ਸੁਚੱਜੀ ਨੂੰਹ – ਇਕਵਾਕ ਸਿੰਘ ਪੱਟੀ

0
735

ਹਰਨੂਰ ਨੂੰ ਅੱਜ ਆਪਣੇ ਪਾਪਾ ਦੇ ਪੁਰਾਣੇ ਅਤੇ ਖਾਸ ਮਿੱਤਰ ਸ. ਸੁਰਜੀਤ ਸਿੰਘ ਦੇ ਘਰ ਗਿਆ ਨੂੰ ਤਿੰਨ ਦਿਨ ਹੋ ਗਏ ਸਨ ਅਤੇ ਅੱਜ ਉਸਦੀ ਆਪਣੇ ਘਰ ਵਾਪਸੀ ਸੀ । ਪਿਛਲੇ ਗੁਜਰੇ ਤਿੰਨ ਦਿਨ ਉਸਦੀ ਜਿੰਦਗੀ ਦੇ ਕਦੇ ਨਾ ਭੁਲਣ ਵਾਲੇ ਪਲਾਂ ਵੱਜੋਂ ਆਪਣੀ ਛਾਪ ਹਰਨੂਰ ਦੇ ਦਿਲ ਉਂਤੇ ਛੱਡ ਗਏ ਸਨ । ਉਹ ਇੱਥੇ ਆਪਣੇ ਅੰਕਲ ਦੇ ਬੇਟੀ ਨਵਰੀਤ ਦੇ ਵਿਆਹ ਦੇ ਸਬੰਧ ਵਿੱਚ ਆਈ ਹੋਈ ਸੀ । ਅਤੇ ਕੱਲ੍ਹ ਉਸਦੀ ਡੋਲੀ ਘਰੋਂ ਉਠ ਗਈ ਸੀ । ਵਿਆਹੁਣ ਵਾਲੇ ਪੰਜਾਬ ਤੋਂ ਦੂਰ ਰਾਜਸਥਾਨ ਦੇ ਕਿਸੇ ਵੱਡੇ ਸ਼ਹਿਰ ਵਿੱਚੋਂ ਆਏ ਸਨ ।

ਇਸ ਵਿਆਹ ਦੌਰਾਨ ਹਰਨੂਰ ਨੇ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਸੁਪਨਿਆਂ, ਇੱਛਾਵਾਂ, ਚਾਵ੍ਹਾਂ ਨੂੰ ਜਨਮ ਦੇ ਦਿੱਤਾ ਸੀ । ਹਰਨੂਰ ਜਲੰਧਰ ਦੀ ਰਹਿਣ ਵਾਲੀ ਸੀ । ਉਸਦੇ ਪਾਪਾ ਦਾ ਆਪਣਾ ਛੋਟਾ ਜਿਹਾ ਹੋਲਸੇਲ ਦੇ ਬਿਜ਼ਨਸ ਸੀ ਅਤੇ ਇੱਕ ਭਰਾ ਆਪਣੀ ਪੜ੍ਹਾਈ ਤੋਂ ਬਾਅਦ ਆਪਣੇ ਪਾਪਾ  ਨਾਲ ਹੀ ਕੰਮ ਵਿੱਚ ਹੱਥ ਵਟਾਉਂਦਾ ਸੀ । ਹਰਨੂਰ ਆਪਣੇ ਮਾਤਾ-ਪਿਤਾ ਦੀ ਲਾਡਲੀ ਧੀ ਸੀ । ਮਾਂ ਨੇ ਉਸਨੂੰ ਘਰ ਦੇ ਹਰ ਕੰਮ ਵਿੱਚ ਨਿਪੁੰਨ ਕੀਤਾ ਹੋਇਆ ਸੀ ਅਤੇ ਪੜ੍ਹਾਈ ਦੌਰਾਨ ਭਾਵੇਂ ਸਕੂਲ ਟਾਈਮ ਸੀ ਜਾਂ ਫਿਰ ਕਾਲਜ ਉਹ ਹਮੇਸ਼ਾਂ ਅਵੱਲ ਹੀ ਰਹੀ ਸੀ, ਜਿਸਦਾ ਕਿ ਉਸਦੇ ਘਰ ਪਰਿਵਾਰ ਨੂੰ ਮਾਣ ਸੀ । ਇਹ ਬਹੁਤ ਹੀ ਸ਼ਹਿਨਸ਼ੀਲ ਕੁੜੀ ਸੀ । ਹੱਸੂੰ-ਹੱਸੂੰ ਕਰਦਾ ਚਿਹਰਾ, ਗੋਰਾ ਰੰਗਾ, ਲੰਬੇ ਵਾਲ, ਸਰੂ ਜਿਹੇ ਕੱਦ ਦੀ, ਸੋਹਣੇ ਨੈਣ-ਨਕਸ਼ਾਂ ਵਾਲੀ ਇਸ ਕੁੜੀ ਨੂੰ ਸੱਭ ਦੇ ਦਿਲਾਂ ਤੇ ਰਾਜ ਕਰਨਾ ਆਉਂਦਾ ਸੀ । ਸਿਲਾਈ ਕਢਾਈ ਦਾ ਕੋਰਸ ਕਰਨ ਦੇ ਨਾਲ ਕੰਪਿਊਟਰ ਦਾ ਵੀ ਡਿਪਲੋਮਾ ਕੀਤਾ ਹੋਇਆ ਸੀ ਅਤੇ ਪੇਂਟਿਗ ਦੀ ਕਲਾ ਆਪਣੀ ਇੱਕ ਖਾਸ ਸਹੇਲੀ ਕੋਲੋਂ ਸਿੱਖੀ ਹੋਈ ਸੀ ।

ਇਸ਼ਕ ਮਿਜਾਜੀ ਦੇ ਚੱਕਰਾਂ ਤੋਂ ਦੂਰ ਆਪਣੇ ਬਾਬੁਲ ਦੀ ਪੱਗ ਨੂੰ ਪਿਆਰ ਕਰਨ ਅਤੇ ਪਹਿਲ ਦੇਣ ਵਾਲੀ ਹਰਨੂਰ ਨੇ ਕਦੇ ਵੀ ਕਿਸੇ ਦਾ ਦਿਲ ਨਹੀਂ ਸੀ  ਦੁਖਾਇਆ ਅਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਸੀ । ਪਰ ਨਵਰੀਤ ਦੇ ਵਿਆਹ ਵਿੱਚ ਬਰਾਤੀਆਂ ਵਿੱਚ ਆਏ ਲਾੜੇ ਦੇ ਇੱਕ ਖਾਸ ਦੋਸਤ ਗੁਰਬੀਰ ਵੱਲ ਕੁੱਝ ਖਾਸ ਝੁਕਾਅ ਜਿਹਾ ਹੋ ਗਿਆ । ਗੁਰਬੀਰ ਇੱਕ ਅਮੀਰ ਘਰ/ਖਾਨਦਾਨ ਦਾ ਮੁੰਡਾ ਸੀ । ਉਸਨੇ ਆਪਣੀ ਇੰਨਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਅਤੇ ਵਧੀਆ ਨੌਕਰੀ ਤੇ ਲਗਾ ਹੋਇਆ ਸੀ । ਤਿੰਨ ਦਿਨ ਇਹ ਅੱਖ-ਮਟੱਕਾ ਹੁੰਦਾ ਰਿਹਾ । ਅਤੇ ਅੱਖਾਂ ਰਾਹੀਂ ਹੀ ਸਾਰੀਆਂ ਗੱਲਾਂ ਹੁੰਦੀਆਂ ਰਾਹੀਆਂ ਜੋ ਸਿੱਧੀਆਂ ਦਿੱਲ ਵਿੱਚ ਉਤਰਦੀਆਂ ਗਈਆਂ ਅਤੇ ਕਈ ਤਰ੍ਹਾਂ ਦੇ ਕੌਲ ਕਰਾਰ ਹੋ ਗਏ ‘ਤੇ ਜਾਂਦੀ ਵਾਰ ਆਪਣਾ ਮੋਬਾਇਲ ਨੰਬਰ ਦੇ ਗਿਆ ।

ਘਰ ਆ ਕੇ ਹਰਨੂਰ ਨੇ ਆਪਣੇ ਦਿਲ ਦੀ ਸਾਰੀ ਗੱਲ ਆਪਣੀ ਖਾਸ ਸਹੇਲੀ ਮਨਮੀਤ ਨੂੰ ਦੱਸੀ ਅਤੇ ਦਿੱਤੇ ਹੋਏ ਮੋਬਾਇਲ ਨੰਬਰ ਦੱਸ ਦਿੱਤਾ । ਮਨਮੀਤ ਨੇ ਕਿਹਾ, ‘ਇੱਕ ਵਾਰ ਫਿਰ ਸੋਚ ਲੈ, ਅੱਜ ਕੱਲ੍ਹ ਦੇ ਮੁੰਡਿਆਂ ਦਾ ਕੋਈ ਭਰੋਸਾ ਨਹੀਂ, ਇੱਧਰ ਯਾਰੀ ਲਾਉਂਦੇ ਹਨ ਤੇ ਉਂਧਰ ਤੜੱਕ ਕਰਕੇ ਤੋੜ ਵੀ ਦਿੰਦੇ ਨੇ । ਹੀਰ-ਰਾਂਝੇ, ਸੱਸੀ-ਪੰਨੂ, ਮਿਰਜ਼ਾ ਸਾਹਿਬਾਂ ਦੀਆਂ ਗੱਲਾਂ ਅੱਜ ਦੇ ਸਮੇਂ ਵਿੱਚ ਸਿਰਫ ਕਿਤਾਬੀ ਗੱਲਾਂ ਬਣ ਕੇ ਰਹਿ ਗਈਆਂ ਹਨ।’

ਹਰਨੂਰ ਬੋਲੀ, ‘ਨਹੀਂ ਮਨਮੀਤ. ਮੈਂ ਗੁਰਬੀਰ ਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਹੈ, ਉਸਦੀਆਂ ਅਂਖਾਂ ਨੂੰ ਪੜ੍ਹਿਆ ਹੈ, ਉਹ ਧੋਖੇਬਾਜ਼ ਨਹੀਂ ਹੋ ਸਕਦਾ । ਉਹ ਬਹੁਤ ਹੀ ਚੰਗੇ ਖਾਨਦਾਨ ਨਾਲ ਸਬੰਧ ਰੱਖਦਾ ਹੈ, ਪੜ੍ਹਿਆ ਲਿਖਿਆ, ਸਮਝਦਾਰ ਇਨਸਾਨ ਹੈ । ਉਹ ਅਜਿਹਾ ਨਹੀਂ ਕਰ ਸਕਦਾ । ਉਹ ਵੀ ਤਾਂ ਮੇਰੇ ਲਈ ਕਮਲਾ ਹੋਈ ਫਿਰਦਾ ਹੈ । ਉਹ ਜਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦਾ । ਉਹ ਇੱਕ ਸੁਲਝਿਆ ਇਨਸਾਨ ਲੱਗਦਾ ਹੈ।’

ਮਨਮੀਤ ਬੋਲੀ, ‘ਓ.ਕੇ. ਮਾਈ ਡੀਅਰ ਨੂਰ ਜੀ, ਹੁਣ ਉਸਦਾ ਨੰਬਰ ਤੁਸੀਂ ਘੁਮਾਉਗੇ ਜਾਂ ਫਿਰ ਮੈਂ ਡਾਇਲ ਕਰਾਂ?’

ਦੋਵੇਂ ਹੱਸਦੀਆਂ ਹੋਈਆਂ ਨੇ ਗੁਰਬੀਰ ਨੂੰ ਫੋਨ ਲਗਾ ਦਿੱਤਾ ਅਤੇ ਹਰਨੂਰ ਨੇ ਗੁਰਬੀਰ ਨਾਲ ਗੱਲ ਕੀਤੀ । ਗੁਰਬੀਰ ਵੀ ਜਿਵੇਂ ਹਰਨੂਰ ਦੇ ਫੋਨ ਦਾ ਇੰਤਜ਼ਾਰ ਕਰ ਰਿਹਾ ਸੀ । ਦੋਨੋਂ ਬੜੀ ਹੀ ਖੁਸ਼ੀ ਨਾਲ ਇੱਕ ਦੂਜੇ ਨੂੰ ਅਦਾਬ ਸਲਾਮ ਕਰਨ ਤੋਂ ਬਾਅਦ ਨਵਰੀਤ ਦੇ ਵਿਆਹ ਦੀਆਂ ਕੁੱਝ ਗੱਲਾਂ ਕਰਨ ਉਪਰੰਤ ਕੁੱਝ ਨਿੱਜੀ ਗੱਲਾਂ ਕੀਤੀਆਂ ਤੇ ਫੋਨ ਕੱਟ ਦਿੱਤਾ ।

ਫੋਨ ‘ਤੇ ਹੋਣ ਵਾਲੀਆਂ ਇਹਨਾਂ ਗੱਲਾਂ ਵਿੱਚ ਬੇਸ਼ੁਮਾਰ ਵਾਧਾ ਹੋਇਆ । ਇਸੇ ਤਰ੍ਹਾਂ ਛੇ ਮਹੀਨੇ ਤੇ ਫਿਰ ਇੱਕ ਸਾਲ ਬੀਤ ਗਿਆ । ਗੁਰਬੀਰ ਨੇ ਦੱਸਿਆ ਕੇ ਉਸਦੇ ਘਰ ਹੁਣ ਉਸਦੀ ਵਿਆਹ ਦੀ ਗੱਲ ਚੱਲ ਰਹੀ ਹੈ ਤੇ ਕੋਈ ਲੜਕੀ ਦੀ ਤਾਲਾਸ਼ ਹੋ ਰਹੀ ਹੈ, ਇਹ ਸਹੀ ਸਮਾਂ ਹੈ ਕਿ ਆਪਾਂ ਆਪਣੇ ਘਰਦਿਆਂ ਨਾਲ ਇੱਕ ਦੂਜੇ ਬਾਰੇ ਗੱਲ ਕਰੀਏ ਤੇ ਉਹਨਾਂ ਦੀ ਤਾਲਾਸ਼ ਨੂੰ ਖਤਮ ਕਰੀਏ, ਮੁਸਕਰਾਉਂਦਿਆ ਹੋਇਆਂ ਗੁਰਬੀਰ ਨੇ ਕਿਹਾ ।

‘ਹਾਂ! ਮੈਂ ਘਰ ਗੱਲ ਕਰਾਂਗੀ ।’ ਕਹਿ ਕੇ ਹਰਨੂਰ ਨੇ ਫੋਨ ਕੱਟ ਦਿੱਤਾ ।

ਘਰ ਆਉਂਦਿਆਂ ਨੇ ਹਰਨੂਰ ਨੇ ਪਹਿਲਾਂ ਆਪਣੇ ਮੰਮੀ ਜੀ ਨਾਲ ਸਾਰੀ ਗੱਲ ਕੀਤੀ ਅਤੇ ਗੁਰਬੀਰ ਬਾਰੇ ਸੱਭ ਕੁੱਝ ਸੱਚੋ-ਸੱਚ ਦੱਸ ਦਿੱਤਾ । ਉਸਦੇ ਪਰਿਵਾਰ, ਉਸਦੀ ਪੜ੍ਹਾਈ-ਲਿਖਾਈ ਅਤੇ ਕਾਰੋਬਾਰ ਬਾਰੇ । ਪਰ ਹਰਨੂਰ ਦੀ ਮੰਮੀ ਨੇ ਜ਼ਰਾਂ ਸ਼ੰਕੇ ਜਿਹੇ ਵਿੱਚ ਪੈਂਦਿਆਂ ਕਿਹਾ ਕਿ. ‘ਉਹਨਾਂ ਨੂੰ ਆਪਣੀ ਹੈਸੀਅਤ ਬਾਰੇ ਪਤਾ ਹੈ ?’ ਤਾਂ ਹਰਨੂਰ ਜ਼ਰਾ ਨਾਰਾਜ਼ ਜਿਹਾ ਹੁੰਦੇ ਬੋਲੀ, ‘ਮੰਮੀ ਜੀ, ਤੁਸੀਂ ਵੀ ਨਾ ਕਮਾਲ ਕਰਦੇ ਹੋ? ਉਹ ਬਹੁਤ ਹੀ ਪੜ੍ਹਿਆ ‐ਲਿਖਿਆ ਅਤੇ ਅਗਾਂਹਵਧੂ ਪਰਿਵਾਰ ਹੈ । ਸਮਾਜ ਦੇ ਇਸ ਊਚ-ਨੀਚ ਤੇ ਵਿਤਕਰੇ, ਜਾਤ-ਪਾਤ ਦੀ ਪੁਰਾਣੀ ਅਤੇ ਰੂੜੀਵਾਦੀ ਸੋਚ ਤੋਂ ਨਿਰਲੇਪ ਪਰਿਵਾਰ ਹੈ ।ਨਾਲੇ ਗੁਰਬੀਰ ਨੇ ਮੈਨੂੰ ਕਈ ਵਾਰ ਦੱਸਿਆ ਕਿ ਉਹਨਾਂ ਦਾ ਪਰਿਵਾਰ ਬਿਲਕੁੱਲ ਵੀ ਲਾਲਚੀ ਨਹੀਂ ਹੈ ਅਤੇ ਰੱਬ ਦਾ ਦਿੱਤਾ ਸੱਭ ਕੁੱਝ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਘਰ ਸੰਭਾਲਣ ਲਈ ਇੱਕ ਸੁਚੱਜੀ ਨੂੰਹ ਚਾਹੀਦੀ ਹੈ ਨਾ ਕਿ ਵਿਹਲੀਆਂ ਖਾਣ ਵਾਲੀ ਗਹਿਣੇ ਗੱਟੇ ਨਾਲ ਲੱਦੀ ਹੋਈ ਕੋਈ ਸ਼ੋਅ ਪੀਸ ਚ ਰੱਖਣ ਵਾਲੀ ਕੁੜੀ । ਨਾਲੇ ਮੰਮਾ ਜਿਸ ਗੱਲੋਂ ਤੁਸੀਂ ਡਰ ਰਹੇ ਹੋ ਨਾ ਦਾਜ ਦਹੇਜ ਤੋਂ, ਇੱਦਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਅਸੀਂ ਦੋਵੇ ਜੀਅ ਕਮਾ ਕੇ ਸੱਭ ਕੁੱਝ ਬਣਾ ਲਵਾਂਗੇ । ਤੇ ਇਹਨਾਂ ਗੱਲਾਂ ਨਾਲ ਗੁਰਬੀਰ ਵੀ ਸਹਿਮਤ ਹੈ ।’

‘ਪਰ, ਬੇਟਾ ਹਰਨੂਰ!’

‘ਨੋ ਮੰਮਾ ਕੋਈ ਪਰ ਪੁਰ ਨਹੀਂ, ਹੁਣ ਬੱਸ ਤੁਸੀਂ ਪਾਪਾ ਨਾਲ ਆਪਣੇ ਹਿਸਾਬ ਨਾਲ ਗੱਲ ਕਰ ਲੈਣਾ।’

‘ਓ.ਕੇ. ਬੇਟਾ, ਡੌਂਟ ਵਰੀ, ਅੱਜ ਸ਼ਾਮੀ ਨੂੰ ਹੀ ਗੱਲ ਕਰਾਂਗੀ । ਤੇਰੀ ਖੁਸ਼ੀ ਚਾਹੀਦੀ ਹੈ ਸਾਨੂੰ ਬੱਸ।’

ਜੱਦ ਸ਼ਾਮੀਂ ਹਰਨੂਰ ਦੇ ਪਾਪਾ ਘਰ ਆਏ ਤਾਂ ਹਰਨੂਰ ਵਾਲੀ ਸਾਰੀ ਗੱਲ ਉਹਨਾਂ ਨਾਲ ਸ਼ੇਅਰ ਹੋਈ । ਉਹਨਾਂ ਨੇ ਕਿਹਾ ਅੱਜ ਕੱਲ ਬੱਚੇ ਪੜ੍ਹੇ ਲਿਖੇ ਹਨ, ਆਪਣਾ ਚੰਗਾ ਬੁਰਾ ਸਮਝਦੇ ਹਨ। ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਪਹਿਲਾਂ ਸੁਰਜੀਤ ਸਿੰਘ ਨਾਲ ਗੱਲ ਕਰ ਲਈਏ, ਉਹ ਸਿਆਣਾ ਹੈ ਤੇ ਹੁਣ ਤਾਂ ਉਸਦੇ ਕੁੜਮ ਵੀ ਉਸੇ ਸ਼ਹਿਰ ਦੇ ਹਨ, ਨਾਲੇ ਬੰਦਿਆਂ ਬਾਰੇ ਪਤਾ ਲੱਗ ਜਾਵੇਗਾ ਕਿ ਉਹ ਕਿੱਦਾਂ ਦੇ ਹਨ, ਨਾਲੇ ਜਾਂਚ ਪਰਖ ਹੋ ਜਾਵੇਗੀ ।’ ਹਰਨੂਰ ਇਹ ਸੱਭ ਕੁੱਝ ਕੰਧ ਓਹਲੇ ਹੋ ਕੇ ਸੁਣ ਰਹੀ ਸੀ ਤੇ ਪਾਪਾ ਦੇ ਗੱਲ ਖਤਮ ਕਰਦਿਆਂ ਹੀ, ਪਾਪਾ ਦੇ ਗੱਲ ਲੱਗ ਕੇ ਬੋਲੀ, ‘ਸੋ ਨਾਈਸ ਆਫ ਯੂ ਪਾਪਾ, ਥੈਂਕਸ ਯੂ ਸੋ ਮੱਚ, ਆਈ ਲਵ ਯੂ ਪਾਪਾ।’

ਤਾਂ ਪਾਪਾ ਨੇ ਕਿਹਾ ਕਿ ਉਹ ਕੱਲ ਸਵੇਰੇ ਹੀ ਸੁਰਜੀਤ ਨੂੰ ਫੋਨ ਕਰਨਗੇ ਅਤੇ ਸਾਰੀ ਗੱਲਬਾਤ ਹੋਣ ਉਪਰੰਤ ਪਹਿਲਾਂ ਆਪ ਗੁਰਬੀਰ ਦੇ ਘਰ ਰਾਜਸਥਾਨ ਜਾਣਗੇ ।

ਅਗਲੇ ਦਿਨ ਸੁਰਜੀਤ ਸਿੰਘ ਨਾਲ ਗੱਲ ਹੋਈ ਤੇ ਦੋ ਦਿਨ ਬਾਅਦ ਰਾਜਸਥਾਨ ਜਾਣ ਦਾ ਪ੍ਰੋਗਰਾਮ ਬਣ ਗਿਆ । ਸਾਰੇ ਬਹੁਤ ਖੁਸ਼ ਸਨ ।  ਦੋ ਦਿਨਾਂ ਬਾਅਦ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਰਾਜਤਸ਼ਾਨ ਆਪਣੇ ਕੁੜਮਾਂ ਨਾਲ ਗੱਲ ਕੀਤੀ ਸੀ, ਉਹਨਾਂ ਨੇ ਦੱਸਿਆ ਹੈ ਕਿ ਮੁੰਡਾ ਪਰਿਵਾਰ ਬਹੁਤ ਚੰਗਾ ਅਤੇ ਉਂਚਾ ਖਾਨਦਾਨ ਹੈ । ਇਲਾਕੇ ਵਿੱਚ ਉਹਨਾਂ ਦਾ ਚੰਗਾ ਨਾਮ ਹੈ । ਉਹਨਾਂ ਨੇ ਵੀ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ ਹੈ ਹੁਣ ਬੱਸ ਆਪਾਂ ਜਾ ਕੇ ਗੱਲ ਹੀ ਕਰਨੀ ਹੈ ।

ਲੰਮੇ ਸਫਰ ਤੋਂ ਬਾਅਦ ਰਾਤ ਸਮੇਂ ਹਰਨੂਰ ਦੇ ਪਾਪਾ ਅਤੇ ਸੁਰਜੀਤ ਅੰਕਲ ਰਾਜਸਥਾਨ ਸੁਰਜੀਤ ਦੇ ਕੁੜਮਾਂ ਦੇ ਘਰ ਪੁੱਜ ਗਏ । ਅਗਲੀ ਸਵੇਰ ਗੁਰਬੀਰ ਦੇ ਘਰ ਜਾ ਕੇ ਸਾਰੀ ਗੱਲਬਾਤ ਸ. ਸੁਰਜੀਤ ਸਿੰਘ ਹੁਰਾਂ ਨੇ ਕੀਤੀ ਅਤੇ ਲੜਕੇ ਪਰਿਵਾਰ ਨੇ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਈ । ਗੁਰਬੀਰ ਦੇ ਪਿਤਾ ਨੇ ਖੁਸ਼ੀ ਮਨਾਉਂਦਿਆਂ ਸੁਰਜੀਤ ਸਿੰਘ ਅਤੇ ਹਰਗੁਨ ਦੇ ਪਾਪਾ ਨੂੰ ਕਿਹਾ ਕਿ, ‘ਜੇਕਰ ਇਹੋ ਜਿਹੀ ਸਿਆਣੀ, ਸਮਝਦਾਰ, ਸਹਿਣਸ਼ੀਲ ਅਤੇ ਪੜ੍ਹੀ-ਲਿਖੀ ਕੁੜੀ ਸਾਡੇ ਬੇਟੇ ਗੁਰਬੀਰ ਲਈ ਤੁਹਾਡੇ ਕੋਲ ਹੈ ਤਾਂ ਅਸੀਂ ਉਸਨੂੰ ਨੂੰਹ ਨਹੀਂ, ਧੀ ਬਣਾ ਕੇ ਲਿਆਵਾਂਗੇ ।’ ਸਾਰਿਆਂ ਨੇ ਮੁਸਕਰਾਉਂਦਿਆਂ ਹੋਇਆਂ ਸਹਿਮਤੀ ਦਿੱਤੀ ਤਾਂ ਗੁਰਬੀਰ ਦੇ ਪਿਉ ਨੇ ਗੁਰਬੀਰ ਦੀ ਮਾਂ ਵੱਲ ਮਠਿਆਈ ਦੀ ਪਲੇਟ ਵਧਾਉਂਦਿਆਂ ਕਿਹਾ, ਲੈ ਹਰਬੰਸ ਕੌਰ, ਤੂੰ ਹਮੇਸ਼ਾਂ ਕਹਿੰਦੀ ਸੀ ਕਿ ਮੇਰੇ ਗੁਰਬੀਰ ਵਾਸਤੇ ਸੋਹਣੀ ਜਿਹੀ ਕੁੜੀ ਤੇ ਸੁੱਚਜੀ ਨੂੰਹ ਚਾਹੀਦੀ ਹੈ, ਐਹ ਲੈ, ਮੂੰਹ ਮਿੱਠਾ ਕਰ ਤੇ ਉਸਦੇ ਆਉਣ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ।’

ਇਸ ਤਰ੍ਹਾਂ ਵਿਧਾਈ ਲੈ ਕੇ ਹਰਨੂਰ ਦੇ ਪਾਪਾ ਅਤੇ ਦੋਸਤ ਸ. ਸੁਰਜੀਤ ਸਿੰਘ ਨੇ ਵਿਧਾਈ ਲਈ ਤੇ ਫਿਰ ਖੁਸ਼ੀ ਖੁਸ਼ੀ ਉਹਨਾਂ ਨੂੰ ਪੰਜਾਬ ਲਈ ਵਿਦਾ ਕੀਤਾ ।

ਉਂਧਰ ਹਰਬੰਸ ਕੌਰ ਨੇ ਪ੍ਰਹੁਣਿਆਂ ਦੇ ਜਾਂਦਿਆਂ ਹੀ, ਗੁਰਬੀਰ ਦੇ ਬਾਪ ਦੀ ਕਲਾਸ ਲਗਾ ਦਿੱਤੀ। “ਤੁਹਾਨੂੰ ਕੁੱਝ ਪਤਾ ਵੀ ਹੈ? ਰਿਸ਼ਤੇ ਕਿਵੇਂ ਕਰੀਦੇ ਹਨ? ਨਾ ਕੁੜੀ ਦਾ ਘਰ-ਬਾਹਰ ਦੇਖਿਆ ਨਾ ਕੁੜੀ ਬੱਸ ਹਾਂ ਕਰ ਦਿੱਤੀ । ਨਾ ਕੁੱਝ ਮੁੰਡੇ ਨੂੰ ਪੁਛਿਆ?”

ਗੁਰਬੀਰ ਦਾ ਬਾਪ ਪ੍ਰਗਟ ਸਿੰਘ ਬੋਲਿਆ, “ਭਾਗਵਾਨੇ! ਉਹਨਾਂ ਦੱਸਿਆ ਹੈ ਕਿ ਮੁੰਡਾ ਕੁੜੀ ਇੱਕ ਦੂਜੇ ਨੂੰ ਪਹਿਲਾਂ ਵੀ ਜਾਣਦੇ ਹਨ ਤੇ ਜਦ ਸੁਰਜੀਤ ਦੀ ਕੁੜੀ ਵਿਆਹੁਣ ਗਏ ਸਾਂ ਤਾਂ ਇਹਨਾਂ ਦੋਹਾਂ ਦੀ ਗਿਟਮਿੱਟ ਤੇ ਮੈਨੂੰ ਉਦੋਂ ਹੀ ਸ਼ੱਕ ਸੀ, ਪਰ ਮੈਂ ਬੋਲਿਆ ਕੁੱਝ ਨਹੀਂ, ਕਿ ਐਨਾ ਤਾਂ ਅੱਜ ਕੱਲ ਆਮ ਚੱਲਦਾ ਹੀ ਹੈ । ਹੁਣ ਆਪਣੇ ਜ਼ਮਾਨੇ ਤਾਂ ਗਏ । ਕੁੜੀ ਦਾ ਘਰ ਬਾਹਰ ਦੇਖਣ ਦੀ ਗੱਲ, ਉਹ ਹਰਗੁਨ ਦੇ ਬਾਪ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਕੁੜੀ ਕਿਸ ਘਰ-ਬਾਹਰ ਵਿੱਚ ਰਹਿ ਕੇ ਵੱਡੀ ਹੋਈ ਹੋਵੇਗੀ ਤੇ ਪਲੀ ਹੋਵੇਗੀ ਤੇ ਕਿਤਨੀ ਲਿਆਕਤ ਉਸਨੂੰ ਹੋਵੇਗੀ । ਰਹੀ ਗੱਲ ਕੁੜੀ ਵੇਖਣ ਦੀ ਤਾਂ ਇਹ ਹਰਗੁਨ ਬੇਟੀ ਉਹੀ ਹੈ ਜਦ ਵਿਆਹ ਵਿੱਚ ਜਿਆਦਾ ਖਾ ਲੈਣ ਕਰਕੇ ਤੇਰੇ ਪੇਟ ਖਰਾਬ ਹੋ ਗਿਆ ਸੀ ਤੇ ਥਕਾਵਟ ਤੂੰ ਚੂਰ ਹੋਈ ਸੀ, ਤਾਂ ਤੈਨੂੰ ਦਵਾਈ, ਪਾਣੀ ਤੇ ਤੇਰਾ ਖਿਆਲ ਰੱਖਣ ਵਾਲੀ ਕੁੜੀ, ਹਰਗੁਣ ਹੀ ਹੈ।’

“ਅੱਛਾ! ਤਾਂ ਉਹ ਹੈ ਹਰਗੁਨ!! ਕੁੜੀ ਤਾਂ ਵਾਕੇਈ ਬੜੇ ਸਲੀਕੇ ਵਾਲੀ ਸੀ ਉਹ ਤਾਂ, ਪਰ… ਗੁਰਬੀਰ ਦੇ ਪਾਪਾ….??”

‘ਹੁਣ ਪਰ ਕੀ??’

‘ਉਹ ਮੈਨੂੰ ਬਾਹਲੇ ਤਕੜੇ ਜਿਹੇ ਬੰਦੇ ਨਹੀਂ ਲੱਗਦੇ, ਕੁੜੀ ਨੂੰ ਕੁੱਝ ਨਾ ਕੁੱਝ ਤਾਂ ਦੇਣਗੇ ਈ ਨਾ….?? ਆਪਣੀ ਕਿੰਨਾ ਨੱਕ ਹੈ ਮੁਹੱਲੇ ਅਤੇ ਰਿਸ਼ਤੇਦਾਰੀ ਵਿੱਚ.. ਪਰ…’

‘ਮੈਂ ਵੀ ਸੋਚ ਰਿਹਾ ਸੀ ਕਿ ਅਜੇ ਤੱਕ ਇਹ ਬੋਲੀ ਕਿਉਂ ਨਹੀਂ.. ਵੇਖ ਗੁਰਬੀਰ ਦੀ ਮਾਂ ! ਜਦ ਤੇਰਾ ਵਿਆਹ ਹੋਇਆ ਸੀ ਤਾਂ ਤੂੰ ਘਰੋਂ ਕੀ ਲੈ ਕੇ ਆਈ ਸੀ?? ਤੈਨੂੰ ਪਤਾ ਈ ਹੈ। ਆਪਾਂ ਵੀ ਤਾਂ ਮਿਹਨਤ ਨਾਲ ਸੱਭ ਕੁੱਝ ਬਣਾ ਹੀ ਲਿਆ। ਅੱਜਕਲ ਦੇ ਬੱਚੇ ਸਾਡੇ ਨਾਲੋਂ ਜਿਆਦਾ ਪੜ੍ਹੇ-ਲਿਖੇ ਤੇ ਸਿਆਣੇ ਨੇ, ਖੁੱਦ ਆਪਣਾ ਭਲਾ-ਬੁਰਾ ਵਿਚਾਰ ਕੇ ਜੀਅ ਸਕਦੇ ਨੇ। ਜੇ ਅਸੀਂ ਐਨਾ ਕੁੱਝ ਬਣਾ ਸਕਦੇ ਹਾਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਇਸਨੂੰ ਦੂਣਾ ਤੀਣਾ ਵੀ ਕਰ ਸਕਦੇ ਹਨ।’

ਬੱਸ ਜੀ! ਮੈਨੂੰ ਨਾ ਸਮਝਾਉ, ਉਦੋਂ ਸਮਾਂ ਹੋਰ ਸੀ । ਮੈਂ ਤਾਂ ਇਹੀ ਸੋਚਿਆ ਸੀ ਕਿ ਪੁੱਤ ਵਿਆਹਵਾਂਗੇ ਤੇ ਇੱਕ ਅਮੀਰ ਘਰ ਦੀ ਕੁੜੀ ਲਿਆਵਾਂਗੇ, ਜਿਹੜੀ ਇਸ ਘਰ ਦੀ ਹਰ ਖਾਲੀ ਨੁੱਕਰ ਨੂੰ ਭਰ ਦੇਵੇ, ਨਾਲੇ ਅਸੀਂ ਥੋੜਾ ਵਰਤਣਾ ਉਸਦੀਆਂ ਚੀਜ਼ਾਂ ਨੂੰ, ਮੈਨੂੰ ਤਾਂ ਬੱਸ ਇਹੋ ਜਿਹੀ ਸੁਚੱਜੀ ਨੂੰਹ ਹੀ ਚਾਹੀਦੀ ਹੈ..।’ ਕਹਿ ਕੇ ਹਰਬੰਸ ਕੌਰ ਉਂਠ ਕੇ ਚਲੀ ਗਈ ।

ਸ਼ਾਮਾਂ ਪਈਆਂ ਤਾਂ ਦਿਲੀਉਂ ਹਰਬੰਸ ਦੀ ਭੈਣ ਦਾ ਫੋਨ ਆਇਆ ਕਿ ਦਿੱਲੀ ਦੇ ਇੱਕ ਬਹੁਤ ਵੱਡੇ ਅਤੇ ਅਮੀਰ ਪਰਿਵਾਰ ਦੇ ਘਰੋਂ ਇੱਕ ਲੜਕੀ ਦੀ ਦੱਸ ਆਪਣੇ ਗੁਰਬੀਰ ਲਈ ਪਈ ਹੈ, ਜੇ ਹਾਂ ਕਰੇਂ ਤਾਂ ਮੈਂ ਗੱਲ ਤੋਰਾਂ? ਤਾਂ ਹਰਬੰਸ ਨੇ ਪਹਿਲਾਂ ਤਾਂ ਹਰਨੂਰ ਵਾਲੇ ਰਿਸ਼ਤੇ ਬਾਰੇ ਸਾਰੀ ਗੱਲ ਆਪਣੀ ਭੈਣ ਨੂੰ ਦੱਸੀ ਤੇ ਫਿਰ ਦਿੱਲੀ ਵਾਲੀ ਕੁੜੀ ਦੇ ਅਮੀਰਪੁਣੇ ਬਾਰੇ ਵੇਰਵੇ ਨਾਲ ਪੁਛਿਆ।

ਉਸਦੀ ਭੈਣ ਨੇ ਦੱਸਿਆ ਕਿ ਉਹ ਇੱਕ ਬਹੁਤ ਅਮੀਰ ਪਰਿਵਾਰ ਹੈ, ਕੁੜੀ ਪੜ੍ਹੀ ਲਿਖੀ ਤਾਂ ਘੱਟ ਹੀ ਹੈ ਤੇ ਨਾ ਹੀ ਕੋਈ ਕੰਮ ਕਾਰ ਆਉਂਦਾ ਹੈ, ਨਾਲੇ ਭਲਾ ਨੌਕਰਾਂ-ਚਾਕਰਾਂ ਦੇ ਹੁੰਦਿਆਂ ਉਸਨੂੰ ਕੋਈ ਕੰਮ ਕਰਨ ਦੀ ਕੀ ਲੋੜ ਹੈ? ਦਾਜ ਵਿੱਚ ਅਗਲੇ ਸਫਾਰੀ ਵਰਗੀ ਵੱਡੀ ਗੱਡੀ ਤੇ ਤੇ ਹਰ ਸ਼ਰਤ ਪੂਰੀ ਕਰਨ ਨੂੰ ਤਿਆਰ ਨੇ । ਕੁੜੀ ਤਾਂ ਅਗਲਿਆਂ ਨੇ ਘਰੋਂ ਹੀ ਸੋਨੇ ਨਾਲ ਲੱਦ ਕੇ ਤੋਰਨੀ ਹੈ ਵਿਆਹ ਵੀ ਰਾਜਿਆਂ-ਮਾਹਰਾਜਿਆਂ ਵਾਂਗ ਕਰਨਾ ਅਗਲਿਆਂ ਨੇ। ਜੇ ਕਹੇਂ ਤਾਂ ਹਾਂ ਕਰਾਂ? ਮੁੜ ਨਹੀਉ ਲੱਬਣੀ ਕਿਤੋਂ ਇਹੋ ਜਿਹੀ ਸੁਚੱਜੀ ਨੂੰਹ।”

ਹਰਬੰਸ ਕੌਰ ਕਹਿਣ ਲੱਗੀ ਤੁਸੀਂ ਹਾਂ ਕਰ ਦਿਉ ਕੰਮ ਕੁੜੀ ਨੂੰ ਨਹੀਂ ਆਉਂਦਾ ਤਾਂ ਆਪੇ ਆ ਜਾਵੇਗਾ, ਨਾਲੇ ਆਪਣੇ ਕਿਹੜਾ ਨੌਕਰਾਂ ਚਾਕਰਾਂ ਦੀ ਘਾਟ ਹੈ ਇੱਥੇ ਜੋ ਉਸਨੂੰ ਆਪਣੇ ਹੱਥ ਖਰਾਬ ਕਰਨੇ ਪੈਣ। ਗੁਰਬੀਰ ਦੇ ਪਾਪਾ ਨੂੰ ਮੈਂ ਆਪੇ ਸਮਝਾ ਲਵਾਂਗੀ ।

ਅਗਲੇ ਦਿਨ ਹੀ ਹਰਬੰਸ ਨੇ ਘਰ ਵਿੱਚ ਕਲੇਸ਼ ਪਾ ਕੇ, ਆਪਣੀ ਗੱਲ ਜ਼ਬਰੀਂ ਮਨਵਾ ਲਈ ਤੇ ਦਿੱਲੀ ਵਾਲੀ ਕੁੜੀ ਲਈ ‘ਹਾਂ’ ਮਨਵਾ ਲਈ । ਗੁਰਬੀਰ ਦੇ ਪਾਪਾ ਕਹਿਣ ਲੱਗੇ, ‘ਭਲੀਏ ਮਾਣਸੇ! ਦੱਸ ਹਰਨੂਰ ਨੂੰ ਕੀ ਜੁਆਬ ਦੇਵਾਂ?’ ਜੁਆਬ ਕੀ ਦੇਣਾ ਹੈ, ਕਹਿ ਦਿਉ ਬਾਕੀ ਸੱਭ ਤਾਂ ਠੀਕ ਹੈ ਪਰ ਕੁੜੀ ਦਾ ਕੱਦ ਜ਼ਰਾ ਮੁੰਡੇ ਨਾਲੋਂ ਛੋਟਾ ਹੈ, ਇਸ ਲਈ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਇਹ ਰਿਸ਼ਤਾ ਪਸੰਦ ਨਹੀਂ ਹੈ ।

ਜਦ ਇਸ ਗੱਲ ਦਾ ਪਤਾ ਹਰਨੂਰ ਦੇ ਪਰਿਵਾਰ ਨੂੰ ਲੱਗਾ ਤਾਂ ਉਹਨਾਂ ਨੂੰ ਬੜਾ ਧੱਕਾ ਲੱਗਾ, ਪਰ ਪ੍ਰਮਾਤਮਾ ਦਾ ਭਾਣਾ ਮੰਨਦਿਆਂ ਹਰਨੂਰ ਨੂੰ ਸਮਝਾਇਆ ਕਿ ਬੇਟਾ! ਉਸ ਪਰਿਵਾਰ ਨੂੰ ਭੁੱਲ ਜਾਵੋ, ਜੋ ਵਿਆਹ ਤੋਂ ਪਹਿਲਾਂ ਹੀ ਇੰਨੇ ਲਾਲਚੀ ਹਨ ਤਾਂ ਜੇ ਵਿਆਹ ਹੋ ਜਾਂਦਾ ਤਾਂ ਤੇਰੇ ਨਾਲ ਪਤਾ ਨਹੀਂ ਕੀ ਕੁੱਝ ਕਰਦੇ । ਹਰਨੂਰ ਨੇ ਝੱਟ ਗੱਲ ਸਮਝ ਲਈ ਕਿ ਗੁਰਬੀਰ ਤਾਂ ਠੀਕ ਸੀ, ਪਰ ਉਸਦੀ ਮਾਂ ਨੂੰ ਕਿਹੜੀ ਸੁਚੱਜੀ ਨੂੰਹ ਚਾਹੀਦੀ ਸੀ ।

ਸ਼ਾਮਾਂ ਪਈਆਂ ਤਾਂ ਗੁਰਬੀਰ ਦਾ ਫੋਨ ਆ ਗਿਆ ਤੇ ਹਰਨੂਰ ਨੂੰ ਕਹਿਣ ਲੱਗਾ ਕਿ ਮੇਰਾ ਪਿਆਰ ਮੇਰੀ ਮਾਂ ਦੀ ਜਿੱਦ ਅੱਗੇ ਮਜਬੂਰ ਹੋ ਗਿਆ ਹੈ, ਹੋ ਸਕੇ ਤਾਂ ਮੁਆਫ ਕਰ ਦੇਵੀਂ ।

ਇਕਵਾਕ ਸਿੰਘ ਪੱਟੀ 
9815024920