ਬਹੁਤ ਬੁਰਾ ਹੈ ਮੌਤਾਂ ਬਾਰੇ ਸੰਵੇਦਨਾ ਅਤੇ ਜਿੰਦਾ ਰਹਿਣ ਦੀ ਇੱਛਾ ਦਾ ਮਰ ਜਾਣਾ

0
60
ਜਤਿੰਦਰ ਪਨੂੰ

ਟੈਲੀਵੀਜ਼ਨ ਸਕਰੀਨਾਂ ਉੱਤੇ ਖਬਰਾਂ ਦੇ ਸਿਰਲੇਖ ਦੌੜਦੇ ਜਾ ਰਹੇ ਹਨ। ਕੋਰੋਨਾ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਖਬਰਾਂ ਮੁੱਕ ਨਹੀਂ ਰਹੀਆਂ, ਪਰ ਲੋਕਾਂ ਦਾ ਇਨ੍ਹਾਂ ਵੱਲ ਧਿਆਨ ਨਹੀਂ। ਖਬਰਾਂ ਦਾ ਸਾਰ ਇਹ ਹੈ ਕਿ ਫਲਾਣੇ ਥਾਂ ਐਨੇ ਲੋਕ ਕੋਰੋਨਾ ਪਾਜ਼ਿਟਿਵ ਨਿਕਲੇ, ਦੇਸ਼ ਵਿੱਚ ਕੋਰੋਨਾ ਦੇ ਕੇਸਾਂ ਦਾ ਅੰਕੜਾ ਐਨੇ ਸੌ ਹੋਰ ਵਧ ਗਿਆ ਅਤੇ ਬੀਤੇ ਚੌਵੀ ਘੰਟਿਆਂ ਵਿੱਚ ਐਨੇ ਲੋਕ ਹੋਰ ਇਸ ਬਿਮਾਰੀ ਦੇ ਕਾਰਨ ਮਾਰੇ ਗਏ। ਫਿਰ ਇਹ ਖਬਰ ਚੱਲ ਪੈਂਦੀ ਹੈ ਕਿ ਫਲਾਣੇ ਥਾਂ ਲੋਕਾਂ ਨੂੰ ਲਾਕਡਾਊਨ ਦਾ ਅਰਥ ਸਮਝਾਉਣ ਗਈ ਪੁਲਸ ਨੂੰ ਪੱਥਰ ਵੱਜੇ ਅਤੇ ਫਲਾਣੇ ਰਾਜ ਦੇ ਫਲਾਣੇ ਸ਼ਹਿਰ ਵਿੱਚ ਪੁਲਸ ਨੇ ਲਾਕਡਾਊਨ ਦੌਰਾਨ ਘਰਾਂ ਤੋਂ ਨਿਕਲੇ ਲੋਕਾਂ ਦੀਆਂ ਇਸ ਤਰ੍ਹਾਂ ਕੰਨ ਫੜਾ ਕੇ ਉਨ੍ਹਾਂ ਤੋਂ ਬੈਠਕਾਂ ਕੱਢਵਾਈਆਂ ਤੇ ਡੰਗਰਾਂ ਵਾਂਗ ਕੁੱਟਿਆ ਹੈ। ਇਹ ਖਬਰ ਵੀ ਸੁਣਦੀ ਹੈ ਕਿ ਕਿਸੇ ਥਾਂ ਫਲਾਣੀ ਪਾਰਟੀ ਦਾ ਫਲਾਣਾ ਆਗੂ ਰਿਲੀਫ ਵੰਡਣ ਗਿਆ ਸੀ, ਉਸ ਨੇ ਲੋਕਾਂ ਨੂੰ ਮੂੰਹਾਂ ਉੱਤੇ ਬੰਨ੍ਹਣ ਲਈ ਮਾਸਕ ਵੰਡੇ ਸਨ, ਪਰ ਆਪ ਮਾਸਕ ਪਾਉਣ ਦੀ ਲੋੜ ਨਹੀਂ ਸੀ ਸਮਝੀ। ਇਸ ਪਿੱਛੋਂ ਅੱਕੇ ਹੋਏ ਲੋਕਾਂ ਅੱਗੇ ਸੰਸਾਰ ਭਰ ਦੇ ਦੇਸ਼ਾਂ ਵਿੱਚ ਹੁੰਦੀਆਂ ਮੌਤਾਂ ਦੇ ਅੰਕੜੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਅਕੇਵੇਂ ਨਾਲ ਵੇਖਦੇ ਅਤੇ ਚੈਨਲ ਬਦਲ ਲੈਂਦੇ ਹਨ।
ਇਨ੍ਹਾਂ ਤੋਂ ਸਿਵਾ ਕੋਈ ਹੋਰ ਏਦਾਂ ਦੀ ਖਬਰ ਨਹੀਂ ਮਿਲਦੀ, ਜਿਹੜੀ ਕੁਝ ਵੱਖਰੀ ਕਹੀ ਜਾ ਸਕੇ। ਕੇਂਦਰ ਜਾਂ ਰਾਜ ਸਰਕਾਰ ਦੇ ਕਿਸੇ ਮੰਤਰੀ ਦਾ ਕੋਈ ਐਲਾਨ ਜਾਂ ਕੋਈ ਨਵਾਂ ਹੁਕਮ ਸੁਣਾਇਆ ਜਾਂਦਾ ਹੈ ਤਾਂ ਉਹ ਵੀ ਕੋਰੋਨਾ ਦੀ ਬਿਮਾਰੀ ਦੇ ਕਾਰਨ ਪੈਦਾ ਹੋਏ ਹਾਲਾਤ ਨਾਲ ਸੰਬੰਧਤ ਹੁੰਦਾ ਹੈ। ਇਸ ਦੌਰਾਨ ਕਰਫਿਊ ਜਾਰੀ ਰੱਖਣ ਦਾ ਫੈਸਲਾ ਆ ਗਿਆ। ਲੋਕਾਂ ਨੂੰ ਇਸ ਵਿੱਚ ਵੀ ਕੁਝ ਖਾਸ ਨਜ਼ਰ ਨਹੀਂ ਆਇਆ। ਕਰਫਿਊ ਹਟਾਉਣ ਦਾ ਫੈਸਲਾ ਹੁੰਦਾ ਤਾਂ ਵੱਖਰੀ ਖਬਰ ਹੋ ਸਕਦੀ ਸੀ, ਪਰ ਕਰਫਿਊ ਜਾਰੀ ਹੈ ਤੇ ਜਾਰੀ ਰਹਿਣਾ ਹੈ, ਇਸ ਵਿੱਚ ਖਾਸ ਗੱਲ ਹੀ ਕੁਝ ਨਹੀਂ। ਸੰਸਾਰ ਵਿੱਚ ਮੌਤਾਂ ਦੀ ਗਿਣਤੀ ਲੱਖ ਤੋਂ ਟੱਪ ਗਈ, ਆਮ ਲੋਕਾਂ ਨੇ ਇਸ ਉੱਤੇ ਵੀ ਹੈਰਾਨੀ ਨਹੀਂ ਵਿਖਾਈ। ਏਦਾਂ ਸੀ, ਜਿਵੇਂ ਪਹਿਲਾਂ ਹੀ ਪਤਾ ਸੀ।
ਆਖਰ ਲੋਕਾਂ ਨੂੰ ਇਸ ਵਿੱਚ ਕੁਝ ਖਾਸ ਕਿਉਂ ਨਹੀਂ ਜਾਪਦਾ? ਇਸ ਲਈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹਫਤਾ ਪਹਿਲਾਂ ਕਹਿ ਦਿੱਤਾ ਸੀ ਕਿ ਦੋ ਕੁ ਲੱਖ ਮੌਤਾਂ ਤੱਕ ਗੱਲ ਜਾ ਸਕਦੀ ਹੈ ਅਤੇ ਜੇ ਏਥੋਂ ਤੱਕ ਸੀਮਤ ਹੋ ਗਈ ਤਾਂ ਇਸ ਵਿੱਚ ਟਰੰਪ ਨੂੰ ਆਪਣੀ ਸਰਕਾਰ ਦੀ ਕਾਮਯਾਬੀ ਜਾਪਦੀ ਸੀ। ਜਦੋਂ ਟਰੰਪ ਨੇ ਇਹ ਗੱਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਹੀ, ਓਦੋਂ ਅਸੀਂ ਹੈਰਾਨ ਹੋਏ ਸਾਂ ਕਿ ਏਡੀ ਗੱਲ ਇਸ ਬੰਦੇ ਨੇ ਏਨੇ ਸਾਧਾਰਨ ਰੌਂਅ ਵਿੱਚ ਕਿਵੇਂ ਕਹਿ ਦਿੱਤੀ ਹੈ, ਪਰ ਇੱਕ ਹਫਤਾ ਬਾਅਦ ਇਸ ਦੇ ਅਰਥ ਸਮਝ ਆਏ ਹਨ। ਜਦੋਂ ਮੌਤਾਂ ਦੀ ਗਿਣਤੀ ਉਸ ਦੇ ਦੇਸ਼ ਵਿੱਚ ਅਜੇ ਹੋਣੀ ਨਹੀਂ ਸੀ ਸ਼ੁਰੂ ਹੋਈ, ਚੀਨ ਵਿੱਚ ਤੇ ਫਿਰ ਇਰਾਨ ਜਾਂ ਇਟਲੀ ਬਾਰੇ ਕਰਨੀ ਪੈਂਦੀ ਸੀ, ਓਦੋਂ ਸਭ ਦੁਨੀਆ ਦੇ ਨਾਲ ਅਮਰੀਕੀ ਲੋਕਾਂ ਨੂੰ ਵੀ ਸੈਂਕੜਾ ਪਾਰ ਕਰਨ ਤੇ ਫਿਰ ਹਜ਼ਾਰ ਦੀ ਹੱਦ ਟੱਪਣ ਨਾਲ ਹੈਰਾਨੀ ਹੋ ਸਕਦੀ ਸੀ। ਇਟਲੀ ਵਿੱਚ ਮੌਤਾਂ ਦੀ ਗਿਣਤੀ ਦਸ ਹਜ਼ਾਰ ਹੋਣ ਦੀ ਚਰਚਾ ਵੀ ਹੈਰਾਨੀ ਨਾਲ ਹੋਈ ਸੀ। ਜਿਸ ਤਰ੍ਹਾਂ ਦੀ ਹੈਰਾਨੀ ਇਟਲੀ ਵਿੱਚ ਮੌਤਾਂ ਦੀ ਗਿਣਤੀ ਇੱਕ ਹਜ਼ਾਰ ਤੇ ਫਿਰ ਦਸ ਹਜ਼ਾਰ ਟੱਪ ਜਾਣ ਨਾਲ ਹੋਈ ਸੀ, ਉਸ ਕਿਸਮ ਦੀ ਹੈਰਾਨੀ ਓਦੋਂ ਬਿਲਕੁਲ ਨਹੀਂ ਹੋਈ, ਜਦੋਂ ਮੌਤਾਂ ਦੀ ਗਿਣਤੀ ਅਮਰੀਕਾ ਵਿੱਚ ਦਸ ਹਜ਼ਾਰ ਨੂੰ ਟੱਪੀ ਅਤੇ ਫਿਰ ਓਦੋਂ ਵੀ ਨਹੀਂ ਹੋਈ, ਜਦੋਂ ਇੱਕ ਲੱਖ ਮੌਤਾਂ ਸੰਸਾਰ ਵਿੱਚ ਹੋਣ ਦੀ ਖਬਰ ਆਈ ਸੀ। ਓਦੋਂ ਸਾਨੂੰ ਸਮਝ ਪਈ ਕਿ ਟਰੰਪ ਨੇ ਆਪਣੇ ਲੋਕਾਂ ਨੂੰ ਅਗੇਤਾ ਇੱਕ ਵੱਡੇ ਮਾਨਸਿਕ ਹਲੂਣੇ ਲਈ ਤਿਆਰ ਕਰ ਲਿਆ ਸੀ ਕਿ ਮ੍ਰਿਤਕਾਂ ਦੀ ਗਿਣਤੀ ਸੰਸਾਰ ਭਰ ਵਿੱਚ ਕੀ, ਇਕੱਲੇ ਅਮਰੀਕਾ ਵਿੱਚ ਹੀ ਲੱਖ-ਦੋ ਲੱਖ ਤੱਕ ਜਾ ਸਕਦੀ ਹੈ। ਕਮਾਲ ਦੀ ਰਾਜਨੀਤਕ ਕਲਾਕਾਰੀ ਹੈ ਕਿ ਕੁਝ ਕੀਤਾ ਹੀ ਨਹੀਂ ਤੇ ਆਪਣੇ ਲੋਕਾਂ ਦੇ ਮਨਾਂ ਵਿੱਚੋਂ ਮਰਨ ਦਾ ਫਿਕਰ ਖਤਮ ਕਰ ਕੇ ਉਸ ਦੀ ਥਾਂ ਸੰਵੇਦਨਹੀਣਤਾ ਭਰ ਦਿੱਤੀ ਹੈ।
ਡੋਨਾਲਡ ਟਰੰਪ ਦੀ ਇਸ ਰਾਜਨੀਤਕ ਕਲਾਕਾਰੀ ਦਾ ਅਸਰ ਸਿਰਫ ਅਮਰੀਕੀ ਲੋਕਾਂ ਦੀ ਮਾਨਸਕਿਤਾ ਉੱਤੇ ਨਹੀਂ ਹੋਇਆ, ਸਾਰੀ ਦੁਨੀਆ ਦੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਉੱਤੇ ਹੋਇਆ ਹੈ, ਜਿਹੜੇ ਇਲੈਕਟਰਾਨਿਕ ਮੀਡੀਆ ਦੇ ਰਾਹੀਂ ਆਪਣੇ ਆਪ ਨੂੰ ‘ਗਲੋਬਲ ਪਿੰਡ’ ਦਾ ਨਾਗਰਿਕ ਸਮਝਣ ਦਾ ਭਰਮ ਪਾਲਣ ਲੱਗੇ ਹਨ। ਉਹ ਲੋਕ ਦੋ ਦਿਨ ਪਹਿਲਾਂ ਇਸ ਬਾਰੇ ਚਰਚਾ ਕਰਨ ਲੱਗੇ ਸਨ ਕਿ ਕੱਲ੍ਹ-ਪਰਸੋਂ ਤੱਕ ਇਹ ਗਿਣਤੀ ਲੱਖ ਟੱਪ ਜਾਵੇਗੀ। ਚਰਚਾ ਕਰਨ ਦਾ ਢੰਗ ਏਦਾਂ ਸੀ, ਜਿਵੇਂ ਕਿਸੇ ਕ੍ਰਿਕਟ ਪਲੇਅਰ ਦੇ ਬਾਰੇ ਚਰਚਾ ਕਰਦੇ ਹੋਣ ਕਿ ਹੋਰ ਦੋ ਮੈਚਾਂ ਤੱਕ ਉਸ ਵੱਲੋਂ ਬਣਾਏ ਰੰਨ ਦਾ ਸਕੋਰ ਐਨੇ ਹਜ਼ਾਰ ਨੂੰ ਪਾਰ ਕਰ ਜਾਵੇਗਾ। ਇਹੀ ਨਹੀਂ, ਉਹ ਲੋਕ ਸਗੋਂ ਇਹ ਚਰਚਾ ਕਰਦੇ ਵੀ ਵੇਖੇ ਜਾਣ ਲੱਗੇ ਸਨ ਕਿ ਦੁਨੀਆ ਦੇ ਐਨੇ ਦੇਸ਼ਾਂ ਵਿੱਚ ਇਹ ਮੁਸੀਬਤ ਪਹੁੰਚ ਗਈ ਹੈ ਤੇ ਐਨੇ ਕੁ ਬਾਕੀ ਰਹਿ ਗਏ ਹਨ ਅਤੇ ਇਸ ਬਾਰੇ ਉਹ ਸੋਚਣ ਨੂੰ ਵੀ ਤਿਆਰ ਨਹੀਂ ਸਨ ਕਿ ਇਸ ਨਾਲ ਇਨਸਾਨੀਅਤ ਦੀ ਹੋਂਦ ਨੂੰ ਖਤਰਾ ਬਣ ਗਿਆ ਹੋ ਸਕਦਾ ਹੈ।
ਜੀ ਹਾਂ, ਇਹ ਮੁੱਦਾ ਕੋਈ ਥੋੜ੍ਹੇ ਸਮੇਂ ਦੇ ਅਸਰ ਵਾਲਾ ਨਹੀਂ। ਜਿਹੀ ਜਿਹੀ ਬਿਮਾਰੀ ਉੱਠੀ ਹੈ, ਅਸੀਂ ਇਸ ਚਰਚਾ ਵਿੱਚ ਨਹੀਂ ਪੈ ਰਹੇ ਕਿ ਕਿਸੇ ਦੇਸ਼ ਨੇ ਕੋਈ ਜੈਵਿਕ ਹਥਿਆਰ, ਬਾਇਲੋਜੀਕਲ ਪਟਾਕਾ ਬਣਾ ਲਿਆ ਜਾਂ ਬਣਾਉਣ ਲਈ ਕੋਸ਼ਿਸ਼ ਕੀਤੀ ਹੈ, ਪਰ ਇਸ ਮੁਸੀਬਤ ਵਿੱਚੋਂ ਸਹਿਜ ਸੁਭਾਅ ਇਸ ਦਾ ਖਿਆਲ ਕਿਸੇ ਨੂੰ ਆ ਸਕਦਾ ਹੈ। ਅਜੇ ਤੱਕ ਕਿਸੇ ਦੇਸ਼ ਨੇ ਇਹੋ ਜਿਹੀ ਚੀਜ਼ ਨਹੀਂ ਵੀ ਬਣਾਈ ਤਾਂ ਐਟਮ ਬੰਬਾਂ ਤੋਂ ਵੱਧ ਮਾਰੂ ਇਹੋ ਜਿਹੀ ਖੁਰਾਫਾਤ ਕਿਸੇ ਸ਼ਰਾਰਤੀ ਮਨ ਵਿੱਚ ਭਲਕ ਨੂੰ ਆ ਸਕਦੀ ਹੈ। ਆਮ ਪ੍ਰਭਾਵ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਇਲਾਜ ਹੀ ਕੋਈ ਨਹੀਂ ਨਿਕਲਿਆ ਤੇ ਇਹ ਵੀ ਗੱਲ ਚੱਲਦੀ ਹੈ ਕਿ ਕੁਝ ਦੇਸ਼ਾਂ ਨੇ ਇਸ ਦਾ ਤੋੜ ਤਾਂ ਲੱਭ ਲਿਆ ਹੈ, ਪਰ ਕਿਸੇ ਨੂੰ ਦੱਸਿਆ ਨਹੀਂ। ਅਸੀਂ ਅਜੇ ਇਹ ਮੰਨ ਲੈਂਦੇ ਹਾਂ ਕਿ ਨਹੀਂ ਨਿਕਲਿਆ ਤੇ ਇਹ ਸੋਚਦੇ ਹਾਂ ਕਿ ਜੇ ਬਿਮਾਰੀ ਏਸੇ ਤਰ੍ਹਾਂ ਵਧਦੀ ਗਈ ਤੇ ਕੋਈ ਇਲਾਜ ਨਾ ਮਿਲਿਆ ਤਾਂ ਫਿਰ ਇਸ ਦੇ ਅੱਗੇ ਡੱਕਾ ਨਹੀਂ ਲੱਗ ਸਕਣਾ। ਉਸ ਹਾਲਤ ਵਿੱਚ ਇਨਸਾਨੀਅਤ ਦਾ ਬਣੇਗਾ ਕੀ?
ਸਾਡੇ ਲੋਕ ਤੇ ਸੰਸਾਰ ਦੇ ਲੋਕ, ਅਤੇ ਖਾਸ ਕਰ ਕੇ ਅਮਰੀਕਾ ਦੇ ਲੋਕ ਇਹੋ ਜਿਹੀ ਗੱਲ ਸੋਚਣ ਨੂੰ ਤਿਆਰ ਨਹੀਂ। ਜਦੋਂ ਉਹ ਏਨੀ ਗੱਲ ਵੀ ਸੋਚਣ ਨੂੰ ਤਿਆਰ ਨਹੀਂ ਤਾਂ ਉਹ ਆਪਣੇ ਦਿਮਾਗ ਦਾ ਪਾਣੀ ਇਹ ਗੱਲਾਂ ਸੋਚ ਕੇ ਵੀ ਕੱਢਣ ਨੂੰ ਤਿਆਰ ਨਹੀਂ ਹੋਣਗੇ ਕਿ ਜਿਹੜੀ ਬਿਮਾਰੀ ਨੂੰ ਚੀਨ ਦੀ ਦੱਸਿਆ ਜਾਂਦਾ ਸੀ, ਚੀਨੀ ਡਾਕਟਰਾਂ ਨੇ ਸੁਪਰ ਕੰਪਿਊਟਰ ਦੀ ਮਦਦ ਨਾਲ ਇਹ ਜੜ੍ਹ ਲੱਭ ਲਈ ਹੈ ਕਿ ਉਸ ਦਾ ਵਾਇਰਸ ਪਿਛਲੇ ਸਾਲ ਇੱਕ ਮਰੀਜ਼ ਦੀ ਕੈਟ ਸਕੈਨ ਵਿੱਚ ਅਮਰੀਕਾ ਦੇ ਨਾਰਥ ਕੈਰੋਲੀਨਾ ਸਟੇਟ ਦੇ ਇੱਕ ਹਸਪਤਾਲ ਵਿੱਚ ਵੀ ਦਿੱਸ ਪਿਆ ਸੀ। ਚੀਨੀ ਡਾਕਟਰਾਂ ਦੇ ਦਾਅਵੇ ਦਾ ਅਮਰੀਕਾ ਦੇ ਡਾਕਟਰਾਂ ਨੇ ਨਰਮ ਜਿਹੀ ਸੁਰ ਵਿੱਚ ਭਾਵੇਂ ਖੰਡਨ ਕੀਤਾ ਹੈ, ਪਰ ਇਸ ਨਾਲ ਸ਼ੱਕ ਪੈਦਾ ਹੋ ਗਿਆ ਹੈ ਕਿ ਪਿਛਲੇ ਸਾਲ ਜੇ ਸਚਮੁੱਚ ਏਦਾਂ ਦੇ ਵਾਇਰਸ ਦੀ ਕੋਈ ਸੂਹ ਮਿਲ ਗਈ ਸੀ ਤਾਂ ਦੁਨੀਆ ਸਾਹਮਣੇ ਇਸ ਲਈ ਨਹੀਂ ਆਈ ਕਿ ਗੱਲ ਦੱਬ ਦਿੱਤੀ ਗਈ ਸੀ। ਇਸ ਨੂੰ ਦੱਬਣ ਦਾ ਜ਼ਿਮੇਵਾਰ ਕੌਣ ਸੀ, ਇਹ ਚਰਚਾ ਕਿਸੇ ਪਾਸੇ ਨਹੀਂ ਚੱਲੀ। ਸੰਸਾਰ ਦੀ ਮਹਾਂਸ਼ਕਤੀ ਦਾ ਦਰਜਾ ਅਮਰੀਕਾ ਨੂੰ ਐਵੇਂ ਨਹੀਂ ਮਿਲਿਆ। ਇਸ ਮਹਾਂਸ਼ਕਤੀ ਨੂੰ ਰਾਸ਼ਟਰਪਤੀ ਨਹੀਂ ਚਲਾਉਂਦਾ। ਉਸ ਨੂੰ ਚਲਾਉਣ ਵਾਲੇ ਥਿੰਕ ਟੈਂਕ ਇਹ ਗੱਲ ਅਗੇਤੀ ਸੋਚ ਸਕਦੇ ਹਨ ਕਿ ਜਿਹੜੇ ਹਾਲਾਤ ਦਾ ਕੱਲ੍ਹ ਨੂੰ ਸਾਹਮਣਾ ਕਰਨਾ ਹੈ ਅਤੇ ਲੋਕਾਂ ਨੂੰ ਓਦੋਂ ਝਟਕਾ ਲੱਗਣਾ ਹੈ, ਉਸ ਬਾਰੇ ਅਗੇਤਾ ਹੀ ਉਨ੍ਹਾਂ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। ਇੱਕ ਲੱਖ ਤੋਂ ਵੱਧ ਮੌਤਾਂ ਹੋਣ ਵਾਲੀ ਖਬਰ ਨੇ ਸੰਸਾਰ ਦੇ ਲੋਕਾਂ ਨੂੰ ਝੰਜੋੜਿਆ ਕਿਉਂ ਨਾ, ਇਸ ਦਾ ਕਾਰਨ ਟਰੰਪ ਦੀ ਟਿਪਣੀ ਵੀ ਹੋ ਸਕਦਾ ਹੈ।
ਪਾਸ਼ ਨੇ ਕਿਹਾ ਸੀ: ਬਹੁਤ ਹੀ ਖਤਰਨਾਕ ਹੁੰਦਾ ਹੈ ਸੁਫਨਿਆਂ ਦਾ ਮਰ ਜਾਣਾ, ਤੇ ਠੀਕ ਕਿਹਾ ਸੀ, ਪਰ ਇਸ ਤੋਂ ਵੀ ਬੁਰਾ ਹੋਵੇਗਾ ਲੋਕਾਂ ਅੰਦਰੋਂ ਜਿੰਦਾ ਹੋਣ ਦੀ ਸੰਵੇਦਨਾ ਜਾਂ ਜਿੰਦਾ ਰਹਿਣ ਦੀ ਲੋੜ ਦਾ ਮਰ ਜਾਣਾ। ਸ਼ਾਇਦ!

ਜਤਿੰਦਰ ਪਨੂੰ