ ਕਾਲੇ ਦਾ ਪਤਾ ਤਾਂ ਲੱਗ ਜਾਵੇਗਾ।
ਪਰ ਮੈਨੂੰ ਤਾਂ ਉਸਦਾ ਘਰ ਵੀ ਨਹੀਂ ਪਤਾ।
ਘਰ ਤਾਂ ਮੈਂ ਵੀ ਨਹੀਂ ਜਾਣਦਾ ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਉਹ ਬਸਤੀ ਅਜੀਤਨਗਰ ਵਿੱਚ ਕਿਤੇ ਕਿਰਾਏ ਤੇ ਰਹਿੰਦਾ ਹੈ। ਉਥੇ ਜਾ ਕੇ ਲੋਕਾਂ ਤੋਂ ਪੁੱਛਾਂਗੇ ਤਾਂ ਕੋਈ ਨਾ ਕੋਈ ਉਸ ਬਾਰੇ ਦੱਸ ਹੀ ਦੇਵੇਗਾ।
ਇਸ ਤਰ੍ਹਾਂ ਜੰਗਾ ਅਤੇ ਮੱਖਣ ਕੰਮ ਤੇ ਜਾਣ ਦੀ ਬਜਾਏ ਕਾਲੇ ਦੀ ਭਾਲ ਵਿੱਚ ਅਜੀਤਨਗਰ ਜਾ ਪਹੁੰਚੇ। ਕਾਲਾ ਟੋਪੀ ਵਾਲੇ ਦੇ ਨਾਂ ਨਾਲ ਮਸ਼ਹੂਰ ਨਵਨੀਤ ਸਿੰਘ ਜੰਗਾ, ਮੱਖਣ, ਰਮੇਸ਼ ਅਤੇ ਨਰੇਸ਼ ਦੇ ਨਾਲ ਮਿਲ ਕੇ ਮਕਾਨ ਬਣਾਉਣ ਦਾ ਠੇਕਾ ਲੈਂਦਾ ਸੀ। ਸਾਰੇ ਰਾਜ ਮਿਸਤਰੀ ਸਨ, ਇਸ ਕਰਕੇ ਸਾਰੇ ਰਲ ਮਿਲ ਕੇ ਕੰਮ ਕਰਦੇ ਸਨ ਅਤੇ ਜੋ ਫ਼ਾਇਦਾ ਹੁੰਦਾ ਸੀ, ਆਪਸ ਵਿੱਚ ਵੰਡ ਲੈਂਦੇ ਸਨ।ਨਵਨੀਤ ਸਿੰਘ ਕਾਲਾ ਟੋਪੀ ਵਾਲਾ ਦੇ ਨਾਂ ਨਾਲ ਇਸ ਕਰਕੇ ਮਸ਼ਹੂਰ ਹੋ ਗਿਆ ਸੀ ਕਿਉਂਕਿ ਉਸ ਦੇ ਘਰ ਦਾ ਨਾਂ ਕਾਲੇ ਸੀ। ਉਹ ਹਰ ਵਕਤ ਸਿਰ ਤੇ ਕਾਲੀ ਟੋਪੀ ਪਾ ਕੇ ਰੱਖਦਾ ਸੀ। ਇਸ ਕਰਕੇ ਲੋਕ ਉਸਨੂੰ ਕਾਲੀ ਟੋਪੀ ਵਾਲਾ ਕਹਿਣ ਲੱਗੇ ਸਨ। ਕਾਲਾ ਬੇਹੱਦ ਸ਼ਰੀਫ਼, ਨੇਕ ਦਿਲ ਅਤੇ ਮਿਹਨਤੀ ਨੌਜਵਾਨ ਸੀ।
ਉਹ ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰ ਖੁਰਦ ਕਲਾਂ ਦੇ ਰਹਿਣ ਵਾਲੇ ਅਜਾਇਬ ਸਿੰਘ ਦਾ ਮੁੰਡਾ ਸੀ ਪਰ ਕੰਮ ਦੇ ਕਾਰਨ ਉਹ ਲੱਗਭੱਗ 5 ਸਾਲ ਪਹਿਲਾਂ ਜ਼ਿਲ੍ਹਾ ਸੰਗਰੂਰ ਆ ਕੇ ਰਹਿਣ ਲੱਗਿਆ ਸੀ। ਇੱਥੇ ਉਸ ਦਾ ਕੰਮ ਠੀਕ-ਠਾਕ ਚੱਲ ਪਿਆ ਤਾਂ ਉਹ ਉਪਰ ਨਗਰ ਬਸਤੀ ਅਜੀਤਨਗਰ ਵਿੱਚ ਰਾਕੇਸ਼ ਦੇ ਮਕਾਨ ਦਾ ਇੱਕ ਹਿੱਸਾ ਕਿਰਾਏ ਤੇ ਲੈ ਕੇ ਉਸੇ ਵਿੱਚ ਪਰਿਵਾਰ ਦੇ ਨਾਲ ਰਹਿਣ ਲੱਗਿਆ। ਉਸ ਦੇ ਪਰਿਵਾਰ ਵਿੱਚ ਪਤਨੀ ਕੁਲਦੀਪ ਕੌਰ ਤੋਂ ਇਲਾਵਾ 2 ਬੱਚੇ ਸਨ।
ਨਵਨੀਤ ਸਿੰਘ ਉਰਫ਼ ਕਾਲਾ ਟੋਪੀ ਵਾਲੇ ਦਾ ਵਿਆਹ ਸੰਨ 2007 ਵਿੱਚ ਕੁਲਦੀਪ ਕੌਰ ਦੇ ਨਾਲ ਉਦੋਂ ਹੋਇਆ ਸੀ, ਜਦੋਂ ਕਾਲਾ ਆਪਣੇ ਮਾਂ-ਬਾਪ ਦੇ ਨਾਲ ਪਿੰਡ ਵਿੱਚ ਰਹਿੰਦਾ ਸੀ। ਇੱਕ ਦਿਨ ਉਹ ਨਜ਼ਦੀਕ ਦੇ ਪਿੰਡ ਵਿੱਚ ਕਿਸੇ ਦੇ ਮਕਾਨ ਦੀ ਛੱਤ ਪਾ ਰਿਹਾ ਸੀ, ਉਦੋਂ ਉਸਦੀ ਮੁਲਾਕਾਤ ਕੁਲਦੀਪ ਕੌਰ ਨਾਲ ਹੋਈ। ਉਹ ਪੜੌਸ ਵਿੱਚ ਰਹਿੰਦੀ ਸੀ। ਕੰਮ ਕਰਨ ਦੌਰਾਨ ਕਾਲਾ ਅਤੇ ਕੁਲਦੀਪ ਕੌਰ ਦੀ ਆਪਸ ਵਿੱਚ ਅੱਖ ਲੜ ਗਈ, ਮਕਾਨ ਦਾ ਕੰਮ ਪੂਰਾ ਹੁੰਦੇ ਹੁੰਦੇ ਦੋਵਾਂ ਵਿੱਚ ਅਜਿਹਾ ਪਿਆਰ ਹੋਇਆ ਕਿ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।
ਦੋਵਾਂ ਦੀ ਜਾਤੀ ਅਲੱਗ-ਅਲੱਗ ਸੀ, ਇਸ ਕਰਕੇ ਘਰ ਵਾਲੇ ਵਿਆਹ ਲਈ ਤਿਆਰ ਨਹੀਂ ਸਨ। ਇਸ ਕਰਕੇ ਇੱਕ ਹੀ ਸੂਰਤ ਸੀ ਕਿ ਉਹ ਘਰ ਤੋਂ ਭੱਜ ਕੇ ਵਿਆਹ ਕਰ ਲੈਣ। ਆਖਿਰ ਉਹਨਾਂ ਨੇ ਇਹੀ ਕੀਤਾ। ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਅਤੇ ਅਦਾਲਤ ਵਿੱਚ ਵਿਆਹ ਰਜਿਸਟਰਡ ਕਰਵਾ ਕੇ ਪਤੀ-ਪਤਨੀ ਵਾਂਗ ਸ਼ਾਨ ਨਾਲ ਰਹਿਣ ਲੱਗੇ। ਵਕਤ ਦੇ ਨਾਲ ਦੋਵਾਂ ਦੇ ਪਰਿਵਾਰ ਵੀ ਸ਼ਾਂਤ ਹੋ ਗਏ ਅਤੇ ਉਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ-ਜਾਣਾ ਆਰੰਭ ਹੋ ਗਿਆ।ਕਾਲੇ ਦਾ ਘਰ ਲੱਭਦੇ ਹੋਏ ਜੰਗਾ ਅਤੇ ਮੱਖਣ ਦੁਪਹਿਰ ਨੂੰ ਰਾਕੇਸ਼ ਦੇ ਘਰ ਪਹੁੰਚੇ ਤਾਂ ਜਿਸ ਹਿੱਸੇ ਵਿੱਚ ਕਾਲਾ ਰਹਿੰਦਾ ਸੀ, ਉਸ ਦੇ ਦਰਵਾਜ਼ੇ ਨੂੰ ਖੜਕਾਇਆ। ਅੰਦਰੋਂ ਪੁੱਛਿਆ, ਕੌਣ?
ਜੰਗੇ ਨੇ ਪੂਰੀ ਗੱਲ ਦੱਸ ਕੇ ਕਾਲੇ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਦਾ ਮਿਲਣਾ ਜ਼ਰੂਰੀ ਹੈ, ਕਿਉਂਕਿ ਉਸ ਦੇ ਕਾਰਨ ਕੰਮ ਦੇ ਨਾਲ ਨਾਲ ਪੈਸਿਆਂ ਦਾ ਨੁਕਸਾਨ ਵੀ ਹੋ ਰਿਹਾ ਹੈ।
ਪੂਰੀ ਗੱਲ ਸੁਣਨ ਤੋਂ ਬਾਅਦ ਕੁਲਦੀਪ ਕੌਰ ਨੇ ਬਿਨਾਂ ਦਰਵਾਜਾ ਖੋਲ੍ਹੇ ਅੰਦਰ ਤੋਂ ਕਿਹਾ, ਉਹ ਤਾਂ ਕਿਤੇ ਬਾਹਰ ਗਿਆ ਹੈ, ਘਰੇ ਨਹੀਂ ਹੈ। ਕਦੋਂ ਆਵੇਗਾ, ਕੁਝ ਕਹਿ ਕੇ ਨਹੀਂ ਗਿਆ। ਜਦੋਂ ਆ ਜਾਵੇਗਾ ਤਾਂ ਮਿਲ ਲੈਣਾ।
ਕੁਲਦੀਪ ਕੌਰ ਦਾ ਟਕੇ ਵਰਗਾ ਜਵਾਬ ਸੁਣ ਕੇ ਦੋਵੇਂ ਇੱਕ-ਦੂਜੇ ਦਾ ਮੂੰਹ ਦੇਖਣ ਲੱਗੇ। ਕਿੱਥੇ ਤਾਂ ਉਹ ਇਹ ਸੋਚ ਕੇ ਆਏ ਸਨ ਕਿ ਕਾਲਾ ਮਿਲੇ ਨਾ ਮਿਲੇ, ਉਸ ਦੇ ਘਰ ਚਾਹ ਤਾਂ ਮਿਲੇਗੀ ਪਰ ਇੱਥੇ ਤਾਂ ਘਰ ਵੜਨ ਵੀ ਨਹੀਂ ਦਿੱਤਾ ਗਿਆ।
ਕੁਲਦੀਪ ਕੌਰ ਦੇ ਇਸ ਵਿਵਹਾਰ ਕਾਰਨ ਦੋਵੇਂ ਸ਼ਸ਼ੋਪੰਜ ਵਿੱਚ ਪੈ ਗਏ। ਮਾਮਲਾ ਕੀ ਹੈ, ਉਹਨਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ। ਬੇਆਬਰੂ ਹੋ ਕੇ ਉਹ ਦਰਵਾਜ਼ੇ ਤੋਂ ਵਾਪਸ ਮੁੜੇ ਹੀ ਸਨ ਕਿ ਕਾਲੇ ਦਾ ਪਿਤਾ ਅਜਾਇਬ ਸਿੰਘ ਉਥੇ ਆ ਗਿਆ। ਉਹਨਾਂ ਨੇ ਵੀ ਕਾਲੇ ਨੂੰ ਮਿਲਣ ਲਈ ਦਰਵਾਜਾ ਖੜਕਾਇਆ ਪਰ ਕੁਲਦੀਪ ਕੌਰ ਨੇ ਇਹ ਕਹਿ ਕੇ ਦਰਵਾਜ਼ਾ ਨਾ ਖੋਲ੍ਹਿਆ ਕਿ ਹਾਲੇ ਉਹ ਕੋਈ ਜ਼ਰੂਰੀ ਕੰਮ ਕਰ ਰਹੀ ਹੈ, ਇਸ ਕਰਕੇ ਕੱਲ੍ਹ ਆਉਣਾ।
ਜੰਗਾ ਅਤੇ ਮੱਖਣ ਹਾਲੇ ਉਥੇ ਹੀ ਖੜ੍ਹੇ ਸਨ। ਦੋਵੇਂ ਸਹੁਰਾ ਅਤੇ ਨੂੰਹ ਵਿੱਚਕਾਰ ਹੋਣ ਵਾਲੀ ਗੱਲਬਾਤ ਸੁਣ ਰਹੇ ਸਨ। ਅਜਾਇਬ ਸਿੰਘ ਬਹੁਤ ਬੇਵਸੀ ਦਿਖਾ ਰਿਹਾ ਸੀ। 3 ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਹਾਂ ਆਪਣੇ ਮੁੰਡੇ ਨੂੰ ਮਿਲਣ ਦੀ ਪਰ ਇਹ ਔਰਤ ਮਿਲਣ ਹੀ ਨਹੀਂ ਦਿੰਦੀ। ਰੋਜ਼ਾਨਾ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ ਹੈ। ਕੱਲ੍ਹ ਮੈਂ ਆਪਣੇ ਕੁਝ ਰਿਸ਼ਤੇਦਾਰਾਂ ਦੇ ਨਾਲ ਕਾਲੇ ਨੂੰ ਮਿਲਣ ਆਅਿਾ ਸੀ, ਤਾਂ ਇਸ ਨੇ ਸਾਨੂੰ ਬੜੀ ਚਲਾਕੀ ਨਾਲ ਵਾਪਸ ਕਰ ਦਿੱਤਾ।
ਇਹ ਸਾਨੂੰ ਬਾਜ਼ਾਰ ਲੈ ਗਈ ਅਤੇ ਉਥੇ ਕਿਹਾ, ਤੁਸੀਂ ਸਾਰੇ ਘਰ ਜਾਓ, ਮੈਂ ਸ਼ਾਮ ਨੂੰ ਭੇਜ ਦਿਆਂਗੀ। ਅਸੀਂ ਸਭ ਇੰਤਜ਼ਾਰ ਕਰਦੇ ਰਹੇ, ਕਾਲਾ ਨਹੀਂ ਆਇਆ। ਤਾਂ ਫ਼ਿਰ ਸਾਨੂੰ ਵਾਪਸ ਆਉਣਾ ਪਿਆ। ਹੁਣ ਵੀ ਦੇਖੋ ਨਾ ਕੁਝ ਨਹੀਂ ਦੱਸ ਰਹੀ।
ਪਾਪਾ ਜੀ ਬੁਰਾ ਨਾ ਮਨਾਓ, ਸਾਨੂੰ ਤਾਂ ਮਾਜਰਾ ਕੁਝ ਸਮਝ ਨਹੀਂ ਆ ਰਿਹਾ। ਭਲਾਂ ਕੋਈ ਆਪਣੇ ਸਹੁਰੇ ਨਾਲ ਇਸ ਕਿਸਮ ਦਾ ਵਤੀਰਾ ਕਿਉਂ ਕਰਦੀ ਹੈ? ਜੰਗੇ ਨੇ ਕਿਹਾ ਤਾਂ ਬਜ਼ੁਰਗ ਅਜਾਇਬ ਸਿੰਘ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਸੇ ਵਿੱਚਕਾਰ ਮਕਾਨ ਮਾਲਕ ਰਾਕੇਸ਼ ਵੀ ਉਥੇ ਆ ਗਿਆ। ਪੂਰੀ ਗੱਲ ਸੁਣ ਕੇ ਉਸ ਨੇ ਕਿਹਾ, ਮੈਨੂੰ ਤਾਂ ਕੁਝ ਸ਼ੱਕ ਹੋ ਰਿਹਾ ਹੈ। ਕੱਲ੍ਹ ਤੋਂ ਮਕਾਨ ਦੇ ਕਾਲੇ ਵਾਲੇ ਹਿੱਸੇ ਤੋਂ ਅਜੀਬ ਜਿਹਾ ਬਦਬੂ ਆ ਰਹੀ ਹੈ। 2 ਦਿਨਾਂ ਤੋਂ ਕੁਲਦੀਪ ਵੀ ਦਰਵਾਜ਼ਾ ਨਹੀਂ ਖੋਲ੍ਹ ਰਹੀ। ਪਾਪਾ ਜੀ ਮੇਰੀ ਗੱਲ ਮੰਨੋ ਤਾਂ ਪੁਲਿਸ ਨੂੰ ਖਬਰ ਕਰ ਦਿਓ। ਖੁਦ ਹੀ ਪਤਾ ਲੱਗ ਜਾਵੇਗਾ ਕਿ ਮਾਜਰਾ ਕੀ ਹੈ?
ਇਹ ਗੱਲ ਸਾਰਿਆਂ ਨੂੰ ਉਚਿਤ ਲੱਗੀ। ਸਾਰੇ ਥਾਣਾ ਸਿਟੀ ਪਹੁੰਚੇ ਅਤੇ ਪੁਲਿਸ ਕੋਲ ਰਿਪੋਰਟ ਲਿਖਵਾਈ। ਇਸ ਤੋਂ ਬਾਅਦ ਉਹਨਾਂ ਨੇ ਅਜਾਇਬ ਸਿੰਘ ਦਾ ਬਿਆਨ ਲੈ ਕੇ ਮਾਮਲਾ ਦਰਜ ਕਰਵਾਇਆ ਅਤੇ ਇਸ ਮਾਮਲੇ ਤੇ ਚੌਂਕੀ ਮੁਖੀ ਦੀ ਡਿਊਟੀ ਲਗਾਈ।
ਚੌਂਕੀ ਮੁਖੀ ਬਲਜਿੰਦਰ ਸਿੰਘ ਅਜੀਤਨਗਰ ਸਥਿਤ ਕਾਲੇ ਦੇ ਮਕਾਨ ਤੇ ਪਹੁੰਚਿਆ ਅਤੇ ਕੁਲਦੀਪ ਕੌਰ ਨੂੰ ਕਾਲੇ ਬਾਰੇ ਪੁੱਛਿਆ।ਕੁਲਦੀਪ ਕੌਰ ਪੁਲਿਸ ਨੂੰ ਵੀ ਗੁੰਮਰਾਹ ਕਰਦੀ ਰਹੀ ਕਿ ਉਹ ਬਾਹਰ ਗਿਆ ਹੈ। ਮਕਾਨ ਤੋਂ ਬਦਬੂ ਆ ਰਹੀ ਸੀ, ਇਸ ਕਰਕੇ ਬਲਜਿੰਦਰ ਸਿੰਘ ਨੂੰ ਮਾਮਲਾ ਸ਼ੱਕੀ ਲੱਗਿਆ। ਉਹਨਾਂ ਨੇ ਫ਼ੋਨ ਤੇ ਪੂਰੀ ਗੱਲ ਉਚ ਅਫ਼ਸਰਾਂ ਨੂੰ ਦੱਸੀ ਤਾਂ ਉਚ ਅਫ਼ਸਰ ਵੀ ਮੌਕੇ ਤੇ ਆ ਗਏ।
ਉਹਨਾਂ ਨੇ ਕੁਲਦੀਪ ਕੌਰ ਤੋਂ ਕਾਲੇ ਬਾਰੇ ਪੁੱਛਿਆ ਤਾਂ ਹੋਰ ਲੋਕਾਂ ਵਾਂਗ ਉਸਨੇ ਉਹਨਾਂ ਨੂੰ ਵੀ ਟਾਲਣ ਦੀ ਕੋਸ਼ਿਸ਼ ਕਰਦੇ ਹੋਏ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਗਿਆ ਹੈ। ਕੁਝ ਦੱਸ ਕੇ ਨਹੀਂ ਗਿਆ। ਹਾਰ ਕੇ ਪੁਲਿਸ ਮੁਖੀ ਨੇ ਲੇਡੀ ਪੁਲਿਸ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਕੁਲਦੀਪ ਕੌਰ ਨਾਲ ਥੋੜ੍ਹੀ ਸਖਤੀ ਵਿੱਚ ਗੱੀ ਕੀਤੀ ਤਾਂ ਉਸ ਨੇ ਕਿਹਾ, ਕਾਲੇ ਦੀ ਹੱਤਿਆ ਹੋ ਗਈ ਹੈ, ਉਸ ਦੀ ਲਾਸ਼ ਰਸੋਈ ਵਿੱਚ ਪਈ ਹੈ।ਕਾਲੇ ਦੀ ਲਾਸ਼ ਰਸੋਈ ਘਰ ਵਿੱਚ ਪਈ ਹੋਣ ਦੀ ਗੱਲ ਸੁਣ ਕੇ ਸਾਰੇ ਹੈਰਾਨ ਹੋ ਗਏ। ਥਾਣਾ ਮੁਖੀ ਜਸਵਿੰਦਰ ਸਿੰਘ ਸਾਥੀਆਂ ਨਾਲ ਮਕਾਨ ਵਿੱਚ ਗਿਆ ਤਾਂ ਰਸੋਈ ਘਰ ਵਿੱਚ ਕਾਲੇ ਦੀ ਲਾਸ਼ ਪਈ ਸੀ। ਹੁਣ ਤੱਕ ਉਥੇ ਬਹੁਤ ਭੀੜ ਹੋ ਗਈ ਸੀ। ਪੁਲਿਸ ਲਾਸ਼ ਦੀ ਜਾਂਚ ਕਰਨ ਵਿੱਚ ਲੱਗ ਗਈ ਤਾਂ ਮੌਕਾ ਦੇਖ ਕੇ ਕੁਲਦੀਪ ਕੌਰ ਫ਼ਰਾਰ ਹੋ ਗਈ।
ਲਾਸ਼ ਹਾਲੇ ਤੱਕ ਪੂਰੀ ਤਰ੍ਹਾਂ ਸੜੀ ਨਹੀਂ ਸੀ, ਪਰ ਸੜਨ ਵਾਲੀ ਸੀ। ਮ੍ਰਿਤਕ ਕਾਲੇ ਦੇ ਪੇਟ ਵਿੱਚ ਇੱਕ ਡੂੰਘਾ ਸੁਰਾਖ ਸੀ, ਜਿਸ ਤੋਂ ਖੂਨ ਨਿਕਲ ਕੇ ਜੰਮ ਗਿਆ ਸੀ। ਘਟਨਾ ਸਥਾਨ ਦੀ ਸਾਰੀ ਕਾਰਵਾਈ ਖਤਮ ਕਰਕੇ ਲਾਸ਼ ਪੋਸਟ ਮਾਰਟਮ ਲਈ ਜ਼ਿਲ੍ਹਾ ਹਸਪਤਾਲ ਭਿਜਵਾ ਦਿੱਤੀ ਗਈ।
ਪੋਸਟ ਮਾਰਟਮ ਰਿਪੋਰਟਾਂ ਮੁਤਾਬਕ ਕਾਲੇ ਦੇ ਪੇਟ ਵਿੱਚ ਕੋਈ ਤੇਜਧਾਰ ਨੁਕੀਲੀ ਚੀਜ਼ ਮਾਰ ਕੇ ਘੁੰਮਾਈ ਗਈ ਸੀ, ਜਿਸ ਕਾਰਨ ਨਾਭੀ ਚੱਕਰ ਅਤੇ ਆਂਦਰਾਂ ਕੱਟੀਆਂ ਗਈਆਂ ਸਨ। ਹਿਸੇ ਕਾਰਨ ਉਸ ਦੀ ਮੌਤ ਹੋ ਗਈ ਸੀ। ਅਜਾਇਬ ਸਿੰਘ ਦੀ ਸ਼ਿਕਾਇਤ ਤੇ ਕਾਲੇ ਦੀ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਕੁਲਦੀਪ ਕੌਰ ਦੀ ਭਾਲ ਆਰੰਭ ਹੋ ਗਈ। ਉਸ ਦੇ ਪੇਕੇ ਛਾਪਾ ਮਾਰਿਆ ਤਾਂ ਉਹ ਉਥੇ ਨਹੀਂ ਮਿਲੀ।
ਆਖਿਰ 6 ਮਾਰਚ 2017 ਨੂੰ ਮੁਖਬਰਾਂ ਦੀ ਸੂਚਨਾ ਤੇ ਉਸ ਨੂੰ ਪਟਿਆਲੇ ਜਾਣ ਵਾਲੀ ਸੜਕ ਤੇ ਬਣੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਥਾਣੇ ਲਿਆ ਕੇ ਕੁਲਦੀਪ ਕੌਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਅਪਰਾਧ ਕਬੂਲ ਕਰਦਿਆਂ ਕਾਲੇ ਦੀ ਹੱਤਿਆ ਦੀ ਜੋ ਕਹਾਣੀ ਸੁਣਾਈ,ਉਹ ਸ਼ੱਕ ਵਿੱਚ ਉਪਜੀ ਹੱਤਿਆ ਦੀ ਕਹਾਣੀ ਸੀ।
ਦਰਅਸਲ ਕਾਲਾ ਸ਼ਰੀਫ਼, ਇਮਾਨਦਾਰ ਹੋਣ ਦੇ ਨਾਲ ਨਾਲ ਹੱਸਮੁਖ ਅਤੇ ਮਿਲਣਸਾਰ ਵੀ ਸੀ। ਦੂਜਿਆਂ ਦੇ ਦੁੱਖ ਦਰਦ ਨੂੰ ਸਮਝਣਾ, ਲੋਕਾਂ ਦੀ ਮਦਦ ਕਰਨਾ ਅਤੇ ਸਭ ਨਾਲ ਹੱਸ ਕੇ ਬੋਲਣਾ ਉਸ ਦੇ ਸੁਭਾਅ ਸੀ। ਉਸ ਦੇ ਇਸੇ ਸੁਭਾਅ ਕਾਰਨ ਕੁਲਦੀਪ ਕੌਰ ਨੂੰ ਜਲਣ ਹੁੰਦੀ ਸੀ। ਇਹੀ ਨਹੀਂ ਉਹ ਉਸਨੂੰ ਗਲਤ ਵੀ ਸਮਝਦੀ ਸੀ।ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਾਲਾ ਅਤੇ ਕੁਲਦੀਪ ਕੌਰ ਵਿੱਚ ਲੜਾਈ-ਝਗੜਾ ਹੀ ਨਹੀਂ, ਮਾਰਕੁੱਟ ਵੀ ਹੋ ਜਾਂਦੀ ਸੀ। ਮਾਮਲਾ ਸ਼ਾਂਤ ਹੋਣ ਤੇ ਕਾਲਾ ਕੁਲਦੀਪ ਕੌਰ ਨੂੰ ਪਿਆਰ ਨਾਲ ਸਮਝਾਉਂਦਾ ਸੀ ਕਿ ਉਹ ਬੇਕਾਰ ਹੀ ਉਸ ਤੇ ਸ਼ੱਕ ਕਰਦੀ ਹੈ।
ਨਵਨੀਤ ਸਿੰਘ ਉਰਫ਼ ਕਾਲਾ ਪਤਨੀ ਦੇ ਇਸ ਸ਼ੱਕ ਤੋਂ ਕਾਫ਼ੀ ਡਰਦਾ ਸੀ। ਉਸਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸੀ। ਗਲੀ-ਪੜੌਸ ਦੀਆਂ ਔਰਤਾਂ ਨੂੰ ਲੈ ਕੇ ਹੀ ਨਹੀਂ, ਕੁਲਦੀਪ ਕੌਰ ਆਪਣੀ ਜੇਠਾਣੀ ਨੂੰ ਲੈ ਕੇ ਵੀ ਸ਼ੱਕ ਕਰਦੀ ਸੀ। ਪਹਿਲਾਂ ਤਾਂ ਕਾਲਾ ਇਹ ਸਭ ਬਰਦਾਸ਼ਤ ਕਰਦਾ ਰਿਹਾ, ਪਰ ਜਦੋਂ ਉਸ ਨੇ ਉਸਦੇ ਸਬੰਧ ਜੇਠਾਣੀ ਨਾਲ ਹੋਣ ਦੀ ਗੱਲ ਕਹੀ ਤਾਂ ਕਾਲਾ ਬਰਦਾਸ਼ਤ ਨਾ ਕਰ ਸਕਿਆ।
ਦਰਅਸਲ, ਕਾਲਾ ਭਾਬੀ ਨੂੰ ਮਾਂ ਵਾਂਗ ਮੰਨਦਾ ਸੀ। ਉਹ ਭਾਬੀ ਦੀ ਬੜੀ ਇੱਜਤ ਕਰਦਾਸੀ, ਜਦਕਿ ਕੁਲਦੀਪ ਕੌਰ ਉਸ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਤੇ ਤੁਲੀ ਸੀ। ਕਾਲੇ ਨੇ ਉਸਨੂੰ ਪਤਾ ਨਹੀਂ ਕਿੰਨੀ ਵਾਰ ਸਮਝਾਇਆ ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀ। ਉਸ ਦੇ ਦਿਮਾਗ ਦੀ ਗੰਦਗੀ ਨਿਕਲ ਹੀ ਨਹੀਂ ਰਹੀ ਸੀ। ਕਾਲੇ ਦੇ ਸਮਝਾਉਣ ਦਾ ਉਸ ਤੇ ਕੋਈ ਅਸਰ ਨਹੀਂ ਪੈ ਰਿਹਾ ਸੀ। ਜਦੋਂ ਦੇਖੋ, ਉਹ ਕਾਲੇ ਨੂੰ ਜੇਠਾਣੀ ਦੇ ਨਾਲ ਜੋੜ ਕੇ ਬੁਰਾ-ਭਲਾ ਕਹਿੰਦੀ ਰਹਿੰਦੀ ਸੀ।
ਕੁਲਦੀਪ ਕੌਰ ਕਾਲਾ ਤੇ ਇਸ ਗੱਲ ਦੇ ਲਈ ਦਬਾਅ ਵੀ ਪਾਉਂਦੀ ਰਹਿੰਦੀ ਸੀ ਕਿ ਉਹ ਆਪਣੇ ਭਾਈ ਅਤੇ ਪਿਤਾ ਨੂੰ ਮਿਲਣ ਉਹਨਾਂ ਦੇ ਘਰ ਨਾ ਜਾਵੇ। ਜਦਕਿ ਕਾਲਾ ਪਿਤਾ ਅਤੇ ਭਰਾਵਾਂ ਨੂੰ ਨਹੀਂ ਛੱਡਣਾ ਚਾਹੁੰਦੇ ਸੀ। ਕੁਲਦੀਪ ਕੌਰ ਨੇ ਉਸਨੂੰ ਕਈ ਵਾਰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਗੱਲ ਨਾ ਮੰਨੀ ਤਾਂ ਉਹ ਘਰ ਛੱਡ ਕੇ ਚਲੀ ਜਾਵੇਗੀ ਜਾਂ ਫ਼ਿਰ ਉਸਨੂੰ ਅਜਿਹਾ ਸਬਕ ਸਿਖਾਵੇਗੀ ਕਿ ਉਹ ਭੁੱਲ ਨਹੀਂ ਸਕੇਗਾ।
ਕੁਲਦੀਪ ਕੌਰ ਨੇ ਜਦੋਂ ਦੇਖਿਆ ਕਿ ਕਾਲਾ ਉਸ ਦੀ ਗੱਲ ਨਹੀਂ ਮੰਨ ਰਿਹਾ ਹੈ ਅਤੇ ਪਿਤਾ ਅਤੇ ਭਰਾਵਾਂ ਨੂੰ ਮਿਲਣ ਜਾਂਦਾ ਹੈ ਤਾਂ ਉਸ ਨੇ ਕਾਲਾ ਨੂੰ ਹੀ ਠਿਕਾਣੇ ਲਗਾਉਣ ਦਾ ਫ਼ੈਸਲਾ ਕਰ ਲਿਆ। 12 ਮਾਰਚ ਦੀ ਰਾਤ ਉਸ ਨੇ ਕਾਲਾ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਖਾਣਾ ਖਾ ਕੇ ਕਾਲਾ ਡੂੰਘੀ ਨੀਂਦ ਸੌਂ ਗਿਆ ਤਾਂ ਕੁਲਦੀਪ ਕੌਰ ਨੇ ਬਰਫ਼ ਤੋੜਨ ਵਾਲਾ ਸੂਜਾ ਪੂਰੀ ਤਾਕਤ ਨਾਲ ਕਾਲਾ ਦੇ ਪੇਟ ਵਿੱਚ ਮਾਰ ਕੇ ਤੇਜ਼ੀ ਨਾਲ ਚਾਰੇ ਪਾਸੇ ਘੁੰਮਾ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਕਾਲੇ ਨੂੰ ਮੌਤ ਦੇ ਘਾਟ ਉਤਾਰ ਕੇ ਕੁਲਦੀਪ ਕੌਰ ਉਸ ਦੀ ਲਾਸ਼ ਘੜੀਸ ਕੇ ਰਸੋਈ ਘਰ ਵਿੱਚ ਲੈ ਗਈ ਅਤੇ ਉਸਨੂੰ ਉਥੇ ਹੀ ਛੱਡ ਦਿੱਤਾ। ਅਗਲੇ ਦਿਨ ਉਹ ਰੋਜ਼ ਵਾਂਗ ਆਪਣੇ ਕੰਮ ਕਰਦੀ ਰਹੀ। ਉਸ ਨੇ ਕਾਲੇ ਦਾ ਫ਼ੋਨ ਵੀ ਬੰਦ ਕਰ ਦਿੱਤਾ। ਹਿਸੇ ਵਿੱਚਕਾਰ ਉਸ ਨੇ ਬੱਚਿਆਂ ਨੂੰ ਰਸੋਈ ਘਰ ਨਹੀਂ ਜਾਣ ਦਿੱਤਾ।
ਰਾਤ ਦਿਨ ਕੁਲਦੀਪ ਕੌਰ ਲਾਸ਼ ਨੂੰ ਠਿਕਾਣੇ ਲਗਾਉਣ ਬਾਰੇ ਸੋਚਦੀ ਰਹੀ ਪਰ ਉਸ ਦੀ ਸਮਝ ਵਿੱਚ ਕੁਝ ਨਹੀਂ ਆ ਰਿਹਾ ਸੀ ਕਿ ਉਹ ਲਾਸ਼ ਦਾ ਕੀ ਕਰੇ। ਅੰਤ ਵਿੱਚ ਲੋਕ ਜਦੋਂ ਕਾਲੇ ਨੂੰ ਲੱਭਣ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਹੱਤਿਆ ਦਾ ਰਾਜ਼ ਖੁੱਲ੍ਹ ਗਿਆ।
6 ਮਾਰਚ 2017 ਨੂੰ ਥਾਣਾ ਮੁਖੀ ਜਸਵਿੰਦਰ ਸਿੰਘ ਟਿਵਾਣਾ ਨੇ ਕੁਲਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਤੇ ਲਿਆ। ਰਿਮਾਂਡ ਦੇ ਸਮੇਂ ਦਰਮਿਆਨ ਕਾਲੇ ਦੀ ਹੱਤਿਆ ਵਿੱਚ ਵਰਤਿਆ ਗਿਆ ਬਰਫ਼ ਤੋੜਨ ਵਾਲਾ ਸੂਜਾ ਕੁਲਦੀਪ ਕੌਰ ਦੀ ਨਿਸ਼ਾਨਦੇਹੀ ਤੇ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਰਿਮਾਂਡ ਦਾ ਸਮਾਂ ਪੂਰਾ ਹੋਣ ਤੇ ਮੁੜ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੇਲ੍ਹ ਭੇਜ ਦਿੱਤਾ।