ਸਿੱਖ ਘਰਾਂ ‘ਚ ‘ਚੁੜੇਲਾਂ’ ਦੀ ਦਸਤਕ

0
921

ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਸੰਗਤ ਨੂੰ ਵਹਿਮਾਂ-ਭਰਮਾਂ ਤੇ ਪਾਖੰਡਵਾਦ ਤੋਂ ਬਚਣ ਲਈ ਅਪੀਲ ਕਰਦਿਆਂ ਕਿਹਾ ਕਿ ਗੁਰਬਾਣੀ ਹੀ ਸਿੱਖ ਸੰਗਤ ਦਾ ਸੱਚਾ ਮਾਰਗ ਦਰਸ਼ਨ ਕਰਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਸੱਦਾ ਇਸ ਲਈ ਜ਼ਿਆਦਾ ਮਹੱਤਤਾ ਰੱਖਦਾ ਹੈ ਕਿ ਜਿਸ ਧਰਤੀ ਤੋਂ ਗੁਰੂ ਸਾਹਿਬਾਨ ਨੇ ਬ੍ਰਾਹਮਣਵਾਦ, ਵਹਿਮ-ਭਰਮ, ਜਾਤ-ਪਾਤ ਅਤੇ ਪਾਖੰਡਵਾਦ ਖਤਮ ਕਰਨ ਦਾ ਉਪਦੇਸ਼ ਦਿੱਤਾ ਸੀ, ਉਸ ਧਰਤੀ ‘ਤੇ ਅੱਜ ‘ਚੁੜੇਲਾਂ’ ਵੱਲੋਂ ਔਰਤਾਂ ਦੇ ਵਾਲ ਤੇ ਗੁੱਤਾਂ ਕੱਟਣ ਦੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਯੂ. ਪੀ., ਰਾਜਸਥਾਨ, ਹਰਿਆਣਾ, ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਸੁੱਤੀਆਂ ਪਈਆਂ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਅਜਿਹੇ ਮਾਮਲਿਆਂ ਦੀ ਗੰਭੀਰਤਾ ਨੂੰ ਸਮਝਦਿਆਂ ਪੰਜਾਬ ਪੁਲਿਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਇਸ ਮਾਮਲੇ ‘ਚ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਰਾਤ ਦੀ ਗਸ਼ਤ ਵਧਾ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ। ਫ਼ਿਲਹਾਲ ਹਾਲੇ ਤੱਕ ਕਿਤੇ ਵੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਦੋਵਾਂ ਸਬੰਧਤ ਸੂਬਿਆਂ ਦੀ ਪੁਲਿਸ ਇਸ ਮਾਮਲੇ ‘ਚ ਕਿਸੇ ਫ਼ੈਸਲੇ ਤੱਕ ਨਹੀਂ ਪਹੁੰਚ ਸਕੀ ਹੈ। ਯੂ. ਪੀ. ਤੇ ਹਰਿਆਣਾ ‘ਚ ਵੀ ਪੁਲਿਸ ਨ ਹਾਲੇ ਤੱਕ ਪੀੜਤ ਔਰਤਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਬਿਆਨ ਲੈ ਕੇ ਪੜਤਾਲ ਜਾਰੀ ਰੱਖੀ ਹੈ। ਪੰਜਾਬ ਵਿੱਚ ਵੀ ਪੁਲਿਸ ਚੌਕਸ ਹੈ। ਤਰਕਸ਼ੀਲ ਸੁਸਾਇਟੀ ਵੀ ਇਸ ਪੱਖੋਂ ਸਰਗਰਮ ਹੋਈ ਹੈ। ਸੁਸਾਇਟੀ ਨੇ ਲੋਕਾਂ ਨੂੰ ਸੋਚਣ, ਸਮਝਣ ਤੇ ਪੜਤਾਲ ਕਰਨ ਦਾ ਸੱਦਾ ਦਿੱਤਾ ਹੈ। ਸੁਸਾਇਟੀ ਅਨੁਸਾਰ ਇਹ ਘਟਨਾਵਾਂ ਕੁਝ ਚਲਾਕ ਤੇ ਬਿਮਾਰ ਮਨਾਂ ਦੀ ਉਪਜ ਹਨ, ਜਿਹੜੇ ਲੋਕਾਂ ‘ਚ ਅਫ਼ਵਾਹਾਂ ਦਾ ਬਾਜ਼ਾਰ ਗਰਮ ਕਰਕੇ ਅੰਧ ਵਿਸ਼ਵਾਸਾਂ ਸਹਾਰੇ ਆਪਦੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਕਰਨਾ ਲੋਚਦੇ ਹਨ। ਤਰਕਸ਼ੀਲਾਂ ਦਾ ਕਹਿਣਾ ਹੈ ਕਿ ਇਹਨਾਂ ਘਟਨਾਵਾਂ ਪਿੱਛੇ ਕਿਸੇ ਚੁੜੈਲ, ਭੂਤ-ਕਸਰ ਜਾਂ ਗੈਬੀ ਸ਼ਕਤੀ ਦਾ ਕੋਈ ਹੱਥ ਨਹੀਂ ਹੈ।
ਉਂਝ ਹਰ ਪੜ੍ਹਿਆ-ਲਿਖਿਆ ਸ਼ਹਿਰੀ ਅਜਿਹੀਆਂ ਘਟਨਾਵਾਂ ਨੂੰ ਅਫ਼ਵਾਹਾਂ ਤੋਂ ਵੱਧ ਕੁਝ ਨਹੀਂ ਮੰਨਦਾ ਜਾਂ ਫ਼ਿਰ ਕੁਝ ਕੁ ਬਿਮਾਰ ਮਨਾਂ ਦੀ ਕਾਰਵਾਈ ਮੰਨਦਾ ਹੈ। ਸਵਾਲ ਇਹ ਉਠਦਾ ਹੈ ਕਿ ਜਿਸ ਧਰਤੀ ਉਪਰ ਸਿੱਖ ਗੁਰੂ ਸਾਹਿਬਾਨ ਨੇ ਜ਼ੋਰਦਾਰ ਸ਼ਬਦਾਂ ਵਿੱਚ ਪਾਖੰਡਵਾਦ ਦਾ ਵਿਰੋਧ ਕੀਤਾ, ਉਥੇ ਅੱਜ ਫ਼ਿਰ ਹੋਰ ਕਿਸਮ ਦਾ ਪਾਖੰਡ ਜੋਰ ਫ਼ੜਦਾ ਨਜ਼ਰ ਆ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਪਸ਼ਟ ਸਮਝਾਇਆ ਸੀ:
ਬਿਨ ਗੁਰ ਸਬਦ ਨ ਛੂਟਸਿ ਕੋਇ॥
ਪਾਖੰਡਿ ਕੀਨੈ ਮੁਕਤਿ ਨ ਹੋਇ।
ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਵੱਡੀ ਗਿਣਤੀ ਵਿੱਚ ਸਿੱਖ ਸਮਾਜ ਉਹੀ ਪੁਰਾਣੇ ਪਾਖੰਡਵਾਦ ਅਤੇ ਬ੍ਰਾਹਮਣਵਾਦ ਵੱਲ ਵੱਧ ਰਿਹਾ ਹੈ ਅਤੇ ਗੁਰੂ ਸਾਹਿਬਾਨ ਦੇ ਵਿਖਾਏ ਰਸਤੇ ਤੋਂ ਮੁਖ ਮੋੜ ਰਿਹਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੀ ਵੀ ਚਰਚਾ ਕੀਤੀ ਜਾ ਸਕਦੀ ਹੈ। ਖਾਸ ਤੌਰ ‘ਤੇ ਉਸ ਵੇਲੇ ਜਦੋਂ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੀ ਅਗਵਾਈ ਇੱਕ ਪੜ੍ਹੇ ਲਿਖੇ ਵਿਦਵਾਨ ਦੇ ਹੱਥ ਹੈ।ਤੁਸੀਂ ਸਵੇਰੇ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਤੋਂ ਹੋ ਰਹੇ ਕੀਰਤਨ ਨੂੰ ਆਪਣੇ ਟੀ. ਵੀ. ਸੈੱਟ ‘ਤੇ ਲਗਾਓ, ਤੁਸੀਂ ਵੇਖੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਇੱਕ ਸਿੰਘ ਲੋਕਾਂ ਵਲੋਂ ਭੇਂਟ ਕੀਤੇ ਰੁਮਾਲੇ ਸ੍ਰੀ ਗਰੂ ਗ੍ਰੰਥ ਸਾਹਿਬ ਨਾਲ ਛੁਹਾ ਕੇ ਵਾਪਸ ਕਰ ਰਿਹਾ ਹੈ। ਇਹ ਕਿਸ ਕਿਸਮ ਦੇ ਵਿਸ਼ਵਾਸ ਦਾ ਪਸਾਰ ਅਸੀਂ ਕਰਦੇ ਹਾਂ। ਇਸ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ਬਾਰੇ ਵੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਾਠ ਕਰੇ ਕਰਾਏ ਵੀ ਲੈ ਸਕਦੇ ਹਾਂ। ਰੇਟ ਲਿਸਟਾਂ ਬਣ ਗਈਆਂ ਹਨ। ਸ੍ਰੀ ਅਖੰਡ ਪਾਠ ਸਾਹਿਬ ਦੀਆਂ ਅਲੱਗ, ਸਧਾਰਨ ਪਾਠ ਦੀਆਂ ਅਲੱਗ, ਸੁਖਮਨੀ ਸਾਹਿਬ ਦੀਆਂ ਅਲੱਗ। ਜਦੋਂ ਪਾਠ ਹੁੰਦੇ ਹਨ ਘਰ ਦਾ ਕੋਈ ਬੰਦਾ ਹਾਜ਼ਰ ਨਹੀਂ ਹੁੰਦਾ। ਜੇ ਘਰ ਵਿੱਚ ਵੀ ਪਾਠ ਹੁੰਦਾ ਹੈ ਤਾਂ ਕਈ ਵਾਰ ਪਾਠੀ ਸਿੰਘ ਹੀ ਪਾਠ ਕਰਦਾ ਨਜ਼ਰੀ ਪੈਂਦਾ ਹੈ। ਬੱਸ ਭੋਗ ਵੇਲੇ ਹੀ ਵਿਖਾਵੇ ਵਜੋਂ ਬਹੁਤੇ ਲੋਕ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ ਲੰਗਰ ਦਾ ਭੋਗ ਲਗਾਉਣ ਦੀ ਰਸਮ ਵੀ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਬਣ ਚੁੱਕੀ ਹੈ। ਪਾਠ ਕਰਨ ਨੂੰ ਇੱਕ ਕੰਮ  ਬਣਾ ਦਿੱਤਾ ਗਿਆ ਅਤੇ ਜਦੋਂ ਸੇਵਾ ਕੰਮ ਬਣ ਗਈ ਤਾਂ ਭੇਂਟਾ ਆਪਣੇ ਆਪ ਤਨਖ਼ਾਹ ਬਣ ਗਈ। ਫ਼ਿਰ ਤਨਖ਼ਾਹ ਜਾਂ ਭੇਂਟਾ ਵਧਾਉਣ ਲਈ ਹੜਤਾਲ ਹੋਣਾ ਸੁਭਾਵਿਕ ਹੀ ਹੈ।ਇਸ ਤਰ੍ਹਾਂ ਹਰ ਕਦਮ ‘ਤੇ ਬ੍ਰਾਹਮਣਵਾਦ ਅਤੇ ਪਾਖੰਡਵਾਦ ਸਿੱਖਾਂ ਦੇ ਘਰਾਂ ਵਿੱਚ ਵੱਧ ਰਿਹਾ ਹੈ। ਗੁਰ ਸ਼ਬਦ ਲੜ ਲੱਗਣ ਦੀ ਬਜਾਏ ਲੋਕ ਸਾਧਾਂ ਅਤੇ ਡੇਰਿਆਂ ਵੱਲ ਵਹੀਰਾਂ ਘੱਤਣ ਲੱਗੇ ਹਨ। ਅਜਿਹੇ ਹਾਲਤ ਵਿੱਚ ਸਿੱਖ ਘਰਾਂ ਵਿੱਚ ‘ਚੜੇਲਾਂ’ ਦੀ ਆਮਦ ਦੇਖ ਕੇ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹਨਾਂ ਨੂੰ ਰਸਤਾ ਤਾਂ ਅਸੀਂ ਹੀ ਦੇ ਰਹੇ ਹ ਾਂ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਅਤੇ ਗੁਰੂ ਘਰਾਂ ਦੇ ਪ੍ਰਬੰਧਕ ਤਾਂ ਆਪਣੀ ਸਿਆਸੀ ਲੜਾਈ ‘ਚੋਂ ਬਹੁਤਾ ਵਕਤ ਨਹੀਂ ਕੱਢ ਪਾ ਰਹੇ  ਅਤੇ ਅਮਲੀ ਤੌਰ ‘ਤੇ ਗੁਰੂ ਘਰਾਂ ਦੀ ਸੇਵਾ ਕਰਨ ਵਾਲੇ ਗਰੀਬ ਸਿੱਖ ਆਪਣੇ ਘਰ ਚਲਾਉਣ ਦੀ ਮਜਬੂਰੀ ਵੱਸ ਬਹੁਤਾ ਵਕਤ ਸ਼ਬਦ ਦੇ ਵਿੱਚਾਰ ‘ਤੇ ਲਾਉਣ ਤੋਂ ਖੁੰਝ ਜਾਂਦੇ ਹਨ। ਸਥਿਤੀ ਬੜੀ ਅਜੀਬੋ ਗਰੀਬ ਬਣੀ ਪਈ ਹੈ। ਅਜਿਹੇ ਮੌਕੇ ਸਿੱਖ ਕੌਮ ਨੂੰ ਚੰਗੀ ਅਗਵਾਈ ਦੀ ਲੋੜ ਹੈ। ਜਥੇਦਾਰ ਕਿਰਪਾਲ ਸਿੰਘ ਬਡੂੰਗਰ ਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਹੈ। ਜੇ ਉਹ ਸੱਚਮੁਚ ਸਿੱਖ ਸੰਗਤ ਨੂੰ ਵਹਿਮਾਂ-ਭਰਮਾਂ, ਪਾਖੰਡਵਾਦ ਅਤੇ ਬ੍ਰਾਹਮਣਵਾਦ ਤੋਂ ਮੁਕਤ ਕਰਨਾ ਚਾਹੁੰਦੇ ਹਨ ਤਾਂ ਉਹ ਇਸਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਕਰਕੇ ਸਾਰੇ ਗੁਰੂ ਘਰਾਂ ਵੱਲ ਧਿਆਨ ਦੇਣ ਅਤੇ ਲੋਕ ਸ਼ਬਦ ਗੁਰੂ ਨਾਲ ਜੋੜਨ ਦਾ ਉਪਰਾਲਾ ਕਰਨ। ਗੁਰੂ ਘਰਾਂ ਵਿੱਚ ਬ੍ਰਾਹਮਣਵਾਦੀ ਰਹੁ ਰੀਤਾਂ ਨੂੰ ਬੰਦ ਕਰਨ ਦੇ ਯਤਨ ਕਰਨ। ਬਾਬਾ ਨਾਨਕ ਨੇ ਜੋ ਪੰਡਤਾਂ ਬਾਰੇ ਕਿਹਾ ਸੀ, ਉਹ ਬਚਨ ਅੱਜ ‘ਤੇ ਲਾਗੂ ਹੋ ਰਹੇ ਹਨ:
ਪੰਡਿਤ ਵਾਚਹਿ ਪੋਥਿਆ ਨ ਬੂਝਹਿ ਵੀਚਾਰੁ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਪਾਰੁ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ॥
ਸ੍ਰੀ ਗੁਰੂ ਅਮਰਦਾਸ ਜੀ ਵੀ ਸਮਝਾਉਂਦੇ ਹਨ:
ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮ ਕਦੇ ਨ ਪਾਏ॥
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਚਲਾਉਣ ਵਾਲੇ ਪ੍ਰਚਾਰਕਾਂ ਨੂੰ ਇਸ ਪੱਖੋਂ ਸਿੱਖਿਅਤ ਕਰਨ ਦੀ ਲੋੜ ਹੈ ਕਿ ਉਹ ਗੁਰਬਾਣੀ ਦੇ ਹਵਾਲਿਆਂ ਨਾਲ ਵਹਿਮਾਂ-ਭਰਮਾਂ, ਪਾਖੰਡਵਾਦ, ਜਾਤ-ਪਾਤ ਅਤੇ ਬ੍ਰਾਹਮਣਵਾਦ ਤੋਂ ਦੂਰ ਰਹਿਣ ਦਾ ਪ੍ਰਚਾਰ ਕੀਤਾ ਜਾਵੇ। ਗੁਰੂ ਘਰਾਂ ਵਿੱਚ ਚੱਲ ਰਹੀਆਂ ਬ੍ਰਾਹਮਣਵਾਦੀ ਰੀਤਾਂ ਨੂੰ ਤੁਰੰਤ ਬੰਦ ਕਰਨ ਦੇ ਯਤਨ ਕੀਤੇ ਜਾਦ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਿੱਖ ਸੰਗਤ ਵਿੱਚ ਬ੍ਰਾਹਮਣਵਾਦੀ ਵਿਸ਼ਵਾਸ ਵਧਦੇ ਜਾਣਗੇ ਅਤੇ ਵੱਡੀ ਗਿਣਤੀ ਵਿੱਚ ਲੋਕ ਚੜੇਲਾਂ ਅਤੇ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਕਰਨ ਲੱਗਣਗੇ।
‘ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ’ ਸਮੇਂ ਦੀ ਲੋੜ
ਪੰਜਾਬ ਵਿੱਚ ਇੱਕ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਬਣਿਆ ਹੈ। ਕਲਮ ਕਿਸੇ ਅਖਬਾਰ ਜਾਂ ਰਸਾਲੇ ਵਿੱਚ ਲਿਖੇ ਜਾਣ ਵਾਲੇ ਆਰਟੀਕਲ ਜਾਂ ਲੇਖ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਲੇਖਕ ਉਸ ਵਿਸ਼ੇ ‘ਤੇ ਆਪਣਾ ਵਿੱਚਾਰ ਲਿਖਦਾ ਹੈ। ਇਹਨਾਂ ਕਾਲਮਾਂ ਨੂੰ ਲਿਖਣ ਵਾਲੇ ਲੇਖਕਾਂ ਨੂੰ ਕਾਲਮ ਨਵੀਸ ਕਹਿੰਦੇ ਹਨ। ਕਾਲਮ ਨਵੀਸ ਅਖਬਾਰਾਂ ਜਾਂ ਰਸਾਲਿਆਂ ਲਈ ਬਾਕਾਇਦਗੀ ਨਾਲ ਲਗਾਤਰ ਲਿਖਦੇ ਹਨ। ਇਹ ਕਾਲਮ ਸਪਤਾਹਿਕ ਵੀ ਹੋ ਸਕਦੇ ਹਨ, ਪੰਦਰਾਂ ਰੋਜ਼ਾ ਜਾਂ ਮਾਸਿਕ ਵੀ। ਕਈ ਕਾਲਮ ਨਵੀਸ ਰੋਜ਼ਾਨਾ ਕਾਲਮ ਵੀ ਲਿਖਦੇ ਹਨ, ਜਿਵੇਂ ਕਿ ਮੈਂ ਤਕਰੀਬਨ ਇੱਕ ਵਰ੍ਹੇ ਤੋਂ ਰੋਜ਼ਾਨਾ ਕਾਲਮ ‘ਅੱਜ ਦੀ ਗੱਲ’ ਅਤੇ ‘ਜਿੱਤ ਦਾ ਮੰਤਰ’ ਲਿਖ ਰਿਹਾ ਹਾਂ, ਜਿਸ ਨੂੰ ਚਾਰ ਅਖਬਾਰਾਂ ਰੋਜ਼ਾਨਾ ਪ੍ਰਕਾਸ਼ਿਤ ਕਰਦੇ ਹਨ। ‘ਅਜੀਤ ਵੀਕਲੀ’ ਵਿੱਚ ਮੇਰਾ ਸਪਤਾਹਿਕ ਕਾਲਮ ‘ਹਾਸ਼ੀਏ ਦੇ ਆਰ ਪਾਰ’ 10ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਸ ਤਰ੍ਹਾਂ ਦੇ ਕਾਲਮ ਲਿਖਣ ਵਾਲੇ ਲੇਖਕਾਂ ਵਿੱਚ ਲੰਡਨ ਤੋਂ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ, ਡਾ. ਸਵਰਾਜ ਸਿੰਘ, ਪਿਆਰਾ ਸਿੰਘ ਭੋਗਲ, ਜਸਵੰਤ ਸਿੰਘ ਅਜੀਤ, ਉਜਾਗਰ ਸਿੰਘ, ਸ਼ਿੰਗਾਰਾ ਸਿੰਘ ਭੁੱਲਰ ਅਤੇ ਗੁਰਮੀਤ ਪਲਾਹੀ ਵਰਗੇ ਸ਼ਾਮਲ ਹਨ। ਅੱਜਕਲ੍ਹ ਅਖਬਾਰ ਵਿੱਚ ਬਕਾਇਦਗੀ ਨਾਂਲ ਲਿਖਣ ਵਾਲੇ ਅਜਿਹੇ ਕਾਲਮ ਨਵੀਸਾਂ ਦੀ ਗਿਣਤੀ 25-30 ਹੋਵੇਗੀ। ਪਿਛਲੀ ਪੀੜ੍ਹੀ ਵਿੱਚ ਵੀ ਕਈ ਕਾਲਮ ਨਵੀਸਾਂ ਨੇ ਖ਼ੂਬ ਨਾਮ ਖੱਟਿਆ ਜਿਹਨਾਂ ਵਿੱਚ ਗੁਰਨਾਮ ਸਿੰਘ ਤੀਰ, ‘ਕੁੰਡਾ ਖੋਲ੍ਹ ਬਸੰਤਰੀਏ’ ਵਾਲੇ ਗੁਰਦੇਵ ਸਿੰਘ ਮਾਨ, ਖੇਡਾਂ ਤੇ ਖਿਡਾਰੀਆਂ ਦੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਖੇਤੀ ਬਾਰੇ ਲਿਖਣ ਵਾਲੇ ਡਾ. ਰਣਜੀਤ ਸਿੰਘ, ਸੇਜ ਉਲਝਣਾਂ ਸੁਲਝਾਉਣ ਵਾਲੀ ਲੇਖਿਕਾ ਸਵਰਗਵਾਸੀ ਕੈਲਾਸ਼ ਪੁਰੀ ਅਤੇ ‘ਪਾਣੀ ਤੇ ਲੀਕਾਂ’ ਵਾਲਾ ਜਸਵੰਤ ਸਿੰਘ ਬਿਰਦੀ ਆਦਿ ਸ਼ਾਮਲ ਹਨ। ‘ਸਮੁੰਦਰੋਂ ਪਾਰ’ ਲਿਖਣ ਵਾਲਾ ਸਾਥੀ ਲੁਧਿਆਣਵੀ ਵੱਡੀ ਉਮਰ ਦੇ ਬਾਵਜੂਦ ਅਜੇ ਵੀ ਕਦੇ ਕਦਾਈ ਲਿਖ ਲੈਂਦਾ ਹੈ। ਨਵੀਂ ਪੀੜ੍ਹੀ ਦੇ ਕਾਲਮ ਨਵੀਸਾਂ ਵਿੱਚੋਂ ਨਿੰਦਰ ਘੁਗਿਆਣਵੀ ਅਤੇ ਸੁਸ਼ੀਲ ਦੁਸਾਂਝ ਕਾਫ਼ੀ ਮਕਬੂਲ ਹੋਏ ਹਨ। ਸੁਖਮਿੰਦਰ ਸਿੰਘ ਬਰਾੜ  ਭਗਤਾ ਭਾਈ ਕਾ ‘ਪਿੰਡ ਦੀ ਸੱਥ ਵਿੱਚੋਂ’ ਲਗਾਤਾਰ ਲਿਖ ਰਿਹਾ ਹੈ। ਪੰਜਾਬ ਦੀ ਸਿਆਸਤ ਬਾਰੇ ਦਰਸ਼ਨ ਸਿੰਘ ਦਰਸ਼ਕ ਦਾ ਕਾਲਮ ਵੀ ਕਾਫ਼ੀ ਮਕਬੂਲ ਹੈ।
ਇਸ ਗੱਲ ਵਿੱਚ ਵੀ ਦੋ ਰਾਵਾਂ ਨਹੀਂ ਕਿ ਬਹੁਤ ਸਾਰੇ ਲੋਕ ਸੇਵਾ ਮੁਕਤੀ ਤੋਂ ਬਾਅਦ ਆਪਣਾ ਕੋਈ ਰੁਝੇਵਾਂ ਰੱਖਣਾ ਚਾਹੁੰਦੇ ਹਨ ਅਤੇ ਉਹ ਕਾਲਮ ਨਵੀਸੀ ਨੁੰ ਆਪਣਾ ਰੁਝੇਵਾਂ ਬਣਾ ਲੈਂਦੇ ਹਨ। ਪੰਜਾਬੀ ਪੱਤਰਕਾਰੀ ਵਿੱਚ ਵੀ ਅਜਿਹੇ ਕਾਲਮ ਨਵੀਸਾਂ ਦੀ ਕਾਫ਼ੀ ਗਿਣਤੀ ਹੈ। ਅਧਿਆਪਨ ਦਾ ਕਿੱਤਾ ਪੜ੍ਹਨ-ਪੜਾਉਣ ਦਾ ਕਿੱਤਾ ਹੁੰਦਾ ਹੈ ਅਤੇ ਬਹੁਤ ਸਾਰੇ ਸੇਵਾ ਮੁਕਤ ਅਧਿਆਪਕ ਆਪਣੇ ਤਜਰਬੇ ਦਾ ਲਾਹਾ ਲੈ ਕੇ ਲਿਖਣ ਵਾਲੇ ਪਾਸੇ ਆਉਂਦੇ ਹਨ, ਜਿਸਦਾ ਪੇਸ਼ੇ ਨੂੰ ਵੀ ਬਹੁਤ ਲਾਭ ਹੁੰਦਾ ਹੈ ਅਤੇ ਸਮਾਜ ਨੂੰ ਵੀ।
ਗੁਰਮੀਤ ਪਲਾਹੀ ਵੀ ਅਜਿਹੇ ਲੇਖਕਾਂ ਵਿੱਚੋਂ ਹੈ, ਜਿਹਨਾਂ ਨੇ ਅਧਿਆਪਨ ਤੋਂ ਬਾਅਦ ਕਾਲਮ ਨਵੀਸੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਪੰਜਾਬ ਨੂੰ ਦਰਪੇਸ਼ ਮਸਲਿਆਂ ‘ਤੇ ਬਹੁਤ ਬੇਬਾਕ ਹੋ ਕੇ ਲਿਖਿਆ ਹੈ। ਗੁਰਮੀਤ ਪਲਾਹੀ ਦੇ ਮਨ ਦਾ ਹੀ ਫ਼ੁਰਨਾ ਹੈ ਕਿ ਅਖਬਾਰਾਂ ਨੂੰ ਲੋਕ ਕਾਲਮਾਂ ਕਰਕੇ ਹੀ ਪੜ੍ਹਦੇ ਹਨ। ਖਬਰਾਂ ਤਾਂ ਸਾਰੇ ਅਖਬਾਰਾਂ ਵਿੱਚੋਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਪਾਠਕ ਖਬਰਾਂ ਅਤੇ ਹੋਰ ਮਸਲਿਆਂ ‘ਤੇ ਨਿਰਪੱਖ ਅਤੇ ਸਹੀ ਸੋਚ ਵਾਲੀਆਂ ਟਿੱਪਣੀਆਂ ਅਤੇ ਲਿਖਤਾਂ ਪੜ੍ਹਨ ਦੇ ਚਾਹਵਾਨ ਹੁੰਦੇ ਹਨ। ਪਾਠਕਾਂ ਦੀ ਦਿਲਚਸਪੀ ਖਬਰਾਂ ਪਿੱਛੇ ਲੁਕੇ ਹੋਏ ਤੱਕਾਂ ਦੀ ਵਿਆਖਿਆ ਜਾਨਣ ਵਿੱਚ ਹੁੰਦੀ ਹੈ ਅਤੇ ਪਾਠਕਾਂ ਦੀ ਉਸ ਭੁੱਖ ਨੂੰ ਕਾਲਮ ਨਵੀਸ ਪੂਰੀ ਕਰਦਾ ਹੈ। ਨਤੀਜੇ ਵਜੋਂ ਉਸਦਾ ਰੁਤਬਾ ਆਮ ਪੱਤਰਕਾਰ ਨਾਲੋਂ ਜ਼ਿਆਦਾ ਅਹਿਮ ਹੁੰਦਾ ਹੈ। ਅੱਜ ਦੀ ਪੱਤਰਕਾਰੀ ਵਿੱਚ ਉਸਨੂੰ ਬਣਦਾ ਸਥਾਨ ਨਹੀਂ ਮਿਲਦਾ। ਇਸ ਪੱਖੋਂ ਗੁਰਮੀਤ ਪਲਾਹੀ ਨੇ ਝੰਡਾ ਚੁੱਕਿਆ ਹੈ ਅਤੇ ‘ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ’ ਰਜਿਸਟਰ ਕਰਵਾ ਕੇ ਕਾਲਮ ਲਿਖਣ ਵਾਲਿਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ।
ਗੁਰਮੀਤ ਪਲਾਹੀ ਨੇ ਦੱਸਿਆ ਕਿ ਪਹਿਲੀਆਂ ਦੋ ਮੀਟਿੰਗਾਂ ਦੀ ਭਰਵੀਂ ਹਾਜ਼ਰੀ ਇਹ ਦਰਸਾਉਣ ਲਈ ਕਾਫ਼ੀ ਹੈ ਕਿ ਉਸ ਦੇ ਇਸ ਵਿੱਚਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਗੁਰਮੀਤ ਪਲਾਹੀ ਦੇ ਇਸ ਕੰਮ ਵਿੱਚ ਲੰਡਨ ਵਿੱਚ ਬੈਠਾ ਹੋਇਆ ਨਰਪਾਲ ਸਿੰਘ ਸ਼ੇਰਗਿੱਲ ਪੂਰੀ ਦਿਲਚਸਪੀ ਲੈ ਰਿਹਾ ਹੈ। ਇਸ ਨਵੇਂ ਬਦੇ ਮੰਚ ਦੀ ਮੰਗ ਹੈ ਕਿ ਸਰਕਾਰ ਕਾਲਮ ਨਵੀਸਾਂ ਨੂੰ ਵੀ ਪੱਤਰਕਾਰਾਂ ਵਾਂਗ ਮਾਨਤਾ ਦੇਵੇ ਅਤੇ ਉਹ ਸਾਰੀਆਂ ਸਹੂਲਤਾਂ ਕਾਲਮ ਨਵੀਸਾਂ ਨੁੰ ਵੀ ਮਿਲਣ ਜੋ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਮਿਲਦੀਆਂ ਹਨ। ਪੰਜਾਬੀ ਕਾਲਮ ਨਵੀਸ ਮੰਚ ਦੀ ਇਹ ਵੀ ਮੰਗ ਹੈ ਕਿ ਜੋ ਮਾਣ ਸਨਮਾਨ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਜਾਂਦੇ ਹਨ, ਉਹਨਾਂ ਵਿੱਚ ਕਾਲਮ ਨਵੀਸਾਂ ਨੂੰ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਮੰਚ ਹਰ ਵਰ੍ਹੇ ਇੱਕ ਸਮਾਗਮ ਦੌਰਾਨ ਤਿੰਨ ਕਾਲਮ ਨਵੀਸਾਂ ਨੂੰ ਸਨਮਾਨਿਤ ਕਰਿਆ ਕਰੇਗਾ। ਮੰਚ ਵੱਲੋਂ ਹਰ ਵਰ੍ਹੇ ਇੱਕ ਵੱਡੀ ਕਾਨਫ਼ਰੰਸ ਆਯੋਜਿਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਕਾਲਮ ਨਵੀਸ ਚਾਹੁੰਦੇ ਹਨ ਕਿ ਪੰਜਾਬ ਨੂੰ ਦਰਪੇਸ਼ ਮਸਲਿਆਂ ਦੇ ਸਮਾਧਾਨ ਲਈ ਨਿੱਠ ਕੇ ਵਿੱਚਾਰਾਂ ਕੀਤੀਆਂ ਜਾਣ।
ਮੈਨੂੰ ਇਸ ਮੰਚ ਦੇ ਗਠਨ ਬਾਰੇ ਗੁਰਮੀਤ ਪਲਾਹੀ ਤੋਂ ਇਲਾਵਾ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਵੀ ਦੰਸਿਆ ਸੀ। ਮੈਂ ਦੋਵਾਂ ਮਿੱਤਰਾਂ ਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾਉਂਦਾ ਹਾਂ। ਮੈਨੂੰ ਲੱਗਦਾ ਹੈ ਕਿ ਇਹ ਉਦਮ ਸ਼ਲਾਘਾਯੋਗ ਵੀ ਹੈ ਅਤੇ ਸਮੇਂ ਦੀ ਜ਼ਰੂਰਤ ਅਨੁਸਾਰ ਵੀ।